ਜੀਹਨੂੰ ਕਿਸਾਨ ਆਗੂਆਂ ਨੇ ਗੱਦਾਰ ਦਾ ਤਮਗਾ ਦਿੱਤਾ ਉਹੀ ਡੱਲੇਵਾਲ ਨਾਲ ਡਟਿਆ

ਕਿਸਾਨ ਅੰਦੋਲਨ ਵੇਲੇ ਜੀਹਨੂੰ ਕਿਸਾਨ ਆਗੂਆਂ ਨੇ ਗੱਦਾਰ ਦਾ ਤਮਗਾ ਦਿੱਤਾ ਉਹੀ ਡੱਲੇਵਾਲ ਨਾਲ ਡਟਿਆ –
ਕੀ ਬਾਕੀ ਕਿਸਾਨ ਜਥੇਬੰਦੀਆਂ ਦੇ ਆਗੂ ਡੱਲੇਵਾਲ ਦੇ ਸ਼ਰਧਾਂਜਲੀ ਸਮਾਗਮ ਤੇ ਹੀ ਪਹੁੰਚਣਗੇ?

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੋ ਖਨੌਰੀ ਬਾਰਡਰ ਤੇ ਪਿਛਲੇ 24 ਦਿਨਾਂ ਤੋਂ ਮਰਨ ਵਰਤ ਉੱਪਰ ਬੈਠੇ ਹਨ, ਅੱਜਕੱਲ੍ਹ ਉਹਨਾਂ ਦੀ ਹਾਲਤ ਨਾਜ਼ੁਕ ਹੋ ਚੁੱਕੀ ਹੈ, ਉਹਨਾਂ ਦੀ ਦੇਖ-ਭਾਲ ਕਰ ਰਹੇ ਡਾਕਟਰ ਸਵੈਮਾਨ ਸਿੰਘ ਦੀ ਟੀਮ ਨੇ ਚਿੰਤਾ ਜਤਾਈ ਕੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹਰ ਰੋਜ਼ ਘਟ ਰਹੀ ਹੈ, ਉਹਨਾਂ ਨੂੰ ਉਲਟੀਆਂ ਲੱਗ ਗਈਆਂ ਤੇ ਉਹ ਬੇਹੋਸ਼ ਹੋ ਕੇ ਡਿੱਗ ਪਏ ਹਨ। ਪੰਜਾਬ ਦੇ ਜਰਨੈਲ ਜਗਜੀਤ ਸਿੰਘ ਡੱਲੇਵਾਲ ਦੀ ਸਿੱਧੂਪੁਰ ਜਥੇਬੰਦੀ ਦੇ ਆਗੂ ਅਹੁਦੇਦਾਰ ਭਾਵੇਂ ਉਹਨਾਂ ਨੂੰ ਸੰਭਾਲ ਰਹੇ ਹਨ ਪਰ ਫਿਰ ਵੀ ਉਮਰਦਰਾਜ ਹੋਣ ਕਾਰਨ ਦਿਨੋ ਦਿਨ ਉਹਨਾਂ ਦੀ ਸਿਹਤ ਵਿੱਚ ਨਿਘਾਰ ਆ ਰਿਹਾ ਹੈ। ਪੰਜਾਬ ਦੇ ਲੋਕਾਂ ਲਈ ਇਹ ਬੜੀ ਹੀ ਔਖੀ ਘੜੀ ਹੈ ਡੱਲੇਵਾਲ ਬੜੇ ਨਾਜ਼ੁਕ ਦੌਰ ਵਿੱਚੋਂ ਗੁਜਰ ਰਿਹਾ ਹੈ।
ਇਹਨਾਂ ਸਤਰਾਂ ਦਾ ਲੇਖਕ ਭਾਵੇਂ ਨਵੰਬਰ ਮਹੀਨੇ ਤੋਂ ਕੈਨੇਡਾ ਗਿਆ ਹੋਇਆ ਹੈ ਫੇਰ ਵੀ ਉੱਥੇ ਬੈਠਾ ਪੰਜਾਬ ਦੇ ਹਾਲਾਤਾਂ ਉੱਪਰ ਨਜ਼ਰ ਰੱਖ ਰਿਹਾ ਹੈ ਅਤੇ ਕਲਮ ਜ਼ਰੀਏ ਆਪਣਾ ਫ਼ਰਜ਼ ਨਿਭਾ ਰਿਹਾ ਹੈ। ਉਨ੍ਹਾਂ ਦੇ ਵਿਚਾਰਾਂ ਨਾਲ ਭਾਵੇਂ ਤੁਸੀਂ ਸਾਰੇ ਨਾਂ ਸਹਿਮਤ ਹੋਵੋ, ਪਰ ਕਲਮਾਂ ਵਾਲੇ ਵੀ ਆਪਣੀ ਕਲਮ ਨਾਲ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਯੋਧਿਆਂ ਨਾਲ ਖੜਦੇ ਰਹੇ ਹਾਨ। ਕੀ ਬਾਕੀ ਕਿਸਾਨ ਜਥੇਬੰਦੀਆਂ ਬਾਪੂ ਡੱਲੇਵਾਲ ਦੀ ਅੰਤਿਮ ਅਰਦਾਸ ਵਿੱਚ ਆ ਕੇ ਹੀ ਸ਼ਰਧਾਂਜਲੀ ਭੇਂਟ ਕਰਕੇ ਮੁੜਨਗੀਆਂ? ਇਸ ਗੱਲ ਦੀ ਬਹੁਤ ਚਿੰਤਾ ਸਤਾਈ ਜਾ ਰਹੀ ਹੈ ਕਿ ਜੇਕਰ ਜਥੇਬੰਦੀ ਦਾ ਜਰਨੈਲ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਇਹ ਸਾਡੇ ਪੂਰੇ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਨਮੋਸ਼ੀ ਵਾਲੀ ਗੱਲ ਹੋਵੇਗੀ ਕਿ ਅਸੀਂ ਆਖਰੀ ਸਮੇਂ ਉਹਨਾਂ ਨਾਲ ਨਹੀਂ ਖੜ੍ਹੇ ।ਜਦੋਂ ਕਿ ਉਹ ਅਪਣੇ ਨਿੱਜੀ ਮੁਫਾਦਾਂ ਖਾਤਰ ਮਰਨ ਵਰਤ ਉੱਪਰ ਨਹੀਂ ਬੈਠਾ ਸਗੋਂ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਲਈ ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਮਰਨ ਵਰਤ ਉੱਪਰ ਬੈਠਾ ਹੈ। ਦਿੱਲੀ ਕਿਸਾਨ ਅੰਦੋਲਨ ਵੇਲੇ ਤਾਂ ਖੁੰਬਾਂ ਵਾਂਗ ਕਿਸਾਨ ਜਥੇਬੰਦੀਆਂ ਉੱਠ ਖੜੀਆਂ ਸਨ,ਪਰ ਹੁਣ ਉਹ ਪਤਾ ਨਹੀਂ ਕਿਹੜੀ ਖੁੱਡ ਵਿੱਚ ਵੜ ਗਈਆਂ ਹਨ ਕਿ ਉਹ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਨਾਲ ਨਹੀਂ ਖੜ੍ਹ ਰਹੀਆਂ। ਉਗਰਾਹਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਖਨੌਰੀ ਬਾਰਡਰ ਤੇ ਸਿੱਧੂਪੁਰ ਦੇ ਕਿਸਾਨਾਂ ਨਾਲ ਨਹੀਂ ਖੜਨਗੇ ਬਲਕਿ ਜੇਕਰ ਉਹਨਾਂ ਨੂੰ ਸਿੱਧੂਪੁਰ ਜਥੇਬੰਦੀ ਵੱਲੋਂ ਲੈਟਰ ਪਾ ਕੇ ਸੱਦਿਆ ਜਾਵੇਗਾ ਫਿਰ ਉਹ ਪਾਸੇ ਤੋਂ ਉਹਨਾਂ ਦੀ ਮੱਦਦ ਕਰ ਸਕਣਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਵੇਂ ਕਿ ਪ੍ਰੈਸ ਕਾਨਫਰੰਸ ਕੀਤੀ ਜਾ ਚੁੱਕੀ ਹੈ, ਪਰ ਕਿਤੇ ਦੇਰ ਨਾ ਹੋ ਜਾਵੇ। ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਨਾਜ਼ੁਕ ਦੌਰ ਚੋਂ ਗੁਜ਼ਰ ਰਹੀ ਹੈ ਬਾਅਦ ਵਿੱਚ ਵੇਲਾ ਹੱਥ ਨੀ ਆਉਣਾ। ਗਿਲੇ ਸ਼ਿਕਵੇ ਬਾਅਦ ਵਿੱਚ ਹੁੰਦੇ ਰਹਿਣਗੇ। ਗਿਲੇ ਸਿਕਵੇ ਛੱਡ ਕੇ ਖਨੌਰੀ ਬਾਰਡਰ ਤੇ ਪਹੁੰਚ ਕੇ ਲਾਮਬੰਦ ਹੋ ਕੇ ਕਿਸਾਨੀ ਹੱਕਾਂ ਦੀ ਗੱਲ ਕਰਦੇ ਜਰਨੈਲ ਨੂੰ ਬਚਾਉਣਾ ਚਾਹੀਦਾ ਹੈ। ਦੂਜੀਆਂ ਜਥੇਬੰਦੀਆਂ ਦੇ ਆਗੂ ਕਹਿ ਰਹੇ ਹਨ ਕਿ ਡੱਲੇਵਾਲ ਸਾਨੂੰ ਪੁੱਛ ਕੇ ਨਹੀਂ ਧਰਨੇ ਉੱਪਰ ਬੈਠਾ ਤਾਂ ਇਹ ਉਹਨਾਂ ਲਈ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮਰਨ ਵਰਤ ਉੱਪਰ ਬੈਠਣਾ ਡੱਲੇਵਾਲ ਦਾ ਕੋਈ ਨਿੱਜੀ ਮੁਫਾਦ ਨਹੀਂ, ਬਲਕਿ ਦੁਨੀਆਂ ਭਰ ਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨਾ ਹੀ ਹੈ। ਪਿਛਲੇ ਕਿਸਾਨ ਅੰਦੋਲਨ ਦੌਰਾਨ ਜਿਹੜੇ ਵਿਅਕਤੀਆਂ ਨੂੰ ਤੁਸੀਂ ਗੱਦਾਰ ਕਹਿ ਕੇ ਭੰਡਿਆ ਉਹ ਅੱਜ ਵੀ ਜਗਜੀਤ ਸਿੰਘ ਡੱਲੇਵਾਲ ਨਾਲ ਠੰਢੀਆਂ ਰਾਤਾਂ ਵਿੱਚ ਖਨੌਰੀ ਬਾਰਡਰ ਤੇ ਹਾਜਰੀ ਭਰ ਰਹੇ ਹਨ ਅਤੇ ਲੋਕਾਂ ਨੂੰ ਬੇਨਤੀਆਂ ਵੀ ਕਰ ਰਹੇ ਹਨ ਕਿ ਉਹ ਆਪੋ ਆਪਣੇ ਘਰਾਂ ਵਿੱਚ ਕਿਉਂ ਬੈਠੇ ਹਨ।

ਲੱਖਾ ਸਿਧਾਣਾ ਜਿਸ ਨੂੰ ਕਿਸੇ ਸਮੇਂ ਕਿਸਾਨ ਜਥੇਬੰਦੀਆਂ ਵੱਲੋਂ ਗੱਦਾਰ ਤੱਕ ਵੀ ਕਹਿ ਦਿੱਤਾ ਗਿਆ ਸੀ ਪਰ ਉਹ ਫਿਰ ਵੀ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਪਰ ਲੋਕਾਂ ਨੂੰ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ ਹੈ ਕਿ ਪੰਜਾਬ ਦੇ ਅਣਖੀ ਲੋਕੋ ਕੌਮ ਦੇ ਯੋਧੇ ਜਗਜੀਤ ਸਿੰਘ ਡੱਲੇਵਾਲ ਨਾਲ ਹਿੱਕ ਡਾਅ ਕੇ ਖੜ੍ਹ ਜਾਵੋ ਨਹੀਂ ਤਾਂ ਪਛਤਾਵੇ ਤੋਂ ਸਿਵਾ ਤੁਹਾਡੇ ਹੱਥ ਨਹੀਂ ਲੱਗਣਾ। ਇਸ ਤੋਂ ਇਲਾਵਾ ਜਿਵੇਂ ਬਾਈ ਦੀਪ ਸਿੱਧੂ ਮੁੰਬਈ ਫਿਲਮ ਇੰਡਸਟਰੀ ਵਿੱਚੋਂ ਐਸੋ ਆਰਾਮ ਦੀ ਜ਼ਿੰਦਗੀ ਛੱਡ ਕੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਲਈ ਦਿੱਲੀ ਦੇ ਬਾਰਡਰਾਂ ਉੱਪਰ ਡਟਿਆ ਰਿਹਾ ਉਹਨੂੰ ਵੀ ਕਿਸਾਨ ਜਥੇਬੰਦੀਆਂ ਵੱਲੋਂ ਤਮਗਾ ਦੇ ਕੇ ਸਨਮਾਨਿਤ ਕੀਤਾ ਸੀ ਕਿ ਇਹ ਵੀ ਗੱਦਾਰ ਹੈ। ਭਾਵੇਂ ਉਹ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸ ਦੇ ਰੂਪ ਵਿੱਚ ਹੀ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦਾ ਫਰਜ਼ੰਦ ਅਮਿਤੋਜ ਮਾਨ ਵੀ ਮੁੰਬਈ ਫਿਲਮ ਇੰਡਸਟਰੀ ਦੀ ਐਸੋ ਅਰਾਮ ਦੀ ਜ਼ਿੰਦਗੀ ਛੱਡ ਕੇ ਕਿਸਾਨ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਲਈ ਕਮਰ ਕੱਸਾ ਕਰਕੇ ਪੰਜਾਬ ਵਿੱਚ ਆ ਚੁੱਕਾ ਹੈ ਤੇ ਉਹ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਲੋਹੜੇ ਦੀ ਠੰਢ ਚ ਟੈਂਟਾਂ ਵਿੱਚ ਪੋਹ ਦੀਆਂ ਰਾਤਾਂ ਗੁਜ਼ਾਰ ਰਿਹਾ ਹੈ। ਪੰਜਾਬ ਦੇ ਕੁਝ ਲੋਕ ਉਸਨੂੰ ਵੀ ਸਨਮਾਨ ਕਰ ਦੇਣਗੇ ਕਿ ਇਹ ਆਪਣੇ ਨਿੱਜੀ ਮੁਫਾਦਾਂ ਲਈ ਮੁੰਬਈ ਛੱਡਕੇ ਪੰਜਾਬ ਆਇਆ ਹੈ। ਇਸ ਦਾ ਕੋਈ ਮਕਸਦ ਹੋਣਾ ਹੈ। ਭਲਿਓ ਲੋਕੋ ਐਸਾ ਕੁੱਝ ਵੀ ਨਹੀਂ ਅਮਤੋਜ ਮਾਨ ਬੜੀ ਤਿੱਖੀ ਸੂਝ ਰੱਖਣ ਵਾਲਾ ਨੌਜਵਾਨ ਹੈ, ਉਹ ਵੀ ਪੰਜਾਬ ਦਾ ਜੰਪਪਲ ਹੈ, ਉਹਨੂੰ ਵੀ ਪੰਜਾਬ ਦਾ ਫ਼ਿਕਰ ਹੈ ਇਸ ਲਈ ਉਹ ਮਾਇਆਨਗਰੀ ਚੋਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਲਈ ਪੋਹ ਦੀਆਂ ਠੰਢੀਆਂ ਰਾਤਾਂ ਜਾਗ ਰਿਹਾ ਹੈ। ਇਸ ਤੋਂ ਇਲਾਵਾ ਗਾਇਕ ਬੱਬੂ ਮਾਨ ਵੀ ਭਰਵੀਂ ਹਾਜ਼ਰੀ ਲਵਾ ਰਿਹਾ ਹੈ ਇਹ ਤਿੰਨੇ ਹੀ ਬੇਨਤੀ ਕਰ ਚੁੱਕੇ ਹਨ ਕਿ ਖਨੌਰੀ ਬਾਰਡਰ ਉੱਪਰ ਕਿਸਾਨ ਜਥੇਬੰਦੀਆਂ ਅਤੇ ਪਿੰਡ ਪਿੰਡ ਵਿੱਚੋਂ ਕਿਸਾਨਾਂ ਦੇ ਜਥੇ ਆਉਣੇ ਚਾਹੀਦੇ ਹਨ ਤਾਂ ਕਿ ਕੇਂਦਰ ਸਰਕਾਰ ਨੂੰ ਪਤਾ ਲੱਗ ਸਕੇ ਕਿ ਜਗਜੀਤ ਸਿੰਘ ਡੱਲੇਵਾਲ ਇਕੱਲਾ ਨਹੀਂ ਬਲਕਿ ਪੂਰਾ ਪੰਜਾਬ ਉਹਨਾਂ ਦੇ ਨਾਲ ਹੈ। ਪੰਜਾਬ ਦੇ ਗੁਰੂ ਘਰਾਂ ਵਿੱਚ ਮੁਨਿਆਦੀ ਕਰਵਾ ਕੇ ਪਿੰਡ ਪਿੰਡ ਪਿਛਲੇ ਕਿਸਾਨ ਅੰਦੋਲਨ ਵਾਂਗ ਹੀ ਲਾਮਬੰਦ ਹੋ ਕੇ ਜਥੇ ਬਣਾ ਕੇ ਆਓ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਲਈ ਗੁਰੂ ਘਰਾਂ ਚ ਅਰਦਾਸਾਂ ਕਰਵਾਈਏ ਤਾਂ ਕਿ ਜਗਜੀਤ ਸਿੰਘ ਡੱਲੇਵਾਲ ਤੰਦਰੁਸਤ ਹੋ ਕੇ ਆਪਣੀ ਜਥੇਬੰਦੀ ਦੀ ਕਮਾਂਡ ਫੇਰ ਸੰਭਾਲ ਸਕੇ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸੰਯੁਕਤ ਕਿਸਾਨ ਮੋਰਚੇ ਅਧੀਨ ਆਉਂਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੇਂਦਰ ਸਰਕਾਰ ਖਿਲਾਫ ਇਕ ਝੰਡੇ ਹੇਠ ਇਕੱਠੀਆਂ ਹੋ ਜਾਣ। ਭਾਵੇਂ ਕਿ ਪਿਛਲੇ ਕਿਸਾਨ ਅੰਦੋਲਨ ਚ ਸਾਡੀ ਜਿੱਤ ਹੋਈ ਸੀ ਪਰ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਕਾਰਪਰੇਟ ਘਰਾਣਿਆਂ ਨੂੰ ਧੱਕੇ ਨਾਲ ਦਿਵਾਈਆਂ ਜਾ ਰਹੀਆਂ ਹਨ, ਪਰ ਐਂਤਕੀ ਕੇਂਦਰ ਸਰਕਾਰ ਬੜੀ ਸਖਤ ਹੈ ਉਹ ਐਡੇ ਸੌਖਿਆਂ ਹੀ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੱਕ ਨਹੀਂ ਪਹੁੰਚਣ ਦੇਵੇਗੀ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਪੂਰੀ ਸਰਕਾਰੀ ਮਸ਼ੀਨਰੀ ਝੋਕ ਦੇਵੇਗੀ। ਫਿਰ ਵੀ ਸਾਨੂੰ ਐਂਤਕੀ ਪੂਰੀ ਸਖਤੀ ਨਾਲ ਦਿੱਲੀ ਦੀ ਹਿੱਕ ਤੇ ਕਿਸਾਨੀ ਦਾ ਝੰਡਾ ਗੱਡਣਾ ਪਵੇਗਾ। ਐਤਕੀ ਪੂਰੀ ਤਿਆਰੀ ਨਾਲ ਏਕੇ ਨਾਲ, ਜੋਸ਼ ਨਾਲੋਂ ਹੋਸ ਨਾਲ ਪੂਰੀ ਤਿਆਰੀ ਕਰਕੇ ਦਿੱਲੀ ਅੱਗੇ ਮਜਬੂਤ ਕੰਧ ਬਣ ਕੇ ਵੱਡੇ ਵੱਡੇ ਬੈਰੀਕੋਡ ਜਿਵੇਂ ਪਹਿਲਾਂ ਤੋੜੇ ਸੀ ਉਸ ਤਰ੍ਹਾਂ ਹੀ ਤੋੜ ਕੇ ਦਿੱਲੀ ਦੇ ਬਰੂਹਾਂ ਉੱਪਰ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰਨਾ ਪਵੇਗਾ। ਦਿੱਲੀ ਦੀ ਹਕੂਮਤ ਨਾਲ ਇਹ ਸਾਡੀ ਪਹਿਲੀ ਲੜਾਈ ਨਹੀਂ ਹੈ ਸਮੇਂ ਸਮੇਂ ਤੇ ਜਾਬਰਾਂ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਹੀ ਕੀਤਾ ਹੈ, ਜਦੋਂ ਬਾਬਰ ਤੇ ਜਾਬਰ ਵਰਗੇ ਨਹੀਂ ਰਹੇ ਫਿਰ ਇਹ ਕੇਂਦਰ ਸਰਕਾਰ ਦੇ ਜੁਲਮੀ ਹੁਕਮਰਾਨ ਵੀ ਕਿਵੇਂ ਰਹਿਣਗੇ। ਆਖਰ ਦਿੱਲੀ ਦੇ ਹੁਕਮਰਾਨਾਂ ਨੂੰ ਝੁਕਣਾ ਹੀ ਪਵੇਗਾ । ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਅਣਖੀ ਗੈਰਤ ਵਾਲੇ ਸਿਰਾਂ ਉੱਤੇ ਕੱਫਨ ਬੰਨ੍ਹ ਕੇ ਆਪਣੇ ਹੱਕਾਂ ਲਈ ਸਿਰਧੜ ਦੀ ਬਾਜੀ ਲਾਉਣ ਵਾਲੇ ਹਨ। ਪੰਜਾਬੀਓ ਦਿੱਲੀ ਦੇ ਹੁਕਮਰਾਨ ਤੁਹਾਡਾ ਜੇਰਾ ਪਰਖ ਰਹੇ ਹਨ ਤੇ ਐਂਤਕੀ ਬੜਾ ਵੱਡਾ ਜਿਗਰਾ ਕਰਕੇ ਇਹ ਲੜਾਈ ਲੜਨੀ ਪਵੇਗੀ ਨਹੀਂ ਤਾਂ ਫਿਰ ਜਿਹੜੇ ਕਾਰਪਰੇਟ ਘਰਾਣੇ ਗਿੱਦਾਂ ਵਾਂਗ ਤੁਹਾਡੀਆਂ ਜਮੀਨਾਂ ਤੁਹਾਡੀਆਂ ਫਸਲਾਂ ਤੇ ਤੁਹਾਡੀਆਂ ਨਸਲਾਂ ਨੂੰ ਖਤਮ ਕਰਨ ਲਈ ਪੂਰੀ ਤਿਆਰੀ ਕਰਕੇ ਬੈਠੇ ਹਨ । ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਅਹੁਦੇਦਾਰ ਸਾਰੇ ਸਤਿਕਾਰਯੋਗ ਹਨ ਅੱਜ ਉਹ ਗਿਲੇ ਸਿਕਵੇ ਭੁੱਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਵਧੀਆ ਪ੍ਰੋਗਰਾਮ ਉਲੀਕਣ ਤਾਂ ਕਿ ਦਿੱਲੀ ਦੇ ਹੁਕਮਰਾਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਲੋਕ ਫਿਰ ਇੱਕ ਹੋ ਗਏ ਹਨ ਤੇ ਉਹ ਆਪਣੇ ਹੱਕਾਂ ਲਈ ਕੁਝ ਵੀ ਕਰ ਸਕਦੇ ਹਨ। ਪੰਜਾਬ ਦੇ ਲੋਕ ਬਾਬੇ ਨਾਨਕ ਦੀ ਵਿਚਾਰਧਾਰਾ ਵਾਲੇ ਕਿਰਤੀ ਲੋਕ ਆਪਣੇ ਹੱਕਾਂ ਲਈ ਲੜਨਾ ਜਾਣਦੇ ਹਨ। ਜਿੰਨਾ ਸਮਾਂ ਸੰਯੁਕਤ ਕਿਸਾਨ ਮੋਰਚੇ ਅਧੀਨ ਆਉਂਦੀਆਂ ਕਿਸਾਨ ਜਥੇਬੰਦੀਆਂ ਪੂਰੇ ਪੰਜਾਬ ਦੇ ਕਿਸਾਨ, ਪਿੰਡਾਂ ਦੀਆਂ ਪੰਚਾਇਤਾਂ ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਕਿਸਾਨਾਂ ਨਾਲ ਨਹੀਂ ਖੜ੍ਹਦੇ, ਉਦੋਂ ਤੱਕ ਇਹ ਜੰਗ ਜਿੱਤਣੀ ਬੜੀ ਔਖੀ ਹੈ।

ਗੁਰਨੈਬ ਸਾਜਨ ਦਿਉਣ

ਕੈਨੇਡਾ ਦੇ ਐਡਮਿੰਟਨ ਚੋਂ ਪੰਜਾਬ ਦਾ ਫ਼ਿਕਰਮੰਦ

ਗੁਰਨੈਬ ਸਾਜਨ ਦਿਉਣ (ਬਠਿੰਡਾ) ਪੰਜਾਬ-98889-55757

Exit mobile version