ਜੂਨ ਮਹੀਨੇ ਹਰਦੀਪ ਸਿੰਘ ਨਿੱਝਰ ਦਾ ਸਰੀ ਵਿੱਚ ਕਤਲ ਹੋਇਆ ਸੀ
ਔਟਵਾ (ਪੰਜਾਬੀ ਅਖ਼ਬਾਰ ਬਿਊਰੋ) ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਵਰਨਣਯੋਗ ਹੈ ਕਿ ਸਰੀ ਸ਼ਹਿਰ ਵਿੱਚ ਸਥਿੱਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੂੰ 18 ਜੂਨ ਦਿਨ ਗੁਰਦੁਆਰੇ ਦੀ ਪਾਰਕਿੰਗ ਲਾਟ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਹਰਦੀਪ ਸਿੰਘ ਨਿੱਝਰ ਇੱਕ ਪ੍ਰਮੁੱਖ ਸਿੱਖ ਆਗੂ ਅਤੇ ਇੱਕ ਵੱਖਰੇ ਖਾਲਿਸਤਾਨੀ ਰਾਜ ਦਾ ਖੁੱਲਮਖੁਲਾ ਸਮਰਥਕ ਸੀ। ਉਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਸਰਗਰਮੀ ਕਾਰਨ ਪਹਿਲਾਂ ਵੀ ਧਮਕੀਆਂ ਦਾ ਸਿ਼ਕਾਰ ਰਿਹਾ ਸੀ। ਪਰ ਭਾਰਤ ਨੇ ਪਹਿਲਾਂ ਹੀ ਕਿਹਾ ਸੀ ਕਿ ਹਰਦੀਪ ਸਿੰਘ ਨਿੱਝਰ ਇੱਕ ਅੱਤਵਾਦੀ ਸੀ ਅਤੇ ਇੱਕ ਅੱਤਵਾਦੀ ਵੱਖਵਾਦੀ ਸਮੂਹ ਦੀ ਅਗਵਾਈ ਕਰਦਾ ਸੀ। ਜਸਟਿਨ ਟਰੂਡੋ ਨੇ ਅੱਜ ਸੋਮਵਾਰ 18 ਸਤੰਬਰ 2023 ਵਾਲੇ ਦਿਨ ਹਾਊਸ ਔਫ਼ ਕੌਮਨਜ਼ ਵਿੱਚ ਬੋਲਦਿਆਂ ਭਾਰਤ ਸਰਕਾਰ ਉੱਪਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਹੈ।ਜਸਟਿਨ ਟਰੂਡੋ ਨੇ ਕਿਹਾ, ਕੈਨੇਡੀਅਨ ਧਰਤੀ ਉੱਪਰ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਵਿਦੇਸ਼ੀ ਸਰਕਾਰ ਦੀ ਕੋਈ ਵੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਨ ਯੋਗ ਉਲੰਘਣਾ ਹੈ। ਪਰ ਭਾਰਤ ਨੇ ਪਹਿਲਾਂ ਹੀ ਨਿੱਝਰ ਦੇ ਕਤਲ ਨਾਲ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਕੈਨੇਡਾ ਵਿੱਚ ਅਣਸੁਲਝੇ ਹੋਏ ਇਸ ਕਤਲ ਨੇ ਭਾਰਤ -ਕਨੇਡਾ ਸਬੰਧਾਂ ਵਿਚਲੀਆਂ ਨਾਲ ਦਰਾੜਾਂ ਨੂੰ ਹੋਰ ਵਧਾ ਦਿੱਤਾ ਹੈ