(ਵਿਅੰਗ)
…ਵੈਸੇ ਤਾਂ ਕੁਰਸੀ ਦਾ ਲਾਲਚ ਹਰ ਇੱਕ ਨੂੰ ਹੁੰਦੈ… ਪਰ ‘ਪ੍ਰਧਾਨਗੀ’ ਦਾ ਨਾਂ ਸੁਣ ਕੇ ਸਾਡੇ ਵੀ ਲੂਹਰੀਆਂ ਉਠੀਆਂ… ਜਿੱਤ ਦੇ ਨਾਂ ਨੂੰ
ਕੁਤਕੁਤੀਆਂ ਨਿਕਲ਼ੀਆਂ… ਸੋਚਿਆ, ਜੇ ਮੈਂ ਚੋਣਾਂ ਜਿੱਤ ਗਿਆ, ‘ਪੜ੍ਹੇ-ਲਿਖੇ’ ਸਲੂਟਾਂ ਮਾਰਿਆ ਕਰਨਗੇ ਤੇ ਮੈਨੂੰ “ਪ੍ਰਧਾਨ ਜੀ – ਪ੍ਰਧਾਨ ਜੀ”
ਕਰਦਿਆਂ ਦਾ ਮੂੰਹ ਸੁੱਕਿਆ ਕਰੇਗਾ… ਤੇ ਮੇਰੀ ਮੂਲ਼ੀ ਵਰਗੀ ਧੌਣ, ਬੋਹੜ ਦੇ ਮੁੱਛ ਵਰਗੀ ਹੋ ਜਾਉ… ਮੈਂ ਪੈਰਾਂ ਨਾਲ਼ ‘ਖੁਰਗੋ’ ਪੱਟੀ ਅਤੇ ਫਿਰ
ਮਿੱਟੀ ਪਿਛਾਂਹ ਨੂੰ ਸੁੱਟੀ… ਗਰਦੋਗੋਰ ਹੋ ਗਈ ਦਿਸੀ… ਮੇਰਾ ਮਨ ‘ਗਦ-ਗਦ’ ਹੋ ਗਿਆ… ਕਿ ਮੇਰੇ ਦੋ ਪੈਰਾਂ ਦੀ ਮਿੱਟੀ ਨੇ ਹੀ ‘ਗਰਦੋਗੋਰ’ ਕਰ
ਮਾਰੀ… ਪੰਜ-ਸੱਤ ਪੈਰ ਕੀ ਕਰਨਗੇ…? ਉਹ ਤਾਂ ਲਿਆ ਦੇਣਗੇ ‘ਨ੍ਹੇਰੀ…! ਮੈਂ ਸੋਚਿਆ, ਅਜੇ ਤਾਂ ਰੱਬ ਨੇ ਮੇਰੇ ਸਿੰਗ ਨਹੀਂ ਲਾਏ, ਜੇ ਲਾਏ ਹੁੰਦੇ,
ਤਾਂ ਸਿੰਗ ਮਿੱਟੀ ਜ਼ਰੂਰ ਚੁੱਕਦਾ…। …ਮੈਂ ਵੀ ਪ੍ਰਧਾਨੀ ਦੀਆਂ ਚੋਣਾਂ ਲੜਨ ਦਾ ਤਹੱਈਆ ਕਰ ਲਿਆ..।
-“… ਤੈਨੂੰ ਤਾਂ ਤੇਰੇ ਜੁਆਕਾਂ ਨੇ ਵੋਟ ਨੀ ਪਾਉਣੀ… ਆਹ ਕੀ ਪੰਗਾ ਲੈ ਕੇ ਬਹਿ ਗਿਆ…?” ਮੇਰੇ ਘਰਵਾਲ਼ੀ ਬੋਲੀ… ਘਰ ਦਾ ਜੋਗੀ
ਜੋਗੜਾ..ਤੇ ਬਾਹਰਲਾ ਜੋਗੀ ਸਿੱਧ .. ਇਹ ਗੱਲ ਲੋਕ ਐਵੇਂ ਨੀ ਆਖ ਗਏ.. ਸੋਚ ਕੇ ਮੈਂ ਚੋਣ ਲੜਨ ਦਾ ਐਲਾਨ ਕਰ ਦਿੱਤਾ…
-“ਕਦੇ ਘਰ ਦਾ ਡੱਕਾ ਤਾਂ ਸੰਵਾਰਿਆ ਨੀ, ਸਾਹਿਤਕ ਖੇਤਰ ‘ਚ ਕੀ ਲੱਲ੍ਹਰ ਲਾ ਦੇਵੇਂਗਾ…? ਉਹਨਾਂ ਦੀਆਂ ਬੇੜੀਆਂ ‘ਚ ਵੀ ਵੱਟੇ
ਪਾਵੇਂਗਾ..।” ਉਹ ਫਿ਼ਰ ਬੋਲੀ..। ਮੇਰਾ ਦਿਲ ਕਰੇ ਮੱਥੇ ‘ਚ ਇੱਟ ਮਾਰ ਕੇ ‘ਟੀਕ’ ਚਲਾ ਦਿਆਂ। … ਮੇਰੀ ਸਿਰ-ਧੜ ਦੀ ਬਾਜ਼ੀ ਲੱਗੀ ਪਈ ਆ, ਤੇ
ਇਹ…? …ਇਹ ਗੱਲਾਂ ਕਰ-ਕਰ ਮੇਰੀ ਰੂਹ ‘ਤੇ ‘ਲੱਲ੍ਹੇ’ ਪਾਈ, ਤੇ ਮੇਰਾ ਲਹੂ ਸੁਕਾਈ ਜਾ ਰਹੀ ਆ…। … ਲੱਗਦੀ ਜੁੱਤੀ, ਨਾਰ ਕੁਪੱਤੀ ਦੇਵਣ
ਦੁੱਖ ਹਮੇਸ਼ਾ…। ਯਮਲ੍ਹੇ ਬਾਬੇ ਦਾ ਗੀਤ ਸੋਚ ਕੇ ਚੁੱਪ ਵੱਟ ਲਈ…।
ਨਾਲ਼ੇ ਮੈਨੂੰ ਮਾਂ-ਬੋਲੀ ਨਾਲ਼ ਕੋਈ ਲਾਕਾ-ਦੇਕਾ ਹੈਨ੍ਹੀ…। ਮੈਂ ਤਾਂ ਮਾਂ-ਬੋਲੀ ਨੂੰ ਹਮੇਸ਼ਾ ‘ਟਿੱਚ’ ਸਮਝਿਐ…। ਬੱਸ ਮਾਂ-ਬੋਲੀ ਦੇ ‘ਗੀਝੇ ‘ਚ
ਹੱਥ ਜ਼ਰੂਰ ਪਾਈ ਰੱਖਿਐ… ਮਤਲਬ ਪੂਰਾ ‘ਲਾਹਾ’ ਲਿਐ…। ਲਾਹਾ ਲਵਾਂ ਵੀ ਕਿਉਂ ਨ੍ਹਾ…? ਸਾਡੀ ਮਾਂ-ਬੋਲੀ ਜਿਉਂ ਹੋਈ…! ਜਦੋਂ ‘ਸਾਹਿਤਕ
ਚੋਣਾਂ’ ਆਉਂਦੀਆਂ ਨੇ, ਤਾਂ ਮੈਨੂੰ ਮਾਂ-ਬੋਲੀ ਦੇ ‘ਮਾੜੇ ਭਾਗਾਂ’ ਦੀ ‘ਯਾਦ’ ਜਿਹੀ ਆਉਂਦੀ ਐ… ਇਸ ਦਾ ਹੇਜ ਜਿਹਾ ‘ਜਾਗਦੈ’…। ..ਵੈਸੇ ਤਾਂ ਮੈਂ
ਅਹੁਦੇ ਨੂੰ ਜੱਫਾ ਮਾਰ ਕੇ ਕਿਸੇ ਵੀ ‘ਵਰਗ’ ਨੂੰ ਨਖਰੇ ਹੇਠ ਨਹੀਂ ਲਿਆਉਂਦਾ…। ਪਰ ਚੋਣਾਂ ਵੇਲ਼ੇ ਪਤਾ ਨਹੀਂ ਇਹ ਵਰਗ ਕਿਉਂ ਮੈਨੂੰ ‘ਆਪਣੇ-
ਆਪਣੇ’ ਜਿਹੇ ‘ਲੱਗਣ’ ਲੱਗ ਜਾਂਦੇ ਨੇ…? ਸਾਡੇ ‘ਪੜ੍ਹਿਆਂ-ਲਿਖਿਆਂ’ ਦੇ ਕੀ ਕਹਿਣੇ…? ਉਹ ਤਾਂ ਛੋਟੇ-ਮੋਟੇ ਅਹੁਦੇ ਦੇ ਲਾਲਚ ‘ਚ ਆ ਕੇ ਮੇਰੇ
ਵਰਗੇ ਦੇ ‘ਔਗੁਣ’ ਭੁੱਲ ਜਾਂਦੇ ਨੇ, ਤੇ ਉਸਤਤ ਦੇ ਅੰਬਾਰ ਲਾਉਂਦੇ ਰਹਿੰਦੇ ਨੇ…। ਕਿੱਧਰੇ ਲੇਖ, ਕਿੱਧਰੇ ਪੋਸਟਾਂ… ਕਿੱਧਰੇ ਮਸ਼ਹੂਰੀਆਂ… ਲਟਰਮ
ਪਟਰਮ…। ‘ਸਹਿਯੋਗੀ’ ਜਿਉਂ ਹੋਏ…? ਮੈਂ ਲੋਹੇ ਦੇ ਥਣ ਵਾਂਗੂੰ ਆਕੜਿਆ ਰਹਿੰਨੈ…। ਬਿੱਲੀ ਦੇ ਭਾਗਾਂ ਨੂੰ ਮਸਾਂ ਤਾਂ ਛਿੱਕੂ ਟੁੱਟਿਐ…।
…ਕਈ ਗੱਲਾਂ ਸੋਚ-ਸੋਚ ਕੇ ਮੇਰਾ ਢਿੱਡ ਹੱਸਦੈ… ਕਿ ਕਿੰਨਾਂ ਸਮਾਂ ਹੋ ਗਿਆ ਮੈਨੂੰ ਅਹੁਦੇ ਮਾਣਦਿਆਂ… ਪਰ ਪ੍ਰਵਾਸੀ ਭਰਾਵਾਂ ਦਾ ਮੈਨੂੰ
ਹੁਣ ਤੱਕ ਚੇਤਾ ਨੀ ਆਇਆ… ਤੇ ਨਾ ਮੈਂ ਕਿਸੇ ਪ੍ਰਵਾਸੀ ਨੂੰ ਵੋਟ ਪਾਊਣ ਦਾ ਅਧਿਕਾਰ ਦਿੱਤੈ… ਨਾ ਮੈਂ ਅੱਜ ਤੱਕ ਪੰਜਾਬ ਦੇ ਮਸਲਿਆਂ ਬਾਰੇ
ਬੋਲਿਆ… ਤੇ ਨਾ ਪੰਜਾਬ ਦੇ ਹੱਕਾਂ ਬਾਰੇ ਮੂੰਹ ਖੋਲ੍ਹਿਆ… ਨਾ ਕਦੇ ਪੰਜਾਬ ‘ਚ ਵਿਕਦੇ ਨਸਿ਼ਆਂ ਬਾਰੇ ਇੱਕ ਲਫ਼ਜ਼ ਲਿਖਿਆ… ਤੇ ਨਾ
ਭ੍ਰਿਸ਼ਟਾਚਾਰ ਬਾਰੇ ਚੱੁਪ ਤੋੜੀ… ਨਾ ਰੇਤ ਮਾਫ਼ੀਆ ਬਾਬਤ ਮੌਨ ਵਰਤ ਭੰਗ ਕੀਤਾ… ਤੇ ਨਾ ‘ਭੂ-ਮਾਫ਼ੀਆ’ ਖਿ਼ਲਾਫ਼ ਲਿਖਣ ਦੀ ਜ਼ੁਅਰਤ
ਕੀਤੀ… ਨਾ ਮੈਂ ਦਾਜ ਦੀ ਲਾਹਣਤ ਦਾ ਵਿਰੋਧ ਕੀਤਾ, ਤੇ ਨਾ ਕੁੱਖ ‘ਚ ਮਰਨ ਵਾਲ਼ੀਆਂ ਧੀਆਂ ਪ੍ਰਤੀ ਕਾਗਜ਼ ਦੀ ਹਿੱਕ ‘ਤੇ ਇੱਕ ਹੰਝੂ
ਕੇਰਿਆ….। … ਸਾਡੇ ਹਸਪਤਾਲ਼ਾਂ ਵਿੱਚ ਕੀ-ਕੀ ਨਹੀਂ ਹੁੰਦਾ..? ਦੁਨੀਆਂ ਨੂੰ ਪਤੈ…! ਪਰ ਮਜ਼ਾਲ ਐ ਅਸੀਂ ਇੱਕ ਲਾਈਨ ਵੀ ਲਿਖੀ ਹੋਵੇ…?
ਜਾਂ ਕੁਛ ਬੋਲਿਆ ਹੋਵੇ…! ਕੀ ਕਰਾਂ…? ਕਿਵੇਂ ਬੋਲਾਂ..?? ਮੇਰਾ ਮੂੰਹ ‘ਚੋਗ’ ਨਾਲ਼ ਭਰਿਆ ਹੁੰਦੈ… ਮਨ ਕੁਰਸੀ ਰਾਣੀ ‘ਤੇ ਮਰਿਆ ਹੁੰਦੈ…। …
ਕਿਸਾਨ ਮਰਨ, ਚਾਹੇ ਪੰਜਾਬੀ, ਮੈਂ ਕਾਹਤੋਂ ਬੋਲਾਂ…?? ਮੈਂ ਕਿਸਾਨਾਂ ਦਾ ਥੋੜ੍ਹੋ ਖਾਨੈ…? ਅਸੀਂ ਤਾਂ ‘ਆਕਿਆਂ’ ਦਾ ਖਾਈਦੈ… ਤੇ ਉਹਨਾਂ ਦਾ ਗੁਣ
ਗਾਈਦੈ…। ਜੀਹਦੀ ਖਾਈਏ ਬਾਜਰੀ – ਉਸੇ ਦੀ ਭਰੀਏ ਹਾਜ਼ਰੀ…।
ਪਰ ਜਦੋਂ ਚੋਣਾਂ ਦਾ ਮੌਸਮ ਆਉਂਦੈ… ਤਾਂ ਸਹੁੰ ਮਾਤਾ ਦੀ, ਮੈਨੂੰ ਤਾਂ ‘ਹੀਂਗਣਾਂ’ ਛੁੱਟ ਪੈਂਦੈ…। ਮਸਤ ਊਠ ਵਾਂਗ ਤੜਾਫਾ ਜਿਹਾ ਮਾਰਨ
ਨੂੰ ਦਿਲ ਕਰਦੈ…। ਉਤਨੇ ਜੋੜ-ਤੋੜ ਤਾਂ ਮੇਰੀ ਬੇਬੇ ਤਾਣਾ ਬੁਣਨ ਵੇਲ਼ੇ ਨੀ ਸੀ ਕਰਦੀ, ਜਿੰਨੇ ਜੋੜ-ਤੋੜ ਮੈਂ ਸਾਹਿਤਕ ਚੋਣਾਂ ਵੇਲ਼ੇ ਕਰਦੈਂ…। ਚੋਣਾਂ
ਵੇਲ਼ੇ ਤਾਂ ਮੈਨੂੰ ਵਾਹਿਗੁਰੂ, ਅੱਲਾਹ, ਰਾਮ, ਹਾਲੇ ਲੂਈਆ ਭੁੱਲ ਜਾਂਦੇ ਨੇ… ਮੈਨੂੰ ਤਾਂ ਬੱਸ ‘ਵੋਟ ਮੈਨੂੰ – ਵੋਟ ਮੈਨੂੰ’ ਹੀ ਚੇਤੇ ਰਹਿ ਜਾਂਦੇ ਨੇ…ਤੇ ਮੈਂ
“ਮਾਣਸ-ਬੂ – ਮਾਣਸ-ਬੂ” ਕਰਦਾ ਘਰੋਂ ਨਿਕਲ਼ ਤੁਰਦਾ ਹਾਂ…। ਬੱਸ, ਇੱਕ ਵਾਰੀ ਅਹੁਦਾ ਤੇ ਕੁਰਸੀ ਹੱਥ ਆ ਜਾਵੇ… ਫੇਰ ਛੱਡਣੀ ਕਿਹੜੇ
ਭੜੂਏ ਨੇ ਹੈ…? ਸਿਆਸੀ ਲੀਡਰ ਤਾਂ ਅਣਪੜ੍ਹ ਅਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਨੇ.. ਤੇ ਸਾਡੇ ਵੱਲ ਦੇਖ ਲਵੋ … ਅਸੀਂ ‘ਪੜ੍ਹਿਆਂ-
ਲਿਖਿਆਂ’ ਨੂੰ ‘ਵਖ਼ਤ’ ਪਾਇਆ ਪਿਐ…। ਬੱਸ ਜੀ, ਅਸੀਂ ਐਲਾਨ ਕਰ ਦਿੱਤੈ… ਤੇ ਹੁਣ ਤਾਂ ਬੱਸ ਘੜ੍ਹਮੱਸ ਪਾਉਣਾ ਹੀ ਬਾਕੀ ਰਹਿ ਗਿਆ…।
ਇੱਕ ਨਾਅਰਾ ਹੀ ਮਾਰਨੈਂ, ਕਿ ਭਾਈ, ਸਾਡੇ ਵਰਗਾ ਕੋਈ ਭਲਾ ਆਦਮੀਂ ਨਹੀਂ… ਜੇ ਆਪਦੀ ਪੰਜਾਬੀ ਮਾਂ-ਬੋਲੀ ਬਚਾਉਣੀ ਆਂ, ਤਾਂ ਵੋਟ ਸਾਨੂੰ
ਪਾਇਉ…! … ਜੇ ਲੋਕ ਦੁਚਿੱਤੀ ‘ਚ ਹੋਏ, ਤਾਂ ਅਸੀਂ ਜ਼ਾਤ-ਪਾਤ ਵਾਲ਼ਾ ‘ਪੱਤਾ’ ਖੇਲਣੋਂ ਵੀ ਬਾਜ਼ ਨਹੀਂ ਆਵਾਂਗੇ… ਹੁਣ ਵਿਰੋਧੀ ਤਾਂ ਵਜਾਉਣਗੇ
ਤੂਤੀ, ਤੇ ਅਸੀਂ ਖੜਕਾਵਾਂਗੇ ਨਗਾਰਾ…। … ਅੱਧੀ ਆਂ ਗ਼ਰੀਬ ਜੱਟ ਦੀ, ਅੱਧੀ ਤੇਰੀ ਆਂ ਮੁਲ੍ਹਾਜੇਦਾਰਾ… ਇਹ ਗੱਲ ਅਸੀਂ ਸਿਆਸੀ ਲੋਕਾਂ ਦੇ
ਕੰਨ ਵਿੱਚ ਕਹਿੰਦੇ ਤੁਰੇ ਜਾਂਦੇ ਹਾਂ…
ਮਾਂ-ਬੋਲੀ, ਤੇ ਪੰਜਾਬ ਦੇ ਸਿਧਾਂਤਾਂ ਤੋਂ ਅਸੀਂ ਬੱਕਲ਼ ਲੈਣੇ ਆਂ…? ਖਾਣ ਖਸਮਾਂ ਨੂੰ… ਸਾਡੀ ਜਾਣਦੀ ਆ ਜੁੱਤੀ….। ਇਹ ਗੱਲਾਂ ਸੋਚ
ਅਸੀਂ ਮੋਟਾ ਪੈੱਗ ਚਾੜ੍ਹ ਲਿਆ… ਮੀਕਣ ਵਿਸਕੀ ਟੁੱਟਦੇ ਤਾਰੇ ਵਾਂਗ ਲੀਕ ਜਿਹੀ ਪਾਉਂਦੀ ਥੱਲੇ ਨੂੰ ਉੱਤਰੀ… ਤੇ ਸਾਡੇ ਅੰਦਰ ਨਿੱਘ ਜਿਹਾ ਭਰ
ਗਿਆ… ਸਰੂਰ ਨਾਲ਼ ਸਾਨੂੰ ਸੁਰਗਾਂ ਦੇ ਝੂਟੇ ਆਉਣ ਲੱਗ ਪਏ ਅਤੇ ਰੁਮਕਦੀ ਪੌਣ ਸਾਨੂੰ ਲੋਰੀਆਂ ਦਿੰਦੀ ਲੱਗੀ…. ਸ਼ੈਕਸਪੀਅਰ ਬਾਬੇ ਦਾ ਕਥਨ
ਯਾਦ ਆਇਆ… “ਜੇ ਤੁਸੀਂ ਮੈਨੂੰ ਮੁਹੱਬਤ ਕਰਦੇ ਹੋ, ਤਾਂ ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਵਸੋਂਗੇ…। ਜੇ ਤੁਸੀਂ ਮੈਨੂੰ ਘ੍ਰਿਣਾ ਕਰਦੇ ਹੋ, ਤਾਂ ਮੈਂ ਹਮੇਸ਼ਾ
ਤੁਹਾਡੇ ਦਿਮਾਗ ਉੱਪਰ ਛਾਇਆ ਰਹਾਂਗਾ…!” ਬੱਸ ਫਿ਼ਰ ਕੀ ਸੀ…? ਇੱਕ ਪੈੱਗ ਹੋਰ ਲਾ ਕੇ… ਬਾਬਾ ਵੇ ਕਲਾ ਮਰੋੜ… ਨੀ ਨਿੱਕੀਏ ਲਾ ਦੇ
ਜੋਰ… ਵਾਲ਼ਾ ਗੀਤ ਸਾਡੇ ਮਨ ‘ਚ ਖੌਰੂ ਪਾਉਣ ਲੱਗ ਪਿਆ…ਤੇ ਅਸੀਂ ਢੀਚਕ ਜਿਹਾ ਮਾਰਦੇ ਘਰੋਂ ਨਿਕਲ਼ ਤੁਰੇ ਅਤੇ ਅਗਲੀ ‘ਯੁੱਧਨੀਤੀ’ ਬਾਰੇ
ਵਿਚਾਰ ਕਰਨ ਲਈ ਆਪਣੇ ਮਿੱਤਰ ਦਾ ਦਰਵਾਜਾ ਜਾ ਖੜਕਾਇਆ…। ਅੱਗਿਉਂ ਉਹ ਦੋ ਪੈੱਗ ਲਾ ਕੇ ‘ਬਾਬੂ’ ਬਣਿਆਂ ਬੈਠਾ ਸੀ… ਬੱਸ ਤੂੰ
ਜਿੱਤ ਤੋਂ ਪਹਿਲਾਂ ਹੀ ਇਨਾਮਾਂ ਦਾ ਐਲਾਨ ਕਰ ਦੇ, ਤੈਨੂੰ ਇੱਕਵੰਜਾ ਹਜ਼ਾਰ ਦਾ…ਤੈਨੂੰ ਇੱਕ ਲੱਖ ਦਾ… ਦੇਖ ਤੈਨੂੰ ਕਿਵੇਂ ਧੜ੍ਹੱਲੇ ਨਾਲ਼ ਜਿਤਾਉਂਦੇ
ਆ… ਉਸ ਦੀ ‘ਉਸਾਰੂ ਸਕੀਮ’ ਸੁਣ ਕੇ ਅਸੀਂ ਮੁਫ਼ਤ ਦਾ ਇੱਕ ਹੋਰ ਪੈੱਗ ਅੰਦਰ ਸੁੱਟਿਆ ਅਤੇ ਇਨਾਮ ਅਭਿਲਾਸ਼ੀਆਂ ਦੀ ਲਿਸਟ ਤਿਆਰ
ਕਰਨੀ ਸ਼ੁਰੂ ਕਰ ਦਿੱਤੀ… ਹੁਣ ਮੇਰਾ ਮਨ ਬੱਕਰਾ ਬੁਲਾਉਣ ਨੂੰ ਕਰਦਾ ਸੀ… ਪਤਾ ਨਹੀਂ ਮੈਨੂੰ ਕਿਸ ਗੱਲ ਦਾ ਚਾਅ ਜਿਹਾ ਚੜ੍ਹਦਾ ਜਾ ਰਿਹਾ
ਸੀ..? ਮੇਰਾ ਯਾਰ ਮੇਰੇ ਸਾਹਮਣੇ ਗੰਧਾਲ਼ੇ ਵਾਂਗ ਗੱਡਿਆ ਬੈਠਾ ਸੀ…। ਮੈਂ ਇਨਾਮ ਅਭਿਲਾਸ਼ੀ ਦਾ ਨਾਂ ਲਿਸਟ ਉਪਰ ਲਿਖਦਾ ਅਤੇ ਉਹ ‘ਬਹੁਤ
ਖ਼ੂਬ’ ਆਖ ਕੇ ਮੈਨੂੰ ‘ਥਾਪੜਾ’ ਦਿੰਦਾ…। ਜਦੋਂ ਨੂੰ ਲਿਸਟ ਤਿਆਰ ਹੋਈ, ਉਦੋਂ ਨੂੰ ਸਾਨੂੰ ਦੋਵਾਂ ਨੂੰ ਇੱਕ ਦੇ ਦੋ-ਦੋ ਨਜ਼ਰ ਆਉਣ ਲੱਗ ਪਏ ਸਨ..
“ਚੋਣ ਜਿ਼ੰਦਾਬਾਦ ਬਾਈ… ਤੇ ਆਈ ਲਵ ਯੂ…!” ਆਖ ਕੇ ਮੈਂ ਮਾੜੇ ਕੱਟਰੂ ਵਾਂਗ ਕੁਰਸੀ ‘ਤੇ ਟੇਢਾ ਹੋ ਗਿਆ…। ਮੇਰਾ ਦੋਸਤ ਮੈਨੂੰ ਕੁਝ ਆਖ
ਰਿਹਾ ਸੀ…। ਪਰ ਮੈਨੂੰ ਸਿਰਫ਼ ਉਸ ਦੀ ਵੱਡੀ ਸਾਰੀ ਹਿੱਲਦੀ ਉਂਗਲ਼ ਹੀ ਦਿਖਾਈ ਦੇ ਰਹੀ ਸੀ, ਸੁਣ ਕੱਖ ਵੀ ਨਹੀਂ ਰਿਹਾ ਸੀ…।
jaggikussa@yahoo.de