” ਟੋਟਿਆਂ ਦੀ ਵੰਡ “
ਮਿੰਨੀ ਕਹਾਣੀ ” ਟੋਟਿਆਂ ਦੀ ਵੰਡ “
_____________________________________________
ਬਜ਼ੁਰਗ ਬਾਜ਼ ਸਿਹੁੰ ਦੇ ਤਿੰਨੋਂ ਪੁੱਤਰਾਂ ਨੇ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਏਸ ਗੱਲ ਨੂੰ ਲੈ ਕੇ ਰੇੜਕਾ ਪਾਇਆ ਹੋਇਆ ਸੀ। ਕਿ ਇਸ ਸਾਲ ਬਾਜ਼ ਸਿਹੁੰ ਨੇ ਆਪਣੀ ਮਰਜ਼ੀ ਨਾਲ ਹੀ ਆਪਣੀ ਤਿੰਨ ਥਾਵਾਂ ਤੇ ਸਥਿਤ 12 ਏਕੜ ਜ਼ਮੀਨ ਚੋਂ ਇੱਕ ਹਿੱਸਾ ਆਪ ਰੱਖ ਕੇ ਬਾਕੀ 9 ਏਕੜ ਦੀ ਵੰਡ ਆਪਣੇ ਤਿੰਨਾਂ ਪੁੱਤਰਾਂ ਨੂੰ ਟੋਟਿਆਂ ਵਿਚ ਵੰਡ ਕੇ ਸੂਲ਼ੀ ਉੱਤੇ ਟੰਗ ਦਿੱਤਾ ਸੀ।
ਜ਼ਮੀਨ ਟੋਟਿਆਂ ਦਾ ਮਤਲਬ ਇਹ ਸੀ। ਕਿ ਤਿੰਨ ਥਾਵਾਂ ਤੇ ਜੋ ਤਿੰਨ – ਤਿੰਨ ਏਕੜ ਜ਼ਮੀਨ ਹੈ। ਉਹ ਢੇਰੀਆਂ ਤਿੰਨੋਂ ਪੁੱਤਰਾਂ ਦੀਆਂ ਇਸ ਤਰ੍ਹਾਂ ਸਾਂਝੀਆਂ ਹੋਣਗੀਆਂ ਕਿ ਜਿਵੇਂ ਇੱਕ ਪੁੱਤਰ ਨੂੰ ਤਿੰਨ ਥਾਵਾਂ ਤੋਂ ਇੱਕ – ਇੱਕ ਏਕੜ ਜ਼ਮੀਨ ਹਿੱਸੇ ਵਿੱਚ ਆਵੇਗੀ। ਤਿੰਨਾਂ ਥਾਵਾਂ ਤੇ ਜ਼ਮੀਨ, ਮੋਟਰ ਕੁਨੈਕਸ਼ਨ ਵਗੈਰਾ ਸਾਂਝਾ ਖਾਤਾ ਹੋਵੇਗਾ। ਜੋ ਕਿ ਇਹ ਟੋਟਿਆਂ ਦੀ ਵੰਡ ਪੁੱਤਰਾਂ ਨੂੰ ਪਸੰਦ ਨਹੀਂ ਸੀ ਆਈ। ਉਹ ਚਾਹੁੰਦੇ ਸਨ ਕਿ ਇੱਕ ਜਾਣੇਂ ਨੂੰ ਤਿੰਨ ਏਕੜ ਦੀ ਢੇਰੀ ਇੱਕ ਜਗ੍ਹਾ ਹੀ ਦਿੱਤੀ ਜਾਵੇ।
ਇਸ ਮਸਲੇ ਨੂੰ ਹੱਲ ਕਰਨ ਲਈ ਪੁੱਤਰਾਂ ਵੱਲੋਂ ਸਰਪੰਚ ਹਰੀ ਸਿੰਘ, ਨੰਬਰਦਾਰ ਕੁਲਦੀਪ ਸਿੰਘ ਅਤੇ ਪਿੰਡ ਦੇ ਹੋਰਨਾਂ ਪਤਵੰਤਿਆਂ ਨੂੰ ਪੰਚਾਇਤੀ ਤੌਰ ਤੇ ਬੁਲਾਇਆ ਗਿਆ ਸੀ। ਜਿਨ੍ਹਾਂ ਨੇ ਗੱਲਬਾਤ ਦੌਰਾਨ ਬਾਜ਼ ਸਿਹੁੰ ਕੋਲੋਂ ਟੋਟਿਆਂ ਦਾ ਕਾਰਨ ਪੁੱਛਿਆ ।
ਬਾਜ਼ ਸਿਹੁੰ ਨੇ ਦੁੱਖੀ ਮਨ ਨਾਲ ਪੱਥਰ ਦਿਲ ਤੇ ਹੱਥ ਰੱਖ ਬੜੀ ਹਲੀਮੀ ਨਾਲ ਜਵਾਬ ਦਿੰਦਿਆਂ ਕਿਹਾ.. ਕਿ ਇਕੱਤਰ ਹੋਏ ਮੇਰੇ ਸਮੂਹ ਪਤਵੰਤੇ ਸੱਜਣੋਂ ਤੁਹਾਨੂੰ ਪਤਾ ਹੀ ਹੋਵੇਗਾ। ਕਿ ਮੇਰੇ ਇਹ ਕੋਲ ਬੈਠੇ ਅੱਖਾਂ ਤੋਂ ਮੁਨਾਖੇ ਵੱਡੇ ਛੜੇ ਭਰਾ ਨੇ ਆਪਣੇ ਹਿੱਸੇ ਦੀ ਬਣਦੀ ਜ਼ਮੀਨ ਛੋਟੀ ਉਮਰ ਵਿੱਚ ਹੀ ਮੇਰੇ ਨਾਂਅ ਕਰਵਾ ਦਿੱਤੀ ਸੀ। ਅਸੀਂ ਦੋਵੇਂ ਭਰਾ ਹੁਣ ਤੱਕ ਬੜੇ ਸਲੀਕੇ ਨਾਲ ਇਕੱਠੀ ਜ਼ਿੰਦਗੀ ਬਿਤਾ ਰਹੇ ਸਾਂ। ਕਿ ਹੁਣ ਆਹ ਸਾਹਮਣੇ ਬੈਠੇ ਸਾਡੇ ਜੰਮੇ ਹੋਏ ਅਤੇ ਮਜ਼ਦੂਰੀਆਂ ਕਰ – ਕਰ ਕੇ ਪਾਲੇ ਹੋਏ ਤਿੰਨਾਂ ਸਲੱਗਾਂ ਨੇ ਆਪਣੇ ਘਰ ਅੱਡੋ – ਅੱਡ ਪਾ ਲਏ ਹਨ ਅਤੇ ਇਨ੍ਹਾਂ ਨੇ ਮੈਨੂੰ, ਮੇਰੇ ਭਰਾ ਅਤੇ ਪਤਨੀ ਦਾ ਖਿਲਾਰਾ ਪਾਉਦਿਆਂ ਸਾਨੂੰ ਤਿੰਨ ਥਾਈਂ ਟੋਟਿਆਂ ‘ਚ ਵੰਡ ਕੇ ਆਪਣੇ ਨਾਲ ਇੱਕ – ਇੱਕ ਜਾਣੇਂ ਨੂੰ ਰੱਖਣ ਲਈ ਫੈਸਲਾ ਕੀਤਾ ਹੈ। ਸੋ ਅਸੀਂ ਆਪਣੀ ਜ਼ਿੰਦਗੀ ਦੇ ਰਹਿੰਦੇ ਪਲ ਕੱਟਣ ਲਈ ਤਿੰਨਾਂ ਜਾਣਿਆਂ ਨੇ ਬੁੱਢੇ ਬਾਰੇ ਮਜ਼ਬੂਰ ਹੁੰਦਿਆਂ ਦੁੱਖੀ ਮਨ ਨਾਲ ਜਿਵੇਂ ਖਿੜੇ ਮੱਥੇ ਇਨ੍ਹਾਂ ਦਾ ਹੁਕਮ ਪ੍ਰਵਾਨ ਕਰ ਲਿਆ ਹੈ। ਉਸੇ ਤਰ੍ਹਾਂ ਹੁਣ ਇਨ੍ਹਾਂ ਨੂੰ ਵੀ ਸਾਡੇ “ਟੋਟਿਆਂ ਦੀ ਵੰਡ “…….!
__________________
ਲੇਖ਼ਕ :- ਡਾ ਸਾਧੂ ਰਾਮ ਲੰਗੇਆਣਾ, ਪਿੰਡ ਲੰਗੇਆਣਾ ਕਲਾਂ, ਜ਼ਿਲ੍ਹਾ ਮੋਗਾ, 9878117285