ਧਰਮ-ਕਰਮ ਦੀ ਗੱਲ

ਜਥੇਦਾਰ ਗੜਗੱਜ ਸਾਹਿਬ ਜੀ ਅਤੇ ਧਾਮੀ ਜੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੇ ਕਾਤਲ ਨਾ ਬਣੋ !

ਜਥੇਦਾਰ ਗੜਗੱਜ ਸਾਹਿਬ ਜੀ ਅਤੇ ਧਾਮੀ ਜੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੇ ਕਾਤਲ ਨਾ ਬਣੋ !

ਮੀਰੀ ਪੀਰੀ ਦੇ ਸਿਧਾਂਤ ਨੂੰ ਅਮਲੀ ਤੌਰ ਤੇ ਲਾਗੂ ਕਰਵਾਉਣ ਲਈ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਖੁਦ ਆਪਣੇ ਹੱਥੀਂ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਦੀ ਸਹਾਇਤਾ ਨਾਲ ਕਰਵਾਈ ਸੀ ਅਤੇ ਇਸ ਸਿਧਾਂਤ ਦੇ ਪਿੱਛੇ ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਸੋਚ ਕੰਮ ਕਰ ਰਹੀ ਸੀ ਤਾਂ ਕਿ ਭਵਿੱਖ ਵਿੱਚ ਕੌਮ ਨੂੰ ਕਿਸੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਕਰਕੇ ਹੀ ਗੁਰੂ ਸਾਹਿਬ ਨੇ ਮੀਰੀ ਨੂੰ ਹਮੇਸ਼ਾ ਪੀਰੀ ਦੇ ਅਧੀਨ ਰੱਖਣਾ ਦਾ ਸਿਧਾਂਤ ਦ੍ਰਿੜ ਕਰਵਾਇਆ ਸੀ ਜਿਸ ਕਰਕੇ ਹੀ ਅਕਾਲ ਤਖ਼ਤ ਸਾਹਿਬ ਤੇ ਸੁਸ਼ੋਭਿਤ ਮੀਰੀ ਅਤੇ ਪੀਰੀ ਦੇ ਦੋਵੇਂ ਨਿਸ਼ਾਨ ਸਾਹਿਬਾਂ ਵਿੱਚੋਂ ਪੀਰੀ ਦਾ ਕੁੱਝ ਉੱਚਾ ਹੈ ਅਤੇ ਮੀਰੀ ਕੁੱਝ ਨੀਵਾਂ ਹੈ 

ਗੁਰੂ ਸਹਿਬਾਨ ਤੋਂ ਬਾਅਦ ਵੀ ਅਕਾਲ ਤਖ਼ਤ ਸਾਹਿਬ ਤੇ ਵੱਖ ਵੱਖ ਸਮਿਆਂ ਦੌਰਾਨ ਸੁਭਾਇਮਾਨ ਜਥੇਦਾਰ  ਸਾਹਿਬਾਨ ਨੇ ਹਮੇਸ਼ਾ ਹੀ ਕੌਮ ਨੂੰ ਨਿੱਗਰ ਅਤੇ ਠੋਸ ਅਗਵਾਈ ਦਿੱਤੀ ਇਸੇ ਕਰਕੇ ਹੀ ਕੌਮ ਬੜੇ ਮਾਣ ਸਤਿਕਾਰ ਨਾਲ ਅੱਜ ਵੀ ਅਕਾਲੀ ਫੂਲਾ ਸਿੰਘ ਜੀ ਵਰਗਿਆਂ ਨੂੰ ਯਾਦ ਕਰਦੀ ਹੈ ਜਿੰਨਾਂ ਨੇ ਉਸ ਸਮੇਂ ਦੇ ਸ਼ਕਤੀਸ਼ਾਲੀ ਮਹਾਰਾਜੇ ਰਣਜੀਤ ਸਿੰਘ ਜੀ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਤੋਂ ਗ਼ੁਰੇਜ਼ ਨਹੀਂ ਸੀ ਕੀਤਾ ਇਸੇ ਕਰਕੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਸੰਸਾਰ ਭਰ ਵਿੱਚ ਵਸਦੀ ਸਿੱਖ ਕੌਮ ਅਲਾਹੀ ਹੁਕਮ ਸਮਝ ਕੇ ਉਨ੍ਹਾਂ ਨੂੰ ਪ੍ਰਣਾਮ ਕਰਦੀ ਸੀ 

ਪ੍ਰੰਤੂ ਅਫ਼ਸੋਸ ਹੁਣ ਜਦੋਂ ਪਿਛਲੇ 30-35 ਸਾਲਾਂ ਤੋਂ ਸਿੱਖ ਕੌਮ ਦੀ ਰਾਜਸੀ ਅਤੇ ਧਾਰਮਿਕ ਸ਼ਕਤੀ ਬਾਦਲ ਐਂਡ ਜੁੰਡਲੀ ਦੇ ਹੱਥਾਂ ਵਿੱਚ ਆਈ ਹੈ ਤਾਂ ਇਸ ਜੁੰਡਲੀ ਨੇ ਸਾਰੀਆਂ ਹੀ ਪੰਥਕ ਮਰਿਯਾਦਾਵਾਂ ਅਤੇ ਪੰਥਕ ਸੰਸਥਾਵਾਂ ਦਾ ਬਹੁਤ ਵੱਡੀ ਪੱਧਰ ਤੇ ਘਾਣ ਕੀਤਾ ਹੈ ਸਵਰਗਵਾਸੀ ਪ੍ਰਕਾਸ਼ ਬਾਦਲ ਨੇ ਆਪਣੀ ਆਰ ਐਸ ਐਸ ਨਾਲ ਪਾਈ ਹੋਈ ਯਾਰੀ ਦੇ ਤਹਿਤ ਸਿੱਖ ਕੌਮ ਦੀ ਸਭ ਤੋਂ ਵੱਡੀ ਪਦਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਆਪਣੀ ਲੱਤ ਦੇ ਥੱਲੇ ਤੋਂ ਲੰਘਾਉਣ ਲਈ ਸੰਕੋਚ ਨਹੀਂ ਕੀਤਾ ਜਿਸ ਅਧੀਨ ਖਾਲਸਾ ਪੰਥ ਦੇ 300 ਸਾਲਾ ਸ਼ਤਾਬਦੀ ਦਿਹਾੜੇ ਤੋਂ ਪਹਿਲਾਂ ਕੁਰਬਾਨੀ ਦੇ ਪੁੰਜ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਬੇਇੱਜ਼ਤ ਕਰਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਹੁਦੇ ਤੋਂ ਫਾਰਗ ਕੀਤਾ ਗਿਆ ਅਤੇ ਉਸ ਤੋਂ ਬਾਅਦ ਅਕਾਲ ਤਖ਼ਤ ਤੇ ਆਪਣੇ ਜੀ ਹਜ਼ੂਰੀਏ ਜਥੇਦਾਰਾਂ ਨੂੰ ਨਾਮਜ਼ਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਝੂਠੇ ਸੌਦੇ ਵਾਲੇ ਸਾਧ ਨੂੰ ਬਿਨਾਂ ਅਕਾਲ ਤਖ਼ਤ ਤੇ ਹਾਜ਼ਰ ਹੋਇਆਂ ਹੀ ਮੁਆਫ਼ੀ ਦਿਵਾਈ ਇੱਥੋਂ ਤੱਕ ਕਿ ਸਰਬੱਤ ਖਾਲਸਾ ਰਾਹੀਂ ਜਾਂ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਦੀ ਤਾਜਪੋਸ਼ੀ ਦੀ ਜਗ੍ਹਾ ਇਹ ਨਿਯੁਕਤੀਆਂ ਸਰਕਾਰੀ ਰੈਸਟ ਹਾਊਸਾਂ ਅੰਦਰ ਵੀ ਕੀਤੀਆਂ ਜਾਣ ਲੱਗ ਪਈਆਂ ਪੰਥ ਦੀ ਇਸ ਸਤਿਕਾਰਤ ਪਦਵੀ ਨੂੰ ਇਸ ਜੁੰਡਲੀ ਨੇ ਇੰਨੇ ਨੀਵੇਂ ਪੱਧਰ ਤੇ ਲਿਆ  ਖੜਾ ਕੀਤਾ ਕਿ ਅਜਿਹਾ ਵਿਵਹਾਰ ਕਿਸੇ ਆਮ ਵਿਅਕਤੀ ਵੱਲੋਂ ਆਪਣੇ ਨੌਕਰ ਨਾਲ ਵੀ ਨਹੀਂ ਕੀਤਾ ਜਾਂਦਾ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਪੰਥ ਦੀ ਸਰਵਉੱਚ ਪਦਵੀ ਤੇ ਵਿਰਾਜਮਾਨ ਵਿਅਕਤੀ ਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਇਸ ਜੁੰਡਲੀ ਵੱਲੋਂ ਘਰ ਨੂੰ ਜਾਣ ਦਾ ਹੁਕਮ ਸੁਣਾ ਦਿੱਤਾ ਜਾਂਦਾ ਹੈ 

ਪਿਛਲੇ ਥੋੜੇ ਸਮੇਂ ਅੰਦਰ ਹੀ ਇਸ ਜੁੰਡਲੀ ਨੇ ਤਿੰਨ ਤਖ਼ਤ ਸਹਿਬਾਨ ਦੇ ਜਥੇਦਾਰਾਂ ਨੂੰ ਆਪਣੇ ਤਨਖ਼ਾਹੀਏ ਜੀ ਹਜ਼ੂਰੀਆਂ ਰਾਹੀਂ  ਅਹੁਦਿਆਂ ਤੋਂ ਫਾਰਗ ਕੀਤਾ ਹੈ ਘੱਟੋ ਘੱਟ ਇਸ ਬਾਦਲ ਜੁੰਡਲੀ ਵੱਲੋਂ ਉਨ੍ਹਾਂ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਦਾ ਕੋਈ ਕਸੂਰ ਤਾਂ ਕੌਮ ਨੂੰ ਦੱਸਣਾ ਚਾਹੀਦਾ ਸੀ ਜਿੰਨਾਂ ਸਮਾਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਇੰਨਾਂ ਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ ਉਨ੍ਹਾਂ ਸਮਾਂ ਤਾਂ ਉਸ ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵੀ ਬਣਾਈ ਰੱਖਿਆ ਗਿਆ ਜੇਕਰ ਹੁਣ ਵੀ ਇੰਨਾਂ ਦਾ ਜੀ ਹਜ਼ੂਰੀਆ ਬਣਿਆ ਰਹਿੰਦਾ ਤਾਂ ਹੋ ਸਕਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਵੀ ਅਸਥਾਈ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦੇ ਦਿੰਦੇ ਪਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੰਨਾਂ ਦੀ ਹਾਂ ਵਿੱਚ ਹਾਂ ਮਿਲਾਉਣੀ ਬੰਦ ਕਰ ਦਿੱਤੀ ਤਾਂ ਕੁੱਝ ਝੂਠੇ ਦੋਸ਼ਾਂ ਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਵਿੱਚ ਔਗੁਣ ਹੀਔਗੁਣ ਦਿਸਣ ਲੱਗ ਪਏ ਇਸੇ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਬਿਨਾਂ ਕਿਸੇ ਠੋਸ ਕਾਰਨ ਦੇ ਅਹੁਦਿਆਂ ਤੋਂ ਫਾਰਗ ਕਰਨਾ ਕਿਸੇ ਵੀ ਤਰ੍ਹਾਂ ਕੌਮ ਦੇ ਹਿੱਤ ਵਿੱਚ ਨਹੀਂ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਦੋ ਤਖ਼ਤ ਸਹਿਬਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਤੌਰ ਤਰੀਕੇ ਨੂੰ ਤਾਂ ਸਮੁੱਚੀ ਕੌਮ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਹੀ ਪ੍ਰਵਾਨ ਨਹੀਂ ਕਰਦੀਆਂ ਰਾਤਾਂ ਦੇ ਹਨੇਰਿਆਂ ਅੰਦਰ ਇਸ ਜੁੰਡਲੀ ਦੇ ਜੀ ਹਜ਼ੂਰੀਆਂ ਵੱਲੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤਿਆਂ ਹੀ ਕਾਹਲੀ ਨਾਲ ਸਥਾਪਿਤ ਕੀਤੇ ਹੋਏ ਜਥੇਦਾਰ ਨੂੰ ਕੌਮ ਕਿਸੇ ਵੀ ਹੀਲੇ ਕੌਮ ਦਾ ਜਥੇਦਾਰ ਸਵੀਕਾਰ ਨਹੀਂ ਕਰੇਗੀ  ! ਕਿਉਂਕਿ ਸਿਆਣਿਆਂ ਦਾ ਵੀ ਇਹੀ ਕਹਿਣਾ ਹੈ ਕਿ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ! ਇਸੇ ਕਰਕੇ ਚੋਰੀ ਨਾਲ ਸਥਾਪਿਤ ਕੀਤੇ ਜਥੇਦਾਰਾਂ ਨੂੰ ਕੌਮ ਕਿਸ ਤਰ੍ਹਾਂ ਸਵੀਕਾਰ ਕਰ ਲਵੇਗੀ 

ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁੰਦੀ ਹੈ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਪ੍ਰਧਾਨ ਜੋਕਿ ਵੈਸੇ ਤਾਂ ਪੇਸ਼ੇ ਵਜੋਂ ਵਕੀਲ ਹੈ ਪ੍ਰੰਤੂ ਉਸ ਦੇ ਕੰਮ ਕਾਰ ਤੋਂ ਇਹੀ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਇੰਨਾਂ ਦੇ ਆਕਾਵਾਂ ਵੱਲੋਂ ਇੰਨਾਂ ਦੀ ਡਿਊਟੀ ਹੀ ਪੰਥਕ ਸੰਸਥਾਵਾਂ ਅਤੇ ਪੰਥਕ ਮਰਿਯਾਦਾਵਾਂ ਦਾ ਘਾਣ ਕਰਨ ਲਈ ਲਾਈ ਗਈ ਹੋਵੇ ਅਪ੍ਰੈਲ 2022 ਦੇ ਦੌਰਾਨ ਜਦੋਂ ਬਾਦਲ ਪਰਿਵਾਰ ਦਾ ਨਿੱਜੀ ਪੀਟੀਸੀ ਚੈਨਲ ਸੈਕਸ ਸਕੈਡਲ ਵਿੱਚ ਘਿਰ ਗਿਆ ਸੀ ਤਾਂ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਸੀ ਕਿ 4 ਮਹੀਨਿਆਂ ਦੇ ਅੰਦਰ ਅੰਦਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸਥਾਪਤ ਕਰੇ ਪ੍ਰੰਤੂ ਅਫ਼ਸੋਸ ਅੱਜ ਤਿੰਨ ਸਾਲ ਬੀਤ ਜਾਣ ਤੇ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ ਅਤੇ ਬਾਦਲ ਪਰਿਵਾਰ ਦਾ ਪੀਟੀਸੀ ਚੈਨਲ ਧੜੱਲੇ ਨਾਲ ਕਰੋੜਾਂ ਰੁਪਏ ਕਮਾ ਰਿਹਾ ਹੈ 

ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਦੀ ਜਗ੍ਹਾ ਧਾਮੀ ਜੀ ਨੇ ਪਹਿਲਾਂ 2  ਮਹੀਨੇ ਤਾਂ ਕਮੇਟੀ ਦੇ ਬਾਕੀ ਮੈਂਬਰਾਂ ਨੂੰ ਕੋਈ ਲੜ ਹੀ ਨਹੀਂ ਫੜਾਇਆ ਗਿਆ ਫੇਰ ਅਖੀਰ ਜਦੋਂ ਪੰਥਕ ਦਬਾਅ ਵਧ ਗਿਆ ਤਾਂ ਧਾਮੀ ਜੀ ਚੱਡਿਆਂ ਵਿੱਚ ਪੂਛ ਲੈਕੇ ਹੁਸ਼ਿਆਰਪੁਰ ਜਾ ਬੈਠੇ ਅਤੇ ਬਾਦਲ ਜੁੰਡਲੀ ਦੇ ਇਸ਼ਾਰਿਆਂ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 7  ਮੈਂਬਰੀ ਭਰਤੀ ਕਮੇਟੀ ਤੋਂ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਹੀ ਦੇ ਦਿੱਤਾ ਫੇਰ ਸਿੰਘ ਸਹਿਬਾਨ ਵੱਲੋਂ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਫੇਰ ਸਿੰਘ ਸਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਸਪੈਸ਼ਲ ਤੌਰ ਤੇ ਧਾਮੀ ਦੇ ਘਰ ਵੀ ਗਏ ਪ੍ਰੰਤੂ ਧਾਮੀ ਜੀ ਨੇ ਅਸਤੀਫਾ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਸ ਤੋਂ ਕੁਝ ਦਿਨ ਬਾਅਦ ਜਦੋਂ ਬਾਦਲ ਜੁੰਡਲੀ ਦਾ ਮੁਖੀ ਸੁਖਬੀਰ ਬਾਦਲ ਧਾਮੀ ਜੀ ਦੇ ਘਰ ਗਿਆ ਤਾਂ ਧਾਮੀ ਜੀ ਝੱਟ ਅਸਤੀਫ਼ਾ ਵਾਪਸ ਲੈਣ ਲਈ ਸਹਿਮਤ ਹੋ ਗਏ ਜਿਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੋ ਗਈ ਕਿ ਧਾਮੀ ਜੀ ਪੰਥ ਅਤੇ ਅਕਾਲ ਤਖ਼ਤ ਸਾਹਿਬ ਨਾਲੋਂ ਜ਼ਿਆਦਾ ਮਾਣ ਸਨਮਾਨ ਸੁਖਬੀਰ ਬਾਦਲ ਨੂੰ ਦਿੰਦੇ ਹਨ 

ਜਿਹੜਾ ਅਕਾਲੀ ਦਲ ਅਤੇ ਇਸ ਦੇ ਬੁਲਾਰੇ ਚੀਮਾ, ਗਰੇਵਾਲ ਅਤੇ ਕਲੇਰ ਵਰਗੇ ਅਕਾਲੀ ਦਲ ਦੀ ਰਾਜਨੀਤੀ ਅੰਦਰ ਅਕਾਲ ਤਖ਼ਤ ਸਾਹਿਬ ਦੀ ਦਖਲਅੰਦਾਜ਼ੀ ਨੂੰ ਇਹ ਕਹਿ ਕੇ ਭੰਡ ਰਹੇ ਸਨ ਕਿ ਇਸ ਦਖਲ ਅੰਦਾਜੀ ਨਾਲ ਅਕਾਲੀ ਦਲ ਦੀ ਮਾਨਤਾ ਖ਼ਤਮ ਹੋ ਜਾਵੇਗੀ ਇੰਨਾਂ ਵੀਰਾਂ ਨੂੰ ਅੱਜ ਪੁੱਛਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੇ ਵਿਰੁੱਧ ਜਾ ਕੇ ਨਕਲੀ ਭਰਤੀ ਰਾਹੀਂ ਆਪਣਾ ਇਜਲਾਸ ਹੁਣ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਅੰਦਰ ਕਰ ਰਹੇ ਹੋ ਕੀ ਹੁਣ ਨਹੀਂ ਅਕਾਲੀ ਦਲ ਦੀ ਮਾਨਤਾ ਖ਼ਤਮ ਹੋਵੇਗੀ ? ਇਸ ਸਬੰਧ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਜੀ ਕੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੇ ਵਿਰੁੱਧ ਹੋਈ ਭਰਤੀ ਜਾਇਜ਼ ਹੈ ? ਇਸ ਕਰਕੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੇ ਵਿਰੁੱਧ ਕੀਤੀ ਗਈ ਭਰਤੀ ਨੂੰ ਮਾਨਤਾ ਦੇਕੇ ਜਾਂ ਉਨ੍ਹਾਂ ਨੂੰ ਸ੍ਰੋਮਣੀ ਕਮੇਟੀ ਦੇ ਦਫ਼ਤਰ ਦੀ ਵਰਤੋਂ ਦੀ ਆਗਿਆ ਦੇ ਕੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਦੇ ਕਾਤਲ ਨਾ ਬਣੋ  ਕਿਉਂਕਿ ਇਹ ਪਦਵੀਆਂ ਹੈ ਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਲਈ ਹਨ ਨਾਕਿ ਹੁਕਮਨਾਮਿਆਂ ਨੂੰ ਮਿੱਟੀ ਵਿੱਚ ਮਿਲਾਉਣ ਲਈ ਜੇਕਰ ਗੜਗੱਜ ਸਾਹਿਬ ਜਾਂ ਧਾਮੀ ਜੀ ਤੇ ਇਸ ਅਪੀਲ ਦਾ ਕੋਈ ਅਸਰ ਨਾ ਹੋਇਆ ਤਾਂ ਘੱਟੋ ਘੱਟ ਜਾਗਦੀਆਂ ਜ਼ਮੀਰਾਂ ਵਾਲੀਆਂ ਪੰਥਕ ਜਥੇਬੰਦੀਆਂ ਨੂੰ ਜ਼ਰੂਰ ਇਸ ਜੁੰਡਲੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਅੰਦਰ ਕੀਤੇ ਜਾ ਰਹੇ ਸੰਮੇਲਨ ਦਾ ਪੁਰਜੋਰ ਵਿਰੋਧ ਕਰਨਾ ਚਾਹੀਦਾ ਹੈ 

ਹਰਮੀਤ ਸਿੰਘ ਮਹਿਰਾਜ 98786-91567

Show More

Related Articles

Leave a Reply

Your email address will not be published. Required fields are marked *

Back to top button
Translate »