ਚੰਦਰਾ ਗੁਆਂਢ ਨਾ ਹੋਵੇ

ਟਰੰਪ ਸਾਹਿਬ ! ਗੁਆਂਢੀਆਂ ਨਾਲ ਕਦੇ ਨਹੀਂ ਵਿਗੜਨੀ ਚਾਹੀਦੀ—

ਸੰਸਾਰਕ ਤਾਕਤਾਂ ਦਾ ਬਦਲਦਾ ਤਵਾਜ਼ਨ!

This image has an empty alt attribute; its file name is Gurcharan-k-Thind-book-writer-1024x576.jpg
ਗੁਰਚਰਨ ਕੌਰ ਥਿੰਦ

ਸਿਆਣਿਆਂ ਨੂੰ ਕਹਿੰਦੇ ਸੁਣਿਆ ਕਿ ਸਕਿਆਂ ਨਾਲ ਭਾਵੇਂ ਵਿਗੜ ਜਾਵੇ ਗੁਆਂਢੀਆਂ ਨਾਲ ਕਦੇ ਨਹੀਂ ਵਿਗੜਨੀ ਚਾਹੀਦੀ। ਗਵਾਂਢੀ ਤਾਂ ਸਰ੍ਹਾਣੇ ਦੀ ਬਾਂਹ ਹੁੰਦੇ ਹਨ ਜੋ ਔਖੀ ਘੜੀ ਸਭ ਤੋਂ ਪਹਿਲਾਂ ਅੰਗ ਸੰਗ ਖੜ੍ਹੇ ਨਜ਼ਰ ਆਉਂਦੇ ਨੇ। ਲਗਦਾ ਸਿਆਣਿਆਂ ਦੀਆਂ ਗੱਲਾਂ ਨਵੇਂ ਜ਼ਮਾਨੇ ਦੇ ਹਾਣ ਦੀਆਂ ਨਹੀਂ ਰਹੀਆਂ ਤਾਂ ਹੀ ਹਊ ਪਰ੍ਹੇ ਕਰ ਦਿੱਤੀਆਂ ਜਾਂਦੀਆਂ ਨੇ। ਦੂਰ ਕੀ ਜਾਣਾ ਸਦੀਆਂ ਤੋਂ ਸੁਚੱਜੇ ਗਆਂਢੀਆਂ ਵਾਂਗ ਰਹਿ ਰਹੇ ਅਮਰੀਕਾ, ਕਨੇਡਾ ਤੇ ਮੈਕਸੀਕੋ ਹੁਣ ਇੱਕ ਦੂਜੇ ਤੇ ਜ਼ੋਰ ਸ਼ੋਰ ਨਾਲ ਸ਼ਬਦੀ ਹਮਲੇ ਕਰ ਰਹੇ ਹਨ। 4 ਫਰਵਰੀ 2025 ਨੂੰ ਡੋਨਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦੇ ਪ੍ਰਧਾਨ ਵਜੋਂ ਵਾਗਡੋਰ ਸੰਭਾਲੀ। ਉਸ ਦਿਨ ਤੋਂ ਜਿੰਵੇਂ ਪੂਰੀ ਦੁਨੀਆਂ ਵਿੱਚ ਭੁਚਾਲ ਆ ਗਿਆ ਹੋਵੇ। ਡੋਨਲਡ ਟਰੰਪ ਨੇ ਚੋਣਾਂ ਹੀ ਜ਼ਬਰਦਸਤ ਸ਼ਬਦੀ ਹਮਲਿਆਂ ਨਾਲ ਜਿੱਤੀਆਂ।

ਮਸਲਨ: ਅਮਰੀਕਾ ਵਿਚੋਂ ਅਵੈਧ ਢੰਗ ਨਾਲ ਰਹਿ ਰਹੇ ਇਮੀਗ੍ਰੈਂਟਸ ਨੂੰ ਕੱਢ ਬਾਹਰ ਸੁੱਟਣਾ, ਮਹਿੰਗਾਈ ਘੱਟ ਕਰਨੀ, ਅਯਾਤ-ਨਿਰਯਾਤ ਤੇ ਟੈਰਿਫ਼ ਲਗਾਉਣਾ ਤੇ ਖਾਸ ਤੌਰ ਤੇ ਗੱਦੀ ਸੰਭਾਲਦਿਆਂ ਹੀ ਇਜ਼ਰਾਈਲ ਤੇ ਹਮਸ ਅਤੇ ਯੂਕਰੇਨ ਤੇ ਰੂਸ ਦਰਮਿਆਨ ਹੋ ਰਹੇ ਯੁੱਧ ਨੂੰ ਰੁਕਵਾ ਦੇਣਾ; ਅਜਿਹੇ ਮੁੱਦੇ ਸਾਬਿਤ ਹੋਏ ਜਿਸ ਨੂੰ ਹਰ ਅਮਰੀਕਨ ਨੇ ਕਿਸੇ ਨਾ ਕਿਸੇ ਹੱਦ ਤੱਕ ਪ੍ਰਵਾਨਿਆ, ਸਲਾਹਿਆ ਤੇ ਫਲਸਰੂਪ ਡੋਨਲਡ ਟਰੰਪ ਨੂੰ ਭਰਵੀਂ ਜਿੱਤ ਹਾਸਲ ਕਰਵਾਈ। ਕਮਲਾ ਹੈਰਿਸ ਦੀ ਬਜਾਏ ਡੋਨਲਡ ਟਰੰਪ ਦੀ ਤੂਤੀ ਦੁਨੀਆਂ ਭਰ ਵਿੱਚ ਬੋਲਣ ਲਗੀ।
ਆਪਣੇ ਅਹੁਦੇ ਦੀ ਸਹੁੰ ਚੁੱਕਦਿਆਂ ਹੀ ਸਭ ਤੋਂ ਪਹਿਲਾਂ ਟਰੰਪ ਸਾਹਿਬ ਨੇ ਅਵੈਧ ਇਮੀਗ੍ਰੈਂਟਸ ਨੂੰ ਦੇਸੋਂ ਬਾਹਰ ਕੱਢਣ ਦੇ ਹੁਕਮਾਂ ਤੇ ਸਹੀ ਪਾ ਆਪਣੇ ਵੋਟਰਾਂ ਨੂੰ ਖੁਸ਼ ਕਰ ਦਿੱਤਾ। ਉੱਤਰ ਵਾਲੇ ਪਾਸੇ ਦੇ ਗੁਆਂਢੀ ਦੇਸ਼ ਦੇ ਪ੍ਰਾਈਮ ਮਨਿਸਟਰ ਜਸਟਿਨ ਟਰੂਡੋ ਨੂੰ ਗਵਰਨਰ ਸਬੋਧਨ ਕਰ ਕਨੇਡਾ ਨੂੰ ਆਪਣਾ 51ਵਾਂ ਰਾਜ ਬਣਾ ਲੈਣ ਦਾ ਦਾਅਵਾ ਠੋਕ ਦਿੱਤਾ। ਇੱਥੇ ਹੀ ਨਹੀਂ ਗਰੀਨਲੈਂਡ ਤੇ ਪਨਾਮਾ ਨੂੰ ਆਪਣੀ ਫੌਜੀ ਤਾਕਤ ਦੇ ਜ਼ੋਰ ਨਾਲ ਜਿੱਤ ਲੈਣ ਦੀ ਗੱਲ ਵੀ ਦੁਨੀਆਂ ਨੂੰ ਸੁਣਾ ਦਿੱਤੀ। ਕਨੇਡਾ ਤੇ ਮੈਕਸੀਕੋ ਨੂੰ ਆਰਥਿਕ ਦਬਾਅ ਪਾ ਕੇ ਆਪਣੇ ਅਧੀਨ ਕਰਨ ਦੀ ਜੁਗਤ ਦਾ ਪੋਲ ਵੀ ਖੋਲ੍ਹ ਦਿੱਤਾ। ਇਹ ਤੇ ਹੈ ਦੁਨੀਆਂ ਦੇ ਅਲੰਬਰਦਾਰ ਦੇਸ਼ ਦਾ ਆਪਣੇ ਸੱਜੇ ਖੱਬੇ ਗੁਆਂਢੀਆਂ ਨਾਲ ਸਲੂਕ।
ਤੇ ਫਿਰ ਸ਼ੁਰੂ ਹੋਈ ਆਪਣੇ ਪੱਕੇ ਦੋਸਤ ਆਖੇ ਜਾਣ ਵਾਲ ਦੇਸ਼ਾਂ ਦੀ ਖੱਜਲ ਖੁਆਰੀ। ਜਿਨ੍ਹਾਂ ਵਿਚੋਂ ਟਰੰਪ ਨਾਲ ਪੱਕੀ ਯਾਰੀ ਦਾ ਦਾਅਵਾ ਭਰਨ ਵਾਲਾ ਦੇਸ਼ ਭਾਰਤ ਪਹਿਲੇ ਨੰਬਰ ਤੇ ਆਉਂਦਾ ਹੈ। ਅਵੈਧ ਭਾਰਤੀ ਇਮੀਗ੍ਰੈਂਟਸ ਦਾ ਭਰਿਆ ਫ਼ੌਜ਼ੀ ਜਹਾਜ਼ ਭਾਰਤ ਨੂੰ ਰਵਾਨਾ ਕਰ ਦਿੱਤਾ। ਜਦੋਂ ਇਹ ਜਹਾਜ਼ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਰਿਆ ਤਾਂ ਬੇੜੀਆਂ ਤੇ ਹੱਥਕੜੀਆਂ ਨਾਲ ਜਕੜੇ ਨੌਜੁਆਨ, ਔਰਤਾਂ ਤੇ ਬੱਚੇ ਬਾਹਰ ਨਿਕਲੇ ਤਾਂ ਵੇਖਣ ਵਾਲਿਆਂ ਦੀਆਂ ਅੱਖਾਂ ਵਹਿ ਤੁਰੀਆਂ। ਇਹ ਕੋਈ ਕ੍ਰਿਮਨਲ ਸਨ ਜੋ ਬੇੜੀਆਂ ਵਿੱਚ ਜਕੜ ਕੇ ਲਿਆਂਦੇ ਗਏ? ਹਰ ਕੋਈ ਆਖ ਰਿਹਾ ਸੀ। ਇੱਥੇ ਬੱਸ ਨਹੀਂ ਫਿਰ ਇੱਕ ਹੋਰ ਜਹਾਜ਼ ਉੱਤਰਿਆ ਇਸੇ ਹਾਲਤ ਵਿੱਚ। ਤੀਜਾ ਜਹਾਜ਼ ਉਦੋਂ ਉੱਤਰਿਆ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜੋ ਟਰੰਪ ਨੂੰ ‘ਮਾਈ ਬੈਸਟ ਫਰੈਂਡ’ ਆਖਦੇ ਹਨ, ਉਹਦੇ ਮੁਲਕ ਵਿੱਚ ਉਹਦੇ ਨਾਲ ਮੰੂਹ ਵਿੱਚ ਦਹੀਂ ਜਮਾ ਗੱਲਬਾਤ ਕਰਕੇ ਅਜੇ ਮੁੜੇ ਹੀ ਸਨ। ਇਹ ਪੱਕੀ ਯਾਰੀ ਦਾ ਤੋਹਫ਼ਾ ਸੀ ਜੋ ਯਾਰ ਮਾਰ ਨੇ ਦਿੱਤਾ। ਹੋਰ ਮੁਲਕ ਤਾਂ ਆਪਣੇ ਬੰਦੇ ਆਪਣੇ ਜਹਾਜ਼ਾਂ ਵਿੱਚ ਬਠਾ ਵਾਪਸ ਲੈ ਗਏ, ਪਤਾ ਨਹੀਂ ਭਾਰਤ ਨੇ ਕਿਸ ਮਜਬੂਰੀ ਵੱਸ ਚੂੰ ਨਹੀਂ ਕੀਤੀ ਅਤੇ ਐਨੀ ਸ਼ਰਮਨਾਕ ਸਥਿੱਤੀ ਨੂੰ ਅੱਖੀਂ ਵੇਖ ਅਣਡਿੱਠ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦੇ ਦਿੱਲੀ ਪਹੁੰਚਦਿਆਂ ਹੀ ਉਨ੍ਹਾਂ ਦੇ ਪਰਮ ਪੰੂਜੀਪਤੀ ਮਿੱਤਰ ਦੇ ਅਦਾਲਤੀ ਵਰੰਟ ਵੀ ਪਿੱਛੇ ਪਿੱਛੇ ਉਨ੍ਹਾਂ ਦੀ ਸਰਕਾਰ ਤੱਕ ਪੁੱਜਦੇ ਹੋ ਗਏ। ਉਸ ਦੋਸਤ ਨੂੰ ਅਦਾਲਤੀ ਵਰੰਟ ਭੇਜੇ ਜਾਂਦੇ ਵੀ ਕਿ ਨਹੀਂ ਰੱਬ ਜਾਣੇ! ਲੀਡਰਾਂ ਦੀਆਂ ਨੀਤਾਂ ਬਦਨੀਤਾਂ ਲੀਡਰ ਹੀ ਜਾਨਣ, ਆਮ ਬੰਦਾ ਤਾਂ ਗੁੰਗਾ ਬੋਲ਼ਾ ਹੁੰਦਾ, ਜੋ ਟੀ. ਵੀ. ਤੇ ਫੋਟੋਆਂ ਵੇਖ ਤਾੜੀਆਂ ਮਾਰ ਮਾਰ ਖੁਸ਼ ਹੁੰਦਾ ਰਹਿੰਦਾ।
ਲਓ ਜੀ, ਫਿਰ ਵਾਰੀ ਆਉਂਦੀ ਹੈ ਟੈਰਿਫ਼ ਲਗਾਉਣ ਦੀ। ‘ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ’ ਦੇ ਕਥਨ ਅਨੁਸਾਰ ਟਰੰਪ ਸਾਹਿਬ ਨੇ ਕਿਸੇ ਨੂੰ ਨਹੀਂ ਬਖਸ਼ਿਆ। ਕਨੇਡਾ ਮੈਕਸੀਕੋ ਏਸ਼ੀਆ ਅਤੇ ਯੂਰਪੀਨ ਦੇਸ਼ਾਂ ਦੇ ਅਯਾਤ ਨਿਰਯਾਤ ਤੇ ਟੈਰਿਫ਼ ਲਾਉਣ ਦਾ ਸ਼ਬਦੀ ਹਮਲਾ ਸ਼ੁਰੂ ਕਰ ਇੱਕ ਪਾਸੇ ‘ਟਰੇਡ ਵਾਰ’ ਸ਼ੁਰੂ ਕਰ ਦਿੱਤੀ ਅਤੇ ਦੂਜੇ ਪਾਸੇ ਲੰਮੇ ਸਮੇਂ ਤੋਂ ਚਲ ਰਹੀਆਂ ਦੋ ਹਥਿਆਰਬੰਦ ਲੜਾਈਆਂ ਨੂੰ ਬੰਦ ਕਰਵਾਉਣ ਦਾ ਬੀੜਾ ਚੁੱਕ ਲਿਆ ਅਮਰੀਕਾ ਦੇ ਨਵ-ਨਿਯੁਕਤ ਪ੍ਰਧਾਨ ਜੀ ਨੇ। ਇਜ਼ਰਾਈਲ ਤੇ ਫਲਸਤੀਨ ਦਰਮਿਆਨ ਯੁੱਧਬੰਦੀ ਕਰਵਾ ਨਾਗਰਿਕਾਂ ਦੀ ਵਾਪਸੀ ਹੋਣ ਲਗੀ ਤਾਂ ਗਾਜ਼ਾ ਪੱਟੀ ਵਾਲਾ ਇਲਾਕਾ ਕਾਬੂ ਕਰ ਉਸ ਉੱਪਰ ਹੋਟਲ, ਸੈਰਗਾਹਾਂ ਤੇ ਹੋਰ ਸ਼ਾਨਦਾਰ ਇਮਾਰਤਾਂ ਉਸਾਰਨ ਦੀ ਯੋਜਨਾਬੰਦੀ ਸ਼ੁਰੂ ਹੋ ਗਈ। ਉੱਧਰ ਰੂਸ ਨਾਲ ਯਾਰੀ ਗੰਢ ਯੂਕਰੇਨ ਨੂੰ ਧਮਕਾ ਕੇ ਉਸ ਦੇ ਅਤਿ ਕੀਮਤੀ ਖਣਿਜ ਪਦਾਰਥਾਂ ਨੂੰ ਹੜੱਪਣ ਦੀਆਂ ਤਰਕੀਬਾਂ ਸ਼ੁਰੂ ਹੋ ਗਈਆਂ।
ਇਹ ਸਾਰਾ ਕੁੱਝ ਚੰਦ ਕੁ ਹਫ਼ਤਿਆਂ ਵਿੱਚ ਵਾਪਰ ਗਿਆ। ਆਲਾ ਦੁਆਲਾ ਭਵੰਤਰ ਜਿਹਾ ਗਿਆ। ਇੰਜ ਲਗਾ ਜਿੰਵੇਂ ਸੰਸਾਰਕ ਤਾਕਤਾਂ ਦਾ ਤਵਾਜ਼ਨ ਵਿਗੜ ਰਿਹਾ ਹੋਵੇ। ਦਹਾਕਿਆਂ ਤੋਂ ਇੱਕ ਦੂਜੇ ਦੇ ਦੁਸ਼ਮਣ ਦੇਸ਼ਾਂ ਵਜੋਂ ਜਾਣੇ ਜਾਂਦੇ ਦੋ ਦੇਸ਼, ਵੱਖ ਵੱਖ ਵਿਚਾਰਧਾਰਾ ਵਾਲੀਆਂ ਦੋ ਤਾਕਤਾਂ ਜੋ ਹਮੇਸ਼ਾਂ ਵੱਖੋ ਵੱਖਰੇ ਪਾਲ਼ੇ ਵਿੱਚ ਖੜੀਆਂ ਸੰਸਾਰ ਨੂੰ ਦੋ ਹਿੱਸਿਆਂ ਵਿੱਚ ਵੰਡਦੀਆਂ ਰਹੀਆਂ ਹੋਣ, ਅਚਾਨਕ ਇੱਕ ਦੂਜੇ ਦੇ ਬਗਲਗੀਰ ਹੋ ਜਾਣ ਤਾਂ ਜਲਜ਼ਲਾ ਆਉਣ ਦੀ ਚੁਨੌਤੀ ਨਹੀਂ ਲਗਦੀ। ਜ਼ਰੂਰ ਲਗਦੀ ਹੈ। ਅਮਰੀਕਾ ਦੇ ਪ੍ਰਧਾਨ ਡੋਨਲਡ ਟਰੰਪ ਨੇ ਰੂਸ ਦੇ ਪ੍ਰਧਾਨ ਪੁਤਿਨ ਨੂੰ ਜਾ ਗਲਵਕੜੀ ਪਾਈ। ਯੂਕਰੇਨ ਦੇ ਪ੍ਰਧਾਨ ਜੁਲੰਸਕੀ ਦਾ ਜਿਸ ਤਰ੍ਹਾਂ ਘਰ ਬੁਲਾ ਕੇ ਨਿਰਾਦਰ ਕੀਤਾ ਗਿਆ, ਇੱਕ ਸੋਚੀ ਸਮਝੀ ਸਕੀਮ ਨਹੀਂ ਲਗਦੀ ਭਲਾ। ਸੋਸ਼ਲ ਮੀਡੀਆ ਤੇ ਤਾਂ ਇਸ ਨੂੰ ਗੁਪਤ ਸਾਜਿਸ਼ ਹੀ ਗਰਦਾਨਿਆ ਜਾ ਰਿਹਾ ਕਿ ‘ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ’ ਭਾਵ ਜੁਲੰਸਕੀ ਸਾਹਿਬ ਆਪਣੇ ਲੋਕਾਂ ਸਾਹਮਣੇ ਸੱਚੇ ਕਿ ਮੇਰੇ ਤੇ ਦਬਾਅ ਪਾ ਕੇ ਸਮਝੌਤੇ ਤੇ ਦਸਖ਼ਤ ਕਰਵਾਏ ਜਾ ਰਹੇ ਨੇ ਤੇ ਆਪ ਦੂਸਰੇ ਦੇਸ਼ ਦੇ ਕੀਮਤੀ ਖ਼ਜ਼ਾਨਿਆਂ ਦਾ ਮਾਲਕ ਬਣ ਜਾਣਾ। ਇਹ ਅਜੋਕੇ ਸਮੇਂ ਦੇ ਤੀਜੇ ਸੰਸਾਰ ਯੁੱਧ ਦੇ ਨਵੀਨ ਢੰਡ ਤਰੀਕੇ ਨਹੀਂ ਤਾਂ ਹੋਰ ਕੀ ਹੈ? ਦੂਜੇ ਪਾਸੇ ਵੀ ਝਾਤੀ ਮਾਰ ਲਈਏ। ਜਲੰਸਕੀ ਵਾਈਟ ਹਾਊਸ ਵਿਚੋਂ ਨਿਕਲ ਸਿੱਧਾਂ ਯੂਰਪ ਦੇਸ਼ਾਂ ਦੇ ਗਲ਼ੇ ਜਾ ਲਗਿਆ। ਕਨੇਡਾ ਨੇ ਆਪਣੇ ਵਸਤੂ ਵਪਾਰ ਲਈ ਯੂਰਪ ਤੇ ਏਸ਼ੀਆ ਵੱਲ ਮੰੂਹ ਮੋੜ ਲਿਆ ਹੈ। ਆਪਣਾ ਮਾਲ ਵੇਚਣਾ, ਦੂਰ ਕੀ ਨੇੜੇ ਕੀ! ਨਾਲੇ ਕੱਲ੍ਹ ਨੂੰ ਕੋਈ ਹਬੀ ਨਬੀ ਹੋ ਜਾਵੇ ਤਾਂ ਮਦਦ ਲਈ ਹਾਕ ਵੀ ਮਾਰੀ ਜਾ ਸਕਦੀ ਹੈ
ਡੋਨਲਡ ਟਰੰਪ ਦੇ ਇਨ੍ਹਾਂ ਵਰਤਾਰਿਆਂ ਦੇ ਗੁਆਂਢ ਵਿੱਚ ਤਾਂ ਦੁਵੱਲੇ ਅਸਰ ਵਿਖਾਈ ਦੇਣ ਲਗੇ ਹਨ। ਕਨੇਡਾ ਨੂੰ 51ਵਾਂ ਰਾਜ ਬਣਾਉਣ ਦੇ ਟਰੰਪ ਦੇ ਜੁਮਲੇ ਨੇ ਕਨੇਡਾ ਵਾਸੀਆਂ ਨੂੰ ਹੋਰ ਇੱਕ ਜੁੱਟ ਕਰ ਦਿੱਤਾ ਹੈ। ‘ਫਲੈਗ ਡੇ’ ਤੇ ਪੂਰਵ ਪ੍ਰਧਾਨ ਮੰਤਰੀਆਂ ਨੇ ਮਿਲ ਕੇ ਕਨੇਡਾ ਦਾ ਝੰਡਾ ਉੱਚਾ ਝੁਲਾਇਆ ਅਤੇ ਕਨੇਡਾ ਵਾਸੀਆਂ ਨੇ ਇਸ ਦਿਨ ਕਨੇਡਾ ਦੇ ਝੰਡੇ ਦਾ ਮਾਣ ਵਧਾਇਆ। ਜਦੋਂ ਸਰਹੱਦਾਂ ਰਾਹੀਂ ਨਸ਼ੀਲੇ ਪਦਾਰਥਾਂ (ਫੈਂਟਾੁਨਲ) ਦੀ ਟ੍ਰੈਫਿਿੰਕਗ ਦੀ ਗੱਲ ਆਈ ਤਾਂ ਕਨੇਡਾ ਨੇ ਆਪਣੀਆਂ ਸਰਹੱਦਾਂ ਤੇ ਆਪਣੀ ਨਫ਼ਰੀ ਗਿਣਤੀ ਵਧਾ ਦਿੱਤੀ ਤੇ ਇਹ ਵੀ ਸਪਸ਼ੱਟ ਕਰ ਦਿੱਤਾ ਕਿ ਕਨੇਡਾ ਤੋਂ ਕੇਵਲ ਇੱਕ ਪ੍ਰਤੀਸ਼ਤ ਨਸ਼ੀਲੇ ਪਦਾਰਥਾਂ ਦੀ ਸਮਗਲੰਿਗ ਹੁੰਦੀ ਹੈ। ਮਾਰਚ ਦੇ ਪਹਿਲੇ ਹਫ਼ਤੇ ਟੈਰਿਫ਼ ਦੇ ਵਾਧੇ ਦੇ ਅਨਾਊਂਸ ਹੁੰਦਿਆਂ ਹੀ ਕਨੇਡਾ ਵਲੋਂ ਰੈਸੀਪੌਕਲ ਟੈਰਿਫ਼ ਦਾ ਵਾਧਾ ਅਨਾਊਂਸ ਹੋ ਗਿਆ ਅਤੇ ਨਾਲ ਹੀ ਕਨੇਡਾ ਦੇ ਲਗਪਗ ਸਾਰੇ ਰਾਜ ਇੱਕ ਜੁੱਟ ਹੋ ਗਏ। ਅਮਰੀਕੀ ਵਸਤੂਆਂ ਨੂੰ ਸਟੋਰਾਂ ਦੀਆਂ ਸ਼ੇਲਫ਼ਾਂ ਤੋਂ ਅਲੋਪ ਕਰਨ ਅਤੇ ਕਨੇਡਾ ਦੇ ਖਾਧ-ਪਦਾਰਥ ਵਰਤਣ ਦੀਆਂ ਹਦਾਇਤਾਂ ਪ੍ਰੀਮੀਅਰਜ਼ ਵਲੋਂ ਜਾਰੀ ਹੋਣ ਲਗ ਪਈਆਂ। ਓਨਟਾਰੀਓ ਨੇ ਬਿਜਲੀ ਸਪਲਾਈ ਬੰਦ ਕਰਨ, ਬੀ.ਸੀ. ਨੇ ਅਲਾਸਕਾ ਨੂੰ ਜਾਣ ਵਾਲੀ ਸੜਕ ਤੋਂ ਲੰਘਣ ਵਾਲੇ ਅਮਰੀਕੀ ਵਾਹਨਾਂ ਤੇ ਟੋਲ ਤੇ ਟੈਰਫ਼ ਲਗਾਉਣ, ਅਲਬਰਟਾ ਨੇ ਅੰਤਰ-ਰਾਜੀ ਵਪਾਰ ਕਰਨ ਅਤੇ ਅੰਤਰ-ਰਾਜੀ ਤੇਲ ਪਾਈਪਾਂ ਵਿਛਾਉਣ ਵੱਲ ਕਦਮ ਵਧਾਉਣ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਗੁਆਂਢੀ ਦੇ ਖਤਰੇ ਨੇ ਘਰ ਦੇ ਜੀਆਂ ਨੂੰ ਇੱਕ ਮੁੱਠ ਕਰ ਦਿੱਤਾ। ਹੋਰ ਤੇ ਹੋਰ ਇਸ ਬਾਹਰਲੇ ਸੰਕਟ ਸਮੇਂ ਐਨ.ਡੀ.ਪੀ. ਦੇ ਨੇਤਾ ਜਗਮੀਤ ਸਿੰਘ ਵਲੋਂ 24 ਮਾਰਚ ਨੂੰ ਹੋਣ ਵਾਲੇ ਪਾਰਲੀਮੈਂਟਰੀ ਸੈਸ਼ਨ ਦੌਰਾਨ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡਿੱਗਣ ਤੋਂ ਬਚਾਉਣ ਲਈ ਆਪਣੀ ਪਾਰਟੀ ਦੀ ਸਪੋਰਟ ਦੇਣ ਦੀ ਗੱਲ ਵੀ ਆਖ ਦਿੱਤੀ ਹੈ। ਹਾਲਾਂਕਿ ਉਸ ਦੁਆਰਾ ਸਪੋਰਟ ਵਾਪਸ ਲਏ ਜਾਣ ਕਰਕੇ ਮੌਜੂਦਾ ਘੱਟ ਗਿਣਤੀ ਸਰਕਾਰ ਦਾ ਡਿੱਗਣਾ ਤਹਿ ਹੋ ਗਿਆ ਸੀ। ਹੁਣ ਵੇਖੋ, ਮੌਕੇ ਦੇ ਮੌਕੇ ਕੀ ਬਣਦਾ?
ਹੋਰਨਾਂ ਦੇਸ਼ਾਂ ਦੇ ਸੰਗਠਨ ਵੀ ਹੋਰ ਮਜ਼ਬੂਤ ਹੋ ਰਹੇ ਹਨ। ਨਾਟੋ ਦੇਸ਼ ਆਪਣੇ ਫ਼ੌਜੀ ਬਜਟਾਂ ਵਿੱਚ ਵਾਧਾ ਕਰ ਰਹੇ ਹਨ ਤਾਂ ਜੋ ਭਵਿੱਖ ਵਿੱਚ ਇੱਕ ਮਜ਼ਬੂਤ ਸੰਗਠਨ ਬਣ, ਨਵੇਂ ਧਰੁਵੀਕਰਨ ਦੇ ਫਲਸਰੂਪ ਬਣੇ ਦੂਜੇ ਪਾਸੇ ਦਾ ਮੁਕਾਬਲਾ ਕਰ ਸਕਣ। ਨਿੱਤ ਕੁੱਝ ਨਵਾਂ ਵਾਪਰਦਾ ਵਿਖਾਈ ਦੇ ਰਿਹਾ ਹੈ। ਮੁਲਕ ਆਪੋ ਆਪਣੀ ਇਕਾਨਮੀ ਦਾ ਲੇਖਾ ਜੋਖਾ ਕਰ ਪੈਰਾਂ ਸਿਰ ਹੋਣ ਦਾ ਭਰਮ ਪਾਲ ਰਹੇ ਹਨ। ਭਾਰਤ ਵਰਗੇ ਸੰਘਣੀ ਅਬਾਦੀ ਵਾਲੇ ਦੇਸ਼ ਨੂੰ, ਜਿੱਥੇ ਉਪਭੋਗਤਾਵਾਂ ਦੀ ਅਥਾਹ ਗਿਣਤੀ ਹੈ ਇਸ ਸਭ ਕਾਸੇ ਵਿਚੋਂ ਲਾਭ ਹੁੰਦਾ ਵਿਖਾਈ ਦੇਂਦਾ ਹੈ। ਚੀਨ ਵਰਗੇ ਬਹੁਗਿਣਤੀ ਵਸੋਂ ਅਤੇ ਮਹਿੰਗੇ ਸਸਤੇ ਹਰ ਪ੍ਰਕਾਰ ਦੇ ਬੇਅੰਤ ਪ੍ਰੋਡਕਸ਼ਨ ਕਰਨ ਵਾਲੇ ਦੇਸ਼ ਲਈ ਸ਼ਾਇਦ ਇਹ ਟੈਰਿਫ਼ ਕਿਹਾ ਜਾਣ ਵਾਲਾ ਭੂਤ ਉਂਜ ਹੀ ਬੇਅਸਰ ਸਾਬਤ ਹੋਵੇ।
ਕਿਹਾ ਜਾਂਦਾ ਹੈ ਕਿ ਪ੍ਰਧਾਨ ਡੋਨਲਡ ਟਰੰਪ ਵਲੋਂ ਵੱਧ ਟੈਰਿਫ਼ ਲਗਾ ਕੇ ਵਿਦੇਸ਼ੀ ਵਸਤੂਆਂ ਨੂੰ ਮਹਿੰਗਾ ਕਰਕੇ ਅਮਰੀਕਾ ਵਿੱਚ ਆਪਣੀ ਪ੍ਰੋਡਕਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਨੌਕਰੀਆਂ ਦਾ ਵਾਧਾ ਕਰਨ ਲਈ ਅਪਣਾਈ ਜਾ ਰਹੀ ਨੀਤੀ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਅੰਦਰ ਇਨਫਲੇਸ਼ਨ (ਮੰਹਿਗਾਈ) ਨੂੰ ਘੱਟ ਕਰਨ ਦੇ ਦਾਅਵੇ ਤੇ ਅਮਲ ਕਰਨ ਲਈ ਅਜਿਹਾ ਕਰ ਰਹੇ ਹਨ। ਪਰ ਹਾਲ ਦੀ ਘੜੀ ਇਨਫਲੇਸ਼ਨ ਤੇਜ਼ੀ ਨਾਲ ਵੱਧ ਰਹੀ ਹੈ ਤੇ ਵਧੇਗੀ ਕਿਉਂਕਿ ਦੁਸਰੇ ਦੇਸ਼ਾਂ ਵਲੋਂ ਲਗਾਏ ਗਏ ਰੈਸੀਪ੍ਰੋਕਲ ਟੈਰਿਫ਼ ਚੀਜ਼ਾਂ ਦੇ ਅਯਾਤ ਨਿਰਯਾਤ ਨੂੰ ਮਹਿੰਗਾ ਕਰ ਚੀਜ਼ਾਂ ਦੀ ਕੀਮਤ ਵਿੱਚ ਵਾਧਾ ਤੇ ਕਿੱਲਤ ਪੈਦਾ ਕਰਨਗੇ। ਇਸ ਤਰ੍ਹਾਂ ਰੀਸੈਸ਼ਨ ਦੇ ਅਸਾਰ ਬਣਨ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ ਜੋ ਦੁਨੀਆਂ ਭਰ ਦੀ ਆਰਥਿਕ ਸਥਿੱਤੀ ਨੂੰ ਡਾਵਾਂਡੋਲ ਕਰ ਸਕਦਾ ਹੈ। ਇਨ੍ਹਾਂ ਨਾਜ਼ੁਕ ਪ੍ਰਸਥਿਤੀਆਂ ਦਾ ਸੱਚ ਝੂਠ ਜਾਂ ਸਹੀ ਗਲਤ ਹੋਣਾ ਤਾਂ ਭਵਿੱਖ ਦੀ ਹਿੱਕ ਵਿੱਚ ਲੁਕਿਆ ਹੈ। ਹਾਲ ਦੀ ਘੜੀ ਤਾਂ ਡੋਨਲਡ ਟਰੰਪ ਦੇ ਭਾਸ਼ਨਾਂ ਤੇ ਉਸ ਦੇ ਮੰੂਹੋਂ ਨਿਕਲੇ ਊਲ ਜਲੂਲ ਬੋਲਾਂ ਨੇ ਨੇਤਾਵਾਂ, ਮਾਹਿਰਾਂ ਤੇ ਆਮ ਲੋਕਾਂ ਨੂੰ ਇੱਕ ਨਵੀਂ ਚਿੰਤਾ ਵਿੱਚ ਪਾਇਆ ਹੋਇਆ ਹੈ।
ਆਖਰ ਵਿੱਚ ਭਾਰਤੀ ਲੇਖਕ ਵਿਨੀਤ ਬਾਜਪਾਈ ਦੀ ਤਿੰਨ ਭਾਗਾਂ ਵਿੱਚ ਲਿਖੀ ਕਿਤਾਬ, ‘ਹੜੱਪਾ-ਕਰਸ ਆਫ ਦਾ ਬਲੱਡ ਰਿਵਰ, ਪਰਲੈ-ਦਾ ਗਰੇਟ ਡਿਲਊਜ਼ ਅਤੇ ਕਾਸ਼ੀ-ਸੀਕਰਟ ਆਫ ਬਲੈਕ ਟੈਂਪਲ’ ਦੇ ਹਵਾਲੇ ਨਾਲ ਗੱਲ ਕਰਨੀ ਬਣਦੀ ਹੈ ਜਿਸ ਵਿੱਚ ਹੜੱਪਾ ਸਭਿਅਤਾ ਦੇ ਵੱਸਣ ਤੇ ਉਜੜਨ ਨਾਲ ਸਬੰਧਤ ਦੇਵੀ ਦੇਵਤਿਆਂ ਤੋਂ ਲੈ ਕੇ ਗੰਗਾ ਕੰਢੇ ਕਾਸ਼ੀ (ਬਨਾਰਸ) ਵਿਖੇ ਸਥਿੱਤ ਇੱਕ ਮੰਦਰ ਤੱਕ ਦੀ ਦੇਵੀ ਦੇਵਤਿਆਂ ਤੇ ਦਾਨਵੀਂ ਤਾਕਤਾਂ ਦੀ ਆਪਸੀ ਖਹਿਬਾਜ਼ੀ ਦੀ ਲੜਾਈ ਦੀ ਗਾਥਾ ਨੂੰ ਅਜੋਕੇ ਸਮੇਂ ਦੇ ਪਾਤਰਾਂ ਨਾਲ ਜੋੜ ਕੇ ਬਿਆਨਿਆਂ ਗਿਆ ਹੈ। ਇਸ ਵਿੱਚ ‘ਨਿਊ ਵਰਲਡ ਆਰਡਰ’ ਦਾ ਜ਼ਿਕਰ ਆਉਂਦਾ ਹੈ ਜੋ ਕਿ ਕੁੱਝ ਮੁਲਕਾਂ ਤੇ ਰਾਜ ਕਰ ਰਹੇ ਸਾਸ਼ਕਾਂ ਤੇ ਪੰੂਜੀਪਤੀਆਂ ਦਾ ਸਮੂਹ ਹੈ ਜੋ ਪੂਰੀ ਦੁਨੀਆਂ ਤੇ ਰਾਜ ਕਰਨ ਦੀ ਹਿਰਸ ਨਾਲ ਕਈ ਛੜਯੰਤਰ ਰਚਦਾ ਹੈ। ਵਰਤਮਾਨ ਸਮੇਂ ਦੀਆਂ ਸੰਸਾਰਕ ਤਾਕਤਾਂ ਦਾ ਦੋ ਨਵੇਂ ਧੜਿਆਂ ਵਿੱਚ ਵੰਡਿਆਂ ਜਾਣਾ ਅਤੇ ਕੁੱਝ ਕੁ ਸਾਸ਼ਕਾਂ ਅਤੇ ਪੰੂਜੀਪਤੀਆਂ ਦੇ ਸਮੂਹ ਲਗਦਾ ਹੈ ਲਿਿਖਤ ‘ਨਿਊ ਵਰਲਡ ਆਰਡਰ’ ਵਰਗਾ ‘ਥਰਡ ਵਰਲਡ ਅਰਡਰ’ ਹੀ ਹੈ ਜੋ ਆਪਣੇ ਛੜਯੰਤਰਾਂ ਨਾਲ ਲੋਕਾਈ ਨੂੰ ਨਿਹੱਥਾ ਕਰ ਹੜੱਪਣਾ ਚਾਹ ਰਿਹਾ ਹੈ। ਹਾਲ ਦੀ ਘੜੀ ਇਹ ਭਾਣਾ ਵੀ ਮੰਨਣਾ ਪੈਣਾ ਹੈ। ਅਗਾਂਹ ਰੱਬ ਭਲੀ ਕਰੇ!

ਗੁਰਚਰਨ ਕੌਰ ਥਿੰਦ
403-402-9635

Show More

Related Articles

Leave a Reply

Your email address will not be published. Required fields are marked *

Back to top button
Translate »