ਉਹੀ ਬੱਠਲ ਫਾੜ ਦੇਣੇ ਮੇਰੇ ਸਿਰ ਚ ਵੱਜਿਆ

ਜਦ ਮੈਂ ਉਠਿਆ,ਉਹੀ ਬੱਠਲ ਫਾੜ ਦੇਣੇ ਮੇਰੇ ਸਿਰ ਚ ਵੱਜਿਆ
ਕੰਨ ਕੰਧਾਂ ਦੇ ਨੇ ਕੀ ਕਰਾਂ, ਸੈਨਤਾਂ ਨੇ ਜਾਣਕਾਰਾਂ ਵਾਸਤੇ
ਇੱਕ ਗੱਲ ਹੁੰਦੀ ਕਿਸੇ ਇੱਕੋ ਲਈ, ਇੱਕ ਗੱਲ ਹੁੰਦੀ ਹਜ਼ਾਰਾਂ ਵਾਸਤੇ।

ਸਾਹਿਤ ਸਭਾਵਾਂ ਬਿਗਾਨੀ ਧਰਤੀ ਤੇ ਅਪਣੱਤ ਪਾਲਦੀਆਂ ਹਨ। ਲੇਖਕ ਵਗਦੀਆਂ ਹਵਾਵਾਂ ਮੂਹਰੇ ਤਲੀਆਂ ਤੇ ਹਰਫ਼ਾਂ ਦੇ ਦੀਵੇ ਬਾਲ ਰੱਖਦੇ ਹਨ। ਇਨ੍ਹਾਂ ਅੱਖਰਾਂ ਦੀ ਲੋਏ ਹੀ ਆਸ ਦੀ ਡੰਡੀ ਇੱਕ ਪਿੰਡ ਜਾ ਵਸਾਉਂਦੇ ਹਨ। ਕਿਸੇ ਨੇ ਲਿਿਖਆ ਹੈ ਕਿ ਲੇਖਕਾਂ ਨਾਲ ਦੋਸਤੀ ਰੱਖੋ, ਇਹ ਉਹ ਲੋਕ ਹਨ ਜੋ ਆਪਣੇ ਲਫ਼ਜ਼ਾਂ ਨਾਲ ਤੁਹਾਡੇ ਜ਼ਖ਼ਮਾਂ ਤੇ ਫਹੇ ਰੱਖਦੇ ਹਨ। ਏਥੇ ਹੀ ਅੰਦਰ ਬੁਝੇ ਅੱਖਰਾਂ ਨੂੰ ਬਾਲ਼ ਲੈਣ ਦੀ ਜਾਚ ਆਉਂਦੀ ਹੈ। ਇਸ ਨਗਰ ਦੀ ਦੱਸ ਮੈਨੂੰ ਪਰਮਿੰਦਰ ਗਰੇਵਾਲ ਨੇ ਪਾਈ ਸੀ। ਮੈਨੂੰ ਲੱਗਿਆ ਸ਼ਬਦ, ਅਰਥ, ਸੁਪਨੇ, ਰੀਝਾਂ, ਯਾਦਾਂ, ਹਾਦਸਿਆਂ ਅਤੇ ਹਾਸਿਆਂ ਦੀ ਉਮਰ ਲੰਘਾ ਕੇ ਆਠਰੇ ਹੋਏ ਅਹਿਸਾਸਾਂ ਵਾਲੇ ਲੋਕਾਂ ਵਿੱਚ ਬਹਿ ਕੇ ਇੱਥੋਂ ਦੀ ਜੀਵਨ-ਜਾਚ ਸਿੱਖਣ ਨੂੰ ਥਾਂ ਮਿਲੇਗੀ। ਜ਼ਿੰਦਗ਼ੀ ਦਾ ਪਾਸਾ ਥੱਲਣ ਨੂੰ ਮਿਲੀ ਇਸ ਠਾਹਰ ਨੇ ਮੈਨੂੰ ਭਰਮਾ ਲਿਆ ਸੀ। ਇਸ ਥਾਂ ਤੇ ਅੰਦਰਲਾ ਥਕੇਵਾਂ ਲਾਹ ਕੇ ਪਲਦਾ ਸੱਖਣ ਪੂਰ ਲੈਣ ਦੀ ਤਸੱਲੀ ਸੀ। ਇਨ੍ਹਾਂ ਸਭਾਵਾਂ ਵੱਲ ਜਾਂਦੇ ਕਦਮ ਜਿਵੇਂ ਪਵਿੱਤਰ ਦਰਗਾਹ ਦੀਆਂ ਪੌੜੀਆਂ ਚੜ੍ਹਦੇ ਹੋਣ, ਜਿੱਥੇ ਪਲਕਾਂ ਤੇ ਲਟਕਦੇ ਹੰਝੂਆਂ ਦਾ ਤਰਜਮਾ ਹੋ ਸਕਦਾ ਹੋਵੇ। ਅੱਖਰਾਂ ਤੋਂ ਅਰਥਾਂ ਵੱਲ ਨੂੰ ਸਰਕਦੇ ਲੋਕਾਂ ਦੇ ਸੁਪਨੇ ਪਰਖਣ ਦੀ ਮਸ ਪੂਰਦੇ ਲੋਕ ਮਿਲਣਗੇ। ਮੈਨੂੰ ਹਰਿਭਜਨ ਸਿੰਘ ਦੀਆਂ ਸਤਰਾਂ ਯਾਦ ਆਈਆਂ—
ਹੈ ਸ਼ੁਕਰ ਅਜੇ ਤਾਂ ਸੂਰਜ ਹੈ ਪਰਛਾਈਂ ਹੈ
ਮੈਂ ਧੁੱਪ ਛਾਵਾਂ ਨੂੰ ਹੀ ਆਪਣਾ ਗੀਤ ਸੁਣਾਲਾਂਗਾ।

ਮੇਰੇ ਵਾਂਗ ਹੋਰ ਵੀ ਲੋਕ ਇਸ ਪਿੰਡ ਵੱਲ ਵਹੀਰਾਂ ਘਤਦੇ ਹੋਣਗੇ। ਫਿਰ ਮੈਨੂੰ ਬੋਧ ਹੋਇਆ ਇਨ੍ਹਾਂ ਢਾਈ ਟੋਟਰੂਆਂ ਨੇ ਪੰਜ ਕੰਧਾਂ ਕੱਢੀਆਂ ਹੋਈਆਂ ਹਨ- ਕਈ ਸਾਹਿਤ ਸਭਾਵਾਂ ਹਨ। ਜਿਸ ਦੇ ਵੀ ਹਲਦੀ ਦੀ ਗੱਠੀ ਹੱਥ ਲੱਗੀ ਉਹੀ ਪੰਸਾਰੀ ਬਣ ਬੈਠਾ। ਇਨਸਾਨੀਅਤ ਦੇ ਹੋਕੇ ਨੂੰ ਕਲਾਵੇ ਭਰਦੇ ਮੋਕਲੇ ਅੱਖਰਾਂ ੍ਰEਹਲੇ ਹਉਮੈ, ਅਹੁਦੇਦਾਰੀਆਂ, ਸੋਚ-ਵਿੱਥ ਤੇ ਕਈ ਹੋਰ ਕੰਧਾਂ ਨੇ ਵੰਡੀਆਂ ਪਾ ਧਰੀਆਂ ਹਨ। ਸਮੇਤ ਮੇਰੇ, ਸਭ ਨੂੰ ਆਪੋ ਆਪਣੀ ਪੋਟਲੀ ਹੋਰਨਾ ਤੋਂ ਭਾਰੀ, ਨਿੱਗਰ, ਉਸਾਰੂ ਅਤੇ ਪੁਰ-ਅਸਰ ਲੱਗ ਰਹੀ ਸੀ। ਕਾਬਜ਼ ਬਿਰਤੀ ਦੀ ਇਸ ਸੱਪ-ਕੁੰਡਲੀ ਨੇ ਗੁਰਦਵਾਰੇ ਦੇ ਭਾਈ ਜੀ ਤੇ ਸੰਗਤ ਵਾਂਗ ਲੇਖਕ ਅਤੇ ਪਾਠਕ ਵਿਚਲੀ ਵਿੱਥ ਸਿਰਜ ਧਰੀ। ਮੈਂ ਪਹੁਤ ਪਰੇਸ਼ਾਨ ਹੋ ਕੇ ਇਹ ਰੀਝ ਪਾਲਣ ਲੱਗੀ ਕਿ ਸਭ ਕੰਧਾਂ ਢਾਹ ਕੇ ਵਿਹੜਾ ਮੋਕਲਾ ਕੀਤਾ ਜਾਵੇ। ਸਭ ਇਕੱਠੇ ਹੋ ਕੇ ਆਪੋ ਆਪਣੇ ਖਿਆਲ ਪਰੋਸਣ, ਸਿਰਜਣ ਅਤੇ ਪਰਸਾਰਨ ਦਾ ਹੱਕ ਰੱਖਦੇ ਹੋਣ। ਆਪਣੀ ਇਹ ਰੀਝ ਪੂਰਨ ਲਈ ਮੈਂ ਕਈ ਮਹਾਂਰਥੀਆਂ ਕੋਲ ਗੱਲ ਤੋਰੀ ਪਰ ਤਕਰੀਬਨ ਸਾਰਿਆਂ ਨੇ ਮੇਰੇ ਇਸ ਸੁਝਾਅ ਨੂੰ ਹੋਊ ਪਰੇ, ਵੇਖੀ ਜਾਊ ਕਰ ਛੱਡਿਆ। ਮੈਨੂੰ ਅੰਦਰੋ-ਅੰਦਰੀ ਲੂਹਰੀਆਂ ਉਠਣ ਕਿ ਪੰਜਾਬੋਂ ਖੱਟਿਆ ਆਪਣਾ ਅਸਰ ਰਸੂਖ ਵਰਤ ਕੇ ਕੋਈ ਵੱਡਾ ਸਮਾਗਮ ਰੱਖਾਂ ਜਿੱਥੇ ਸਭ ਇੱਕ ਹੋ ਜਾਣ। ਪਰ ਮੇਰੀ ਇੱਕ ਨਾ ਚੱਲੀ। ਗੱਲ ਗੰਧਲ-ਚੌਦੇਂ ਚ ਪੈ ਕੇ ਆਈ ਗਈ ਹੋ ਗਈ। ਮੈਨੂੰ ਲੱਗਿਆ ਪਾਠਕ ਤਾਂ ਲੇਖਕ ਤੋਂ ਜੀਵਨ ਦੀ ਸੇਧ ਭਾਲਦੇ ਹਨ ਤੇ ਏਥੇ ਪੂਰੀ ਕਾਇਨਾਤ ਨੂੰ ਕਲਾਵੇ ਭਰਦੇ ਲੇਖਕ ਆਪਣੀ ਹੀ ਅੰਦਰਲੀ ਕੈਦ ਵਿੱਚ ਸੁੰਗੜੇ ਲੱਗਦੇ ਹਨ। ਇਉਂ ਤਾਂ ਲੇਖਕ ਦਾ ਸਦਾਚਾਰੀ ਵਾਲਾ ਸਬਕ ਪਾਠਕਾਂ ਤੱਕ ਸਦਾ ਚੋਰੀ ਦੇ ਅਰਥ ਲੈ ਅਪੜਦਾ ਹੈ। ਹੁਣ ਮੈਨੂੰ ਲੱਗਦਾ ਹੈ ਅੱਖਰ ਸੁਣਦੇ ਲੋਕਾਂ ਦੀਆਂ ਨਜ਼ਰਾਂ ਲਿਖਣ ਵਾਲੇ ਦੇ ਨਕਸ਼ ਅਤੇ ਮੂੰਹ ਦੇ ਉਤਰਾਅ ਚੜ੍ਹਾਅ ਤੋਂ ਉਸ ਦੇ ਕਿਰਦਾਰ ਦੇਖਦੇ ਅਰਥਾਂ ਤੋਂ ਊਣੇ ਹੀ ਰਹਿ ਜਾਂਦੇ ਹੋਣਗੇ। ਗੱਲ ਕਿੱਥੇ ਨਿਬੜੀ, ਇਹ ਇੱਕ ਨਿੱਜੀ ਵੇਰਵੇ ਨਾਲ ਕਥਨ ਦੀ ਪੁਸ਼ਟੀ ਤੱਕ ਅਪੜਾਂਗੇ। ਮੇਰੇ ਚਾਚਾ ਸਹੁਰਾ ਸਾਹਿਬ ਮਾਵਾ ਛਕ ਕੇ ਬਹੁਤ ਗੱਲਾਂ ਕਰਿਆ ਕਰਦੇ ਸਨ। ਕੋਈ ਸੁਣੇ ਜਾਂ ਨਾ, ਉਹ ਬਸ ਆਪਣੀ ਗੱਲ ਜਾਰੀ ਰੱਖਦੇ। ਇੱਕ ਦਿਨ ਟਿਕੀ ਦੁਪਹਿਰ ਉਹ ਇੱਕ ਮਰਗ ਦੇ ਭੋਗ ਤੋਂ ਆ ਕੇ ਹੋਈ ਬੀਤੀ ਦੱਸ ਰਹੇ ਸਨ,ਮੈਂ ਜਿੱਥੇ ਨੀਵੇਂ ਜੇ ਢਾਰੇ ਵਿੱਚ ਗਿਆ, ਉਥੇ ਨੀਵੀਂ ਜਿਹੀ ਛੱਤ ਤੇ ਬੱਠਲ ਜਿਹਾ ਬੰਨ੍ਹ ਰੱਖਿਆ ਸੀ। ਜਿਹੜਾ ਵੀ ਅੰਦਰ ਵੜੇ ਮੈਂ ਆਖਾਂ ਆਹ ਦੇਖੀਂ ਕਿਤੇ ਸਿਰ ਨਾ ਭਨਾ ਲੀਂ। ਮੈਂ ਪੂਰਾ ਪਹਿਰਾ ਦੇ ਕੇ ਹਰੇਕ ਅੰਦਰ ਵੜਨ ਵਾਲੇ ਨੂੰ ਤਾਕੀਦ ਕਰਾਂ ਬਈ ਕਿਤੇ ਸੱਟ ਨਾ ਵੱਜੇ।ਏਥੇ ਤੱਕ ਤਾਂ ਗੱਲ ਠੀਕ ਸੀ, ਮੈਂ ਚੁਪ ਕਰ ਕੇ ਸੁਣੀ ਗਈ। ਪਰ ਜਦੋਂ ਕਹਾਣੀ ਵਿੱਚ ਕੂਹਣੀ-ਮੋੜ ਆਇਆ, ਮੈਂ ਠਹਾਕਾ ਮਾਰ ਕੇ ਹੱਸ ਪਈ। ਉਨ੍ਹਾਂ ਨੇ ਤੋੜਾ ਝਾੜਿਆ,ਜਦ ਮੈਂ ਉਠਿਆ,ਉਹੀ ਬੱਠਲ ਫਾੜ ਦੇਣੇ ਮੇਰੇ ਸਿਰ ਚ ਵੱਜਿਆ, ਅੱਖਾਂ ਮੂਹਰੇ ਭੰਬੂਤਾਰੇ ਆ ਗੇ।` ਬਿਲਕੁਲ ਇਸੇ ਤਰ੍ਹਾਂ ਮੈਂ ਜੋ ਕੈਲਗਰੀ ਦੀਆਂ ਸਾਰੀਆਂ ਸਾਹਿਤ ਸਭਾਵਾਂ ਦਾ ਏਕਾ ਕਰਨ ਦਾ ਬੰਨ੍ਹ-ਸੁਭ ਕਰਦੀ ਫਿਰਦੀ ਸੀ, ਮੇਰੇ ਨਾਲ ਵਾਪਰਿਆ। ਏਕੇ ਦਾ ਬੱਠਲ ਮੇਰੇ ਸਿਰ ਇਉਂ ਵੱਜਿਆ ਕਿ ਮੈਂ ਇੱਕ ਮੈਂ ਇੱਕ ਹੋਰ ਆਪਣੀ ਹੀ ਵੱਖਰੀ ਸਾਹਿਤਕ ਸੰਸਥਾ ਦਾ ਉਦਘਾਟਨ ਜਾ ਕੀਤਾ।

Exit mobile version