ਏਹਿ ਹਮਾਰਾ ਜੀਵਣਾ

ਜਦੋਂ ਪਾਕਿਸਤਾਨੀ ਠੱਗ ਨਾਲ ਖੁੱਲੀਆਂ ਗੱਲਾਂ ਹੋਈਆਂ।

ਪਿਛਲੇ ਚਾਰ ਪੰਜ ਸਾਲਾਂ ਤੋਂ ਪਾਕਿਸਤਾਨੀ ਠੱਗਾਂ ਨੇ ਪੰਜਾਬ ਵਿੱਚ ਲੁੱਟ ਮਚਾਈ ਹੋਈ ਸੀ। ਪਰ ਜਦੋਂ ਲੋਕਾਂ ਨੇ ਉਨ੍ਹਾਂ ਦੀਆਂ ਆਡੀਉ ਸੋਸ਼ਲ ਮੀਡੀਆ ‘ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਆਮ ਜਨਤਾ ਨੂੰ ਇਸ ਘੋਟਾਲੇ ਦੀ ਸਮਝ ਆ ਗਈ ਤੇ ਉਨ੍ਹਾਂ ਦਾ ਧੰਦਾ ਮੰਦਾ ਪੈ ਗਿਆ। ਹੁਣ ਅਜਿਹੇ ਫੋਨ ਕਦੇ ਕਦਾਈਂ ਹੀ ਆਉਂਦੇ ਹਨ। ਬਹੁਤਿਆਂ ਠੱਗਾਂ ਦੇ ਵੱਟਸਐਪ ‘ਤੇ ਗੁਰੂ ਨਾਨਕ ਜੀ ਦੀ ਤਸਵੀਰ ਲੱਗੀ ਹੁੰਦੀ ਸੀ। ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਪਹਿਲਾ ਸਵਾਲ ਇਹ ਹੁੰਦਾ ਸੀ ਕਿ ਤੁਸੀਂ ਮੈਨੂੰ ਪਹਿਚਾਣਿਆਂ? ਅੱਗੋਂ ਇਹ ਜਵਾਬ ਮਿਲਣ ‘ਤੇ ਕਿ ਮੈਂ ਨਹੀਂ ਪਹਿਚਾਣਿਆਂ, ਠੱਗ ਕਹਿੰਦਾ ਸੀ ਕਿ ਤੁਸੀਂ ਵੱਡੇ ਬੰਦੇ ਉ, ਹੁਣ ਸਾਨੂੰ ਕਿੱਥੇ ਪਹਿਚਾਣਦੇ ਉ। ਦੋ ਚਾਰ ਮਿੰਟ ਇਹੋ ਜਿਹੀਆਂ ਠੰਡੀਆਂ ਤੱਤੀਆਂ ਮਾਰ ਕੇ ਠੱਗ ਪੁੱਛਦਾ ਸੀ ਕਿ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਯੂ.ਕੇ. – ਕੈਨੇਡਾ ਵਿੱਚ ਹੈ? ਹੁਣ ਅੱਧਿਉਂ ਵੱਧ ਪੰਜਾਬ ਤਾਂ ਕੈਨੇਡਾ ਪਹੁੰਚਿਆ ਹੋਇਆ ਹੈ, ਸ਼ਿਕਾਰ ਕਹਿ ਦਿੰਦਾ ਸੀ ਕਿ ਮੇਰੇ ਚਾਚੇ ਜਾਂ ਤਾਏ ਦਾ ਮੁੰਡਾ ਜਾਂ ਪਿੰਡ ਤੋਂ ਫਲਾਣਾ ਬੰਦਾ ਕੈਨੇਡਾ ਵਿਖੇ ਹੈ। ਬੱਸ ਠੱਗ ਉਥੋਂ ਹੀ ਗੱਲ ਬੜੁੱਚ ਲੈਂਦਾ ਹੈ ਤੇ ਕਹਿ ਦਿੰਦਾ ਸੀ ਕਿ ਮੈਂ ਉਹ ਹੀ ਬੋਲਦਾਂ ਹਾਂ। ਹਾਲਾਂਕਿ ਠੱਗਾਂ ਵੱਲੋਂ ਬੋਲੀ ਜਾਂਦੀ ਕੱਟੜ ਮਝੈਲ ਬੋਲੀ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਲਹਿੰਦੇ ਪੰਜਾਬ ਤੋਂ ਹੈ ਤੇ ਕੈਨੇਡਾ ਦਾ ਤਾਂ ਸ਼ਾਇਦ ਉਸ ਨੇ ਕਦੇ ਨਕਸ਼ਾ ਵੀ ਨਹੀਂ ਵੇਖਿਆ ਹੋਣਾ।
ਠੱਗੀ ਤਿੰਨ ਚਾਰ ਤਰੀਕਿਆਂ ਨਾਲ ਮਾਰੀ ਜਾਂਦੀ ਹੈ। ਪਹਿਲਾ ਇਹ ਕਿ ਮੈਂ ਕਿਸੇ ਕੇਸ ਵਿੱਚ ਥਾਣੇ ਫਸ ਗਿਆ ਹਾਂ, ਜੇ ਕੇਸ ਬਣ ਗਿਆ ਤਾਂ ਮੈਨੂੰ ਕੈਨੇਡਾ ਤੋਂ ਕੱਢ ਦਿੱਤਾ ਜਾਵੇਗਾ। ਪਰ ਮੇਰੀ ਥਾਣੇ ਦੇ ਐਸ.ਐਚ.ਉ. ਨਾਲ 5000 ਡਾਲਰ ਵਿੱਚ ਗੱਲ ਹੋ ਗਈ ਹੈ, ਤੁਸੀਂ ਸਾਢੇ ਛੇ ਲੱਖ ਰੁਪਿਆ ਫਲਾਣੇ ਅਕਾਊਂਟ ਵਿੱਚ ਪਾ ਦਿਉ। ਦੂਸਰਾ ਢੰਗ ਇਹ ਹੈ ਕਿ ਮੈਂ ਅਗਲੇ ਮਹੀਨੇ ਇੰਡੀਆ ਆ ਰਿਹਾ ਹਾਂ, ਕੋਈ ਮੋਬਾਇਲ ਵਗੈਰਾ ਲੈਣਾ ਹੈ ਤਾਂ ਦੱਸੋ। ਮੇਰੇ ਪਰਿਵਾਰ ਵਾਲੇ ਬਹੁਤ ਲਾਲਚੀ ਹਨ, ਮੈਂ ਉਨ੍ਹਾਂ ਤੋਂ ਚੋਰੀ ਤੁਹਾਡੇ ਬੈਂਕ ਖਾਤੇ ਵਿੱਚ ਦਸ ਲੱਖ ਰੁਪਏ ਪਾਉਣੇ ਚਾਹੁੰਦਾ ਹਾਂ ਜੋ ਮੈਂ ਇੰਡੀਆ ਆ ਕੇ ਲੈ ਲਵਾਂਗਾ, ਆਪਣਾ ਅਕਾਊਂਟ ਨੰਬਰ ਭੇਜੋ। ਜੇ ਚਾਹੋ ਤਾਂ ਵਿੱਚੋਂ ਦੋ ਕੁ ਲੱਖ ਤੁਸੀਂ ਵੀ ਰੱਖ ਸਕਦੇ ਹੋ। ਲਾਲਚ ਵਿੱਚ ਅੰਨ੍ਹਾਂ ਹੋਇਆ ਸ਼ਿਕਾਰ ਆਪਣਾ ਅਕਾਊਂਟ ਨੰਬਰ ਤੇ ਆਈ.ਐਫ.ਸੀ. ਕੋਡ ਵਗੈਰਾ ਭੇਜ ਦਿੰਦਾ ਹੈ। ਠੱਗ ਅੱਗੋਂ ਇੱਕ ਜਾਅਲੀ ਰਸੀਦ ਦੀ ਫੋਟੋ ਵਟਸਐਪ ਰਾਹੀ ਭੇਜ ਦਿੰਦਾ ਹੈ ਤੇ ਨਾਲ ਹੀ ਕਹਿ ਦਿੰਦਾ ਹੈ ਕਿ ਉਸ ਨੇ ਫਲਾਣੇ ਏਜੰਟ ਦੇ ਦੋ ਲੱਖ ਰੁਪਏ ਦੇਣੇ ਹਨ, ਉਹ ਫਲਾਣੇ ਅਕਾਊਂਟ ਵਿੱਚ ਪਾ ਦਿਉ। ਸ਼ਿਕਾਰ ਇਹ ਵੀ ਚੈੱਕ ਨਹੀਂ ਕਰਦਾ ਕਿ ਪੈਸੇ ਅਜੇ ਉਸ ਦੇ ਅਕਾਊਂਟ ਵਿੱਚ ਆਏ ਵੀ ਹਨ ਕਿ ਨਹੀਂ। ਤੀਸਰਾ ਤਰੀਕਾ ਇਹ ਹੈ ਕਿ ਮੈਂ ਜਦੋਂ ਕੈਨੇਡਾ ਆਇਆ ਤਾਂ ਫਲਾਣੇ ਏਜੰਟ ਰਾਹੀਂ ਆਇਆ ਸੀ। ਮੈਂ ਉਸ ਦੇ ਡੇਢ ਕੁ ਲੱਖ ਰੁਪਏ ਦੇਣੇ ਹਨ। ਜੇ ਪੈਸੇ ਨਾ ਦਿੱਤੇ ਤਾਂ ਉਹ ਮੈਨੂੰ ਕੈਨੇਡਾ ‘ਚੋਂ ਕਢਵਾ ਦੇਵੇਗਾ। ਜਲਦੀ ਜਲਦੀ ਉਸ ਦੇ ਅਕਾਊਂਟ ਵਿੱਚ ਪੈਸੇ ਪਾ ਦਿਉ। ਸ਼ਿਕਾਰ ਵਿਚਾਰਾ ਆਪਣੇ ਰਿਸ਼ਤੇਦਾਰ ਨੂੰ ਮੁਸੀਬਤ ਵਿੱਚ ਪਿਆ ਵੇਖ ਕੇ ਪੈਸੇ ਭੇਜ ਦਿੰਦਾ ਹੈ। ਇਹ ਸਾਰੇ ਅਕਾਊਂਟ ਜਾਅਲੀ ਆਈ.ਡੀ. ਨਾਲ ਬਣਾਏ ਹੁੰਦੇ ਹਨ ਜਿਸ ਕਾਰਨ ਜਿਆਦਾਤਰ ਕੇਸ ਟਰੇਸ ਨਹੀਂ ਹੁੰਦੇ।
ਪਿਛਲੇ ਹਫਤੇ ਮੈਨੂੰ ਵੀ ਇੱਕ ਅਜਿਹਾ ਹੀ ਫੋਨ ਆਇਆ ਤੇ ਉਹ ਹੀ ਘਿਿਸਆ ਪਿਿਟਆ ਸਵਾਲ ਪੁੱਛਿਆ ਗਿਆ ਕਿ ਤੁਹਾਡੇ ਯੂ.ਕੇ. ਜਾਂ ਕੈਨੇਡਾ ਵਿੱਚ ਕੋਈ ਰਿਸ਼ਤੇਦਾਰ ਜਾਂ ਦੋਸਤ ਰਹਿੰਦੇ ਹਨ। ਮੈਂ ਸਵਾਦ ਲੈਣ ਖਾਤਰ ਉਸ ਨੂੰ ਕਹਿ ਦਿੱਤਾ ਕਿ ਯੂ.ਕੇ. ਵਿੱਚ ਤਾਂ ਨਹੀਂ, ਪਰ ਇੰਗਲੈਂਡ ਵਿੱਚ ਜਰੂਰ ਰਹਿੰਦੇ ਹਨ। ਉਹ ਠੱਗ ਐਨਾ ਬੇਵਕੂਫ ਸੀ ਕਿ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਯੂ.ਕੇ. ਤੇ ਇੰਗਲੈਂਡ ਇੱਕ ਹੀ ਦੇਸ਼ ਹੈ, ਉਹ ਬੋਲਿਆ, “ਹਾਂ ਜੀ ਭਾਜੀ, ਯੂ.ਕੇ. ਤਾਂ ਮੇਰੇ ਮੂੰਹੋਂ ਐਵੇਂ ਈ ਨਿਕਲ ਗਿਆ ਅਸਲ ਵਿੱਚ ਮੈਂ ਇੰਗਲੈਡ ਹੀ ਰਹਿੰਦਾ ਆਂ। ਬੁੱਝੋ ਹਾਂ ਭਲਾ ਮੈਂ ਕੌਣ ਆਂ?” “ਲੈ, ਕਦੇ ਆਪਣੇ ਖਾਸ ਬੰਦੇ ਵੀ ਭੁਲਾਏ ਜਾ ਸਕਦੇ ਆ? ਮੈਂ ਤਾਂ ਤੈਨੂੰ ਪਹਿਲੀ ਸੱਟੇ ਪਛਾਣ ਗਿਆ ਸੀ। ਤੂੰ ਸਾਡੇ ਗੁਆਂਡੀ ਚਾਚੇ ਰੁਲਦੇ ਕਾਣੇ ਦਾ ਮੁੰਡਾ ਘਸੀਟਾ ਤਾਂ ਨਈਂ ਬੋਲਦਾ?” ਅਜਿਹੇ ਸੜੇ ਜਿਹੇ ਨਾਮ ਸੁਣ ਕੇ ਪਹਿਲਾਂ ਤਾਂ ਉਹ ਕੁਝ ਦੇਰ ਚੁੱਪ ਰਿਹਾ ਤੇ ਫਿਰ ਝੂਠੇ ਗਵਾਹ ਵਾਂਗ ਹੱਸ ਕੇ ਬੋਲਿਆ ਤੇ ਭਾਜੀ ਤੋਂ ਤੂੰ ‘ਤੇ ਆ ਗਿਆ, “ਮੰਨ ਗਿਆ ਭਰਾ ਤੈਨੂੰ, ਐਨੇ ਸਾਲਾਂ ਬਾਅਦ ਗੱਲ ਹੋਈ ਪਰ ਫਿਰ ਵੀ ਪਛਾਣ ਲਿਆ। ਤੇਰੇ ਨਾਲ ਇੱਕ ਕੰਮ ਆ, ਪਰ ਗੱਲ ਆਪਣੇ ਦੋਹਾਂ ‘ਚ ਰਹੇ, ਤੇਰੇ ਜਾਂ ਮੇਰੇ ਪਰਿਵਾਰ ਨੂੰ ਪਤਾ ਨਾ ਚੱਲੇ। ਮੈਂ ਅਗਲੇ ਮਹੀਨੇ ਪਿੰਡ ਆ ਰਿਆਂ, ਤੂੰ ਕੋਈ ਗਿਫਟ ਵਗੈਰਾ ਮੰਗਾਉਣੀ ਹੋਵੇ ਤਾਂ ਦੱਸ ਦੇ। ਵੈਸੇ ਮੈਂ ਤੇਰੇ ਵਾਸਤੇ ਵਾਸਤੇ ਆਈਫੋਨ 16 ਪਰੋਮੈਕਸ ਲੈ ਲਿਆ ਆ।” ਇਸ ਤੋਂ ਪਹਿਲਾਂ ਉਹ ਮੇਰਾ ਅਕਾਊਂਟ ਨੰਬਰ ਵਗੈਰਾ ਪੁੱਛਦਾ, ਮੈਂ ਕਿਹਾ, “ਯਾਰ ਗੁੱਸਾ ਨਾ ਕਰੀਂ ਤੇ ਫੋਨ ਨਾ ਕੱਟੀਂ। ਮੈਂ ਤੇਰੇ ਕੁਝ ਵਿਹਾਰੀ ਗੱਲਾਂ ਕਰਨੀਆਂ ਹਨ।”
ਠੱਗ ਮੰਨ ਗਿਆ ਤਾਂ ਮੈਂ ਪੁੱਛਿਆ, “ਜਵਾਨਾਂ ਗੱਲ ਇਹ ਆ ਕਿ ਇੰਗਲੈਂਡ ਵਗੈਰਾ ਤੋਂ ਤਾਂ ਤੂੰ ਬੋਲਦਾ ਨਈਂ, ਤੇਰੀ ਕਾਲ ਵਿੱਚ ਤਾਂ ਮੁਰਗਿਆਂ ਦੀਆਂ ਬਾਂਗਾਂ ਦੀਆਂ ਅਵਾਜ਼ਾਂ ਵੀ ਆ ਰਹੀਆਂ ਨੇ। ਅਸਲ ਵਿੱਚ ਸੋਸ਼ਲ ਮੀਡੀਆ ਕਾਰਨ ਸਭ ਨੂੰ ਤੁਹਾਡੇ ਬਾਰੇ ਪਤਾ ਲੱਗ ਗਿਆ ਹੈ। ਚੱਲ ਹੁਣ ਇਹ ਤਾਂ ਦੱਸ ਦੇ ਕਿ ਕਿਹੜੇ ਸ਼ਹਿਰੋਂ ਪਿੰਡੋ ਬੋਲਦਾ ਆਂ?” ਉਹ ਹੱਸ ਕੇ ਬੋਲਿਆ, “ਮੇਰਾ ਨਾਮ ਸਲੀਮ ਮੁਹੰਮਦ ਆ ਤੇ ਮੈਂ ਲਾਹੌਰ ਦੇ ਨਜ਼ਦੀਕ ਮੀਰਪੁਰ ਪਿੰਡ ਤੋਂ ਬੋਲ ਰਿਹਾ ਆਂ। ਮੇਰੀ ਸਕੂਟਰ ਰਿਪੇਅਰ ਦੀ ਵਰਕਸ਼ਾਪ ਆ ਤੇ ਨਾਲ ਨਾਲ ਇਹ ਕੰਮ ਵੀ ਚੱਲੀ ਜਾਂਦਾ ਆ। ਤੇਰੀ ਗੱਲ ਬਿਲਕੁਲ ਸਹੀ ਆ, ਪਹਿਲਾਂ ਤਾਂ ਹਫਤੇ ਦਸ ਦਿਨਾਂ ਬਾਅਦ ਇੱਕ ਦੋ ਮੁਰਗੇ ਫਸ ਜਾਂਦੇ ਸਨ ਪਰ ਹੁਣ ਸੋਸ਼ਲ ਮੀਡੀਆ ਨੇ ਵਾਕਿਆ ਈ ਸਾਡੇ ਧੰਦੇ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਆ।” ਮੈਂ ਅਸਲ ਸਵਾਲ ਕੀਤਾ, “ਯਾਰ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ। ਭਾਰਤ ਦੀ ਕਿਸੇ ਬੈਂਕ ਵਿੱਚ ਜਮ੍ਹਾਂ ਕਰਵਾਏ ਪੈਸੇ ਪਾਕਿਸਤਾਨ ਕਿਵੇਂ ਪਹੁੰਚ ਜਾਂਦੇ ਆ?” ਉਸ ਨੇ ਜਦੋਂ ਭੇਤ ਖੋਲ੍ਹਿਆ ਤਾਂ ਮੈਨੂੰ ਬਹੁਤ ਹੈਰਾਨੀ ਹੋਈ, “ਹਿੰਦੋਸਤਾਨ ਤੋਂ ਪਾਕਿਸਤਾਨ ਜਾਂ ਪਾਕਿਸਤਾਨ ਤੋਂ ਹਿੰਦੋਸਤਾਨ ਕਿਸੇ ਵੀ ਬੈਂਕ ਰਾਹੀਂ ਪੈਸੇ ਟਰਾਂਸਫਰ ਨਹੀਂ ਹੋ ਸਕਦੇ। ਸਾਡੇ ਗੈਂਗ ਨਾਲ ਦੁਬਈ ਵਿੱਚ ਕੰਮ ਕਰਦੇ ਚੜ੍ਹਦੇ ਪੰਜਾਬ ਦੇ ਕੁਝ ਬੰਦੇ ਵੀ ਰਲੇ ਹੋਏ ਨੇ। ਸ਼ਿਕਾਰ ਦਾ ਮੋਬਾਇਲ ਨੰਬਰ ਵੀ ਉਹ ਹੀ ਲੱਭਦੇ ਨੇ ਤੇ ਬੈਂਕ ਅਕਾਊਂਟ ਵੀ ਉਹ ਹੀ ਖੁਲਵਾਉਂਦੇ ਨੇ। ਜਿਵੇਂ ਹੀ ਸ਼ਿਕਾਰ ਉਸ ਅਕਾਊਂਟ ਵਿੱਚ ਪੈਸਾ ਜਮ੍ਹਾਂ ਕਰਵਾਉਂਦਾ ਹੈ, ਉਹ ਨਾਲ ਦੀ ਨਾਲ ਦੁਬਈ ਪਹੁੰਚ ਜਾਂਦਾ ਹੈ। ਉਹ ਆਪਣਾ ਹਿੱਸਾ ਕੱਟ ਕੇ ਬਾਕੀ ਪੈਸੇ ਸਾਨੂੰ ਭੇਜ ਦਿੰਦੇ ਨੇ।”
ਇਸ ਦੌਰਾਨ ਮੈਂ ਉਸ ਨੂੰ ਇਹ ਨਹੀਂ ਸੀ ਦੱਸਿਆ ਕਿ ਮੈਂ ਪੁਲਿਸ ਅਫਸਰ ਰਿਹਾ ਹਾਂ। ਜਦੋਂ ਗੱਲ ਬਾਤ ਖਤਮ ਹੋ ਗਈ ਤਾਂ ਉਹ ਹੱਸ ਕੇ ਬੋਲਿਆ, “ਤੈਨੂੰ ਹੁਣ ਸਾਡੇ ਧੰਦੇ ਬਾਰੇ ਮੋਟੀ ਮੋਟੀ ਜਾਣਕਾਰੀ ਤਾਂ ਪਤਾ ਲੱਗ ਈ ਗਈ ਆ, ਜੇ ਰਲਣਾ ਈ ਤਾਂ ਸੋਚ ਲੈ। ਆਪਣੇ ਇਲਾਕੇ ਦੀਆਂ ਮੋਟੀਆਂ ਸਾਮੀਆਂ ਦੇ ਨੰਬਰ ਸਾਨੂੰ ਭੇਜੀ ਜਾਈਂ, ਅਸੀਂ ਹਲਾਲ ਕਰ ਕੇ ਇਮਾਨਦਾਰੀ ਨਾਲ ਤੇਰਾ ਹਿੱਸਾ ਤੇਰੇ ਕੋਲ ਪੁੱਜਦਾ ਕਰ ਦਿਆ ਕਰਾਂਗੇ।” ਉਸ ਠੱਗ ਦੇ ਮੂੰਹੋ ਇਮਾਨਦਾਰੀ ਸ਼ਬਦ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਤੇ ਮੈਂ ਫੋਨ ਕੱਟ ਕੇ ਨੰਬਰ ਬਲੌਕ ਕਰ ਦਿੱਤਾ।

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062

Show More

Related Articles

Leave a Reply

Your email address will not be published. Required fields are marked *

Back to top button
Translate »