ਏਹਿ ਹਮਾਰਾ ਜੀਵਣਾ

“ਜਿਸਮਾਂ  ਦੀ ਰਾਖ”


ਅਜ਼ਾਦੀ ਦੇ ਦਿਨ ਤੇ ਭਿ੍ਸ਼ਟਾਚਾਰੀ, ਬੇਰੁਜ਼ਗਾਰੀ, ਬੇਈਮਾਨੀ, ਨਾਬਰਾਬਰੀ, ਜਾਤੀ  ਨਫਰਤ, ਬਦਅਮਨੀ ਅਤੇ ਬਲਾਤਕਾਰੀਆਂ ਦੀ ਦਲਦਲ ਵਿੱਚ ਫਸੀ ਸਰਕਾਰ ਦਾ ਪ੍ਰਧਾਨ ਮੰਤਰੀ ਬੜੇ ਫ਼ਕਰ ਨਾਲ ਲੱਛੇਦਾਰ ਭਾਸ਼ਣ ਝਾੜ ਰਿਹਾ ਸੀ ਕਿ “ਅੱਜ ਮੇਰਾ ਦੇਸ਼ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ, ਸਾਡੀ ਸਰਕਾਰ ਆਉਣ ਨਾਲ ਫਿਰ ਤੋਂ ਦੇਸ਼ ਸੋਨੇ ਦੀ ਚਿੜੀ ਬਣ ਚੁੱਕਾ ਹੈ, ਜਿਸ ਕਰਕੇ ਹੁਣ ਮੇਰੇ  ਦੇਸ਼ ਦਾ ਨਾਮ ਦੁਨੀਆਂ ਦੇ ਬਿਹਤਰੀਨ ਦੇਸ਼ਾਂ ਵਿੱਚ ਗਿਣਿਆ ਜਾਣ ਲੱਗਾ ਹੈ ।” ਪ੍ਰਧਾਨ ਮੰਤਰੀ ਦਾ ਇਹ ਭਾਸ਼ਣ ਲਾਲ  ਦੀਵਾਰ ਤੇ ਬੈਠੇ ਦੂਰ ਦੇਸ਼ ਤੋਂ ਆਏ ਦੋ ਪ੍ਰਵਾਸੀ  ਪੰਛੀਆਂ ਨੇ  ਗਹੁ ਨਾਲ ਸੁਣਿਆ ਅਤੇ ਉਨ੍ਹਾਂ ਮਨ ਬਣਾ ਲਿਆ ਕਿ ਉਹ ਹੁਣ ਆਪਣੇ  ਦੇਸ਼ ਨਹੀਂ ਪਰਤਣਗੇ ਸਗੋਂ ਇਸ ਵਧੀਆ ਦੇਸ਼ ਵਿੱਚ  ਰਹਿ ਕੇ ਹੀ ਆਪਣਾ  ਬਾਕੀ ਜੀਵਨ ਬਸਰ ਕਰਨਗੇ । ਉਨ੍ਹਾਂ ਦੇ ਸਾਥੀ ਪੰਛੀਆਂ ਨੇ ਉਨ੍ਹਾਂ  ਨੂੰ ਬਹੁਤ ਸਮਝਾਇਆ ਪ੍ਰੰਤੂ ਉਹ ਆਪਣੇ ਫੈਸਲੇ  ਤੇ ਅੜੇ ਰਹੇ ।
        ਹੁਣ ਕੁਝ ਦਿਨਾਂ ਦੀ ਚਕਾਚੌੰਦ ਪਿੱਛੋਂ ਇਨ੍ਹਾਂ ਦੋਵਾਂ ਪੰਛੀਆਂ ਨੇ ਮਨੀਪੁਰ ਵੱਲ ਉਡਾਨ ਭਰੀ । ਇੱਥੇ ਪਹੁੰਚਦਿਆਂ ਹੀ ਉਨ੍ਹਾਂ ਸੁਣਿਆ ਕਿ ਇੱਥੇ ਕੁਝ ਕੁ ਦਿਨ ਪਹਿਲਾਂ ਹੀ ਦੋ ਬੇਕਸੂਰ ਔਰਤਾਂ ਨੂੰ ਅਲਫ਼ ਨਗਨ ਅਵੱਸਥਾ ਵਿੱਚ ਸ਼ਹਿਰ ਦੀਆਂ ਗਲੀਆਂ  ਵਿੱਚ ਘੁਮਾ ਕੇ ਬੇਲਗਾਮ ਭੀੜ ਦੇ ਗੁੰਡਿਆਂ ਵੱਲੋਂ ਉਨ੍ਹਾਂ ਨਾਲ ਬਲਾਤਕਾਰ ਕਰਨ ਉਪਰੰਤ ਮੌਤ  ਦੇ ਘਾਟ ਉਤਾਰ ਕੇ ਦਹਿਸ਼ਤ ਦਾ ਨੰਗਾ ਨਾਚ ਨੱਚਿਆ ਸੀ ਅਤੇ ਬਹੁਤ ਸਾਰੇ ਮਜ਼ਲੂਮਾਂ ਦੇ ਕਤਲੇਆਮ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਹ ਸਾਰਾ ਮੰਜ਼ਰ ਦੇਖ ਕੇ ਡਰਦਿਆਂ ਉਹ ਇੱਥੇ ਬਹੁਤੀ ਦੇਰ ਨਾ ਰੁਕੇ ।
                         ਅਗਲੀ ਉਡਾਨ ਦੌਰਾਨ ਉਹ ਕਸਬਾ ਨੂਹ ਅਤੇ ਮੈਵਾਤ (ਹਰਿਆਣਾ) ਵਿੱਚ ਰੁਕਣ ਲੱਗੇ ਪ੍ਰੰਤੂ ਮਨੁੱਖੀ ਮਾਸ ਦੀ ਗੰਧ ਅਤੇ ਸਾੜ ਫੂਕ ਦੇ ਭਿਆਨਕ ਦਿ੍ਸ਼ਾਂ ਨੇ  ਉਨ੍ਹਾਂ ਨੂੰ  ਇੱਥੇ ਵੀ ਨਾ ਰੁਕਣ ਦਿੱਤਾ । ਅਖੀਰ  ਉਹ ਉੱਡਦੇ  ਉੱਡਦੇ ਪੰਜਾਬ  ਦੇ ਇੱਕ ਪਿੰਡ  ਦੇ ਦਰਖ਼ਤ ਤੇ ਆਣ ਬੈਠੇ । ਅਜੇ ਉਹ ਬੈਠੇ ਹੀ ਸਨ ਕਿ ਉਨ੍ਹਾਂ  ਦੇਖਿਆ  ਕਿ ਇੱਕ  ਬਾਪ ਵੱਲੋਂ ਆਪਣੀ ਹੀ 16 ਸਾਲਾ ਧੀ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਨੂੰ  ਮੋਟਰਸਾਈਕਲ ਪਿੱਛੇ ਬੰਨ੍ਹ ਕੇ ਪਿੰਡ ਦੀਆਂ ਗਲੀਆਂ ਵਿੱਚ ਘੜੀਸਦਾ ਜਾ ਰਿਹਾ ਸੀ। ਇਹ ਵਹਿਸ਼ੀ ਕਾਰਾ ਤੱਕਦਿਆਂ ਉਨ੍ਹਾਂ  ਦੀਆਂ  ਅੱਖਾਂ ਵਿਚਲਾ  ਪਾਣੀ ਆਪ ਮੁਹਾਰੇ ਹੀ ਵਹਿ ਤੁਰਿਆ । ਡਰ ਅਤੇ ਦਹਿਸ਼ਤ ਦੇ ਮਹੌਲ ਕਾਰਨ ਉਹ  ਇਸ ਦਰਖ਼ਤ ਤੋਂ ਉੱਡ ਕੇ ਪਿੰਡ ਤੋਂ ਬਾਹਰ ਇੱਕ ਖੇਤ ਵਿੱਚ ਪਏ ਕਣਕ ਦੇ ਨਾੜ ਵਿੱਚ ਲੁਕ ਗਏ । ਲੰਬੀ ਉਡਾਣ ਦੀ ਥਕਾਵਟ ਕਾਰਨ ਇੱਥੇ ਲੁਕਦਿਆਂ ਹੀ ਉਨ੍ਹਾਂ  ਦੀ ਅੱਖ ਲੱਗ ਗਈ ਅਤੇ ਗੂੜ੍ਹੀ ਨੀਂਦ ਵਿੱਚ ਗੁਆਚ ਗਏ ।
    ਇਸੇ ਦੌਰਾਨ ਖੇਤ ਦਾ ਮਾਲਕ ਆਇਆ ਅਤੇ ਉਸ ਨੇ ਖੇਤ ਨੂੰ ਖਾਲੀ ਕਰਨ ਲਈ  ਖੇਤ ਵਿੱਚ ਪਏ ਨਾੜ ਨੂੰ  ਅੱਗ ਲਗਾ ਦਿੱਤੀ । ਅੱਖ ਝਪਕਦਿਆਂ ਹੀ ਅੱਗ ਦੀਆਂ  ਉੱਚੀਆਂ ਉੱਚੀਆਂ ਲਪਟਾਂ ਖੇਤ ਵਿਚੋਂ ਨਿਕਲਣ ਲੱਗੀਆਂ। ਚਾਰੇ ਪਾਸੇ ਫੈਲੇ ਧੂੰਏੰ ਨੇ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ । ਵਿਚਾਰੇ ਪੰਛੀਆਂ ਨੇ ਅੱਗ ਵਿੱਚੋੰ ਬਾਹਰ ਨਿਕਲਣ ਦੀ ਪੂਰੀ ਵਾਹ ਲਾਈ ਪਰ ਅੱਗ ਦੀਆਂ ਤੇਜ਼ ਲਪਟਾਂ ਨੇ ਪਲਾਂ ਅੰਦਰ ਹੀ ਦੋਵਾਂ ਕੋਮਲ ਸਰੀਰਾਂ ਨੂੰ ਆਪਣੀ ਬੁੱਕਲ ਲੈਂਦਿਆਂ ਰਾਖ ਵਿੱਚ ਤਬਦੀਲ ਕਰ ਦਿੱਤਾ । ਹੁਣ ਇੰਜ ਲਗਦਾ ਹੈ ਕਿ ਜਿਵੇਂ ਉਨ੍ਹਾਂ  ਪੰਛੀਆਂ ਦੇ ਜਿਸਮਾਂ ਦੀ ਰਾਖ ਉੱਡ ਉੱਡ ਕੇ ਦੂਰ ਦੂਰ ਤੱਕ  ਦੇਸ਼ ਦੇ ਬਿਹਤਰੀਨ  ਹੋਣ ਦੀ ਗਵਾਹੀ  ਭਰ ਰਹੀ ਹੋਵੇ ।
ਅਵਤਾਰ ਲੰਗੇਰੀ
Edmonton +91 9463260181
WhatsApp 

Show More

Related Articles

Leave a Reply

Your email address will not be published. Required fields are marked *

Back to top button
Translate »