ਟਕੇ ਟਕੇ ਦੇ ਬੰਦੇ

ਪ੍ਰੋਨੋਟ ਤੇ ਅੱਜ ਕੱਲ੍ਹ ਹਰ ਕੋਈ ਪੈਸੇ ਦੇਣੋਂ ਡਰਦਾ
ਬਿਨਾਂ ਮੰਗਿਆਂ ਮਿਲਦੇ ਏਥੇ ਅਰਬਾਂ ਦੇ ਵਿੱਚ ਚੰਦੇ

ਛੱਪੜਾਂ ਨੂੰ ਵੀ ਸ਼ਰਮ ਆਉਂਦੀ, ਦੂਰੋਂ ਬਦਬੂ ਆਵੇ
ਸਿਆਸਤ ਵਾਲੇ ਸਾਗਰ ਅੱਜ ਕੱਲ੍ਹ ਹੋਏ ਏਨੇ ਗੰਦੇ

ਜਦ ਬੰਦੇ ਅਪਾਹਜ ਹੋ ਜਾਵਣ ਪੈਰ ਭਾਰ ਨਾ ਝੱਲਣ
ਫਿਰ ਉਹ ਬੰਦੇ ਚੜ ਜਾਂਦੇ ਨੇ ਹੋਰ ਕਿਸੇ ਦੇ ਕੰਧੇ

ਆਰੀ, ਦਾਤੀ ਦੇ ਤਾਂ ਦੰਦੇ ਹੁੰਦੇ ਨੇ ਇੱਕ ਪਾਸੇ
ਪਰ ਇਸ ਦੁਨੀਆਂ ਦੇ ਹੁੰਦੇ ਦੋਹੀਂ ਪਾਸੀਂ ਦੰਦੇ

ਅਣਖੀ ਬੰਦੇ ਦੀ ਗੱਲ ਹੁੰਦੀ ਲੋਹੇ ਦੇ ਉੱਤੇ ਲੀਕ
ਬਿਆਨ ਨੇਤਾਵਾਂ ਦੇ ਤਾਂ ਹੁੰਦੇ ਝੂਠ ਦੇ ਨਿਰੇ ਪਲੰਦੇ

ਭਲੂਰੀਏ ਨੂੰ ਨਾ ਕਵਿਤਾ ਉੱਤੇ ਲਾਉਣਾ ਆਇਆ ‘ਰੰਦਾ’
ਲੱਕੜ ਉੱਤੇ ਲਾਏ ਬਥੇਰੇ ਹੁਣ ਤੱਕ ਇਸ ਨੇ ਰੰਦੇ

ਜਸਵੀਰ ਸਿੰਘ ਭਲੂਰੀਆ


ਜਸਵੀਰ ਸਿੰਘ ਭਲੂਰੀਆ
ਸਰੀ, ਕੈਨੇਡਾ
+91-99159-95505

Exit mobile version