ਦੋਹਾਂ ਥਾਵਾਂ ‘ਤੇ ਨਾਟਕਾਂ ਦੀ ਬਾ-ਕਮਾਲ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਬਹੱਦ ਪ੍ਰਭਾਵਿਤ ਕੀਤਾ
ਸਰੀ, 31 ਅਕਤੂਬਰ (ਹਰਦਮ ਮਾਨ)-ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ 19ਵਾਂ ਤਰਕਸ਼ੀਲ ਮੇਲਾ ਸਰੀ ਅਤੇ ਐਬਸਫੋਰਡ ਵਿੱਚ ਕਰਵਾਇਆ ਗਿਆ। ਸਰੀ ਦੇ ਬੈਂਲ ਪ੍ਰਫਾਰਮਿੰਗ ਸੈਂਟਰ ਅਤੇ ਐਬਸਫੋਰਡ ਦੇ ਮੈਸਕੂਈ ਸੈਨਟੇਨੀਅਲ ਆਡੀਟੋਰੀਅਮ ਵਿਚ ਕਰਵਾਏ ਇਸ ਮੇਲੇ ਵਿੱਚ ਦੋਵਾਂ ਥਾਵਾਂ ‘ਤੇ ਪ੍ਰੋਗਰੈਸਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਵੱਲੋਂ ਕਮਲ ਪੰਧੇਰ ਦੀ ਅਗਵਾਈ ਵਾਲੀ ਟੀਮ ਵੱਲੋਂ ਦੋ ਨਾਟਕ ‘ਐਲ.ਐਮ.ਆਈ.ਏ.’ ਅਤੇ ‘ਤੇਰੀ ਕਹਾਣੀ-ਮੇਰੀ ਕਹਾਣੀ’ ਦੀ ਪੇਸ਼ਕਾਰੀ ਕੀਤੀ ਗਈ। ਇਹ ਦੋਵੇਂ ਨਾਟਕ ਉੱਘੇ ਰੰਗਕਰਮੀ ਡਾਕਟਰ ਸਾਹਿਬ ਸਿੰਘ ਵੱਲੋਂ ਲਿਖੇ ਤੇ ਨਿਰਦੇਸਿਤ ਕੀਤੇ ਗਏ ਸਨ। ਦੋਵੇਂ ਨਾਟਕ ਕਨੇਡੀਅਨ ਸਮਾਜ ਵਿੱਚ ਭਖਦੇ ਮਸਲਿਆਂ ਨੂੰ ਸੰਬੋਧਿਤ ਸਨ।
ਪਹਿਲੇ ਨਾਟਕ ਐਲ ਐਮ ਆਈ ਵਿਚ ਕੌਮਾਂਤਰੀ ਵਿਦਿਆਰਥੀਆਂ, ਵਿਦੇਸ਼ੀ ਕਾਮਿਆਂ ਤੇ ਕੈਨੇਡਾ ਵਿਚ ਪੱਕੇ ਹੋਣ ਲਈ ਸੰਘਰਸ਼ ਕਰਦੇ ਪਰਵਾਸੀਆਂ ਦੀ ਰੋਜ਼ਗਾਰ ਅਤੇ ਪੀ ਆਰ ਦੇ ਨਾਮ ਹੇਠ ਐਲ ਐਮ ਆਈ ਰਾਹੀਂ ਰੋਜ਼ਗਾਰਦਾਤਿਆਂ ਤੇ ਇਮੀਗ੍ਰੇਸ਼ਨ ਸਲਾਹਕਾਰਾਂ ਦੁਆਰਾ ਹੁੰਦੀ ਲੁੱਟ ਅਤੇ ਕੈਨੇਡਾ ਦੀਆਂ ਨੁਕਸਦਾਰ ਇਮੀਗ੍ਰੇਸ਼ਨ ਨੀਤੀਆਂ ਦਾ ਬਾਖੂਬੀ ਪਰਦਾਫਾਸ਼ ਕੀਤਾ ਗਿਆ। ਕਲਾਕਾਰਾਂ ਦੀ ਸ਼ਾਨਦਾਰ ਤੇ ਮਨਾਂ ਨੂੰ ਝੰਜੋੜਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਬੇਹੱਦ ਭਾਵੁਕ ਕੀਤਾ ਅਤੇ ਦੂਜੇ ਨਾਟਕ ਵਿਚ ਘਰਾਂ ਵਿੱਚ ਇੰਡੋ-ਕੈਨੇਡੀਅਨ ਪਰਿਵਾਰਾਂ ਦੀ ਟੁੱਟ ਭੱਜ, ਸਭਿਆਚਾਰਕ ਤੇ ਪਰਿਵਾਰਕ ਕਦਰਾਂ ਕੀਮਤਾਂ ਦਾ ਪੱਛਮੀ ਸਭਿਅਤਾ ਨਾਲ ਬਿਖੇੜਾ, ਬੱਚਿਆਂ ਤੇ ਮਾਪਿਆਂ ਦੀ ਵਧ ਰਹੀ ਦੂਰੀ ਨੂੰ ਬਹੁਤ ਹੀ ਸੂਖਮਤਾ ਨਾਲ ਪੇਸ਼ ਕੀਤਾ ਗਿਆ। ਦੋਹਾਂ ਨਾਟਕਾਂ ਦੀ ਪੇਸ਼ਕਾਰੀ, ਮੰਚਨ ਅਤੇ ਅਦਾਕਾਰੀ ਦਾ ਦਰਸ਼ਕਾਂ ਨੇ ਭਰਪੂਰ ਸਵਾਗਤ ਕੀਤਾ।
ਐਬਸਫੋਰਡ ਮੇਲੇ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਤਰਕਸੀਲ ਸੁਸਾਇਟੀ ਆਫ ਕੈਨੇਡਾ ਦੇ ਜਨਰਲ ਸਕੱਤਰ ਬੀਰਬਲ ਭਦੌੜ, ਤਰਕਸ਼ੀਲ ਸੋਸਾਇਟੀ ਐਬਸਫੋਰਡ ਦੇ ਪ੍ਰਧਾਨ ਡਾਕਟਰ ਸੁਖਦੇਵ ਮਾਨ, ਕੌਮੀ ਵਿੱਤ ਸਕੱਤਰ ਜਗਰੂਪ ਧਾਲੀਵਾਲ ਅਤੇ ਡਾਕਟਰ ਜੋਰਾ ਸਿੰਘ ਬਰਾੜ ਨੇ ਕਿਹਾ ਕਿ ਸਮਾਜ ਵਿੱਚ ਵਾਪਰ ਰਹੀ ਹਰ ਘਟਨਾ ਨੂੰ ਵਿਗਿਆਨਿਕ ਨੁਕਤਾ ਨਜ਼ਰ ਤੋਂ ਬਚਣ ਅਤੇ ਸਮਝਣ ਦੀ ਜ਼ਰੂਰਤ ਹੈ। ਸਾਨੂੰ ਹਰ ਵਰਤਾਰੇ ‘ਤੇ ਸਵਾਲ ਉਠਾਉਣੇ ਚਾਹੀਦੇ ਹਨ ਤੇ ਉਸ ਦੀ ਸੱਚਾਈ ਸਮਝਣ ਲਈ ਹਮੇਸ਼ਾ ਉਤਾਵਲੇ ਰਹਿਣਾ ਚਾਹੀਦਾ ਹੈ। ਵਿਗਿਆਨਿਕ ਸੋਚ ਅਤੇ ਤਰਕ ਨਾਲ ਸਮਝਣ ਅਤੇ ਸਮਝਾਉਣ ਦੀ ਪ੍ਰਕਿਰਿਆ ਹੀ ਉਸਾਰੂ ਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਸਹਾਈ ਹੋ ਸਕਦੀ ਹੈ। ਬੁਲਾਰਿਆਂ ਨੇ ਲੋਕਾਂ ਨੂੰ ਵਿਗਿਆਨਿਕ ਸੋਚ ਦੇ ਧਾਰਨੀ ਹੋਣ ਦਾ ਸੱਦਾ ਦਿੰਦਿਆਂ ਕਿਹਾ ਕੱਟੜਤਾ ਕਿਸੇ ਮਸਲੇ ਦਾ ਹੱਲ ਨਹੀਂ ਸਗੋਂ ਉਸਾਰੂ ਸੰਵਾਦ ਨਾਲ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੋਣ ਦੀ ਲੋੜ ਹੈ।
ਪ੍ਰੋਗਰਾਮ ਦਾ ਆਗਾਜ਼ ਜਸਵਿੰਦਰ ਹੇਅਰ ਦੀ ਇਤਿਹਾਸਕ ਕਿਸਾਨ ਮੋਰਚੇ ਬਾਰੇ ਲਿਖੀ ਕਵਿਤਾ ‘ਅਸੀਂ ਲੜਾਂਗੇ ਸਾਥੀ’ ਨਾਲ ਹੋਇਆ। ਗੁਰਪ੍ਰੀਤ ਭਦੌੜ ਅਤੇ ਬੀਰਬਲ ਭਦੌੜ ਨੇ ਜਾਦੂ ਦੇ ਟ੍ਰਿਕ ਦਿਖਾ ਕੇ ਲੋਕਾਂ ਨੂੰ ਸਾਧਾਂ ਤੇ ਤਾਂਤਰਿਕਾਂ ਦੀ ਲੁੱਟ ਤੋਂ ਸੁਚੇਤ ਕੀਤਾ। ਇਸ ਮੌਕੇ ਤੇ ਈਸਟ ਇੰਡੀਆ ਡਿਫੈਂਸ ਕਮੇਟੀ ਦੇ ਸੀਨੀਅਰ ਆਗੂ ਹਰਭਜਨ ਸਿੰਘ ਚੀਮਾ ਨੇ ਲੱਖਾਂ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਸਿਰਾਂ ‘ਤੇ ਲਟਕਦੀ ਡਿਪੋਰਟੇਸ਼ਨ ਦੀ ਤਲਵਾਰ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਐਬਸਫੋਰਡ ਮੇਲੇ ਦਾ ਸੰਚਾਲਨ ਸੁਰਿੰਦਰ ਚਾਹਲ ਨੇ ਬਾਖੂਬੀ ਕੀਤਾ।
ਸਰੀ ਵਿਚ ਇਸ ਮੇਲੇ ਦੀ ਸ਼ੁਰੂਆਤ ਤਰਕਸ਼ੀਲ ਸੋਸਾਇਟੀ ਸਰੀ ਯੂਨਿਟ ਦੇ ਪ੍ਰਧਾਨ ਜਸਵਿੰਦਰ ਹੇਅਰ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਸਕੱਤਰ ਨਿਰਮਲ ਕਿੰਗਰਾ ਨੇ ਸਟੇਜ ਸੰਚਾਨ ਸੰਭਾਲਦਿਆਂ ਲੋਕਾਂ ਨੂੰ ਵਿਗਿਆਨਿਕ ਸੋਚ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਿਗਿਆਨ ਦੇ ਯੁੱਗ ਨੇ ਮਨੁੱਖ ਨੂੰ ਆਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਵਿੱਚ ਲਿਆ ਖੜ੍ਹਾ ਕੀਤਾ ਹੈ। ਨਾਟਕਾਂ ਦਰਮਿਆਨ ਜਗਵਿੰਦਰ ਸਰਾਂ ਅਤੇ ਹਰਮਨਦੀਪ ਕੌਰ ਨੇ ਗੀਤ ਪੇਸ਼ ਕੀਤੇ। ਤਰਕਸ਼ੀਲ ਸੁਸਾਇਟੀ ਦੀ ਕੌਮੀ ਕਮੇਟੀ ਦੇ ਸਰਪ੍ਰਸਤ ਅਵਤਾਰ ਬਾਈ ਨੇ ਤਰਕਸ਼ੀਲ ਸੁਸਾਇਟੀ ਦੇ ਕਾਰਜਾਂ ‘ਤੇ ਚਾਨਣਾ ਪਾਇਆ। ਬੀਰਬਲ ਭਦੌੜ ਨੇ ਜਾਦੂ ਦੇ ਟ੍ਰਿਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਕੋਈ ਵੀ ਗੈਬੀ ਤਾਕਤ ਨਹੀਂ ਜਾਦੂ ਸਿਰਫ ਹੱਥ ਦੀ ਸਫਾਈ ਹੈ ਤੇ ਆਮ ਕਰਕੇ ਛਾਤਰ ਲੋਕ ਇਸਦੀ ਵਰਤੋਂ ਕਰਕੇ ਲੋਕਾਂ ਨੂੰ ਗੈਬੀ ਸ਼ਕਤੀ ਦਾ ਪ੍ਰਭਾਵ ਦਿੰਦੇ ਹਨ ਤੇ ਲੁੱਟਦੇ ਹਨ।
ਸਰੀ ਵਿਚ ਵੀ ਨਾਟਕਾਂ ਦੀ ਪੇਸ਼ਕਾਰੀ ਐਨੀ ਕਮਾਲ ਦੀ ਸੀ ਕਿ ਦਰਸ਼ਕਾਂ ਨੇ ਸਾਹ ਰੋਕ ਕੇ ਨਾਟਕ ਦੇਖੇ। ਹਰ ਕਲਾਕਾਰ ਨੇ ਬਹੁਤ ਖੂਬਸੂਰਤ ਕਲਾ ਦਾ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਤਰਕਸ਼ੀਲ ਸੁਸਾਇਟੀ ਵੱਲੋਂ ਨਾਟਕ ਟੀਮ ਅਤੇ ਬੀਰਬਲ ਭਦੌੜ (ਕੌਮੀ ਸਕੱਤਰ) ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।