ਜਦੋਂ ਕੈਨੇਡਾ ਦੇ ਕਬੱਡੀ ਮੈਦਾਨਾਂ ‘ਚ ਵਰਿ੍ਆਂ ਡਾਲਰਾਂ ਦਾ ਮੀਂਹ…

ਯਾਦੇ ਸੁਰਖਪੁਰੀਏ ਨੇ ਲਗਾਏ ਡੇਢ-ਡੇਢ ਲੱਖ ਦੇ ਜੱਫੇ
ਲਗਾਤਾਰ ਦੂਸਰੀ ਵਾਰ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਬਣਿਆ ਚੈਪੀਅਨ
ਯਾਦਾ ਸੁਰਖਪੁਰ ਤੇ ਭੂਰੀ ਛੰਨਾ ਬਣੇ ਸਰਵੋਤਮ ਖਿਡਾਰੀ
ਨਵਾਂ ਇਤਿਹਾਸ ਰਚ ਗਿਆ ਟੋਰਾਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ
ਡਾ. ਸੁਖਦਰਸ਼ਨ ਸਿੰਘ ਚਹਿਲ
9779590575, 403 660 5476
ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੱਲ ਰਹੇ ਟੋਰਾਂਟੋ ਦੇ ਕਬੱਡੀ ਸੀਜ਼ਨ ਦਾ ਤੀਸਰਾ ਟੂਰਨਾਮੈਂਟ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਸੀਏਏ ਸੈਂਟਰ ਦੇ ਖੂਬਸੂਰਤ ਮੈਦਾਨ ‘ਚ ਧੁੂਮ-ਧੜੱਕੇ ਨਾਲ ਕਰਵਾਇਆ ਗਿਆ। ਇੰਟਰਨੈਸ਼ਨਲ ਕਬੱਡੀ ਕੱਪ ਦੇ ਬੈਨਰ ਹੇਠ ਹੋਏ ਇਸ ਕੱਪ ਨੂੰ ਜਿੱਤਣ ਦਾ ਮਾਣ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸ ਕਲੱਬ ਨੇ ਇਸ ਸੀਜ਼ਨ ‘ਚ ਲਗਾਤਾਰ ਦੂਸਰੀ ਵਾਰ ਕੱਪ ਚੁੰਮਿਆ। ਟੂਰਨਾਮੈਂਟ ਦੌਰਾਨ ਉਲਟਫੇਰ ਭਰੀਆ ਜਿੱਤਾਂ ਦਰਜ ਕਰਨ ਵਾਲੀ ਜੀ ਟੀ ਏ ਕਲੱਬ ਦੀ ਟੀਮ ਉਪ ਜੇਤੂ ਰਹੀ। ਚੈਪੀਅਨ ਟੀਮ ਦੇ ਕਪਤਾਨ ਯਾਦੇ ਸੁਰਖਪੁਰ ਨੇ ਸਰਵੋਤਮ ਜਾਫੀ ਤੇ ਭੂਰੀ ਛੰਨਾ ਨੇ ਬਿਹਤਰੀਨ ਧਾਵੀ ਦਾ ਖਿਤਾਬ ਜਿੱਤਿਆ। ਟੂਰਨਾਮੈਂਟ ਦਾ ਅਗਾਜ਼ ਬਲਵੀਰ ਸਿੰਘ ਭੁੱਲਾਰਾਏ ਦੇ ਢਾਡੀ ਜਥੇ ਵੱਲੋਂ ਵਾਹਿਗੁਰੂ ਦਾ ਓਟ ਆਸਰਾ ਲੈਣ ਨਾਲ ਹੋਈ।

ਪ੍ਰਬੰਧਕੀ ਟੀਮ:-
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਤੇ ਕਲਚਰ ਕਲੱਬ ਵੱਲੋਂ ਇੰਦਰਜੀਤ ਸਿੰਘ ਐਂਡੀ ਧੁੱਗਾ, ਹਰਵਿੰਦਰ ਬਾਸੀ, ਮਨਜੀਤ ਘੋਤੜਾ, ਜਸ ਸੋਹਲ, ਚੇਅਰਮੈਨ ਰਣਧੀਰ ਸੰਧੂ, ਪ੍ਰਧਾਨ ਮਿੱਠੂ, ਮੀਤ ਪ੍ਰਧਾਨ ਸੁੱਖਾ ਬਾਸੀ, ਸਕੱਤਰ ਪੁਸ਼ਪਿੰਦਰ ਘੋਤੜਾ, ਖਜਾਨਚੀ ਹਰਦਿਆਲ ਭੁੱਲਰ, ਨਿਰਦੇਸ਼ਕ ਅਵਤਾਰ ਸਮਰਾ, ਅਮਰਜੀਤ ਗੁਰਾਇਆ, ਐਂਡੀ ਗਰੇਵਾਲ ਤੇ ਬਲਜੀਤ ਚੌਹਾਨ, ਕੋਚ ਕਰਨ ਘੁਮਾਣ ਰੇਸ਼ਮ ਰਾਜਸਥਾਨੀ ਹੋਰਾਂ ਦੀ ਅਗਵਾਈ ‘ਚ ਕਰਵਾਏ ਗਏ ਇਸ ਕੱਪ ਦੀ ਸਫਲਤਾ ਲਈ ਕਲੱਬ ਦੇ ਮੈਂਬਰ ਮਹਾਂਬੀਰ ਗਰੇਵਾਲ, ਬਲਵਿੰਦਰ ਧਾਲੀਵਾਲ, ਪੁਸ਼ਪਿੰਦਰ ਘੋਤੜਾ, ਚਮਕੌਰ ਬਰਾੜ, ਉਸਾਮਾ, ਰੂਬਨ ਚਾਹਲ, ਸ਼ਿੰਦਰ ਧਾਲੀਵਾਲ, ਜੋਗਿੰਦਰ ਬਾਜਵਾ, ਗੁਰਿੰਦਰ ਭੁੱਲਰ, ਅਮਰਜੀਤ ਗੋਰਾਇਆ, ਸਾਬੀ ਢੀਂਡਸਾ, ਕੁਲਵਰਨ ਧੁੱਗਾ, ਵੀਰਪਾਲ ਧੁੱਗਾ, ਰਾਜਵਿੰਦਰ ਗਿੱਲ, ਪਰਮਿੰਦਰ ਜੌਹਲ, ਸੁਖਵਿੰਦਰਪਾਲ ਰਾਏ, ਜਗਨਦੀਪ ਰਿਆੜ, ਸੁੱਖਾ ਤਤਲਾਹਰਭਜਨ ਘੋਤੜਾ, ਚਰਨੇਕ ਚਾਹਲ, ਐਂਡੀ ਗਰੇਵਾਲ, ਜਰਨੈਲ ਤੂਰ, ਜਸਕਰਨ ਢਿੱਲੋਂ, ਲਖਵੀਰ ਢੇਸੀ, ਰੂਪਾ ਧਾਲੀਵਾਲ, ਸਿਮਰ ਸਿੱਧੂ, ਸੁੱਖਾ ਢੇਸੀ, ਮਨਜੀਤ ਪੰਡੋਰੀ, ਜੋਰਾ, ਲੱਖਾ ਢੀਂਡਸਾ, ਗੁਰਮੇਲ ਕੂੰਨਰ, ਤੇਜੀ ਦਿਉਲ ਤੇ ਤੀਰਥ ਹੋਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕੱਪ ਦੌਰਾਨ ਹਜ਼ਾਰਾਂ ਦੀ ਤਦਾਦ ‘ਚ ਦਰਸ਼ਕਾਂ ਨੇ ਪੂਰਾ ਦਿਨ ਉੱਚ ਕੋਟੀ ਦੀ ਕਬੱਡੀ ਦਾ ਅਨੰਦ ਮਾਣਿਆ।

ਸਪਾਂਸਰਜ਼:- ਵਿਕਰਮ ਢਿੱਲੋਂ ਹੋਰਾਂ ਦੀ ਕੰਪਨੀ ਬੀ ਵੀ ਡੀ ਪੈਟਰੋਲੀਅਮ ਟੂਰਨਾਮੈਂਟ ਦੀ ਮੁੱਖ ਸਪਾਂਸਰ ਸੀ। ਇਸ ਦੇ ਨਾਲ ਹੀ ਇੰਦਰਜੀਤ ਧੁੱਗਾ, ਵੀਰਪਾਲ ਧੁੱਗਾ ਤੇ ਕੁਲਵਰਨ ਧੁੱਗਾ ਹੋਰਾਂ ਦਾ ਅਦਾਰਾ ਨਿਊ ਮਿਲੇਨੀਅਮ ਟਾਇਰ, ਮਿੱਠੂ ਤੇ ਉਸਾਮਾ ਦਾ ਹਾਊਸ ਆਫ ਟਾਇਰ, ਹਰਵਿੰਦਰ ਬਾਸੀ ਤੇ ਸੁੱਖਾ ਬਾਸੀ ਹੋਰਾਂ ਦੀ ਕੰਪਨੀ ਆਟੋਬਾਹਨ, ਰਣਧੀਰ ਐਂਡ ਸੰਨਜ਼ ਦੀ ਕੰਪਨੀ ਏਅਰ ਐਂਡ ਓਸੀਨਲੈਂਡ, ਹਰਪ੍ਰੀਤ ਸਿੰਘ ਤੇ ਸੁੱਖੀ ਹੋਰਾਂ ਦੀ ਗਰੀਨਵੇ ਕੈਰੀਅਰ, ਐਂਡੀ ਗਰੇਵਾਲ ਦੀ ਐਵਰੈਸਟ ਟਰਾਂਸਪੋਰਟ, ਸੁੱਖੇ ਤੇ ਸਨੀ ਹੋਰਾਂ ਦੀ ਕਿੰਗ ਟੋਇੰਗ ਕੰਪਨੀ, ਸੇਫੈਕਸ ਟਰਾਂਸਪੋਰਟ, ਕੈਨੀ ਹੋਰਾਂ ਦੀ ਏ ਟੀ ਐਫ ਅਤੇ ਰਾਜ ਗਰੇਵਾਲ ਵੀ ਟੂਰਨਾਮੈਂਟ ਦੇ ਸਪਾਂਸਰਜ਼ ਸਨ। ਜੇਤੂ ਟੀਮ ਨੂੰ ਦਵਿੰਦਰ ਸਿੰਘ ਹੋਰਾਂ ਦੀ ਕੰਪਨੀ ਡੀ ਐਸ ਟਰਾਂਸਪੋਰਟ ਵੱਲੋਂ ਅਤੇ ਦੂਸਰਾ ਇਨਾਮ ਸੁੱਖੇ ਰੰਧਾਵੇ ਦੀ ਕੰਪਨੀ ਕੁਇੱਕ ਟਾਇਰ ਐਂਡ ਫੋਰ ਰਨਰ ਵੱਲੋਂ ਦਿੱਤਾ ਗਿਆ।

ਤਿਰਛੀ ਨਜ਼ਰ:- ਇੰਟਰਨੈਸ਼ਨਲ ਕਬੱਡੀ ਕੱਪ ਦੌਰਾਨ ਟੋਰਾਂਟੋ ਦੇ ਕਬੱਡੀ ਸੀਜ਼ਨ ਦੌਰਾਨ ਹੋਏ ਤਿੰਨ ਕੱਪਾਂ ਵਾਂਗ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕ ਜੁੜੇ। ਲੰਬੇ ਅਰਸੇ ਬਾਅਦ ਕੈਨੇਡਾ ਦੇ ਕਬੱਡੀ ਸੀਜ਼ਨ ਦੌਰਾਨ ਟਿਕਟਾਂ ਲਗਾਕੇ ਕਬੱਡੀ ਕੱਪ ਕਰਵਾਇਆ ਗਿਆ, ਜਿਸ ਨੂੰ ਦਰਸ਼ਕਾਂ ਨੇ ਬੇਮਿਸਾਲ ਹੁੰਗਾਰਾ ਦਿੱਤਾ। ਗੁਰੂ ਨਾਨਕ ਲੰਗਰ ਸੁਸਾਇਟੀ ਵੱਲੋਂ ਲੰਗਰ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਮਹਿਮਾਨਾਂ ਲਈ ਉਚੇਚੇ ਤੌਰ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਮੇਜ਼ਬਾਨ ਕਲੱਬ ਦੇ ਸਾਰੇ ਮੈਂਬਰ ਗਾਜ਼ਰੀ ਰੰਗ ਦੀਆਂ ਟੀ-ਸ਼ਰਟਾਂ ਤੇ ਕਾਲੇ ਰੰਗ ਦੀਆਂ ਦਸਤਾਰਾਂ ‘ਚ ਸਜੇ ਹੋਏ ਸਨ। ਕਬੱਡੀ ਜਗਤ ਨਾਲ ਜੁੜੀਆਂ ਸ਼ਖਸ਼ੀਅਤ ਬੱਬਲ ਸੰਗਰੂਰ ਤੇ ਬਲਰਾਜ ਸੰਘਾ ਵੈਨਕੂਵਰ, ਕੀਪਾ ਟਾਂਡਾ ਅਮਰੀਕਾ, ਨਿੱਕਾ ਘੁਮਾਣ (ਭਾਰਤ) ਤੋਂ ਆਪਣੇ ਸਾਥੀਆਂ ਸਮੇਤ ਪੁੱਜੇ।
ਖੇਡ ਝਲਕੀਆਂ:- ਟੂਰਨਾਮੈਂਟ ਦੌਰਾਨ ਹੋਈ ਉੱਚ ਕੋਟੀ ਦੀ ਕਬੱਡੀ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਦੋ ਮੈਚਾਂ ਦਾ ਫੈਸਲਾ ਸਿਰਫ ਅੱਧੇ-ਅੱਧੇ ਅੰਕ ਨਾਲ ਹੋਇਆ। ਟੂਰਨਾਮੈਂਟ ਪ੍ਰਬੰਧਕਾਂ ਤੇ ਹੋਰਨਾਂ ਕਲੱਬ ਦੇ ਸੰਚਾਲਕਾਂ ਵੱਲੋਂ ਪੂਰਾ ਦਿਨ ਖਿਡਾਰੀਆਂ ‘ਤੇ ਨੋਟਾਂ ਦਾ ਮੀਂਹ ਵਰਾਇਆ। ਫਾਈਨਲ ਮੈਚ ‘ਚ ਜੇਤੂ ਟੀਮ ਦੇ ਕਪਤਾਨ ਯਾਦੇ ਸੁਰਖਪੁਰ ਨੇ ਡੇਢ-ਡੇਢ ਲੱਖ ਰੁਪਏ (25-25 ਸੌ ਡਾਲਰ) ਦੇ ਦੇ ਜੱਫੇ ਲਗਾਏ। ਉੱਧਰ ਜੀ ਟੀ ਏ ਦੀ ਟੀਮ ਦੇ ਧਾਵੀ ਕਮਲ ਨਵਾਂ ਪਿੰਡ ਦੀਆਂ ਰੇਡਾਂ ਦੇ 2.70 ਲੱਖ ਰੁਪਏ (4500 ਡਾਲਰ) ਵੀ ਲੱਗੇ।
ਸੰਚਾਲਨ ਟੀਮ:– ਟੂਰਨਾਮੈਂਟ ਦੌਰਾਨ ਮੱਖਣ ਅਲੀ, ਸੁਰਜੀਤ ਕਕਰਾਲੀ, ਕਾਲਾ ਰਛੀਨ, ਸ਼ਿੰਦਰ ਧਾਲੀਵਾਲ ਤੇ ਹੈਰੀ ਬਨਭੌਰਾ ਨੇ ਖੂਬਸੂਰਤ ਕੁਮੈਂਟਰੀ ਕੀਤੀ। ਜਸਵੰਤ ਖੜਗ, ਬਲਜੀਤ ਚੌਹਾਨ, ਸਾਬੀ ਢੀਂਡਸਾ ਤੇ ਰਿੰਪੀ ਘੋਤੜਾ ਨੇ ਸਕੋਰਿੰਗ ਦੀ ਜਿੰਮੇਵਾਰੀ ਨਿਭਾਈ। ਪੱਪੂ ਭਦੌੜ, ਬਲਵੀਰ ਸਿੰਘ, ਨੀਟਾ, ਸਾਬੀ ਤੇ ਬੀਨਾ ਨੇ ਮੈਚਾਂ ਦਾ ਸੰਚਾਲਨ ਕੀਤਾ। ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਰਿੰਦਰ ਕਾਲਾ ਹਾਂਸ, ਜਨਰਲ ਸਕੱਤਰ ਮਨਜੀਤ ਘੋਤੜਾ ਤੇ ਚੇਅਰਮੈਨ ਜਸਵਿੰਦਰ ਜੱਸੀ ਸਰਾਏ ਨੇ ਸਭ ਦਾ ਧੰਨਵਾਦ ਕੀਤਾ।

ਕਬੱਡੀ ਮੁਕਾਬਲੇ:– ਆਰੰਭਕ ਦੌਰ ਦੇ ਪਹਿਲੇ ਮੈਚ ‘ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੇ ਜੀ ਟੀ ਏ ਕਲੱਬ ਨੂੰ 36-29 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ‘ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 31-27 ਅੰਕਾਂ ਨਾਲ, ਤੀਸਰੇ ਮੈਚ ‘ਚ ਓਂਟਾਰੀਓ ਕਬੱਡੀ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ 37-29 ਅੰਕਾਂ ਨਾਲ, ਚੌਥੇ ਮੈਚ ‘ਚ ਜੀ ਟੀ ਏ ਕਲੱਬ ਨੇ ਯੰਗ ਕਲੱਬ ਨੂੰ 35-32 ਅੰਕਾਂ ਨਾਲ ਪੰਜਵੇਂ ਮੈਚ ‘ਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੂੰ 39-33 ਅੰਕਾਂ ਨਾਲ, ਛੇਵੇਂ ਮੈਚ ‘ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਓ ਕੇ ਸੀ ਕਲੱਬ ਨੂੰ 33.5-33 ਅੰਕਾਂ ਨਾਲ ਹਰਾਕੇ ਸੈਮੀਫਾਈਨਲ ‘ਚ ਥਾਂ ਬਣਾਈ। ਪਹਿਲੇ ਸੈਮੀਫਾਈਨਲ ‘ਚ ਜੀ ਟੀ ਏ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ 42.5-42 ਅਤੇ ਬਰੈਂਪਟਨ ਯੂਨਾਈਟਡ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 42-31 ਅੰਕਾਂ ਨਾਲ ਹਰਾਕੇ ਫਾਈਨਲ ‘ਚ ਥਾਂ ਬਣਾਈ। ਫਾਈਨਲ ਮੁਕਾਬਲੇ ‘ਚ ਬਰੈਂਪਟਨ ਯੂਨਾਈਟਡ ਸਪੋਰਟਸ ਕਲੱਬ ਨੇ ਜੀ ਟੀ ਏ ਕਲੱਬ ਨੂੰ 47-31 ਅੰਕਾਂ ਨਾਲ ਹਰਾਕੇ ਖਿਤਾਬ ਜਿੱਤਿਆ। ਭੂਰੀ ਛੰਨਾ ਨੇ 13 ਅਜੇਤੂ ਰੇਡਾਂ ਪਾਕੇ ਸਰਵੋਤਮ ਧਾਵੀ ਦਾ ਅਤੇ ਯਾਦਾ ਸੁਰਖਪੁਰ ਨੇ 16 ਕੋਸ਼ਿਸ਼ਾਂ ਤੋਂ 5 ਜੱਫੇ ਲਗਾਕੇ ਬਿਹਤਰੀਨ ਜਾਫੀ ਦਾ ਖਿਤਾਬ ਜਿੱਤਿਆ।ਇਸੇ ਦੌਰਾਨ ਟੋਰਾਂਟੋ ਦੀਆਂ ਦੋ ਸਕੂਲਾਂ ਟੀਮਾਂ ਦਰਮਿਆਨ ਅਤੇ ਦੋ ਅੰਡਰ-21 ਦੀਆਂ ਟੀਮਾਂ ਦਰਮਿਆਨ ਦਿਲਕਸ਼ ਮੈਚ ਹੋਏ।