ਜ਼ੁਲਮ ਦਾ ਬਦਲਾ ਲੈਣ ਵਾਲੀ ਬਹਾਦਰ ਔਰਤ ‘ਫੂਲਨ ਦੇਵੀ’
ਦੁਨੀਆ ਭਰ ਵਿੱਚ ਔਰਤਾਂ ਨਾਲ ਜਿਆਦਤੀਆਂ, ਉਹਨਾਂ ਦੀ ਆਬਰੂ ਤੇ ਇੱਜਤ ਨੂੰ ਤਾਰ ਤਾਰ ਕਰਨ ਜਾਂ ਉਹਨਾਂ ਦੇ ਹੱਕ ਹਕੂਕ ਖੋਹਣ ਦੀਆਂ ਘਟਨਾਵਾਂ ਆਮ ਵਰਤਾਰਾ ਬਣ ਚੁੱਕਾ ਹੈ। ਪਰ ਕੁਝ ਗਿਣਤੀ ਦੀਆਂ ਔਰਤਾਂ ਹੀ ਹੋਣਗੀਆਂ ਜੋ ਆਪਣੇ ਨਾਲ ਹੋਈ ਧੱਕੇਸ਼ਾਹੀ ਦਾ ਬਦਲਾ ਲੈਣ ਜਾਂ ਆਪਣੇ ਹੱਕਾਂ ਦੀ ਰਾਖੀ ਲਈ ਮੈਦਾਨ ਵਿੱਚ ਨਿੱਤਰੀਆਂ ਹੋਣ। ਅਜਿਹੀ ਹੀ ਇੱਕ ਬਹਾਦਰ ਔਰਤ ਸੀ ਫੂਲਣ ਦੇਵੀ, ਜਿਸਨੇ ਉੱਚ ਜਾਤੀ ਨਾਲ ਸਬੰਧਤ ਡਾਢਿਆਂ ਹੰਕਾਰੀਆਂ ਦਾ ਜਬਰ ਝੱਲਿਆ, ਸੰਤਾਪ ਹੰਢਾਇਆ ਅਤੇ ਫੇਰ ਡਾਕੂ ਬਣ ਕੇ ਜੰਗਲਾਂ ਵਿੱਚ ਰਹਿੰਦਿਆਂ ਬਦਲਾ ਲਿਆ। ਆਖ਼ਰ ਲੋਕ ਆਗੂ ਬਣ ਕੇ ਦੇਸ਼ ਦੀ ਲੋਕ ਸਭਾ ਦੀ ਮੈਂਬਰ ਵੀ ਬਣੀ।
ਫੂਲਣ ਦਾ ਜਨਮ ਉੱਤਰ ਪ੍ਰਦੇਸ ਦੇ ਇੱਕ ਛੋਟੇ ਜਿਹੇ ਪਿੰਡ ਘੁਰਾਹ ਕਾ ਪੁਰਵਾ ਵਿੱਚ ਇੱਕ ਗਰੀਬ ਮਲਾਹ ਦੇ ਘਰ ਹੋਇਆ। ਗਿਆਰਾਂ ਸਾਲ ਦੀ ਉਮਰ ਵਿੱਚ ਉਸਦੀ ਸ਼ਾਦੀ ਕਰ ਦਿੱਤੀ ਗਈ, ਪਰ ਸਹੁਰਿਆਂ ਨੇ ਉਸਨੂੰ ਛੱਡ ਦਿੱਤਾ। ਇਸ ਉਪਰੰਤ ਪਿੰਡ ਦੇ ਕੁਝ ਉੱਚ ਜਾਤੀ ਦੇ ਧਨਾਢ ਠਾਕੁਰਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਤੇ ਉਸਨੂੰ ਅਲਫ਼ ਨੰਗੀ ਕਰਕੇ ਪਿੰਡ ਵਿੱਚ ਘੁਮਾਇਆ। ਇਸ ਦਾ ਬਦਲਾ ਲੈਣ ਲਈ ਉਹ ਘਰ ਬਾਰ ਛੱਡ ਕੇ ਡਾਕੂ ਬਣ ਗਈ । ਉਸਨੇ ਆਪਣਾ ਸਬੰਧ ਬਿਕਰਮ ਡਾਕੂ ਨਾਲ ਬਣਾ ਲਿਆ, ਪਰ ਕੁਝ ਸਮੇਂ ਬਾਅਦ ਪੁਲਿਸ ਮੁੱਠਭੇੜ ਵਿੱਚ ਬਿਕਰਮ ਦੀ ਮੌਤ ਹੋ ਗਈ ।
ਕੁਝ ਸਮੇਂ ਉਪਰੰਤ ਫੂਲਣ ਨੇ ਆਪਣਾ ਗਰੋਹ ਬਣਾਇਆ। ਸਭ ਤੋਂ ਪਹਿਲਾਂ ਉਸਨੇ ਬਦਲਾ ਲੈਂਦਿਆਂ ਪਿੰਡ ਦੇ 22 ਠਾਕਰਾਂ ਦਾ ਕਤਲ ਕੀਤਾ, ਜਿਹਨਾਂ ਉਸਨੂੰ ਨੰਗੀ ਕਰਕੇ ਘੁਮਾਇਆ ਸੀ। ਫੂਲਣ ਉੱਚ ਜਾਤੀ ਦੇ ਲੋਕਾਂ ਨੂੰ ਨਫ਼ਰਤ ਕਰਦੀ ਸੀ ਜਦੋਂ ਕੇ ਗਰੀਬ ਲੋਕਾਂ ਦੀ ਹਮਦਰਦ ਸੀ। ਗਰੀਬ ਲੋਕ ਤਾਂ ਉਸਨੂੰ ਦੇਵੀ ਹੀ ਮੰਨਦੇ ਸਨ। ਫੂਲਣ ਦੇਵੀ ਸਿਰ ਕੁਲ 48 ਜੁਰਮ ਲਗਾਏ ਗਏ, ਜਿਹਨਾਂ ਚੋਂ 30 ਕਤਲ ਦੇ ਸਨ। ਕਾਫ਼ੀ ਸਾਲ ਡਾਕੂ ਦਾ ਜੀਵਨ ਬਤੀਤ ਕਰਨ ਉਪਰੰਤ ਉਸਨੇ ਆਤਮ ਸਮਰਪਣ ਕਰ ਦਿੱਤਾ ਅਤੇ ਉਹ ਆਮ ਜੀਵਨ ਬਤੀਤ ਕਰਨ ਲੱਗੀ। ਇਸੇ ਦੌਰਾਨ ਉਹ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਕੇ ਹਲਕਾ ਮਿਰਜਾਪੁਰ ਤੋਂ ਲੋਕ ਸਭਾ ਦੀ ਮੈਂਬਰ ਬਣੀ। 25 ਜੁਲਾਈ 2001 ਨੂੰ ਦਿੱਲੀ ਵਿਖੇ ਉਸਦੀ ਰਿਹਾਇਸ਼ੀ ਕੋਠੀ ਦੇ ਵਿਹੜੇ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ।
ਉਸਦੇ ਜੀਵਨ ਤੇ ਬਣੀ ਫਿਲਮ ਬੈਡਿੰਟ ਕੁਈਨ ਕਾਫ਼ੀ ਪ੍ਰਸਿੱਧ ਹੋਈ, ਭਾਵੇਂ ਉਸ ਫਿਲਮ ਵਿੱਚ ਵਿਖਾਏ ਨਗਨ ਅਵਸਥਾ ਵਾਲੇ ਸੀਨ ਸਨ, ਜਿਹਨਾਂ ਨੂੰ ਅਸਲੀਲਤਾ ਵਾਲੇ ਵੀ ਕਿਹਾ ਜਾਂਦਾ ਸੀ, ਪਰ ਜਦ ਕੋਈ ਦਰਸ਼ਕ ਫਿਲਮ ਵੇਖਦਾ ਤਾਂ ਅਸਲੀਲਤਾ ਤਾਂ ਉਸਦੇ ਮਨ ਤੇ ਉੱਭਰਦੀ ਦਿਖਾਈ ਹੀ ਨਹੀਂ ਦਿੰਦੀ ਸੀ ਕਿਉਂਕਿ ਦਰਸ਼ਕਾਂ ਦੀ ਭਾਵਨਾ ਫੂਲਣ ਨਾਲ ਹੋਈ ਧੱਕੇਸ਼ਾਹੀ ਤੇ ਉਸਦੇ ਬਦਲਾ ਲੈਣ ਦੇ ਹੌਂਸਲੇ ਨਾਲ ਜੁੜ ਜਾਂਦੀ ਸੀ।
ਔਰਤ ਹੁੰਦਿਆਂ ਆਪਣੇ ਨਾਲ ਹੋਈਆਂ ਧੱਕੇਸਾਹੀਆਂ ਵਿਰੁੱਧ ਡਟ ਕੇ ਮੁਕਾਬਲਾ ਕਰਨਾ ਅਤੇ ਸਫ਼ਲ ਹੋ ਜਾਣਾ ਉਸਦਾ ਦਲੇਰੀ ਭਰਿਆ ਕਦਮ ਹੈ।