ਟਰੂਡੋ ਨੂੰ ਟੰਗਦਾ ਟੰਗਦਾ ਆਪ ਹੀ ਟੰਗਿਆ ਗਿਆ

ਟੌਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) ਕੰਜ਼ਰਵੇਟਿਵ ਪਾਰਟੀ ਨੇ ਆਪਣੇ ਇੱਕ ਉਮੀਦਵਾਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਇਸ ਦੇ ਪਿੱਛੇ ਕਹਾਣੀ ਇਹ ਹੈ ਕਿ ਅਸਲ ਵਿੱਚ ਕੰਜਰਵੇਟਿਵ ਪਾਰਟੀ ਦੇ ਉਮੀਦਵਾਰ ਮਾਰਕ ਮਕੈਨਜ਼ੀ ਵੱਲੋਂ ਸਾਲ 2022 ਵਿੱਚ ਜਦੋਂ ਫਰੀਡਮ ਕਾਨਵਾਈ ਸਮਾਪਤ ਹੋਈ ਸੀ ਤਾਂ ਇੱਕ ਪੌਡਕਾਸਟ ਦੇ ਦੌਰਾਨ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੂਰਖ ਕਹਿੰਦਿਆਂ ਹੋਇਆਂ ਉਹਨਾਂ ਇਹ ਆਖਿਆ ਗਿਆ ਸੀ ਕਿ ਟਰੂਡੋ ਨੂੰ ਮੌਤ ਦੀ ਸਜ਼ਾ ਦੇ ਦੇਣੀ ਚਾਹੀਦੀ ਹੈ।

ਇਸ ਬਾਰੇ ਇੱਕ ਆਡੀਓ ਕਲਿੱਪ ਜਾਰੀ ਹੋਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਵੱਲੋਂ ਓਂਟਾਰੀਓ ਦੇ ਵਿੰਡਸਰ-ਟੇਕੁਮਸੇਹ-ਲੇਕੇਸ਼ੋਰ ਤੋਂ ਉਮੀਦਵਾਰ ਮਕੈਨਜ਼ੀ ਦੀ ਉਮੀਦਵਾਰ ਰੱਦ ਕਰ ਦਿੱਤੀ ਗਈ ਹੈ। ਵਰਨਣ ਯੋਗ ਹੈ ਕਿ ਇਹ ਐਪੀਸੋਡ 18 ਫਰਵਰੀ 2022 ਨੂੰ ਰਿਲੀਜ਼ ਕੀਤਾ ਗਿਆ ਸੀ ਇਸ ਸਬੰਧੀ ਹੁਣ ਜਦੋਂ ਚੋਣ ਪ੍ਰਚਾਰ ਲਈ ਸੇਂਟ ਜੋਨ ਪਹੁੰਚੇ ਕੰਜਰਵੇਟਿਵ ਲੀਡਰ ਪੀਅਰ ਪੋਲੀਵਰ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਮਾਰਕ ਮਕੈਨਜ਼ੀ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਉਹ ਚਲਿਆ ਗਿਆ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਜਿਹਾ ਕਿਉਂ ਤਾਂ ਉਹਨਾਂ ਨੇ ਬੜੇ ਸਧਾਰਨ ਢੰਗ ਨਾਲ ਜਵਾਬ ਦਿੱਤਾ ਕਿ ਇਹ ਸ਼ਬਦਾਵਲੀ ਸਵੀਕਾਰ ਕਰਨ ਯੋਗ ਨਹੀਂ ਹੈ।