ਜਦੋਂ ਕੈਲਗਰੀ ਦੀ ਇੱਕ ਸੜ੍ਹਕ ਉੱਪਰ ਡਾਲਰਾਂ ਦਾ ਮੀਂਹ ਵਰ੍ਹਿਆ !
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਬਿਨਾਂ ਬੱਦਲਾਂ ਦੇ ਕਦੀ ਮੀਂਹ ਨਹੀਂ ਪੈਂਦਾ ਇਹ ਕਹਾਵਤ ਤਾਂ ਸੁਣਦੇ ਹੀ ਆਏ ਹਾਂ ਪਰ ਕੈਲਗਰੀ ਵਿੱਚ ਡਾਲਰਾਂ ਦਾ ਮੀਂਹ ਪੈ ਗਿਐ ਇਹ ਖ਼ਬਰ ਸਾਹਮਣੇ ਆਈ ਹੈ । ਕਿਸੇ ਬੈਂਕ ਦਾ ਬੂਹਾ ਖੁੱਲਾ ਰਹਿ ਜਾਵੇ ਤਾਂ ਸੋਚ ਸਕਦੇ ਹਾਂ ਕਿ ਹਵਾ ਨਾਲ ਡਾਲਰ ਉੱਡਕੇ ਸੜਕ ਉੱਪਰ ਖਿਲੱਰ ਗਏ ਹੋਣ ਪਰ ਕੈਲਗਰੀ ਸਹਿਰ ਦੇ ਸਾਊਥ ਈਸਟ ਏਰੀਆ ਵਿੱਚ ਸੜਕ ਉੱਪਰ ਬਿਨਾਂ ਬੱਦਲੋਂ ਡਾਲਰਾਂ ਦਾ ਮੀਂਹ ਵਰ੍ਹ ਗਿਆ।
ਹੁਣ ਕੈਲਗਰੀ ਪੁਲਿਸ ਨੂੰ ਉਸ ਅਣਪਛਾਤੇ ਬੱਦਲ ਦੀ ਭਾਲ ਹੈ ਜਿਸ ਨੇ ਸੜਕ ਉੱਪਰ ਮੀਂਹ ਵਾਂਗ ਡਾਲਰਾਂ ਦਾ ਛਿੱਟਾ ਦੇ ਦਿੱਤਾ। ਖ਼ਬਰ ਇਹ ਹੈ ਕਿ ਬੀਤੇ ਮੰਗਲਵਾਰ ਵਾਲੇ ਦਿਨ ਕੈਲਗਰੀ ਦੀ 68 ਸਟਰੀਟ ਅਤੇ ਐਪਲਵੁੱਡ ਡਰਾਈਵ ਸਾਊਥ ਈਸਟ ਏਰੀਆ ਵਿੱਚ ਸਵੇਰੇ 11 ਕੁ ਵਜੇ ਦੇ ਕਰੀਬ ਪੁਲਿਸ ਨੂੰ ਪਤਾ ਲੱਗਾ ਕਿ ਸੜਕ ਉੱਪਰ ਵੱਡੀ ਗਿਣਤੀ ਵਿੱਚ 20-20 ਡਾਲਰ ਵਾਲੇ ਨੋਟ ਖਿਲਰੇ ਹੋਏ ਹਨ ਅਤੇ ਲੋਕਾਂ ਦਾ ਹਜੂਮ ਦੌੜ ਦੌੜ ਕੇ ਉਹਨਾਂ ਡਾਲਰਾਂ ਨੂੰ ਚੁੱਕ ਚੁੱਕ ਆਪਣੀਆਂ ਜੇਬਾਂ ਵਿੱਚ ਪਾ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਪਰੋਕਤ ਇਲਾਕੇ ਨੂੰ ਆਪਣੇ ਕੰਟਰੋਲ ਹੇਠ ਕਰਕੇ 5000 ਦੇ ਕਰੀਬ ਡਾਲਰ ਸੜਕ ਉੱਪਰੋਂ ਆਪਣੇ ਕਬਜੇ ਹੇਠ ਲੈ ਲਏ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਜੋ ਲੋਕ ਚੁੱਕਕੇ ਲੈ ਗਏ ਉਹ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਹਨ। ਸੜਕ ਉੱਪਰ ਖਿਲਰੇ ਇਹਨਾਂ ਲਾਵਾਰਸ ਡਾਲਰਾਂ ਦਾ ਇਸ ਤਰਾਂ ਖਿਲਰਨਾ, ਕੀ ਕਾਰਣ ਸੀ ? ਇਹਨਾਂ ਡਾਲਰਾਂ ਦਾ ਅਸਲ ਮਾਲਕ ਕੌਣ ਹੈ। ਕਿਤੇ ਇਹ ਡਰੱਗ ਨਾਲ ਸਬੰਧਿਤ ਧਨ ਤਾਂ ਨਹੀਂ? ਹੁਣ ਪੁਲਿਸ ਇਸ ਭਾਲ ਵਿੱਚ ਲੱਗੀ ਹੋਈ ਹੈ । ਵੈਸੇ ਉਸ ਦਿਨ ਪੁਲਿਸ ਨੂੰ ਉਸੇ ਇਲਾਕੇ ਵਿੱਚੋਂ ਥੋੜੀ ਮਾਤਰਾ ਵਿੱਚ ਲਾਵਾਰਸ ਡਰੱਗ ਵੀ ਮਿਲੀ ਹੈ ਪਰ ਹਾਲੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਹ ਲਾਵਾਰਸ ਡਾਲਰ ਅਤੇ ਲਾਵਰਸ ਡਰੱਗ ਦਾ ਆਪਸ ਵਿੱਚ ਵੀ ਕੋਈ ਸੁਮੇਲ ਹੈ।