ਜਦ ਪਿਆਰ ਵੰਡਿਆ ਗਿਆ ਤਾਂ ਰਾਮਾਇਣ ਲਿਖੀ ਗਈ ਤੇ ਜਦ ਸੰਪਤੀ ਵੰਡੀ ਗਈ ਤਾਂ ਮਹਾਂਭਾਰਤ ਦੀ ਰਚਨਾ ਹੋਈ।


ਪਈਆਂ ਢੇਰ ਕਿਤਾਬਾਂ ਕੋਈ ਪੜ੍ਹਦਾ ਹੀ ਨਹੀਂ, ਤਾਹੀEਂ ਮਨ ਦੇ ਵਿਹੜੇ ਸੂਰਜ ਚੜ੍ਹਦਾ ਹੀ ਨਹੀਂ,
ਚਿਹਰੇ ਤਾਂ ਲਿਸ਼ਕਾਏ ਸ਼ੀਸ਼ੇ ਵਾਂਗੂੰ ਪਰ, ਸ਼ੀਸ਼ੇ ਮੂਹਰੇ ਡਰਦਾ ਕੋਈ ਖੜ੍ਹਦਾ ਹੀ ਨਹੀਂ।

ਤ੍ਰੈਲੋਚਨ ਲੋਚੀ
ਕਹਿੰਦੇ ਹਨ ਹਾਲਾਤ ਨਾਲ ਪੈਂਦੇ ਵਾਹ ਅਨੁਸਾਰ ਬੰਦੇ ਦੇ ਰਾਹ ਵੀ ਬਦਲ ਜਾਂਦੇ ਨੇ ਤੇ ਫੇਰ ਸੁਭਾਅ ਵੀ ਸਾਵੇਂ ਨਹੀਂ ਰਹਿੰਦੇ। ਇਸ ਦੀ ਪੁਸ਼ਟੀ ਮੈਂ ਇੱਕ ਨਿੱਜੀ ਵੇਰਵੇ ਨਾਲ ਕਰਨ ਲੱਗੀ ਹਾਂ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਬੇਟੀ ਹਰਿੰਦਰ ਮੇਰੀ ਜਮਾਤਣ ਅਤੇ ਸਖੀ ਰਹੀ ਹੈ। ਐਮ ਏ ਕਰਨ ਸਮੇਂ ਮੈਂ ਕਈ ਵਾਰ ਉਨ੍ਹਾਂ ਦੇ ਘਰ ਮੋਦੀ ਕਾਲਜ (ਪਟਿਆਲਾ) ਦੇ ਪਿਛਲੇ ਪਾਸੇ ਨਾਲ ਲੱਗਦੀ ਸੜਕ ਤੇ ਨੀਵੇਂ ਜਿਹੇ ਵਿਹੜੇ ਵਿੱਚ ਗਈ ਹਾਂ। ਸਿਖਰ ਦੁਪਹਿਰੇ ਮਹਿਮਾਨ ਨਿਵਾਜ਼ੀ ਲਈ ਸਿਰ ਤੱਕ ਉਲਰੀਆਂ ਅੰਗੂਰੀ ਵੇਲਾਂ ਠੰਢੀ ਛਾਂ ਦਾ ਅਹਿਸਾਸ ਬਖ਼ਸ਼ਦੀਆਂ ਸਨ। ਇੱਕ ਵਾਰੀ ਮੈਂ ਉਨ੍ਹਾਂ ਦੇ ਘਰ ਸੀ, ਜਦ ਪਿੰਡ ਤੋਂ ਮੰਗੋ ਨਾਮ ਦੀ ਇੱਕ ਅਲ੍ਹੜ ਕੁੜੀ ਦਾਜ ਦੀਆਂ ਵਸਤਾਂ ਖਰੀਦਣ ਆਈ ਹੋਈ ਸੀ। ਉਹ ਬੜੇ ਖ਼ੂਬਸੂਰਤ ਗੋਹਲ਼ੇ (ਟੋਕਰੀਆਂ) ਵੀ ਤੋਹਫ਼ੇ ਵੱਜੋਂ ਲੈ ਕੇ ਆਈ ਸੀ। ਮੈਂ ਪੁੱਛਿਆ – ਕਿਵੇਂ ਬਣਾਏ ਨੇ। ਉਸ ਨੇ ਦੱਸਿਆ ਰੱਦੀ ਕਾਗਜ਼ਾਂ ਦੇ ਟੁਕੜੇ ਗਾਜ਼ਨੀ ਵਿੱਚ ਭਿਉਂ ਕੇ ਗੁੰਨ੍ਹ ਕੇ ਇੱਕ ਜਾਨ ਕਰਦੀ ਹਾਂ, ਫੇਰ ਹੱਥ ਨਾਲ ਸ਼ਕਲ ਵਿੱਚ ਢਾਲ਼ ਕੇ ਸ਼ਿੰਗਾਰ ਲੈਂਦੀ ਹਾਂ। ਉਹ ਜਦ ਅੰਦਰ ਗਈ Eਥੇ ਕਿੰਨੀਆਂ ਹੀ ਕਿਤਾਬਾਂ ਨਾਲ ਭਰੀਆਂ ਟਾਂਡਾਂ (ਸ਼ੈਲਫਾਂ) ਵੱਲ ਅੱਖਾਂ ਟੱਡ ਕੇ ਹਸਰਤ ਭਰੀ ਨਜ਼ਰ ਨਾਲ ਦੇਖਦੀ ਹੈਰਾਨ ਅਤੇ ਖ਼ੁਸ਼ ਹੁੰਦੀ ਹੋਈ ਕਹਿ ਉੱਠੀ,ਬੂਹ ਮੈਂ ਮਰਜਾਂ, ਕਿੰਨੀਆਂ ਕਿਤਾਬਾਂ, ਨਾਲੇ ਕਾਗਜ਼, ਮੇਰੇ ਭਾਅ ਦੇ ਤਾਂ ਬਸ ਗੋਹਲ਼ੇ ਹੀ ਗੋਹਲ਼ੇ ਬਣ ਜਾਣ। Eਦੋਂ ਉਸ ਦੀ ਇਸ ਰੀਝ ਨੂੰ ਅਸੀਂ ਹਾਸੇ ਰੁਖ ਲਿਆ ਸੀ। ਜਿਨ੍ਹਾਂ ਕਿਤਾਬਾਂ ਨੇ ਪੇਪਰਾਂ ਕਰ ਕੇ ਸਾਨੂੰ ਅਕਾ ਰੱਖਿਆ ਸੀ ਕਿ ਹਾਲੇ ਹੋਰ ਕਿੰਨੀਆਂ ਪੜ੍ਹਨ ਵਾਲੀਆਂ ਬਾਕੀ ਨੇ, ਮੰਗੋ ਨੇ ਆਪਣੀ ਇੱਛਾ ਦੇ ਮੇਚ ਕਰ ਕੇ ਸਭ ਮਲੀਆਮੇਟ ਕਰ ਧਰੀਆਂ ਸਨ। ਮੈਨੂੰ ਲੱਗਿਆ ਕਿੰਨੀ ਨਿਰਛਲ ਰੀਝ ਹੈ ਇਸ ਅੱਖਰ-ਵਿਹੂਣੇ ਮਨ ਦੀ ਪਰ ਮੈਂ ਜਾਣਦੀ ਹਾਂ ਕਈ ਪੜ੍ਹੇ ਲਿਖੇ ਵੀ ਜੋ ਅੱਖਰਾਂ ਦੇ ਸਿਰਲੇਖ ਹੇਠ ਅਖ਼ਬਾਰਾਂ ਦੀ ਸੁਰਖੀ ਵਾਂਗ ਪਲਦੇ ਹਨ ਉਹ ਵੀ ਕਿਤਾਬਾਂ ਤੋਂ ਕੰਨੀ ਕਤਰਾ ਰਹੇ ਹਨ। ਜੋ ਕਿਤਾਬਾਂ ਨਹੀਂ ਪੜ੍ਹਦਾ ਉਹ ਕੇਵਲ ਇੱਕੋ ਜੀਵਨ ਜਿਉਂਦਾ ਹੈ ਪਰ ਕਿਤਾਬਾਂ ਪੜ੍ਹਨ ਵਾਲੇ ਹੋਰਨਾਂ ਦਾ ਜੀਵਨ ਵੀ ਜਿਉਂ ਜਾਂਦੇ ਹਨ। ਕਿਤਾਬਾਂ ਪੜ੍ਹੇ ਬਿਨਾ ਮਨ ਅੰਦਰਲੀ ਧਰਤ ਬੰਜਰ ਹੋ ਜਾਂਦੀ ਹੈ। ਅੱਖਰ-ਵਿਹੂਣਾ ਮਨ ਥੋਥਾ, ਸੱਖਣਾ ਤੇ ਸੋਚ ਤੋਂ ਵਿਰਵਾ ਹੀ ਹੋ ਜਾਂਦਾ ਹੈ। ਬਚਪਨ ਵਿੱਚ ਸਾਨੂੰ ਕਿਤਾਬ ਦਾ ਸਤਿਕਾਰ ਸਿਖਾਇਆ ਗਿਆ। ਜੇ ਭੁੱਲ ਕੇ ਵੀ ਪੁਸਤਕ ਨੂੰ ਪੈਰ ਲੱਗ ਜਾਂਦਾ ਤਾਂ ਮੱਥੇ ਨਾਲ ਲਾ ਕੇ ਮੁਆਫ਼ੀ ਮੰਗਦੇ ਸੀ। ਸਾਡੇ ਲਈ ਤਾਂ ਇਹ ਸ਼ਬਦ ਦੇਹੀ ਅਤੇ ਰੂਹ ਦੋਵੇਂ ਹੋ ਕੇ ਜੀਵਨ-ਜਾਚ ਦੱਸਦੇ ਹਨ। ਕਿਤਾਬਾਂ ਨਾਲ ਮੋਹ ਰੱਖਣ ਵਾਲੇ ਧਰਤ ਦੀ ਮਹਿਕ, ਵਰ੍ਹਦੀਆਂ ਕਣੀਆਂ ਦਾ ਸੰਗੀਤ, ਹਨੇਰੀ ਦੀ ਸ਼ੂਕ ਅਤੇ ਚੜ੍ਹਦੇ ਉਤਰਦੇ ਸੂਰਜ ਦਾ ਸੰਧੂਰੀ ਰੰਗ ਵੀ ਮਾਣਦੇ ਹਨ। ਕਿਸੇ ਅੱਲ੍ਹੜ ਦੀਆਂ ਪਲਕਾਂ ਤੇ ਲਟਕਦੇ ਹੰਝੂ ਦਾ ਤਰਜੁਮਾ ਜਾਣਦੇ ਹਨ।
ਚਾਰਲਸ ਡਿਕਨਜ਼ ਆਖਦਾ ਹੈ – ਇੱਕ ਵਧੀਆ ਕਿਤਾਬ ਹਜ਼ਾਰ ਦੋਸਤਾਂ ਬਰਾਬਰ ਹੁੰਦੀ ਹੈ ਪਰ ਇੱਕ ਵਧੀਆ ਦੋਸਤ ਪੂਰੀ ਲਾਇਬਰੇਰੀ ਬਰਾਬਰ ਹੈ। ਕਾਗਜ਼ ਰੋਂਦੇ ਨਹੀਂ ਪਰ ਰੁਆ ਦਿੰਦੇ ਹਨ, ਚਾਹੇ ਕਿਸੇ ਬੇਵਫ਼ਾ ਦਾ ਪੱਤਰ ਹੋਵੇ, ਮੈਡੀਕਲ ਰਿਪੋਰਟ ਹੋਵੇ ਜਾਂ ਜਮਾਤ ਦਾ ਨਤੀਜਾ ਹੋਵੇ। ਕਿਤਾਬਾਂ ਤੋਂ ਮੁੱਖ ਮੋੜਨ ਸਦਕਾ ਹੀ ਲੋਕਾਂ ਦੀ ਮਾਨਸਿਕਤਾ ਗੰਧਲੀ ਹੈ, ਮਾਰੂ ਹਿੰਸਾ ਅਤੇ ਨਿਘਾਰ ਪਸਰਿਆ ਹੈ। ਕਿਤਾਬਾਂ ਕਿਸੇ ਵੇਲ਼ੇ ਦਾ ਇਤਿਹਾਸਕ ਦਸਤਾਵੇਜ਼ ਹਨ – ਜਦ ਪਿਆਰ ਵੰਡਿਆ ਗਿਆ ਤਾਂ ਰਾਮਾਇਣ ਲਿਖੀ ਗਈ ਤੇ ਜਦ ਸੰਪਤੀ ਵੰਡੀ ਗਈ ਤਾਂ ਮਹਾਂਭਾਰਤ ਦੀ ਰਚਨਾ ਹੋਈ। ਬੇਕਨ ਦੇ ਕਥਨ ਅਨੁਸਾਰ ਕੁੱਝ ਕਿਤਾਬਾਂ ਦਾ ਸਵਾਦ ਲਿਆ ਜਾਂਦਾ ਹੈ, ਕੁੱਝ ਨਿਗਲ਼ੀਆਂ ਜਾਂਦੀਆਂ ਹਨ ਤੇ ਕੁੱਝ ਚਬਾਈਆਂ ਜਾਂਦੀਆਂ ਹਨ। ਨਰਿੰਦਰ ਸਿੰਘ ਕਪੂਰ ਅਨੁਸਾਰ – ਕਿਤਾਬਾਂ ਤੋਂ ਸਾਨੂੰ ਗਿਆਨ ਮਿਲਦਾ ਹੈ, ਕਿਤਾਬਾਂ ਸਾਨੂੰ ਸਿਆਣਾ, ਚਰਿੱਤਰਵਾਨ, ਸੁਹਿਰਦ, ਅਨੂਭਵੀ, ਸੁਹਜਵਾਦੀ, ਇਮਾਨਦਾਰ ਅਤੇ ਚੰਗੇ ਇਨਸਾਨੀ ਗੁਣਾਂ ਦਾ ਧਾਰਨੀ ਬਣਾਉਂਦੀਆਂ ਹਨ। ਆਧੁਨਿਕ ਜੀਵਨ-ਸ਼ੈਲੀ ਨੇ ਕਿਤਾਬੀ ਸ਼ੌਕ ਨੂੰ ਠੇਸ ਲਾਈ ਹੈ। ਪਾਬਲੋ ਨਰੂਦਾ ਨੇ ਲਿਿਖਆ ਸੀ,ਮੈਂ ਕਿਤਾਬ ਪੜ੍ਹ ਕੇ ਹਟਦਾ ਹਾਂ ਤਾਂ ਜ਼ਿੰਦਗੀ ਦੇ ਵਰਕੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ। ਕਿਤਾਬਾਂ ਰੋਟੀ ਨਹੀਂ ਦਿੰਦੀਆਂ ਪਰ ਇਹ ਦੱਸਦੀਆਂ ਹਨ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ ਹੈ। ਅੱਜ ਲਾਇਬਰੇਰੀਆਂ ਨਾਲੋਂ ਵੱਧ ਪਾਰਲਰ ਖੁੱਲ੍ਹ ਰਹੇ ਹਨ ਕਿਉਂਕਿ ਅਕਲ ਨਾਲੋਂ ਸ਼ਕਲ ਦਾ ਮੁੱਲ ਵਧ ਰਿਹਾ ਹੈ। ਆਦਮੀ ਤੋਂ ਇਨਸਾਨ ਬਨਣ ਦਾ ਰਸਤਾ ਕਿਤਾਬਾਂ ਦੇ ਹਰਫ਼ਾਂ ਰਾਹੀਂ ਹੀ ਜਾਂਦਾ ਹੈ। ਕਈ ਵਾਰੀ ਇਉਂ ਲਗਦਾ ਹੈ ਕਿ ਕਿਤਾਬ ਪੜ੍ਹਦਿਆਂ ਅਸੀਂ ਕਿਸੇ ਪਵਿੱਤਰ ਦਰਗਾਹ ਦੀਆਂ ਪੌੜੀਆਂ ਚੜ੍ਹ ਰਹੇ ਹੋਈਏ। ਕਿਤਾਬ ਦੇ ਹਰਫ਼ ਸਮਾਜ ਦੇ ਹਰ ਪ੍ਰਾਣੀ ਦੀ ਸੋਚ ਅਤੇ ਜ਼ਿੰਦਗੀ ਲਈ ਅਸਰ-ਅੰਦਾਜ਼ ਹੋਣ ਦੀ ਸਮਰੱਥਾ ਰੱਖਦੇ ਹਨ। ਕਿਸੇ ਨੇ ਠੀਕ ਕਿਹਾ ਹੈ –
ਐ ਕਲਮ ਤੇਰੀ ਅਜਬ ਮਾਇਆ,
ਜੱਜ ਹੱਥ ਲੱਗੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਸੁਣਾਇਆ
ਬੱਚੇ ਹੱਥ ਲੱਗੀ ਤਾਂ ਭਵਿੱਖ ਬਣਾਇਆ,
ਡਾਕਟਰ ਹੱਥ ਲੱਗੀ ਤਾਂ ਕਿਸੇ ਨੂੰ ਹਸਾਇਆ ਕਿਸੇ ਨੂੰ ਰੁਆਇਆ
ਤੇ ਲੇਖਕ ਹੱਥ ਆਈ ਤਾਂ ਪੂਰੀ ਦੁਨੀਆਂ ਨੂੰ ਹੀ ਸ਼ੀਸ਼ਾ ਦਿਖਾਇਆ।
ਅਖੀਰ ਵਿੱਚ ਤ੍ਰੈਲੋਚਨ ਲੋਚੀ ਦੀ ਗੌਲਣਯੋਗ ਸਲਾਹ ਦਾ ਜ਼ਿਕਰ ਕਰਨਾ ਬਣਦਾ ਹੈ ,ਸਫਰ ਤੇ ਚੱਲੇ ਹੋ, ਕੋਈ ਖ਼ੂਬਸੂਰਤ ਕਿਤਾਬ ਵੀ ਲੈ ਚੱਲੋ ਨਾਲ, ਜ਼ਰੂਰੀ ਨਹੀਂ ਕਿ ਸਫਰ ਵਿੱਚ ਕਿਤਾਬਾਂ ਵਰਗੇ ਲੋਕ ਮਿਲਣ।

Exit mobile version