ਜੰਨਤ ਦਾ ਦੂਸਰਾ ਨਾਮ -ਬੈਂਫ, ਕਨੇਡਾ
ਕੁਦਰਤ ਦੀ ਸੂਖ਼ਮ ਸੰਵੇਦਨਾ ਜਿੱਥੇ ਇਤਿਹਾਸ ਮੰਥਨ ਕਰਦੀ ਹੈ :
ਵਿਗਿਆਨ ਅਤੇ ਕੁਦਰਤ ਦਾ ਅਦਭੁਤ ਪਹਾੜੀ ਸ਼ਹਿਰ :ਬੈਂਫ, ਕਨੇਡਾ
ਐਲਬਰਟਾ ( ਕਨੇਡਾ) ਦਾ ਇਕ ਵਿਸ਼ਵ ਪ੍ਰਸਿੱਧ ਖ਼ੂਬਸੂਰਤ ਪਹਾੜੀ ਸ਼ਹਿਰ ਹੈ ਬੈਂਫ | ਬੈਂਫ ਵਿਖੇ ਹੀ ਹੈ ਕਨੇਡਾ ਦਾ ਸਭ ਤੋਂ ਵੱਡਾ ਖ਼ੂਬਸੂਰਤ ਫਾਈਵ ਸਟਾਰ ਹੋਟਲ | ਜਿਸ ਦਾ ਨਾਮ ਹੈ ਫੇਅਰ ਹੋਟਲ | ਇਹ ਇਹ ਪਹਾੜੀ ਉਪਰ ਸਥਿਤ ਹੈ | ਇਹ ਹੋਟਲ ਦੂਰੋਂ ਨਜ਼ਰ ਆਉਂਦਾ ਹੈ ਜਿਵੇਂ ਅਸਮਾਨ ਵਿਚ ਖਿਡੌਣੇ ਲਟਕਦੇ ਹੋਣ | ਇਸਦੀ ਸ਼ਿਲਪ-ਸ਼ੈਲੀ ਬਨਾਵਟ, ਸਜਾਵਟ, ਅਦਾਵਟ, ਕਮਲਾ ਦੀ ਹੈ | ਮਨੁੱਖ ਨੇ ਧਰਤੀ ‘ਤੇ ਸਵਰਗ ਸਿਰਜ ਦਿੱਤਾ ਹੈ | ਕੁਦਰਤ ਦੀ ਸੂਖਮ ਸੰਵੇਦਨਾ ਜਿੱਥੇ ਇਤਿਹਾਸ ਮੇਥਨ ਕਰਦੀ ਹੈ | ਵਿਗਿਆਨ ਅਤੇ ਕੁਦਰਤ ਦਾ ਤਲਿਸਮੀ ਅਦਭੁਤ ਪਹਾੜੀ ਸ਼ਹਿਰ ਬੈਂਫ ਸਿਫ਼ਤੀ ਦਾ ਭੰਡਾਰ, ਕਾਲਾ ਦਾ ਸਰਵਉਚ ਸਥਾਨ |
ਵਿਸ਼ਵ ਦੇ ਪ੍ਰਸਿਧ, ਖ਼ੂਬਸੂਰਤ ਸ਼ਹਿਰਾਂ ‘ਚੋਂ ਇਕ ਹੈ ਬੈਂਫ ਦੀ ਲਾਜਵਾਬ ਖ਼ੂਬਸੂਰਤੀ | ਇਥੇ ਪਾਰਦਰਸ਼ੀ ਪਾਣੀ ਦੀਆਂ ਯਥਾਰਥ ਝੀਲਾਂ, ਕਿਸੇ ਮੁਟਿਆਰ ਦੀ ਗਿੱਟੇ ਛੂਹਦੀ ਗੁੰਦਵੀਂ ਗੁੱਤ ਵਗ ਝਰ-ਝਰ ਕਲ-ਲ ਡਿਗਦੇ ਮਨਮੋਹਣੇ ਝਰਨੇ, ਚਾਂਦੀ ਰੰਗੇ ਗੋਟੇ ਲੱਗੇ ਦੁਪੱਟੇ ਵਾਂਗ ਲਹਿਰਾਉਂਦੀਆਂ ਗੁਣਗਣਾਉਂਦੀਆਂ ਪਵਿੱਤਰ ਨਹਿਰਾਂ, ਆਲੌਕਿਕ ਰੂਪ ਵਿਚ ਮਰਮਸਪਰਸ਼ੀ ਤੇ ਵਿਹੰਗਮ ਦਿ੍ਸ਼, ਸ਼ੋਖ ਅਦਾਵਾਂ ਵਿਚ ਲਹਿਲਹਿਰਾਉਂਦੀ ਕੁਦਰਤੀ ਬਨਸਪਤੀ, ਜਾਨਵਰਾਂ-ਪੰਛੀਆਂ, ਕੀਟ ਪਤੰਗਿਆਂ ਨੂੰ ਗੋਦ ਵਿਚ ਸੰਭਾਲੀ ਹਰੇ ਭਰੇ ਲੰਬੇ-ਚੌੜੇ, ਉਚੇ ਸੰਘਣੇ ਜੰਗਲ, ਲੱਖਾਂ ਸਾਲ ਪੁਰਾਣੇ ਅਨੇਕਾਂ ਸਵਰੂਪਾਂ ਦੇ ਕਲਾਤਮਕ ਪਹਾੜ, ਫਲਾਂ, ਫੁੱਲਾਂ ਨਾਲ ਲੱਦੇ ਖੂਬਸੂਰਤ ਰਸੀਲੇ ਬਾਗ-ਬਗ਼ੀਚੇ, ਜ਼ਿੰਦਗੀ ਨੂੰ ਸਕੂਨ, ਅਧਿਆਤਮਿਕਤਾ, ਇਕਾਗਰਤਾ ਅਤੇ ਮਾਨਵਤਾ ਦਾ ਸੰਦੇਸ਼ ਦਿੰਦੀਆਂ ਚੁਲਬੁਲੀਆਂ ਵਾਦੀਆਂ (ਵਾਦੀਆਂ-ਘਾਟੀਆਂ), ਆਪਣੇਪਣ ਦਾ ਅਹਿਸਾਸ ਕਰਵਾਉਂਦੀਆਂ ਆਂਚਲਿਕ ਪਗਡੰਡੀਆਂ, ਚਿਕਨੇ ਚੁਪੜੇ ਸੁੰਦਰ ਆਧੁਨਿਕ ਸੁਵਿਧਾਪੂਰਵਕ ਹੋਟਲ, ਮਾਨਵੀਂ ਕਦਰਾਂ ਕੀਮਤਾਂ ਦੇ ਭੂਮੰਮਡਲੀਕਰਣ ਬਾਜ਼ਾਰ ਅਤੇ ਸਭ ਤੋਂ ਮਹੱਤਵਪੂਰਨ ਖਿੱਚ ਦਾ ਕੇਂਦਰ ਵਿਗਿਆਨਕ ਕਦਰਾਂ ਕੀਮਤਾਂ ਦਾ ਅਨੋਖਾ ਯਾਤਰਿਕ ਇਲੈਕਟਰਿਕ ਝੂਲਾ ਗੰਡੋਲਾ | ਦਿੱਲੀ ਤੋਂ ਐਡਮਿੰਟਨ (ਕਨੇਡਾ) ਬਾਈ ਏਅਰ ਲਗਭਗ 20 ਘੰਟੇ ਲੱਗ ਹੀ ਜਾਂਦੇ ਹਨ | ਐਡਮਿੰਟਨ ਤੋਂ ਬੈਂਫ ਲਗਭਗ 401 ਕਿਲੋਮੀਟਰ ਹੈ ਕੈਲਗਰੀ ਤੋਂ ਲਗਭਗ 128 ਕਿਲੋਮੀਟਰ, ਲੋਕ ਲੁਈ ਤੋਂ ਲਗਭਗ 50 ਕਿਲੋਮੀਟਰ ਦੇ ਕਰੀਬ ਹੈ ਬੈਂਫ | ਜਹਾਜ ‘ਤੇ ਆਉਣ ਲੱਗਿਆ ਇਕ ਮਹੱਤਵਪੂਰਨ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਜੋ 50 ਸਾਲ ਤੋਂ ਉਪਰ ਹੋ ਤਾਂ ‘ਵ੍ਹੀਲ ਚੇਅਰ’ ਟਿਕਟ ਉਪਰ ਜ਼ਰੂਰ ਕਰਵਾ ਕੇ ਲਿਆਓ | ਹਾਂ ਦੂਸਰੀ ਗੱਲ ਹੋ ਸਕੇ ਤਾਂ ਟਿਕਟ ਉਪਰ ‘ਵਿੰਡੋ ਸੀਟ’ ਟਿਕਟ ਉਪਰ ਜ਼ਰੂਰ ਕਰਵਾ ਕੇ ਲਿਆਓ | ਹਾਂ ਦੂਸਰੀ ਗੱਲ ਹੋ ਸਕੇ ਤਾਂ ਟਿਕਟ ਉਪਰ ‘ਵਿੰਡੋ ਸੀਟ’ ਵੀ ਜ਼ਰੂਰ ਲਓ | ਕਿਉਂਕਿ ਜਹਾਜ਼ ‘ਚੋਂ ਬਾਹਰੀ ਦਿ੍ਸ਼ ਵੇਖਣ ਦਾ ਬੜਾ ਆਨੰਦ ਆਉਂਦਾ ਹੈ | ਫੋਟੋਗ੍ਰਾਫੀ ਵੀ ਕਮਾਲ ਦੀ ਆਉਂਦੀ ਹੈ |
ਐਡਮਿੰਟਨ ਸ਼ਹਿਰ ਤੋਂ ਬੈਂਫ ਜਾਣ ਲਈ ‘ਨਿਸਕੂ ਰੋਡ’ ਜਾਣਾ ਪੈਂਦਾ ਹੈ | ਲਗਭਗ ਪੰਜ ਘੰਟਿਆਂ ਦਾ ਸਫ਼ਰ ਹੈ ਕਾਰ ਦਾ | ਨਿਸਕੂ ਇਕ ਪਿੰਡ
ਹੈ ਜਿੱਥੇ ਐਡਮਿੰਟਨ ਦਾ ਇੰਟਰਨੈਸ਼ਨਲ ਏਅਰ ਪੋਰਟ ਹੇ | ਬੈਂਫ ਜਾਣ ਲਈ ਬੱਸਾਂ, ਟੈਕਸੀਆਂ ਵੀ ਮਿਲ ਜਾਂਦੀਆਂ ਹਨ |
ਬੈਂਫ ਤੱਕ ਦੇ ਰਸਤੇ ਵਿਚ ਤਰ੍ਹਾਂ-ਤਰ੍ਹਾਂ ਦੇ ਸੁੰਦਰ ਦਿ੍ਸ਼ ਵੇਖਣ ਨੂੰ ਮਿਲਦੇ ਹਨ | ਭੂਗੋਲਿਕ ਸੁੰਦਰਤਾ, ਕੁਦਰਤੀ ਸੁੰਦਰਤਾ, ਵਾਤਵਰਣ ਦੀ
ਸੁੰਦਰਤਾ,ਰਸਤੇਿ ਵਚ ਵੇਖਣ ਨੂੰ ਮਿਲਦੀ ਹੈ |ਪਤਝੜ ਦੇ ਮੌਸਮ ਵਿਚ ਰੰਗ-ਬਿਰੰਗੇ ਸੁੰਦਰ ਦਿ੍ਸ਼ ਕਮਾਲ ਦੇ ਹੁੰਦੇ ਹਨ | ਲੈਂਡ ਸਕੇਪਿੰਗ ਵਿਚ ਕਨੇਡਾ ਵਿਸ਼ਵ ਦਾ ਇਕ ਨੰਬਰ ਦੇਸ਼ ਹੈ | ਇੱਥੇ ਝੀਲਾਂ, ਸੜਕਾਂ, ਚੌਂਕਾਂ, ਵਾਦੀਆਂ, ਪਹਾੜਾਂ ਆਦਿ ‘ਤੇ ਰੁੱਖਾਂ ਤੇ ਫੁੱਲਾਂ ਦੀ ਅਜੀਬ-ਨਿਰਾਲੀ ਦਿਖ ਵਾਲੀ ਲੈਂਡ ਸਕੇਪਿੰਗ ਖੇਚਲ ਭਰਪੂਰ ਹੈ | ਬੈਂਫ ਨੂੰ ਜਿੱਥੇ ਕੁਦਰਤ ਨੇ ਅਪਣੀ ਕਿਰਪਾ ਨਾਲ ਸੰਵਾਰਿਆ, ਨਿਵਾਜ਼ਿਆ ਹੈ ਉਥੇ ਵਿਗਿਆਨੀਆਂ ਦਾ ਵੀ ਅਦਭੁਤ ਕਮਾਲ ਹੈ | ਖਾਸ ਕਰਕੇ ‘ਗੰਡੋਲਾ ਯਾਤਰਾ’ | ਜਿੱਥੇ ਗੰਡੋਲਾ ਯਾਤਰਾ ਸ਼ੁਰੂ ਹੁੰਦੀ ਹੈ, ਉਹ ਪਹਾੜੀ ਦੇ ਦਿ੍ਸ਼, ਸਹੂਲਤਾਂ ਮਨਮੋਹਣੀਆਂ ਅਤੇ ਦਿਲਚਸਪ ਹਨ | ਯਾਤਰੀਆਂ ਦਾ ਸ਼ਾਨਦਾਰ ਢੰਗ ਨਾਲ ਸਨਮਾਨ-ਕਦਰ ਹੁੰਦੀ ਹੈ |
ਗੰਡੋਲਾ ਬੈਂਫ ਦੇ ਇਕ ਉਚੇ ਪਹਾੜ ਤੋਂ ਸ਼ੁਰੂ ਹੋ ਕੇ ਇਸ ਤੋਂ ਵੀ ਉਪਰ ਉਚੇ ਪਹਾੜ ਤੱਕ ਜਾਂਦਾ ਹੈ | ਹੇਠਲੀ ਪਹਾੜੀ ਜਿੱਥੋਂ ਗੰਡੋਲਾ ਸ਼ੁਰੂ ਹੁੰਦਾ
ਹੈ ਲਗਭਗ 698 ਮੀਟਰ ਉਚੀ ਹੈ ਅਤੇ ਜਿਸ ਪਹਾੜੀ ਦੀ ਟੀਸੀ ਉਪਰ ਜਾ ਕੇ ਰੁਕਦਾ ਹੈ ਉਹ ਪਹਾੜੀ 2281 ਮੀਟਰ ਉਚੀ ਹੈ | ਗੰਡੋਲਾ ਵਿਚ ਚਾਰ ਵਿਅਕਤੀ ਹੀ ਬੈਠ ਸਕਦੇ ਹਨ | ਗੰਡੋਲਾ ਯਾਤਰਾ ਦਾ ਖ਼ਤਰਨਾਕ ਪਰ ਦਿਲਚਸਪ ਮੌਕਾ ਹੁੰਦਾ ਹੈ | ਗੰਡੋਲਾ ਤੋਂ ਖ਼ੂਬਸੂਰਤ ਦਿ੍ਸ਼ ਨਜ਼ਰ ਆਉਂਦੇ ਹਨ ਜੋ ਚੰਗੇ ਲਗਦੇ ਹਨ | ਗੰਡੋਲਾ ਜਿਸ ਸਲਫਰ ਪਹਾੜੀ ਉਪਰ ਰੁਕਦਾ ਹੈ ਉਸ ਉਚੀ ਪਹਾੜੀ ਦੀ ਟੀਸੀ ਉਪਰ ਕਈ ਮੰਜ਼ਿਲਾ ਆਧੁਨਿਕ ਸ਼ਾਨਦਾਰ ਵਾਲਾ ਹੋਟਲ ਹੈ | ਉਥੇ ਬੀਅਰ ਆਦਿ ਪੀਣ ਦੀ ਕੋਈ ਮਨਾਹੀ ਨਹੀਂ ਹੈ | ਸਾਰਾ ਹੋਟਲ ਪੇਂਟਿੰਗਸ ਨਾਲ ਸੁਸ਼ੋਭਿਤ ਹੈ | ਸੁੰਦਰ ਭਿੱਤੀ ਅਤੇ ਦੀਵਾਰੀ ਅਤੇ ਚਿੱਤਰਕਾਰੀ ਦੇ ਨਾਲ ਲੋਕੀ ਤਸਵੀਰਾਂ ਲੈਂਦੇ ਹਨ | ਹੋਟਲ ਦੇ ਬਾਹਰ ਖੁੱਲ੍ਹਾ-ਡੁੱਲਾ ਬਿਨਾਂ ਛੱਤ ਵਾਲਾ ਲਾਨ (ਬਰਾਮਦਾ) ਹੈ | ਇਸ ਹੋਟਲ ਤੋਂ ਸਾਰਾ ਬੈਂਫ, ਝੀਲਾਂ, ਨਦੀਆਂ, ਬਾਗ-ਬਗੀਚੇ ਆਦਿ ਸਭ ਕੁਝ ਸੁੰਦਰ ਨਜ਼ਾਰੇ ਆਉਂਦੇ ਹਨ | ਲੋਕੀਂ-ਯਾਤਰੀ ਯਾਦਗਾਰੀ ਤਸਵੀਰਾਂ ਪੱਲੇ ਬੰਨਦੇ ਹਨ | ਜਿਸ ਹੋਟਲ ਦੀ ਪਹਾੜੀ ਉਪਰ ‘ਗੰਡੋਲਾ’ ਪਹੁੰਚਦਾ ਹੈ ਉਸ ਦੇ ਖੱਬੇ ਪਾਸੇ ਬਹੁਤ ਵੱਡੀ ਖੱਡ ਤੋਂ ਬਾਅਦ ਇਕ ਬਹੁਤ ਉਚੀ ਟਾਵਰ ਵਾਲੀ ਪਹਾੜੀ ਹੈ |
ਲਗਭਗ ਇਕ ਮਰਲੇ ਦੀ ਟੀਸੀ ਵਾਲੀ ਪਹਾੜੀ | ਇਸਦੀ ਯਾਤਰਾ ਲਈ ਵਿਗਿਆਨੀਆਂ ਨੇ ਕਮਾਲ ਦੇ ਹੁਰਨ ਵਿਖਾਏ | ਹੋਟਲ ਵਾਲੀ ਪਹਾੜੀ ਤੋਂ ਸਾਹਮਣੇ ਟਾਵਰ ਵਾਲੀ ਪਹਾੜੀ ਤੱਕ ਜਾਣ ਲਈ ਲਗਭਗ ਦੋ ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਪੈਂਦਾ ਹੈ | ਇਹ ਫਾਸਲਾ ਕਮਾਲ ਦਾ ਹੈ | ਦੋਵਾਂ ਪਹਾੜਾਂ ਦੇ ਵਿਚਕਾਰ ਇਕ ਬਹੁਤ ਡੂੰਘੀ ਖੱਡ ਹੈ | ਕਈ ਮੀਲ ਡੂੰਘੀ | ਇਹ ਖੱਡ ਲਗਭਗ ਦੋ ਕਿਲੋਮੀਟਰ ਦੇ ਕਰੀਬ ਹੈ | ਇੱਥੋਂ ਦੇ ਵਿਗਿਆਨੀਆਂ ਨੇ ਸਖਤ ਮਿਹਨਤ, ਨਿਵੇਕਲੀ ਯੋਜਨਾ ਰਾਹੀਂ, ਵਿਗਿਆਨਕ ਕਲਾ ਨਾਲ ਦੋ ਪਹਾੜੀਆਂ ਵਿਚ ਪੈਂਦੀ ਖੱਡ ਉਪਰ ਲੱਕੜ ਦਾ ਟੇਢਾ-ਮੇਢਾ ਮੋੜਾਂ-ਕੋੜਾਂ ਵਾਲਾ ਰਸਤਾ ਬਣਾ ਦਿੱਤਾ ਹੈ | ਟੇਢਾ-ਮੇਢਾ-ਉਚਾ-ਨੀਵਾਂ ਲੰਬਾ ਲੱਕੜ ਦਾ ਰਸਤਾ ਖੱਡ ਦੇ ਉਪਰ ਦੀ ਜਾਂਦਾ ਹੈ | ਰਸਤੇ ਵਿਚ ‘ਰੁਕਣ ਸਥਾਨ’ ਬਣਾਏ ਹੋਏ ਹਨ ਕਿਉਂਕਿ ਰਸਤਾ ਚੜ੍ਹਾਈ ਵਾਲਾ ਹੈ | ਰੁਕਣ ਸਥਾਨਾਂ ਉਪਰ ਬੈਂਫ, ਸਫ਼ਾਈ ਢੋਲ ਬਣੇ ਹਨ | ਇਨ੍ਹਾਂ ਸਥਾਨਾਂ ਤੋਂ ਕਈ ਮੀਲ ਥੱਲੇ ਬੈਂਫ ਸ਼ਹਿਰ ਦੇ ਸਾਰੇ ਇਲਾਕੇ ਦਾ ਦਿ੍ਸ਼ ਏਦਾਂ ਨਜ਼ਰ ਆਉਂਦਾ ਹੈ ਜਿਵੇਂ ਦੂਰ ਹੇਠਾਂ ਨਦੀਆਂ, ਝੀਲਾਂ, ਪਹਾੜਾਂ, ਬਾਗ਼ਾਂ, ਘਰਾਂ ਆਬਾਦੀ) ਆਦਿ ਦਾ ਸਮੂਹਿਕ ਦਿ੍ਸ਼ ਕਿਸੇ ਨਕਸ਼ੇ ਦੀ ਤਰ੍ਹਾਂ ਜਾਂ ਪਤੰਗ ਦੀਟਾਂ ਡੋਰਾਂ ਦੇ ਪੇਚੇ ਵਾਂਗ ਫੈਲਿਆਂ ਨਜ਼ਰ ਆਉਂਦਾ ਹੈ | ਯਥਾਰਥ ਮਨਮੋਹਣਾ | ਇਕ ਜੰਨਤ ਦਾ ਦੂਸਰਾ ਨਾਮ | ਇਕ ਆਲੌਕਿਕਤਾ ਵਿਚ ਵਾਸਤਵਿਕ ਲੋਕਿਕਤਾ ਦਾ ਨਜ਼ਾਰਾ | ਇਹ ਪਹਾੜੀ ਤੱਕ ਜਾਂਦਿਆਂ ਲੱਕੜ ਦੇ ਰਸਤੇ ਜ਼ਰੀਏ ਲਗਭਗ ਪੈਦਲ 1½ ਤੋਂ 2 ਘੰਟੇ ਲਗ ਜਾਂਦੇ ਹਨ ਪਰ ਨੌਜਵਾਨ ਇਹ ਫਾਸਲਾ ਜਲਦੀ ਵੀ ਤੈਅ ਕਰ ਲੈਂਦੇ ਹਨ | ਇਹ ਯਾਤਰਾ ਕੇਵਲ ਪੈਦਲ ਹੁੰਦੀ ਹੈ | ਇਨ੍ਹਾਂ ਉਚੀਆਂ ਪਹਾੜੀਆਂ ਉਪਰ ਸਭ ਤੋਂ ਪਹਿਲਾਂ ਸਾਨਸਨ ਨਾਂਅ ਦਾ ਵਿਅਕਤੀ 1896 ਵਿਚ ਚੜ੍ਹਿਆ ਸੀ | ਬੈਂਫ ਵਿਖੇ ਬੋ-ਵੈਲੀ ਦੇ ਦਿ੍ਸ਼ ਮਨਮੋਹਣੇ ਹਨ | ਇੱਥੋਂ ਦੀ ਮਸ਼ਹੂਰ ਜਗ੍ਹਾ ਹੈ ਨੈਸ਼ਨਲ ਪਾਰਕ | ਇਸ ਪਾਰਕ ਤੋਂ ਇਲਾਵਾ ਅਨੇਕਾਂ ਹੋਰ ਕਈ ਪ੍ਰਸਿੱਧ ਦਿਲਕਸ਼ ਪਾਰਕ ਹਨ | ਸੁੰਦਰ ਬੈਂਫ ਸ਼ਹਿਰ ਨੂੰ ‘ਨੈਸ਼ਨਲ ਇਤਿਹਾਸਕ’ ਸਥਾਨ ਦਾ ਦਰਜਾ ਦਿੱਤਾ ਗਿਆ ਹੈ | ਬੈਂਫ ਕਈ ਉਦਯੋਗ ਹਨ | ਕਈ ਤਰ੍ਹਾਂ ਦੀਆਂ ਖਾਨਾਂ ਅਤੇ ਹੋਰ ਵਿਉਪਾਰਕ ਧੰਦੇ ਹੁੰਦੇ ਹਨ |
ਬੈਂਫ ਦੀਆਂ ਦੂਰ ਛੇ ਪਹਾੜੀਆਂ ਦੇ ਆਲੌਕਿਕ ਦਿ੍ਸ਼ ਵੇਖਣ ਵਾਲੇ ਹਨ | ਇਹ ਛੇ ਪਹਾੜੀਆਂ ਤਿਕੋਣੀ, ਤੇਜ਼ ਨੁਕਲੀਆਂ ਪਹਾੜੀ ਬਰਫ਼ ਨਾਲ
ਢੱਕੀਆਂ ਜੰਨਤ ਦਾ ਮੁਹਾਂਦਰਾ ਪੇਸ਼ ਕਰਦੀਆਂ ਹਨ | ਜੁਲਾਈ, ਅਗਸਤ ਦੇ ਮਹੀਨੇ ਇੱਥੇ ਸੂਰਜ ਚੜ੍ਹਣ ਤੋਂ ਡੁੱਬਣ ਦੇ ਸਮੇਂ ਦਾ ਮਨਮੋਹਣਾ ਉਤਸਵ ਹੁੰਦਾ ਹੈ | ਸ਼ਾਮ ਦੇ ਵੇਲੇ ਸੂਰਜ ਛਿਪਣ ਦੇ ਮੌਕੇ ਨਜ਼ਾਰਾ ਆਲੌਕਿਕ ਆਗਾਜ਼ ਪੈਦਾ ਕਰਦਾ ਹੈ | ਪਹਾੜਾਂ ਪਿੱਛੋਂ ਨਿਕਲਦਾ ਸੂਰਜ ਜਿਵੇਂ ਕੋਈ ਕੁਦਰਤੀ ਦੇਵਤਾ ਦਾ ਜਨਮ ਹੈ ਰਿਹਾ ਹੋਵੇ | ਰੌਸ਼ਨੀ ਦਾ ਤਲਿਸਮ | ਇਸ ਇਲਾਕੇ ਵੱਲ ਕੀਮਤੀ ਮੱਛੀ ਪਾਲਣ ਅਤੇ ਖੇਤੀ-ਵਪਾਰਕ ਉਦਯੋਗ ਹਨ | ਕੁਲ ਮਿਲਾ ਕੇ ਕੁਦਰਤ ਅਤੇ ਵਿਗਿਆਨ ਦਾ ਸੁੰਦਰ, ਅਦਭੁਤ ਸੁਮੇਲ ਹੈ ਬੈਂਫ+ਗੰਡੋਲਾ |
ਬਲਵਿੰਦਰ ਬਾਲਮ ਗੁਰਦਾਸਪੁਰ
ਓਾਕਾਰ ਨਗਰ, ਗੁਰਦਾਸਪੁਰ ਮੋ. 98156-25409
ਐਡਮਿੰਟਨ, ਕਨੇਡਾ : 780-807-6007