ਜ਼ਿੰਦਗੀ ਦੀ ਢੋਲਕ
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੁਣ ਨੇ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।
ਖ਼ਸਤਾ ਜਿਹੀ ਹੁਣ ਖੱਲ ਹੋ ਗਈ, ਤਾਰ ਤਾਰ ਨੇ ਰੱਸੀਆਂ,
ਜਿੰਨਾ ਮਰਜ਼ੀ ਜ਼ੋਰ ਲਗਾਵੋ, ਜਾਂਦੀਆਂ ਨਹੀਂ ਹੁਣ ਕੱਸੀਆਂ।
ਘੁਣ ਨੇ ਖਾ ਲਈ ਕੱਚੀ ਲੱਕੜ, ਉਹ ਰੰਗ ਵੀ ਰਿਹਾ ਨਾ ਲਾਲ।
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੁਣ ਨੇ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।
ਨਾ ਇਹ ਪਹਿਲਾਂ ਵਾਂਗੂੰ ਟੁਣਕੇ, ਨਾ ਹੁਣ ਬੁਭ ਕੇ ਵੱਜਦੀ।
ਹਿਰਦੇ ਨੂੰ ਹੁਣ ਧੂਅ ਨਹੀਂ ਪਾਉਂਦੀ, ਨਾ ਤਾਲ ਕੰਨਾਂ ਨੂੰ ਜਚਦੀ।
ਬੁੱਢ ਉਮਰ ‘ਚ ਕੀਤੇ ਨਹੀ ਜਾਂਦੇ, ਪਹਿਲਾਂ ਵਾਲੇ ਕਮਾਲ,
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੋਈਆਂ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।
ਉਮਰ ਤਕਾਜ਼ਾ ਸਿਰ ਚੜ੍ਹ ਬੋਲੇ, ਬੇ ਸੁਰਾ ਗੀਤ ਅਲਾਪੇ।
ਬੋਲ ਗੀਤ ਦੇ ਕਿੱਧਰੇ ਘੁੰਮਣ, ਤੇ ਕਿੱਧਰੇ ਢੋਲਕ ਥਾਪੇ।
ਸਰੂਰ ਵਿੱਚ ਸਰੋਤੇ ਨਾ ਝੂਮਣ, ਨਾ ਹੁਣ ਪਾਉਣ ਧਮਾਲ,
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੋਈਆਂ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।
ਕੈਰਵਾ ਵੀ ਹੁਣ ਹੱਥ ਨੀਂ ਚੜ੍ਹਦਾ, ਤਿੰਨ ਤਾਲ ਦਾਦਰਾ ਕਿੱਥੇ।
ਝੱਫ ਤਾਲ ਹੁਣ ਸੁਪਨਾ ਹੋ ਗਈ, ਲਿਖਤੀ ਰਹਿ ਗਏ ਚਿੱਠੇ।
ਖੁਸ਼ੀਆਂ ਦੀ ਹੁਣ ਥਾਂ ਤੇ ਬਾਕੀ, ਰਹਿ ਗਿਆ ਬੱਸ ਮਲਾਲ,
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੋਈਆਂ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।
ਢਮ ਢਮ ਕਰਦੀ ਢੋਲਕ ਮੇਰੀ, ਵੱਜਦੀ ਹੁਣ ਬੇ ਤਾਲ,
ਤਣੀਆਂ ਹੋਈਆਂ ਸਾਰੀਆਂ ਢਿੱਲੀਆਂ, ਬੁਰਾ ਹੋ ਗਿਆ ਹਾਲ।
ਬੇਲੀਓ ਬੁਰਾ ਹੋ ਗਿਆ ਹਾਲ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ