ਚਹੇਤੇ ਚੇਤੇ
ਚੇਤੇ ਇੰਨੇ ਚਹੇਤੇ ਸਨ ਜੋ,
ਉਮੜ ਉਮੜ ਕੇ ਚੇਤੇ ਆਏ,
ਨੈਣਾਂ ਦੇ ਨੀਰਾਂ ਨੇ ਫਿਰ,
ਮੋਹਲੇਧਾਰ ਕਈ ਮੀਂਹ ਵਰਸਾਏ।
ਉਖੜੇ ਸਾਹਾਂ ਦੀਆਂ ਤਰੰਗਾਂ,
ਤੜਪ ਤੜਪ ਕੇ ਇੰਨਾ ਫੜਕੀਆਂ,
ਕਈ ਪਰਤਾਂ ਵਿੱਚ ਦੱਬੇ ਜਜ਼ਬੇ,
ਲਾਵੇ ਵਾਂਗੂੰ ਉਬਲ਼ ਕੇ ਆਏ।
ਯਾਦਾਂ ਦੇ ਅਨੋਖੇ ਵਹਿਣ ਨੇ,
ਰੋੜ੍ਹ ਦਿੱਤਾ ਉਹ ਬੇੜਾ ਸਾਰਾ,
ਜਿਸ ਉੱਤੇ ਕਈ ਸੋਹਣੇ ਸੁਪਨੇ,
ਚਾਵਾਂ ਨਾਲ ਸੀ ਖੂਬ ਸਜਾਏ।
ਸੇਜਾਂ ਸੁੰਨੀਆਂ, ਬੇੜੀਆਂ ਰੁੜ੍ਹੀਆਂ,
ਟੁੱਟ ਖੁੱਸ ਗਏ ਸਾਰੇ ਹੀ ਚੱਪੂ,
ਲੁੱਟ ਲਏ ਸਭ ਪਾਪੀ ਲੁੱਡਣਾਂ,
ਪੂਰ ਜੋ ਸਨ ਕਦੀ ਭਰੇ ਭਰਾਏ।
ਚੱਲਣਾ ਨਹੀਂ ਹੁਣ ਕੋਈ ਵੀ ਚਾਰਾ,
ਜੋ ਖੱਟਿਆ ਸੋ ਪੱਲੇ ਬੰਨ੍ਹ ਲੈ,
ਮੁੜ ਕੇ ਫੇਰ ਆਪਣੇ ਨਹੀਂ ਬਣਦੇ,
ਜੋ ਇੱਕ ਵਾਰ ਹੋ ਜਾਣ ਪਰਾਏ।
ਚਲਣ ਦੁਨੀਆ ਦਾ ਬੜਾ ਅਨੋਖਾ,
ਮਤਲਬ ਪ੍ਰਸਤੀ ਭਾਰੂ ਹੋ ਗਈ,
ਚੱਲਵੇਂ ਰਿਸ਼ਤੇ ਬੜੀ ਛੇਤੀ ਟੁੱਟਦੇ,
ਮਨਸੂਬੇ ਰਹਿ ਜਾਣ ਧਰੇ ਧਰਾਏ।
ਛੱਡ ਫਰੋਲਣੀ ਕਾਇਆਂ ਦੀ ਮਿੱਟੀ,
ਖ਼ਾਕ ਖ਼ਲਕ ਨੇ ਛਾਣ ਹੀ ਦੇਣੀ,
ਤੇਰੇ ਹੱਥ ਨਹੀਂ ਹੁਣ ਉਹ ਆਉਣੇ,
ਲਾਲ ਜੋ ਹੱਥੀਂ ਕਦੇ ਲੁਟਾਏ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ