ਜਦੋਂ ਮੇਰੀ ਡੀ.ਸੀ. ਅੱਗੇ ਪੇਸ਼ੀ ਪਈ

ਮੋਹਨ ਸ਼ਰਮਾ

ਮੋਹਨ ਸ਼ਰਮਾ

ਅੰਦਾਜ਼ਨ 19 ਕੁ ਵਰ੍ਹੇ ਮੈਂ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ। ਨਸ਼ੱਈਆਂ ਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਮੁੱਖ ਧਾਰਾ ਵਿੱਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਸਨ। ਉਸ ਦਿਨ ਮੈਂ ਬਹੁਤ ਹੀ ਹੈਰਾਨ ਅਤੇ ਪ੍ਰੇਸ਼ਾਨ ਹੋਇਆ, ਜਦੋਂ ਮਾਪੇ ਆਪਣੇ 13-14 ਸਾਲ ਦੇ ਪੁੱਤਰ ਨੂੰ ਨਸ਼ਾ ਛੁਡਾਉਣ ਲਈ ਲੈ ਕੇ ਆਏ। ਜਿਸ ਸਕੂਲ ਵਿੱਚ ਲੜਕਾ ਪੜਦਾ ਸੀ, ਉਸ ਸਕੂਲ ਦਾ ਅਧਿਆਪਕ ਵੀ ਨਾਲ ਆਇਆ ਸੀ। ਉਸ ਨੇ ਦੱਸਿਆ ਕਿ ਅੱਜ ਹੀ ਸਵੇਰ ਦੀ ਪ੍ਰਾਰਥਨਾ ਸਮੇਂ ਇਹ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਤੁਰੰਤ ਮਾਪੇ ਵੀ ਬੁਲਾ ਲਏ। ਕੁਝ ਦੇਰ ਬਾਅਦ ਮੁੰਡਾ ਹੋਸ਼ ਵਿੱਚ ਆ ਗਿਆ। ਪਿਆਰ ਨਾਲ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਚਿੱਟਾ ਪੀਣ ਦਾ ਆਦੀ ਹੋ ਗਿਆ ਹੈ। ਮਾਪੇ ਹੱਦੋਂ ਵੱਧ ਪ੍ਰੇਸ਼ਾਨ ਸਨ। ਬੱਚੇ ਦੀ ਕੌਂਸਲਿੰਗ ਕਰਦਿਆਂ ਸਾਹਮਣੇ ਆਇਆ ਕਿ ਇਹ ਲੜਕਾ ਪਿਛਲੇ ਚਾਰ ਮਹੀਨਿਆਂ ਤੋਂ ਚਿੱਟੇ ਦੀ ਲਪੇਟ ਵਿੱਚ ਆਇਆ ਹੈ। ਉਸ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਤਿੰਨ-ਚਾਰ ਹੋਰ ਮੁੰਡੇ ਵੀ ਨਸ਼ੇ ਦੀ ਵਰਤੋਂ ਕਰਦੇ ਹਨ। ਉਸ ਬੱਚੇ ਨੂੰ ਤੁਰੰਤ ਦਾਖਲ ਕਰ ਲਿਆ। ਮਾਪਿਆਂ ਅਤੇ ਅਧਿਆਪਕ ਨੂੰ ਭਰੋਸਾ ਦਿੱਤਾ ਕਿ ਮਹੀਨਾ ਕੁ ਇਹਨੂੰ ਇੱਥੇ ਰੱਖ ਕੇ ਨਸ਼ਾ ਮੁਕਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਨਸ਼ਿਆਂ ਸਬੰਧੀ ਆਲੇ ਦੁਆਲੇ ਦੇ ਸਕੂਲਾਂ ਦੀ ਸਥਿਤੀ ਸਬੰਧੀ ਪਤਾ ਕੀਤਾ ਤਾਂ ਸਾਹਮਣੇ ਆਇਆ ਕਿ ਬਹੁਤ ਸਾਰੇ ਸਕੂਲੀ ਬੱਚੇ ਮੈਡੀਕਲ ਨਸ਼ੇ, ਜਰਦਾ ਅਤੇ ਸਿਗਰਟ ਪੀਣ ਲੱਗ ਪਏ ਹਨ। ਅਸੀਂ ਸ਼ਹਿਰ ਦੇ ਪੰਜ ਛੇ ਸਮਾਜ ਚਿੰਤਕ ਇਕੱਠੇ ਹੋਏ। ਇਸ ਗੰਭੀਰ ਸਮੱਸਿਆ ਤੇ ਵਿਚਾਰ ਵਟਾਂਦਰਾ ਕੀਤਾ। ਇਹ ਸੋਚ ਉਭਰ ਕੇ ਸਾਹਮਣੇ ਆਈ ਕਿ ਜਿਹੜੇ ਬਾਲਗ ਨਸ਼ੇ ਦੀ ਦਲਦਲ ਵਿੱਚ ਧਸ ਗਏ ਹਨ ਉਹਨਾਂ ਨੂੰ ਮੁਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਹੋ ਰਹੇ ਹਨ, ਪਰ ਵਿਦਿਆਰਥੀ ਵਰਗ ਦਾ ਨਸ਼ਿਆਂ ਵੱਲ ਰੁਝਾਨ ਗੰਭੀਰ ਚਿੰਤਾ ਦਾ ਵਿਸ਼ਾ ਹੈ। ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਇਸ ਪਾਸਿਓਂ ਰੋਕਿਆ ਜਾ ਸਕਦਾ ਹੈ। ਇਸ ਸਬੰਧ ਵਿੱਚ ਅਸੀਂ ਵਿਉਤਬੰਦੀ ਬਣਾ ਲਈ। ਵਫਦ ਦੇ ਰੂਪ ਵਿੱਚ ਜ਼ਿਲਾ ਸਿੱਖਿਆ ਅਫ਼ਸਰ ਨੂੰ ਮਿਲੇ। ਉਹਨਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਜ਼ਿਲਾ ਸਿੱਖਿਆ ਅਫਸਰ ਵੀ ਸੁਣ ਕੇ ਗੰਭੀਰ ਹੋ ਗਿਆ। ਉਸ ਨੇ ਇਸ ਨੇਕ ਕਾਰਜ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਵਿਚਾਰ ਵਟਾਂਦਰੇ ਅਨੁਸਾਰ ਫੈਸਲਾ ਹੋਇਆ ਕਿ ਸਾਡੀ ਨਸ਼ਾ ਵਿਰੋਧੀ ਟੀਮ ਹਫਤੇ ਵਿੱਚ ਚਾਰ ਦਿਨ ਸਵੇਰ ਦੀ ਪ੍ਰਾਥਨਾ ਸਮੇਂ ਸਕੂਲ ਵਿੱਚ ਜਾਵੇਗੀ। 15 ਸਕੂਲਾਂ ਦੀ ਲਿਸਟ ਜ਼ਿਲ੍ਹਾ ਸਿੱਖਿਆ ਅਫਸਰ ਸਾਨੂੰ ਹਫਤੇ ਬਾਅਦ ਭੇਜੇਗਾ ਅਤੇ ਸਕੂਲਾਂ ਨੂੰ ਸੂਚਨਾ ਵੀ ਜ਼ਿਲਾ ਸਿੱਖਿਆ ਅਫਸਰ ਰਾਹੀਂ ਪਹਿਲਾਂ ਹੀ ਭੇਜ ਦਿੱਤੀ ਜਾਵੇਗੀ। ਇੰਜ ਸਬੰਧਤ ਸਕੂਲ ਨਾਲ ਤਾਲਮੇਲ ਕਰਕੇ ਅਸੀਂ ਪ੍ਰਾਰਥਨਾ ਸਮੇਂ ਜਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਨੈਤਿਕ ਸਿੱਖਿਆ ਦਾ ਗਿਆਨ ਦੇਣ ਦੀ ਵੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਨਾਲ ਵਾਲੇ ਸਾਥੀ ਸਾਰੇ ਹੀ ਸੁਹਿਰਦ ਸਨ। ਅਗਲੇ ਹਫਤੇ ਤੋਂ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸਕੂਲ ਦੇ ਮੁਖੀ ਨੂੰ ਸਾਡੇ ਆਉਣ ਸਬੰਧੀ ਸੂਚਨਾ ਪਹਿਲਾਂ ਹੀ ਪਹੁੰਚੀ ਹੁੰਦੀ ਸੀ। ਸਕੂਲ ਵਿੱਚ ਨਿਸ਼ਚਿਤ ਸਮੇਂ ਤੇ ਪਹੁੰਚ ਕੇ ਅਸੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ। ਨਸ਼ਿਆਂ ਕਾਰਨ ਸਰੀਰਿਕ, ਮਾਨਸਿਕ , ਬੌਧਿਕ ਅਤੇ ਆਰਥਿਕ ਨੁਕਸਾਨ ਦੱਸਣ ਦੇ ਨਾਲ ਨਾਲ ਜ਼ਿੰਦਗੀ ਦੀ ਦੌੜ ਵਿੱਚ ਨਸ਼ਿਆਂ ਕਾਰਨ ਫਾਡੀ ਰਹਿਣ ਵਾਲਿਆਂ ਤੇ ਕਿੱਸੇ ਵੀ ਛੋਹੇ ਜਾਂਦੇ। ਵਿਦਿਆਰਥੀ ਵਰਗ ਵੱਲੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਸੀ। ਅਧਿਆਪਕ ਵਰਗ ਵੀ ਸਾਡੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਾ ਸੀ। ਕਈ ਸਕੂਲਾਂ ਵਿੱਚ ਨਸ਼ਾ ਕਰਨ ਵਾਲੇ ਵਿਦਿਆਰਥੀ ਵੀ ਸਾਹਮਣੇ ਆਏ। ਉਨ੍ਹਾਂ ਦੇ ਇਲਾਜ ਲਈ ਹਰ ਸੰਭਵ ਯਤਨ ਕੀਤਾ ਗਿਆ।

ਇਹ ਉਪਰਾਲਾ ਬੜੀ ਸਫਲਤਾ ਪੂਰਵਕ ਚੱਲਦਾ ਰਿਹਾ। ਸਾਡਾ ਅੱਧਾ ਸਮਾਂ ਇਸ ਕਾਰਜ ਦੇ ਲੇਖੇ ਲੱਗ ਜਾਂਦਾ ਅਤੇ ਬਾਕੀ ਸਮਾਂ ਫਿਰ ਆਪਣੀ ਕਰਮ-ਭੂਮੀ ਵਿੱਚ ਕੰਮ ਸੰਭਾਲ ਲੈਂਦੇ। ਇੱਕ ਦਿਨ ਸਾਡੀ ਟੀਮ ਸੰਸਥਾ ਵਿੱਚ ਗਈ। ਵਿਦਿਆਰਥੀਆਂ ਨੂੰ ਪਹਿਲਾਂ ਦੀ ਤਰ੍ਹਾਂ ਸੰਬੋਧਨ ਕੀਤਾ। ਪਰ ਅਸੀਂ ਮਹਿਸੂਸ ਕੀਤਾ ਕਿ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਘਾਟ ਹੈ ਅਤੇ ਜਿੱਥੇ ਅਨੁਸ਼ਾਸਨ ਨਹੀਂ ਉਥੇ ਹੋਰ ਕਮਜ਼ੋਰੀਆਂ ਵੀ ਨਾਲ ਜੁੜ ਜਾਂਦੀਆਂ ਨੇ। ਵਿਦਿਆਰਥੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਮੁੱਖ ਅਧਿਆਪਕ ਨੇ ਸਾਨੂੰ ਦਫਤਰ ਵਿੱਚ ਬੁਲਾ ਲਿਆ। ਦੁਖੀ ਮਨ ਨਾਲ ਉਸਨੇ ਪ੍ਰਗਟਾਵਾ ਕੀਤਾ ਕਿ ਪਿੰਡ ਵਿੱਚ ਖੁੱਲੇ ਹੋਏ ਸ਼ਰਾਬ ਦੇ ਠੇਕੇ ਦਾ ਠੇਕੇਦਾਰ, ਸਰਪੰਚ ਦਾ ਰਿਸ਼ਤੇਦਾਰ ਹੈ। ਉਸ ਨੇ ਆਪਣੇ ਠੇਕੇਦਾਰ ਰਿਸ਼ਤੇਦਾਰ ਨੂੰ ਕਹਿ ਰੱਖਿਆ ਹੈ ਕਿ ਜਿਸ ਨੂੰ ਮੈਂ ਦਸਤਖ਼ਤ ਕਰਕੇ ਪਰਚੀ ਦੇਵਾਂ ਉਸਨੂੰ ਪੰਜ ਰੁਪਏ ਪ੍ਰਤੀ ਬੋਤਲ ਘੱਟ ਲਾਉਂਣੇ ਹਨ ਅਤੇ ‘ਮਾਲ’ ਵੀ ਵਧੀਆ ਦੇਣਾ ਹੈ। ਇੰਜ ਪਿੰਡ ਵਿੱਚ ਪਰਚੀ ਦੇ ਜੋਰ ਤੇ ਸਰਪੰਚ ਨੇ ਆਪਣਾ ਦਬਦਬਾ ਵੀ ਕਾਇਮ ਰੱਖਿਆ ਹੋਇਐ ਅਤੇ ਅਗਾਂਹ ਨੂੰ ਵੋਟ-ਬੈਂਕ ਵੀ ਪੱਕਾ ਕਰਦਾ ਹੈ। ਅਗਲੀ ਦੁੱਖ ਦੀ ਗੱਲ ਇਹ ਹੈ ਕਿ ਮਾਪੇ ਸਰਪੰਚ ਤੋਂ ਪਰਚੀ ਲੈ ਕੇ ਅਗਾਂਹ ਠੇਕੇ ਤੋਂ ਸ਼ਰਾਬ ਲਿਆਉਣ ਲਈ ਪਰਚੀ ਆਪਣੇ ਪੁੱਤ ਨੂੰ ਫੜਾ ਦਿੰਦੇ ਨੇ। ਉਨ੍ਹਾਂ ਵਿੱਚੋਂ ਕਈ ਸਾਡੇ ਸਕੂਲ ਦੇ ਵਿਦਿਆਰਥੀ ਹਨ। ਕਈ ਨੌਵੀਂ-ਦਸਵੀਂ ਦੇ ਮੁੰਡੇ ਸਰਪੰਚ ਵਾਲੀ ਪਰਚੀ ਲੈ ਕੇ ਅੱਧੀ ਛੁੱਟੀ ਵੇਲੇ ਹੀ ਬੋਤਲ ਲੈ ਕੇ ਬਾਪੂ ਨੂੰ ਘਰ ਦੇ ਆਉਂਦੇ ਨੇ। ਸਾਨੂੰ ਸ਼ੱਕ ਹੈ ਕਿ ਬੋਤਲ ਵਿੱਚੋਂ ਮੁੰਡੇ ਆਪਣਾ ਹਿੱਸਾ ਪੱਤੀ ਵੀ ਰੱਖਦੇ ਨੇ।” ਅਸੀਂ ਇਹ ਸੁਣ ਕੇ ਸੁੰਨ੍ਹ ਹੋ ਗਏ। ਪਿੰਡ ਦਾ ਮੁਖੀ ਹੀ ਵਿਦਿਆਰਥੀ ਜੀਵਨ ਨਾਲ ਖਿਲਵਾੜ ਕਰ ਰਿਹਾ ਹੈ। ਅਸੀਂ ਫਿਰ ਨੌਵੀਂ ਦਸਵੀਂ ਦੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਉਹਨਾਂ ਨੂੰ ਇਕੱਠਾ ਕਰ ਲਿਆ। ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਇਸ ਉਮਰ ਵਿੱਚ ਜੇਕਰ ਤੁਸੀਂ ਗਲਤ ਰਸਤਾ ਫੜ ਲਿਆ ਅਤੇ ਦੌੜੇ ਵੀ ਤੇਜ ਤਾਂ ਭਟਕ ਜਾਵੋਂਗੇ। ਜਿਨ੍ਹਾਂ ਤੇਜ ਦੌੜੋਂਗੇ, ਉਨ੍ਹਾਂ ਹੀ ਮੰਜ਼ਲ ਤੋਂ ਦੂਰ ਹੁੰਦੇ ਜਾਉਂਗੇ। ਪਰ ਜੇਕਰ ਰਸਤਾ ਠੀਕ ਚੁਣ ਲਿਆ ਅਤੇ ਤੇਜ ਦੌੜੇ ਤਾਂ ਆਸਾਨੀ ਨਾਲ ਮੰਜ਼ਿਲ ਪ੍ਰਾਪਤ ਕਰ ਲਵੋਂਗੇ। ਉਹਨਾਂ ਨੂੰ ਭਾਰਤ ਦੇ ਮਰਹੂਮ ਰਾਸ਼ਟਰਪਤੀ ਸ਼੍ਰੀ ਅਬਦੁਲ ਕਲਾਮ ਦੇ ਵਿਦਿਆਰਥੀਆਂ ਨੂੰ ਕਹੇ ਹੋਏ ਇਹ ਸ਼ਬਦ ਯਾਦ ਕਰਵਾਏ, “ਤੁਸੀਂ ਉਹ ਸੁਪਨੇ ਲਓ ਜਿਹੜੇ ਤੁਹਾਡੀ ਨੀਂਦ ਉਡਾ ਦੇਣ। ਤੁਸੀਂ ਉਹ ਸੁਪਨੇ ਪੂਰੇ ਕਰਨ ਲਈ ਹਰ ਸੰਭਵ ਯਤਨ ਕਰੋ।” ਫਿਰ ਉਹਨਾਂ ਨੂੰ ਸ਼ਰਾਬ ਦੇ ਨੁਕਸਾਨ ਦੱਸ ਕੇ ਉਹਨਾਂ ਕੋਲੋਂ ਬਹੁਤ ਹੀ ਪਿਆਰ ਨਾਲ ਸਰਪੰਚ ਵੱਲੋਂ ਸ਼ਰਾਬ ਲਿਆਉਣ ਲਈ ਦਿੱਤੀਆਂ ਪਰਚੀਆਂ ਸਬੰਧੀ ਪੁੱਛਿਆ। ਵਿਦਿਆਰਥੀ ਐਨੇ ਪ੍ਰਭਾਵਿਤ ਹੋਏ ਕਿ ਉਹਨਾਂ ਵਿਦਿਆਰਥੀਆਂ ਵਿੱਚੋਂ ਪੰਜ ਛੇ ਵਿਦਿਆਰਥੀਆਂ ਨੇ ਸਰਪੰਚ ਵਾਲੀਆਂ ਪਰਚੀਆਂ ਸਾਨੂੰ ਦਿੰਦਿਆਂ ਦੱਸਿਆ ਕਿ ਸਾਡੇ ਬਾਪੂ ਨੇ ਠੇਕੇ ਤੋਂ ਸ਼ਰਾਬ ਲਿਆਉਣ ਲਈ ਦਿੱਤੀਆਂ ਸਨ। ਅਗਾਂਹ ਤੋ ਉਹਨਾਂ ਨੇ ਅਜਿਹਾ ਨਾ ਕਰਨ ਦਾ ਪ੍ਰਣ ਵੀ ਕੀਤਾ।

ਸਕੂਲੋਂ ਆ ਕੇ ਨਸ਼ਾ ਛੁਡਾਊ ਕੇਂਦਰ ਵਿੱਚ ਆ ਕੇ ਬੈਠਾ ਹੀ ਸੀ ਕੇ ਡੀ. ਸੀ. ਸਾਹਿਬ ਦੇ ਪੀ.ਏ. ਦਾ ਫੋਨ ਆ ਗਿਆ। ਡੀ. ਸੀ. ਸਾਹਿਬ ਨੇ ਮੈਨੂੰ ਦਫਤਰ ਵਿੱਚ ਬੁਲਾਇਆ ਸੀ। ਮੈਂ ਉਹਨਾਂ ਕੋਲ ਚਲਾ ਗਿਆ। ਮੈਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕਰਕੇ ਉਹ ਕੁਝ ਪਲ ਕਾਗਜ਼ਾਂ ਵਿੱਚ ਰੁੱਝੇ ਰਹੇ। ਆਲੇ ਦੁਆਲੇ ਖੜੋਤੇ ਕਰਮਚਾਰੀਆਂ ਨੂੰ ਬਾਹਰ ਭੇਜ ਦਿੱਤਾ। ਫਿਰ ਮੇਰੇ ਵੱਲ ਮੂੰਹ ਕਰਕੇ ਪੁੱਛਿਆ,”ਅੱਜ ਤੁਸੀਂ ਕਿਹੜੇ ਸਕੂਲ ਵਿੱਚ ਗਏ ਸੀ?” ਮੈਂ ਸਕੂਲ ਦਾ ਨਾਂ ਦੱਸ ਦਿੱਤਾ। ਨਾਲ ਹੀ ਸੁਚੇਤ ਵੀ ਹੋ ਗਿਆ ‌। ਉਨ੍ਹਾਂ ਨੇ ਥੋੜੀ ਜਿਹੀ ਬੇਰੁਖੀ ਨਾਲ ਕਿਹਾ, “ਉਥੋਂ ਦੇ ਸਰਪੰਚ ਦੀ ਸ਼ਿਕਾਇਤ ਆਈ ਹੈ ਕਿ ਤੁਸੀਂ ਉਸ ਦੇ ਵਿਰੁੱਧ ਵਿਦਿਆਰਥੀਆਂ ਕੋਲ ਬੋਲੇ। ਤੁਹਾਡਾ ਕੰਮ ਵਿਦਿਆਰਥੀਆਂ ਨੂੰ ਸਮਝਾਉਣਾ ਹੈ । ਪਿੰਡ ਦੇ ਮੁਖੀ ਵਿਰੁੱਧ ਬੋਲਣਾ ਉਚਿਤ ਨਹੀਂ ਹੈ। ਅਗਾਂਹ ਤੋਂ…।”

ਉਹ ਅੱਗੇ ਕੁਝ ਕਹਿਣਾ ਚਾਹੁੰਦੇ ਸਨ। ਮੈਂ ਜੇਬ ਚੋਂ ਵਿਦਿਆਰਥੀਆਂ ਤੋਂ ਲਈਆਂ ਪਰਚੀਆਂ ਕੱਢ ਕੇ ਡੀ.ਸੀ. ਸਾਹਿਬ ਨੂੰ ਦਿੰਦਿਆਂ ਸਾਰੀ ਕਹਾਣੀ ਦੱਸ ਦਿੱਤੀ। ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਨਬਾਲਗ ਵਿਦਿਆਰਥੀਆਂ ਨੂੰ ਸ਼ਰਾਬ ਲਿਆਉਣ ਲਈ ਠੇਕੇ ਤੇ ਭੇਜਣ ਲਈ ਸਿੱਧੇ ਤੌਰ ਤੇ ਸਰਪੰਚ ਜੁੰਮੇਵਾਰ ਹੈ ਅਤੇ ਇਸ ਤਰ੍ਹਾਂ ਕਰਕੇ ਉਹ ਵਿਦਿਆਰਥੀਆਂ ਦੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ।”

ਮੇਰੀ ਗੱਲ ਸੁਣ ਕੇ ਉਹ ਗੰਭੀਰ ਹੋ ਗਏ। ਉਨ੍ਹਾਂ ਦਾ ਸ਼ਿਕਵੇ ਭਰਪੂਰ ਲਹਿਜਾ ਦਾਦ ਭਰੇ ਸ਼ਬਦਾਂ ਵਿੱਚ ਬਦਲ ਗਿਆ। ਮੈਨੂੰ ਮੁਖ਼ਾਤਿਬ ਹੁੰਦਿਆਂ ਕਿਹਾ, “ਵੈਲ ਡਨ , ਇਹ ਕੰਮ ਜਾਰੀ ਰੱਖੋ।”

ਅਗਲੇ ਦਿਨ ਉਸ ਪਿੰਡ ਦਾ ਠੇਕਾ ਨਬਾਲਿਗ ਬੱਚਿਆਂ ਨੂੰ ਸ਼ਰਾਬ ਵੇਚਣ ਦੇ ਦੋਸ਼ ਵਿੱਚ ਹਫਤੇ ਭਰ ਲਈ ਬੰਦ ਕਰ ਦਿੱਤਾ ਗਿਆ ਅਤੇ ਸਰਪੰਚ ਨੂੰ ਵੀ ਦਫਤਰ ਵਿੱਚ ਬੁਲਾ ਕੇ ਡੀ. ਸੀ. ਵੱਲੋਂ ਅਜਿਹਾ ਨਾ ਕਰਨ ਦੀ ਤਾੜਨਾ ਕੀਤੀ ਗਈ।

ਹੁਣ ਸਾਡੇ ਕਦਮਾਂ ਵਿੱਚ ਹੋਰ ਵੀ ਦ੍ਰਿੜਤਾ ਆ ਗਈ।

ਕਿਸ਼ਨਪੁਰਾ ਬਸਤੀ,  ਨਾਭਾ ਗੇਟ ਬਾਹਰ, ਸੰਗਰੂਰ।ਸੰਪਰਕ – 94171-48866

Exit mobile version