ਓਹ ਵੇਲ਼ਾ ਯਾਦ ਕਰ

ਜਿੱਥੇ ਮੋਟੇ ਭਾਰੇ ਜਮਦੂਤ ਲੰਘਣਗੇ ਮੈਂ ਵੀ ਮਗਰੇ ਲੰਘ ਤੁਰੂੰ —


ਕਦੇ ਜ਼ਿੰਦਗੀ ਤੋਂ ਤੇ ਕਦੇ ਮੌਤੋਂ ਡਰਦੇ ਹਾਂ
ਅਸੀਂ ਜੀਵਨ ਦੇ ਨਾਂ ਤੇ ਮਰਨ ਦਾ ਅਭਿਆਸ ਕਰਦੇ ਹਾਂ।

(ਸੁਰਜੀਤ ਜੱਜ)
ਸਾਡੇ ਸਮਾਜ ਵਿੱਚ ਧਰਮ ਦੀ ਛਤਰਛਾਇਆ ਅਤੇ ਛਿੱਤਰਛਾਇਆ ਹੇਠ ਪਲ਼ਦੀ ਸਾਡੀ ਪੀੜ੍ਹੀ ਹਰ ਵੱਡੀ ਹੋਂਦ ਤੋਂ ਹੀ ਡਰਦੀ ਰਹੀ ਹੈ। ਵਿਵਰਜਿਤ ਰੁੱਤਾਂ ਅੰਦਰ ਸਾਡੀ ਮੌਲਦੀ ਉਮਰੇ ਸਾਨੂੰ ਹਦਾਇਤਾਂ ਹੀ ਪੈਰ ਪੈਰ ਤੇ ਭੈ ਭੀਤ ਕਰਦੀਆਂ ਰਹੀਆਂ। ਹੁਣ ਲੱਗਦਾ ਹੈ ਡਰ ਦੀ ਭਾਵਨਾ ਹੀ ਸਭ ਤੋਂ ਸੰਘਣਾ ਅਸਰ ਪਾਉਂਦੀ ਰਹੀ ਹੈ। ਮਾੜੇ ਕੰਮਾਂ ਤੋਂ ਵਰਜਣ ਅਤੇ ਸ਼ੁਭ ਕਾਰਜ ਵੱਲ ਪ੍ਰੇਰਣ ਲਈ ਨਰਕ-ਸੁਰਗ ਦੇ ਲਾਰੇ ਮੌਤ ਪਿੱਛੋਂ ਵੀ ਖਹਿੜਾ ਨਹੀਂ ਛੱਡਦੇ ਸੀ।

ਇੱਕ ਵਾਰੀ ਗੁਰਚਰਨ ਸਿੰਘ ਟੌਹੜਾ ਦੀ ਹਾਜ਼ਰੀ ਵਿੱਚ ਰਾਗੀ ਗਾ ਰਹੇ ਸਨ –
ਓਥੇ ਭੀੜੀਆਂ ਸੁਣੀਂਦੀਆਂ ਗਲ਼ੀਆਂ ਜਿੱਥੋਂ ਦੀ ਜਮ ਲੈ ਕੇ ਜਾਣਗੇ।
ਟੌਹੜਾ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਕਿਹਾ – ਮੈਨੂੰ ਡਰਾਓ ਨਾ, ਜਿੱਥੇ ਮੋਟੇ ਭਾਰੇ ਜਮਦੂਤ ਲੰਘਣਗੇ ਮੈਂ ਵੀ ਮਗਰੇ ਲੰਘ ਤੁਰੂੰ।

ਇਉਂ ਪੁਰਸਲਾਤ ਦਾ ਰਾਹ ਔਖਾ ਦਰਸਾ ਕੇ ਸਹਿਮ ਬੀਜਿਆ ਜਾਂਦਾ ਹੈ। ਵਿਿਗਆਨਕ ਸੋਚ ਨੇ ਡਰ ਦਾ ਕਾਰਣ ਅਗਿਆਨਤਾ ਕਿਹਾ ਹੈ। ਡਰ ਦੇ ਕਈ ਹੋਰ ਕਾਰਣ ਵੀ ਹੋਣਗੇ। ਜ਼ਿੰਦਗੀ ਵਿੱਚ ਵੇਖੇ, ਵਾਪਰੇ ਅਤੇ ਹੰਢਾਏ ਹਾਦਸਿਆਂ ਦਾ ਘੱਟਾ ਅੱਖਾਂ ਵਿੱਚ ਰੜਕਦਾ ਡਰ ਪਾਉਂਦਾ ਹੈ। ਕਿਸੇ ਪਿਆਰੇ ਨੂੰ ਸਿਵੇ ਵਿੱਚ ਬਲ਼ਦਾ ਵੇਖ ਸੀਨੇ ਧੁਖਦਾ ਸਿਵਾ ਹਮੇਸ਼ਾ ਸਹਿਮ ਪਾਉਂਦਾ ਹੈ। ਦੁਆਲ਼ੇ ਹੋਰਾਂ ਤੇ ਮੰਡਰਾਉਂਦੀ ਹੋਣੀ ਕਈਆਂ ਨੂੰ ਹਨੇਰੇ ਤੋਂ, ਸੱਪ ਤੋਂ, ਉਚਾਈ ਤੋਂ ਜਾਂ ਅੱਗ ਪਾਣੀ ਤੋਂ ਵੀ ਡਰਾ ਦਿੰਦੀ ਹੈ। ਸਾਨੂੰ ਤਾਂ ਸਹੁਰਿਆਂ ਦੀ ਸਰਦਲ ਅੰਦਰ ਕਦਮ ਰੱਖਦਿਆਂ ਵੀ ਸਹਿਮ ਆਉਂਦਾ ਰਿਹਾ। ਬਚਪਨ ਤੋਂ ਹੀ ਸੁਣਦੇ ਸੀ -ਲੱਗੂ ਪਤਾ ਜਦ ਸਹੁਰੇ ਘਰ ਜਾਏਂਗੀ। ਹੋਰ ਵੀ ਡਰ ਨਾਲ ਹੋ ਤੁਰਦੇ ਹਨ ਕਿਸੇ ਪਿਆਰੇ ਦੇ ਐਕਸੀਡੈਂਟ ਦਾ ਤੌਖਲਾ, ਕੰਗਾਲ ਹੋ ਜਾਣ ਦਾ ਡਰ, ਦੇਹੀ ਦੇ ਅਪਾਹਜ ਹੋ ਜਾਣ ਦਾ ਝੋਰਾ, ਕਿਸੇ ਦੂਜੇ ਦੇ ਰਾਹ ਜਾਂਦਿਆਂ ਹੀ ਗਲ਼ ਪੈ ਕੇ ਬੇਇੱਜ਼ਤ ਕਰਨ ਦਾ ਡਰ ਤੇ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਕਿਸੇ ਦੇ ਬੋਲ ਵੀ ਰੜਕਣ ਲਗਦੇ ਹਨ। ਟੈਲੀਵਿਯਨ ਤੇ ਦਿਖਾਈ ਜਾਂਦੀ ਖੌਫ਼ਨਾਕ ਘਟਨਾ, ਖ਼ੂਨਖਰਾਬਾ ਦੇਖ ਕੇ ਦਹਿਲ ਜਾਈਦਾ ਹੈ। ਡਰ ਲੱਗਣ ਸਮੇਂ ਕਾਂਬਾ ਜਾਂ ਪਸੀਨਾ ਛੁਟਦਾ ਹੈ, ਮੂੰਹ ਸੁਕਦਾ ਹੈ, ਬੋਲ ਥਥਲਾ ਜਾਂਦੇ ਹਨ, ਸੋਚਣ ਸ਼ਕਤੀ ਖੀਣੀ ਹੋ ਜਾਂਦੀ ਹੈ, ਰੌਗਟੇ ਖੜ੍ਹੇ ਹੋ ਜਾਂਦੇ ਹਨ। ਹਰ ਸਮੇ ਅਜੀਬ ਬੇਚੈਨੀ, ਅਚਵੀ ਅਤੇ ਬੇਵਿਸ਼ਵਾਸੀ ਦਾ ਆਲਮ ਛਾਇਆ ਰਹਿੰਦਾ ਹੈ। ਅਸੀਂ ਅਵਾਕ ਹੋ ਜਾਂਦੇ ਹਾਂ। ਵਹਿਮੀ ਮਨੁੱਖ ਕਲਪਣਾ ਵਿੱਚ ਕੋਈ ਹੋਣੀ ਜਾਂ ਖ਼ਤਰਾ ਕਿਆਸ ਕੇ ਹਰ ਸਮੇਂ ਡਰਦਾ ਹੈ। ਡਰ ਦਾ ਆਧਾਰ ਵਹਿਮ, ਚਿੰਤਾ, ਬੇਚੈਨੀ, ਸ਼ੰਕਾ ਅਤੇ ਸੁਰੱਖਿਆ ਦਾ ਮਨਫੀ ਹੋਣਾ ਹੈ। ਕਈਆਂ ਨੂੰ ਅੰਦਰਲਾ ਪਾਲ਼ਾ ਵੀ ਦਹਿਲਾ ਦਿੰਦਾ ਹੋਣਾ। ਕਈ ਲੋਕ ਆਪਣਾ ਹੀ ਸਾਹਮਣਾ ਕਰਨ ਤੋਂ ਸਹਿਮਦੇ ਹਨ। ਕਵੀ ਲਿਖਦਾ ਹੈ –
ਬੂਹੇ ਢੋ ਕੇ ਬੱਤੀ ਰੌਸ਼ਨ ਕਰਦੇ ਨੇ
ਹੁਣ ਲੋਕੀ ਆਪਣੇ ਆਪ ਤੋਂ ਹੀ ਡਰਦੇ ਨੇ।

ਇਕੱਲਤਾ ਤੋਂ ਡਰਦੇ ਲੋਕ ਹੀ ਖੁਦਕੁਸ਼ੀ ਕਰਦੇ ਮੌਤ ਨੂੰ ਮਾਸੀ ਆਖਦੇ ਹੋਣੇ। ਪਰ ਗੁਰਬਾਣੀ ਨੇ ਅਜਿਹੀ ਡੋਲਦੀ ਮਨੋਸਥਿਤੀ ਨੂੰ ਸਾਵਾਂ ਕਰਦਿਆਂ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨਕਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਭੈ-ਭੀਤ ਹੋਏ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਵਾ ਲਾਖ ਸੇ ਏਕ ਲੜਾਊਂ ਜਿਹਾ ਬਲ ਬਖ਼ਸ਼ ਕੇ ਹੌਸਲਾ ਭਰਿਆ ਸੀ। ਅੱਜ ਤੱਕ ਉਹ ਖਾਲਸਾ ਪੂਰੀ ਭੀੜ ਨਾਲ ਜਾ ਮੱਥਾ ਲਾਉਂਦਾ ਹੈ, ਜਦੋਂ ਕਿ ਕਮਜ਼ੋਰ, ਬੁਜ਼ਦਿਲ ਅਤੇ ਕਮੀਨੇ ਲੋਕ ਇਕੱਠੇ ਹੋਕੇ ਕਿਸੇ ਇਕੱਲੇ ਅਤੇ ਨਿਹੱਥੇ ਉਪਰ ਵਾਰ ਕਰਦੇ ਹਨ। ਅਸੀਂ ਸਾਖੀਆਂ ਸੁਣੀਆਂ ਹਨ ਕਿ ਮਰਜੀਵੜੇ ਜੋ ਮਰਣ ਕਬੂਲ ਕਰਦੇ ਕਿਸੇ ਅਣਖ ਖਾਤਰ ਮੈੇਦਾਨੇ ਜੰਗ ਜਾ ਨਿਤਰਦੇ ਸਨ। ਜਾਨ ਤਲ਼ੀ ਤੇ ਧਰ ਕੇ ਛਾਤੀਆਂ ਤੇ ਬੰਬ ਬੰਨ੍ਹ ਕੇ ਮੌਤ ਕਬੂਲਦੇ ਸੂਰਮਗਤੀ ਤੱਕ ਅਪੜਦੇ ਹਨ। ਅਜੇਹੇ ਮਰਨੋ ਮੂਲ ਨਾ ਡਰਦੇ ਹੋਣ, ਲੋਕ ਉਨ੍ਹਾਂ ਦੀਆਂ ਵਾਰਾਂ ਗਾਉਂਦੇ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਛੋਟੇ ਸਾਹਿਬਜ਼ਾਦੇ ਹਨ। ਜਿੰਨ੍ਹਾਂ ਨੇ ਇਤਿਹਾਸ ਦੀ ਹਿੱਕ ਤੇ ਪੈੜ ਕਰ ਵਿਖਾਈ ਹੈ। ਡਰ ਦਾ ਸੰਬੰਧ ਉਮਰ ਨਾਲ ਵੀ ਹੈ। ਜਵਾਨ ਉਮਰੇ ਖ਼ਤਰਿਆਂ ਨਾਲ ਮੱਥਾ ਲਾਉਣਾ ਸੌਖਾ ਹੁੰਦਾ ਹੈ। ਬਜ਼ੁਰਗ ਬੈਠੇ ਝੂਰਦੇ ਹਨ ਕਿ ਇਨ੍ਹਾਂ ਦਾ ਜਿਉਣ ਨੂੰ ਜੀਅ ਕਿਉਂ ਨਹੀਂ ਕਰਦਾ। ਕਿਹਾ ਜਾਂਦਾ ਹੈ ਹਰੀ ਸਿੰਘ ਨਲੂਆ ਬਹੁਤ ਬਹਾਦਰ ਸੂਰਮਾ ਯੋਧਾ ਸੀ । ਮਾਵਾਂ ਲੋਰੀ ਦੇਣ ਸਮੇਂ ਆਖਦੀਆਂ ਸਨ -ਸੌਂ ਜਾ ਨਹੀਂ ਨਲੂਆ ਆ ਜੂ। ਮਨੋਵਿਿਗਆਨੀ ਆਖਦੇ ਹਨ ਇਹ ਮਾਨਸਿਕ ਸਥਿੱਤੀ ਸਾਡੇ ਹੰਢੇ ਵਰਤੇ ਸੰਸਾਰ ਤੋਂ ਜਨਮਦੀ ਹੈ। ਜੋ ਨਹੀਂ ਡਰਦੇ ਉਹ ਹੋਰਨਾਂ ਲਈ ਹੌਸਲਾ ਦਿੰਦੇ ਆਖਦੇ ਹਨ – ਕਿਉਂ ਡਰੇਂ ਜ਼ਿੰਦਗੀ ਮੇਂ ਕਿਆ ਹੋਗਾ, ਕੁਛ ਨ ਹੋ ਤੋ ਤਜਰਬਾ ਤੋ ਹੋਗਾ। ਉਂਝ ਵੀ ਇਹ ਦੁਨੀਆਂ ਡਰਦੇ ਨੂੰ ਡਰਾਉਂਦੀ ਹੈ। ਪਰ ਕਿਸੇ ਹੱਦ ਤੱਕ ਸਮਾਜ ਦਾ ਕਾਇਦਾ ਕਾਨੂੰਨ ਬਰਕਰਾਰ ਰੱਖਣ ਲਈ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਉਨ੍ਹਾਂ ਨੂੰ ਅੰਦਰਲਾ ਪਾਲ਼ਾ ਹੀ ਮਾਰਨ ਲਗਦਾ ਹੈ। ਡਰ ਨੂੰ ਸਰ ਕਰਨ ਲਈ ਅੰਦਰਲੇ ਸੱਚ ਦੀ ਲੋੜ ਹੈ। ਜੋ ਠੀਕ ਰਾਹ ਤੇ ਹੈ ਉਸ ਨੂੰ ਕੋਈ ਤਾਕਤ ਝੁਕਾ ਜਾਂ ਡਰਾ ਨਹੀਂ ਸਕਦੀ। ਪਰ ਜੋ ਗ਼ਲਤ ਹੈ ਉਹ ਡਰ ਡਰ ਕੇ ਨਿੱਤ ਮਰਦਾ ਹੈ। ਕਿਹਾ ਜਾਂਦਾ ਹੈ ਜੀਵਨ ਇੱਕ ਵਾਰੀ ਮਿਲਣਾ ਹੈ ਪਰ ਅਸਲ ਇਹ ਹੈ ਕੇ ਜੇ ਚਾਹੀਏ ਤਾਂ ਜ਼ਿੰਦਗੀ ਨਿੱਤ ਨਵਾਂ ਰੂਪ ਧਾਰਨ ਕਰ ਮਿਲਦੀ ਹੈ ਤੇ ਮੌਤ ਇੱਕੋ ਵਾਰ ਆਉਣੀ ਹੈ। ਰੱਬ ਤੋਂ ਬਿਨਾ ਕੋਈ ਡਰ ਨਾ ਰੱਖੋ। ਲੋਕਾਂ ਨਾਲੋਂ ਤੰਦਾਂ ਨਾ ਤੋੜੋ। ਵੱਧ ਲੋਕਾਂ ਵਿੱਚ ਜੀਓਗੇ ਅੰਦਰਲਾ ਵੱਧ ਮੋਕਲ਼ਾ ਹੋ ਕੇ ਡਰ ਨੂੰ ਖੋਰ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »