ਚੰਦ ਗ੍ਰਹਿਣ-ਅਨੋਖੀ ਖਗੋਲੀ ਘਟਨਾ ਨੂੰ ਅੱਖੀਂ ਦੇਖਣ ਲਈ ਤਿਆਰ ਰਹੋ

ਅਚਰਜੁ ਤੇਰੀ ਕੁਦਰਤਿ, ਤੇਰੇ ਕਦਮ ਸਲਾਹ ॥
ਆ ਰਿਹੈ ਸੁਪਰ ਹਾਰਵੈਸਟ ਚੰਦ ਗ੍ਰਹਿਣ-ਅਨੋਖੀ ਖਗੋਲੀ ਘਟਨਾ ਨੂੰ ਅੱਖੀਂ ਦੇਖਣ ਲਈ ਤਿਆਰ ਰਹੋ
-ਸਤੰਬਰ 17 ਅਤੇ 18 ਦੀ ਰਾਤ ਨੂੰ ਚੰਨ ਹੋ ਜਾਵੇਗਾ ਲਾਲੋ-ਲਾਲ

-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 11 ਸਤੰਬਰ :-ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਕ ਕਥਨ ਹੈ ‘ਅਚਰਜੁ ਤੇਰੀ ਕੁਦਰਿਤ, ਤੇਰੇ ਕਦਮ ਸਲਾਹ॥ ਗਨੀਵ ਤੇਰੀ ਸਿਫਤਿ, ਸਚੇ ਪਾਤਿਸਾਹ।’ ਇਹ ਅਦਭੁੱਤ, ਚਮਤਕਾਰੀ, ਅਨੋਖਾ, ਸ਼ਾਨਦਾਰ ਅਤੇ ਹੈਰਾਨੀਜਨਕ  ਕੁਦਰਤੀ ਵਰਤਾਰਾ ਕਿਵੇਂ ਆਪਣੀ ਝਲਕ ਵਿਖਾਉਂਦਾ ਹੈ, ਕਿਤੇ-ਕਿਤੇ ਇਨ੍ਹਾਂ ਅੱਖਾਂ ਨਾਲ ਵੇਖਣ ਨੂੰ ਮਿਲਦਾ ਹੈ।

ਇਕ ਅਜਿਹਾ ਹੀ ਦ੍ਰਿਸ਼ 17 ਅਤੇ 18 ਸਤੰਬਰ ਦੀ ਰਾਤ ਨੂੰ ਵੇਖਣ ਨੂੰ ਮਿਲੇਗਾ। ਇਹ ਇਕ ਵਿਸ਼ੇਸ਼ ਖਗੋਲੀ ਘਟਨਾ ਹੋਵੋਗੀ ਜਿਸ ਨੂੰ ਸੁਪਰ ਹਾਰਵੈਸਟ ਮੂਨ (ਚੰਦ) ਗ੍ਰਹਿਣ ਵੀ ਕਿਹਾ ਜਾਂਦਾ ਹੈ। ਧਰਤੀ ਦਾ ਪ੍ਰਛਾਵਾਂ ਪੂਰੇ ਚੰਦ ਨੂੰ ਢੱਕ ਲਵੇਗਾ। ਅਲੰਕਾਰੀ ਸ਼ਬਦਾਂ ਦੇ ਵਿਚ ਕਹਿ ਸਕਦੇ ਹਾਂ ਕਿ ਧਰਤੀ ਆਪਣੇ ਹੱਥੀਂ ਚੰਦ ਨੂੰ ਛਾਂ ਕਰੇਗੀ ਅਤੇ ਚੰਦ ਹੋਰ ਠੰਡਾ ਮਹਿਸੂਸ ਕਰਦਿਆਂ ਖੁਸ਼ੀ ਵਿਚ ਆਪਣਾ ਮੁੱਖ ਲਾਲੀ ਭਾਅ ਵਿਚ ਕਰ ਲਵੇਗਾ। ਇਸ ਨੂੰ ਵਿਗਿਆਨੀ ਬਲੱਡ ਮੂਨ ਵੀ ਕਹਿੰਦੇ ਹਨ। ਸਾਲ ਦਾ ਇਹ ਸਭ ਤੋਂ ਵੱਧ ਚਮਕਦਾਰ ਪੂਰਨਮਾਸੀ ਵਾਲਾ ਚੰਦ ਹੋਵੇਗਾ। ਪੂਰਨਮਾਸੀ 18 ਸਤੰਬਰ ਨੂੰ ਆ ਰਹੀ ਹੈ ਅਤੇ ਇਸ ਦੌਰਾਨ ਪੰਜਾਬ ਦੇ ਵਿਚ ਸੰਗਤ ਸ੍ਰੀ ਗੁਰੂ ਅਮਰਦਾਸ ਜੀ ਦਾ 450ਵਾਂ ਜੋਤੀ ਜੋਤ ਦਿਵਸ ਵੀ ਗੋਇੰਦਵਾਲ ਸਾਹਿਬ ਵਿਖੇ ਮਨਾ ਰਹੀ ਹੋਵੇਗੀ।
ਇਸ ਖਗੋਲੀ ਘਟਨਾ ਨੂੰ ਦੇਖਣ ਲਈ ਤੁਹਾਨੂੰ ਕਿਸੇ ਖਾਸ ਸਾਜੋ-ਸਮਾਨ ਦੀ ਲੋੜ ਨਹੀਂ ਪਵੇਗੀ। ਸਿਰਫ ਸਾਫ਼ ਆਸਮਾਨ ਅਤੇ ਚੰਗੀ ਦ੍ਰਿਸ਼ਟੀ ਹੀ ਕਾਫ਼ੀ ਹੈ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਕਈ ਲੋਕ ਆਪਣੇ ਪਰਿਵਾਰਾਂ ਨਾਲ ਮਿਲ ਕੇ ਇਸ ਗ੍ਰਹਿਣ ਨੂੰ ਦੇਖਣ ਦੀ ਯੋਜਨਾ ਬਣਾਉਂਦੇ ਹਨ। ਇਸ ਗ੍ਰਹਿਣ ਦੇ ਦੌਰਾਨ ਚੰਦਰਮਾ ਦੀ ਖੂਬਸੂਰਤੀ ਨੂੰ ਦੇਖਣਾ ਇੱਕ ਅਨੋਖਾ ਅਨੁਭਵ ਹੋਵੇਗਾ।

Exit mobile version