“ਜਿੰਨਾ ਚਿਰ ਮੇਰੀ ਸਹੇਲੀ ਮੇਰੇ ਨਾਲ ਹੈ, ਮੈਨੂੰ ਕਾਹਦਾ ਖਤਰਾ?”

ਜਿੰਨਾ ਚਿਰ ਮੇਰੀ ਸਹੇਲੀ ਮੇਰੇ ਨਾਲ ਹੈ, ਮੈਨੂੰ ਕਾਹਦਾ ਖਤਰਾ?”

ਚਿਰੜ (ਭੂੰਡੀਆਂ)…….

 ਮੈਨੀਟੋਬਾ ਖੇਤੀ ਮਹਿਕਮੇ ‘ਚ ਕੰਮ ਕਰਨ ਵੇਲ਼ੇ ਦੀ ਪੁਰਾਣੀ ਡਾਕ- 2017

ਸੋਹਣਾ ਵੇਲ਼ਾ ਸੀ। ਸੋਇਆਬੀਨ, ਸਰ੍ਹੋਂ, ਸੂਰਜਮੁਖੀ ਦੇ ਖੇਤ, ਲਾਲ ਭੂੰਡੀ (Lady Bird Beetle) ਅਤੇ ਸਰ੍ਹੋਂ ਦਾ ਚੇਪਾ (Aphid). ਕੁਦਰਤ ਦੀ ਗੋਦ ਵਿੱਚ ਸਹਿਜੀਵਨ ਦੀ ਕਹਾਣੀ—

ਕਈ ਵਾਰ ਅਸੀਂ ਕੰਮ (work) ਦੀਆਂ ਗੱਲਾਂ ਦੋਸਤਾਂ ਨਾਲ ਸਾਂਝੀਆਂ ਨਹੀਂ ਕਰਦੇ। ਜਾਂ ਤਾਂ ਸਾਡੇ ਕੋਲ ਸਮਾਂ ਨਹੀਂ ਹੁੰਦਾ ਜਾਂ ਲੋੜ ਨਹੀਂ ਸਮਝਦੇ। ਕਈ ਵਾਰ ਸਾਡਾ ਕੰਮ ਅਤੇ ਸਾਡੀਆਂ ਇੱਛਾਵਾਂ ਬੇਜੋੜ ਹੁੰਦੀਆਂ ਨੇ। ਇਸ ਲਈ ਅਸੀਂ ਕੀ ਕੰਮ ਕਰਦੇ ਹਾਂ ਦੁਨੀਆਂ ਨੂੰ ਦੱਸਣਾ ਹੀ ਨਹੀਂ ਚਾਹੁੰਦੇ; ਲੁਕੋਣ ਲੱਗ ਪੈਂਦੇ ਹਾਂ। ਖ਼ਾਸ ਤੌਰ ਤੇ ਪਰਦੇਸਾਂ ਵਿੱਚ ਆ ਕੇ ਜਦ ਸਾਨੂੰ ਆਪਣੀ ਵਿੱਦਿਅਕ ਯੋਗਤਾ ਤੋਂ ਹੇਠਲਾ ਕੰਮ ਕਰਨਾ ਪੈਂਦਾ ਹੈ ਤਾਂ ਸਾਡੇ ਚੋਂ ਕੋਈ ਸੱਜਣ ਸ਼ਰਮ ਮਹਿਸੂਸ ਕਰਨ ਲੱਗ ਪੈਂਦੇ ਨੇ। ਸ਼ੇਅਰ ਨਹੀਂ ਕਰਦੇ।

ਸੋਸ਼ਲ ਮੀਡੀਆ ਤੇ ਅਸੀਂ ਅਕਸਰ ਗੱਡੀਆਂ, ਗਹਿਣੇ, ਪਿਸਤੌਲ, ਬੰਦੂਕਾਂ, ਬੁਲਟ, ਪਾਰਟੀ, ਵਕੇਸ਼ਨ ਫ਼ਨ ਟਾਈਮ, ਰਾਜਨੀਤਕ ਹਸਤੀਆਂ ਜਾਂ ਮਸ਼ਹੂਰ ਕਲਾਕਾਰਾਂ ਨਾਲ ਖਿੱਚੀਆਂ ਤਸਵੀਰਾਂ ਪੋਸਟ ਕਰਦੇ ਹਾਂ। ਆਪਣੇ ਆਪਣੇ ਸ਼ੌਕ ਮੁਤਾਬਕ ਮਾਨਸਿਕ ਖ਼ੁਸ਼ੀ ਪ੍ਰਾਪਤ ਕਰਨ ਲਈ ਇਹ ਸਭ ਕਰਨਾ ਸਾਡਾ ਹੱਕ ਵੀ ਹੈ ਤੇ ਆਜ਼ਾਦੀ ਵੀ। ਇਸ ਤੇ ਕਿੰਤੂ ਪ੍ਰੰਤੂ ਕਰਨਾ ਲਾਹੇਵੰਦ ਨਹੀਂ।

ਹਾਂ ਪਰ ਆਪਣੇ ਕੰਮ ਬਾਰੇ ਜਾਣਕਾਰੀ ਸਾਂਝੀ ਕਰਨਾ ਇੱਕ ਦੂਜੇ ਦੇ ਗਿਆਨ ਵਿੱਚ ਵਾਧਾ ਜ਼ਰੂਰ ਕਰ ਸਕਦਾ ਹੈ।

ਮੈਂ ਜਦ ਕਨੇਡੀਅਨ ਕਿਸਾਨਾਂ ਦੇ ਖੇਤਾਂ ਵਿੱਚ ਜਾਂਦਾ ਹਾਂ ਤਾਂ ਇੱਕ ਅਜੀਬ ਕਿਸਮ ਦਾ ਸਕੂਨ ਮਿਲਦੈ। ਜਦੋਂ ‘ਜੱਟ’ ਦਾ ਫ਼ੋਨ ਆ ਜਾਂਦੈ ਤਾਂ ਫਸਲ ਦੀ ਸਿਹਤ ਦਾ ਮੁਆਇਨਾ ਕਰਨ ਜਾਣਾ ਪੈਂਦਾ ਹੈ। ਖੇਤਾਂ ਵਿੱਚ ਜਾਣ ਵੇਲੇ ਕੁੱਝ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ। ਉਦਾਹਰਨ ਵਜੋਂ ਤੁਸੀਂ ਇੱਕ ਖੇਤ ਦੀ ਮਿੱਟੀ ਨਾਲ ਲਿੱਬੜੇ ਪੈਰ ਦੂਜੇ ਖੇਤ ਵਿੱਚ ਨਹੀਂ ਲਿਜਾ ਸਕਦੇ। ਉਸ ਨਾਲ ਮਿੱਟੀ ਵਿਚਲੀ ਬਿਮਾਰੀ ਦੂਜੇ ਖੇਤ ਤੱਕ ਫੈਲ ਸਕਦੀ ਹੈ। ਫਿਰ ਤੁਸੀਂ ਆਪਣੇ  ਬੂਟਾਂ ਉੱਤੋਂ ਦੀ ਡਿਸਪੋਜ਼ੇਬਲ ਪਲਾਸਟਿਕ ਬੂਟੀਜ਼ ਪਾਉਂਦੇ ਹੋ। ਇਸ  ਨੂੰ ਬਾਇਓਸਿਕਿਉਰਿਟੀ ਪਰੋਟੋਕੋਲ ਕਹਿੰਦੇ ਨੇ। ਕਿਸੇ ਵੀ ਖੇਤ ਵਿੱਚ ਵੜਨ ਤੋਂ ਪਹਿਲਾਂ ਤੁਹਾਨੂੰ ਜ਼ਿਮੀਂਦਾਰ ਦੀ ਆਗਿਆ ਲੈਣੀ ਪੈਂਦੀ ਹੈ। ਕਈ ਵਾਰ ਤੁਹਾਨੂੰ ਚਮਕਦਾਰ ਵਰਕ ਜਾਕਟ ਵੀ ਪਾਉਣੀ ਪੈਂਦੀ ਹੈ ਤਾਂ ਕਿ ਦੂਰੋਂ ਦੂਰਬੀਨ ਰਾਹੀਂ ਵੇਖ ਰਿਹਾ ਮਾਲਕ ਇਹ ਜਾਣ ਸਕੇ ਕਿ ਮੇਰੇ ਖੇਤ ਵਿੱਚ ਤੁਰ ਰਿਹਾ ਇਹ ਜੀਵ ਰਿੱਛ ਹੈ, ਹਿਰਨ ਹੈ ਜਾਂ ਬੰਦਾ।

ਜਿੱਥੇ ਪੀਲੇ ਫੁੱਲਾਂ ਵਾਲੀ ਸਰ੍ਹੋਂ ਵਿੱਚ ਤਸਵੀਰਾਂ ਖਿੱਚ ਕੇ ਅਨੰਦ ਆਉਂਦੈ ਓਥੇ ਫਲ਼ੀਆਂ ਤੇ ਆਈ ਸੰਘਣੀ ਸਰੋ੍ਂ ਚੋਂ ਲੰਘਣਾ ਬੰਦੇ ਨੂੰ ਰੋਣ ਹਾਕਾ ਕਰ ਦਿੰਦੈ। ਕੇਸਾਂ ‘ਚ ਫਸਿਆ ਗੁੱਤ ਪੱਟਣਾ ਕੱਢਣ ਵਾਲੀ ਗੱਲ ਹੁੰਦੀ ਹੈ।

ਅੱਜ-ਕੱਲ੍ਹ ਸੋਇਆਬੀਨ ਦੀ ਫਸਲ ਹਰੀ ਕਚਾਰ ਹੈ। ਚੇਪੇ (Aphid) ਦਾ ਹਮਲਾ ਵੀ ਵੇਖਣ ਨੂੰ ਮਿਲਦੈ। ਇੱਥੋਂ ਦੇ ਜ਼ਿਮੀਂਦਾਰ ਗੁਆਂਢੀ ਦੀ ਰੀਸ ਨਾਲ ਸਪਰੇਅ ਨਹੀਂ ਕਰਦੇ। ਪਹਿਲਾ ਸਾਨੂੰ ਬੁਲਾਉਂਦੇ ਨੇ। ਅਸੀਂ ਖੇਤ ਚੋਂ ਬੂਟਿਆਂ ਦੇ ਸੈਂਪਲ ਲੈ ਕੇ ਚੇਪੇ ਦੀ ਔਸਤ ਗਿਣਤੀ ਨਿਰਧਾਰਿਤ ਕਰਦੇ ਹਾਂ। ਪ੍ਰਤੀ ਬੂਟਾ ਚੇਪੇ ਦੀ ਇੱਕ ਖ਼ਾਸ ਗਿਣਤੀ ਹੋਣ ਤੇ ਝਾੜ ਵਿੱਚ ਘਾਟਾ ਹੋਣ ਦੀ ਉਮੀਦ ਹੁੰਦੀ ਹੈ। ਉਸ ਤੋਂ ਪਹਿਲਾਂ ਸਪਰੇਅ ਕਰਨਾ ਸਿਆਣਪ ਨਹੀਂ ਹੁੰਦਾ।

ਇੱਕ ਭੂੰਡੀ (Asian Lady bug) ਪ੍ਰਤੀ ਦਿਨ 100-150 ਚੇਪਾ ਖਾ ਜਾਂਦੀ ਹੈ। ਅਜਿਹੇ ਕੀੜਿਆਂ ਨੂੰ ਮਿੱਤਰ ਕੀੜੇ ਕਹਿ ਦੇਈਦੈ। ਜਿਸ ਖੇਤ ਵਿੱਚ ਇਹ ਭੂੰਡੀ ਹੋਵੇ ਓਥੇ ਜਿ਼ਮੀਦਾਰ ਸਪਰੇਅ ਨਹੀਂ ਕਰਦੇ ਤਾਂ ਕਿ ਇਹ ਭੂੰਡੀ ਨਾਂ ਮਰ ਜਾਵੇ।

ਪਿਛਲੇ ਹਫ਼ਤੇ ਜਦ ਮੈਂ ਜਿ਼ਮੀਂਦਾਰ ਨੂੰ ਦੱਸਿਆ ਕਿ ਤੇਰੇ ਖੇਤ Asian Lady bug ਬਹੁਤ ਹੈ ਤਾਂ ਉਹ ਹੱਸ ਕੇ ਕਹਿਣ ਲੱਗਿਆ, “ਜਿੰਨਾ ਚਿਰ ਮੇਰੀ ਸਹੇਲੀ ਮੇਰੇ ਨਾਲ ਹੈ, ਮੈਨੂੰ ਕਾਹਦਾ ਖਤਰਾ?”

ਉਹ ਤਾਂ ਇਹ ਆਖ ਕੇ ਆਪਣਾ ਟਰੱਕ ਭਜਾ ਕੇ ਲੈ ਗਿਆ ਤੇ ਮੈਂ ਆਪਣੀ ਪੁਰਾਣੀ ਜਿਹੀ ਹਾਂਡਾ ਸਿਵਿਕ ਚ ਵਾਪਸ ਚੱਲ ਪਿਆ। ਰਾਹ ਵਿੱਚ ਮੈਂ ਸੋਚ ਰਿਹਾ ਸਾਂ ਕਿ ਜੇ ਵੱਡੇ ਬਾਪੂ ਜੀ ਹੋਰੀਂ ਕੁੱਕੜ,ਸ਼ਰਾਬ ਅਤੇ ਸ਼ੁਕੀਨੀ ਦੀਆਂ ਚਿਰੜ ਭੂੰਡੀਆਂ ਨਾਂ ਕੱਢਦੇ ਤਾਂ ਸਾਨੂੰ ਗੋਰਿਆਂ ਦੇ ਖੇਤ ਭੂੰਡੀਆਂ ਗਿਣਨ ਦਾ ਮੌਕਾ ਕਿੱਥੇ ਮਿਲਣਾ ਸੀ?

ਸਰਪੈਂਚ ਦਾ ਪੋਤਰਾ ਚਿੱਟਾ ਕੁੜਤਾ ਪਜਾਮਾ ਪਾ ਕੇ ਬੰਬੀ ਤੇ ਬੈਠਾ ਹੁੰਦਾ। ਰਿਜ਼ਕ ਦੀ ਭਾਲ ਵੀ ਵੇਖੋ ਕਿੰਨੇ ਨਵੇਂ ਰਾਹ ਖੋਲ੍ਹਦੀ ਹੈ….. ਅੱਲਾ ਬੇਲੀ।

ਕੈਨੇਡਾ ਦੀ ਮੈਨੀਟੋਬਾ ਐਸੰਬਲੀ ਦੇ ਮੌਜੂਦਾ ਐਮ ਐਲ ਏ ਸ: ਦਿਲਜੀਤ ਬਰਾੜ ਦੀ ਫੇਸਬੁੱਕ ਉਪਰੋਂ ਉਹਨਾਂ ਦੇ ਖੇਤੀਬਾੜੀ ਮਹਿਕਮੇ ਵਿੱਚ ਨੌਕਰੀ ਕਰਨ ਦੇ ਸਮੇਂ ਦੀ 7 ਸਾਲ ਪੁਰਾਣੀ ਪੋਸਟ ਪੰਜਾਬੀ ਅਖ਼ਬਾਰ ਦੇ ਪਾਠਕਾਂ ਲਈ

Exit mobile version