ਬਟਰਫਲਾਈ ਇਫੈਕਟ ਅਤੇ ਜੀਵਨ ਲਈ ਸੰਦੇਸ਼
-ਜਸਵਿੰਦਰ ਸਿੰਘ ਰੁਪਾਲ
ਵਿਗਿਆਨ ਵਿਚ ਇਕ ਥਿਊਰੀ ਆਉਂਦੀ ਹੈ -ਕਿਔਸ ਥਿਊਰੀ( Quaos Theory) ਇਸ ਦਾ ਇਕ ਸੰਕਲਪ ਹੈ ਬਟਰਫਲਾਈ ਇਫੈਕਟ।(Butterfly Effect) ਜਿਹੜਾ ਇਹ ਕਹਿੰਦਾ ਹੈ ਕਿ ਵੱਡੇ ਅਤੇ ਗੁੰਝਲਦਾਰ ਸਿਸਟਮ ਵਿਚ ਬਹੁਤ ਹੀ ਛੋਟੀ ਤਬਦੀਲੀ ਵੀ ਅਨੁਮਾਨ ਤੋਂ ਬਿਲਕੁਲ ਵੱਖਰੇ ਬਹੁਤ ਵੱਡੇ ਪਰੀਵਰਤਨ ਲਿਆ ਸਕਦੀ ਹੈ। ਇਸ ਥਿਊਰੀ ਦਾ ਖੋਜੀ ਸੀ, ਅਮਰੀਕਾ ਦਾ ਹਿਸਾਬਦਾਨ ਅਤੇ ਮੌਸਮ ਵਿਗਿਆਨੀ ਐਡਵਰਡ ਨੌਰਟਨ ਲੌਰੇਂਜ (23 ਮਈ 1917-16 ਅਪ੍ਰੈਲ 2008) ਜਿਸ ਨੇ 1960 ਵਿਚ ਆਪਣੀਆਂ ਖੋਜਾਂ ਅਤੇ ਤਜਰਬਿਆਂ ਤੋਂ ਬਾਅਦ ਇਹ ਵਿਚਾਰ ਦਿੱਤਾ ਸੀ। ਉਸ ਨੇ ਦੱਸਿਆ ਕਿ ਮੌਸਮ ਦੇ ਮੁੱਢਲੇ ਨਮੂਨੇ ਵਿਚ ਬਹੁਤ ਹੀ ਛੋਟੀ ਤਬਦੀਲੀ, ਲੰਮੇ ਸਮੇਂ ਵਿਚ ਬਹੁਤ ਜਿਆਦਾ ਵੱਡੀਆਂ ਅਤੇ ਅਨੁਮਾਨ ਤੋਂ ਉਲਟ ਤਬਦੀਲੀਆਂ ਲਿਆ ਸਕਦੀ ਹੈ। ਅਲੰਕਾਰਕ ਭਾਸ਼ਾ ਵਿਚ ਆਖੇ ਗਏ ਵਾਕ ਤੋਂ ਇਸਦਾ ਨਾਮ ਬਟਰਫਲਾਈ ਇਫੈਕਟ ਰੱਖਿਆ ਗਿਆ ਸੀ। ਇਹ ਵਾਕ ਸੀ ,” ਬਰਾਜ਼ੀਲ ਵਿਚ ਇੱਕ ਛੋਟੀ ਤਿਤਲੀ ਦੇ ਖੰਭਾਂ ਵਿਚ ਹੋਈ ਛੋਟੀ ਜਿਹੀ ਹਿਲਜੁਲ ,ਤਬਦੀਲੀਆਂ ਦੀ ਇਕ ਅਜਿਹੀ ਲੰਮੀ ਲੜੀ ਸੈੱਟ ਕਰ ਸਕਦੀ ਹੈ ਜਿਸ ਨਾਲ ਟੈਕਸਾਸ (ਅਮਰੀਕਾ) ਵਿਚ ਬਹੁਤ ਜਬਰਦਸਤ ਤੂਫ਼ਾਨ ਆ ਸਕਦਾ ਹੈ।” ਥਿਊਰੀ ਨੂੰ ਸਮਝਣ ਦਾ ਯਤਨ ਕਰੀਏ —
1. ਵਾਤਾਵਰਣ ਵਿਚ ਛੋਟੀ ਤਬਦੀਲੀ :- ਮੰਨ ਲਵੋ ਬ੍ਰਾਜ਼ੀਲ ਵਿੱਚ ਇੱਕ ਤਿਤਲੀ ਨੇ ਹਲਕੇ ਜਿਹੇ ਖੰਭ ਹਿਲਾਏ ਹਨ। ਇਸ ਨਾਲ ਵਾਤਾਵਰਣ ਵਿਚ ਲਾਗਲੇ ਹਵਾ ਦੇ ਕਣਾਂ ਵਿੱਚ ਕੁਝ ਹਿਲਜੁਲ ਹੋਏਗੀ। ਉਹ ਪਹਿਲਾਂ ਵਾਲੀ ਥਾਂ ਤੋਂ ਹੋਰ ਪਰ੍ਹੇ ਸਰਕ ਜਾਣਗੇ।
2.ਤਬਦੀਲੀਆਂ ਦੀ ਚੇਨ ਕਿਰਿਆ:– ਇਸ ਛੋਟੀ ਹਿਲਜੁਲ ਨੇ ਹਵਾ ਦੇ ਕਣਾਂ ਨੂੰ ਹਿਲਾ ਦਿੱਤਾ ਹੈ, ਅਤੇ ਇਸ ਹਿਲਜੁਲ ਨੇ ਅਗਲੇ ਕਣਾਂ ਨੂੰ। ਹਵਾ ਦੇ ਕਣਾਂ ਦੀ ਇਹ ਗਤੀ ,ਹਵਾ ਦੀ ਪੂਰੀ ਚਾਲ ਨੂੰ ਪ੍ਰਭਾਵਿਤ ਕਰੇਗੀ ਜਿਸ ਨਾਲ ਮੌਸਮ ਦੇ ਬਾਕੀ ਅੰਸ਼ ਵੀ ਅਸਰ ਕਬੂਲਣਗੇ ਅਤੇ ਇਸ ਤੋਂ ਇਕ ਲੰਮੀ ਚੇਨ ਕਿਰਿਆ ਆਰੰਭ ਹੋ ਜਾਏਗੀ। ਕਿਉਂਕਿ ਵਾਤਾਵਰਣ ਇਕ ਜੁੜਿਆ ਹੋਇਆ ਸਿਸਟਮ ਹੈ, ਉਸ ਦੇ ਸਾਰੇ ਤੇ ਅਸਰ ਪਵੇਗਾ।
3.ਅਸਰ ਦਾ ਕਈ ਗੁਣਾ ਵੱਡਾ ਹੋਣਾ :– ਸਮਾਂ ਪਾ ਕੇ ਛੋਟੀ ਤਬਦੀਲੀ (ਜਿਹੜੀ ਤਿਤਲੀ ਦੇ ਖੰਭ ਦੀ ਹਿਲਜੁਲ ਤੋਂ ਪੈਦਾ ਹੋਈ ਸੀ), ਦੂਜੇ ਬਲਾਂ ਦੇ ਸੰਪਰਕ ਵਿਚ ਆਉਣ ਤੇ ਕਈ ਗੁਣਾ ਵੱਡੀ ਹੋ ਜਾਏਗੀ। ਇਕ ਉਦਾਹਰਣ ਲਈਏ ਬਰਫ ਦੀ ਛੋਟੀ ਗੇਂਦ ਨੂੰ ਦੇਖ ਸਕਦੇ ਹਾਂ। ਛੋਟੀਆਂ ਤਬਦੀਲੀਆਂ ਜੁੜਦੀਆਂ ਜਾਂਦੀਆਂ ਹਨ, ਅਤੇ ਹਵਾਵਾਂ ਦੀ ਗਤੀ ਦੂਜੇ ਸਿਸਟਮ ਦੇ ਸੰਪਰਕ ਵਿਚ ਆ ਕੇ ਹੋਰ ਪ੍ਰਬਲ ਹੋ ਜਾਂਦੀ ਹੈ। ਅਤੇ ਇਹ ਵੱਡੀ ਗਤੀ ਹੋਰ ਬਹੁਤ ਕੁਝ ਤੇ ਵੀ ਅਸਰ ਪਾਏਗੀ ।
4.ਵੱਡੇ ਤੂਫ਼ਾਨ ਦਾ ਆਉਣਾ :– ਬਰਾਜ਼ੀਲ ਵਿੱਚ ਤਿਤਲੀ ਦੇ ਖੰਭਾਂ ਦੀ ਹਿਲਜੁਲ ਟੈਕਸਾਸ ਵਿੱਚ ਭਾਰੀ ਤੂਫ਼ਾਨ ਲੈ ਆਏਗੀ। ਅਸਲ ਵਿਚ ਇਹ ਇਕ ਅਲੰਕਾਰ ਹੈ, ਸੰਕੇਤ ਹੈ ਸਿਰਫ ਇਹ ਸਮਝਾਉਣ ਲਈ ਕਿ ਬਹੁਤ ਛੋਟੀ ਕਿਰਿਆ ,ਬਹੁਤ ਵੱਡੀ ਤਬਦੀਲੀ ਦੀ ਸਿਰਜਣਾ ਦਾ ਆਧਾਰ ਬਣਦੀ ਹੈ।
ਇਹ ਕਿਵੇਂ ਵਾਪਰਦਾ ਹੈ:- ਅਸਲ ਵਿਚ ਇਕ ਸਿਸਟਮ ਜੁੜਿਆ ਹੋਇਆ ਹੁੰਦਾ ਹੈ। ਉਸਦੇ ਇਕ ਵੀ ਹਿੱਸੇ ਵਿਚ ਆਈ ਛੋਟੀ ਜਿਹੀ ਤਬਦੀਲੀ,ਦੂਜੇ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਵਾਤਾਵਰਣ ਇੱਕ ਹਫੜਾ ਦਫੜੀ ਵਾਲੇ ਸਿਸਟਮ ਦੀ ਆਦਰਸ਼ ਉਦਾਹਰਣ ਹੈ, ਜਿਹੜਾ ਆਪਣੀਆਂ ਮੁਢਲੀਆਂ ਹਾਲਾਤਾਂ ਪ੍ਰਤੀ ਬਹੁਤ ਸੰਵੇਦਨਾ ਰੱਖਦਾ ਹੈ। ਤਾਪਮਾਨ, ਵਾਯੂ ਦਬਾਅ, ਜਾਂ ਹਵਾ ਦੀ ਗਤੀ ਵਿਚ ਆਇਆ ਹਲਕਾ ਜਿਹਾ ਬਦਲਾਵ ਵੀ ਇਕ ਵੱਖਰੇ ਮੌਸਮ ਨੂੰ ਜਨਮ ਦੇ ਸਕਦਾ ਹੈ। ਤਿਤਲੀ ਨੇ ਅਸਲ ਵਿਚ ਤੂਫ਼ਾਨ ਨਹੀਂ ਲਿਆਂਦਾ, ਇਹ ਤਾਂ ਗੱਲ ਸਮਝਾਉਣ ਲਈ ਰਹੱਸਮਈ ਅਲੰਕਾਰ ਵਰਤਿਆ ਗਿਆ ਹੈ। ਇਸ ਦਾ ਇਕ ਕਾਰਨ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਮੌਸਮ ਵਰਗੇ ਵੱਡੇ ਸਿਸਟਮ ਸਰਲ ਰੇਖੀ ਨਹੀਂ ਹਨ, (not linear, but they are non-linear) , ਹੋ ਰਹੀਆਂ ਤਬਦੀਲੀਆਂ ਕਿਸੇ ਖਾਸ ਤਰਤੀਬ ਅਤੇ ਅਨੁਪਾਤ ਵਿਚ ਨਹੀਂ ਹੁੰਦੀਆਂ, ਸਗੋਂ ਉਹਨਾਂ ਵਿੱਚ ਬੇਤਰਤੀਬੀ ਅਤੇ ਅਨਿਸ਼ਚਿਤਤਾ ਦੀ ਭਰਮਾਰ ਹੁੰਦੀ ਹੈ।
ਹੋਰ ਵਧੇਰੇ ਸਮਝਣ ਲਈ ਇਸਦੇ ਹੇਠ ਲਿਖੇ ਤੱਤ ਵੀ ਜਾਣ ਲੈਣੇ ਚਾਹੀਦੇ ਹਨ…
1.ਛੋਟੇ ਕਾਰਨ, ਵੱਡੇ ਪ੍ਰਭਾਵ :– ਬਹੁਤ ਵੱਡੇ ਅਤੇ ਗੁੰਝਲਦਾਰ ਸਿਸਟਮ ਜਿਵੇਂ ਮੌਸਮ, ਈਕੋ ਸਿਸਟਮ ਅਤੇ ਮਨੁੱਖੀ ਜੀਵਨ, ਵਿਚ ਕਿਰਿਆ ਵਿਚ ਬਹੁਤ ਛੋਟਾ ਪਰੀਵਰਤਨ ,ਤਬਦੀਲੀਆਂ ਦੀ ਇੱਕ ਅਟੁੱਟ ਲੜੀ ਨੂੰ ਜਨਮ ਦਿੰਦਾ ਹੈ, ਜਿਸਦਾ ਅਸਰ ਕੁਝ ਸਮੇਂ ਬਾਅਦ ਨਜਰ ਆਉਂਦਾ ਹੈ ਅਤੇ ਇਹ ਅਸਰ ਬਹੁਤ ਜਿਆਦਾ ਵੱਡਾ ਅਤੇ ਸੋਚ ਤੋੰ ਬਿਲਕੁਲ ਵੱਖਰਾ ਹੋ ਸਕਦਾ ਹੈ।
2. ਭਵਿੱਖਬਾਣੀ ਸੰਭਵ ਨਹੀਂ :- ਕਿਉਂਕਿ ਸਿਸਟਮ ਬਹੁਤ ਛੋਟੀ ਤਬਦੀਲੀ ਪ੍ਰਤੀ ਵੀ ਬਹੁਤ ਜਿਆਦਾ ਸੰਵੇਦਨਸ਼ੀਲ ਹਨ, ਇਸ ਲਈ ਆਉਣ ਵਾਲੇ ਸਮੇਂ ਬਾਰੇ ਭਰੋਸੇ ਨਾਲ ਕੁਝ ਵੀ ਕਹਿ ਸਕਣਾ ਲੱਗਭੱਗ ਅਸੰਭਵ ਹੀ ਹੈ। ਇਸ ਤੋਂ ਇਹ ਸਮਝ ਆਉਂਦੀ ਹੈ ਕਿ ਭਵਿੱਖ ਅਨਿਸ਼ਚਿਤ ਹੈ। ਉਸ ਬਾਰੇ ਕੋਈ ਵੀ ਕਿਆਸ ਅਰਾਈ ਲਗਾਉਣੀ ਠੀਕ ਨਹੀਂ ਹੋਏਗੀ। ਇਹ ਮੂਲੋਂ ਹੀ ਨਵੇਂ, ਵੱਖਰੇ ਤੱਤਾਂ ਅਤੇ ਤੱਥਾਂ ਤੇ ਟਿਕਿਆ ਹੋਇਆ ਹੈ, ਜਿਸ ਨੂੰ ਅਸੀਂ ਪਕੜ ਨਹੀਂ ਸਕਦੇ।
3. ਆਪਸੀ ਨਿਰਭਰਤਾ :– ਬਟਰਫਲਾਈ ਇਫੈਕਟ ਦਰਸਾਉਂਦਾ ਹੈ ਕਿ ਸਾਰੀਆਂ ਵਸਤੂਆਂ ਅਤੇ ਘਟਨਾਵਾਂ ਇਕ ਦੂਸਰੇ ਨਾਲ ਕਿੰਨਾ ਜਿਆਦਾ ਜੁੜੀਆਂ ਹੋਈਆਂ ਹਨ । ਇੱਕ ਬਹੁਤ ਹੀ ਛੋਟੀ ਜਿਹੀ ਕਿਰਿਆ ਜਾਂ ਘਟਨਾ , ਸਮੇਂ ਅਤੇ ਸਥਾਨ( time and space) ਦੇ ਪਾਰ ਜਾ ਕੇ ਆਪਣੇ ਮੂਲ ਤੋਂ ਬਿਲਕੁਲ ਵੱਖਰੇ ਪ੍ਰਭਾਵ ਪਾ ਸਕਣ ਦੇ ਸਮਰੱਥ ਹੈ।
ਜੀਵਨ ਲਈ ਸੰਦੇਸ਼ :- ਇਸ ਵਿਗਿਆਨਕ ਸਿਧਾਂਤ ਤੋਂ ਸਾਡੀ ਜ਼ਿੰਦਗੀ ਲਈ ਇਕ ਸਬਕ ਮਿਲਦਾ ਹੈ, ਕਿ ਸਾਡੇ ਵੱਲੋਂ ਪੁੱਟਿਆ ਗਿਆ ਹਰ ਛੋਟੇ ਤੋਂ ਛੋਟਾ ਕਦਮ ,ਸੰਸਾਰ ਤੇ ਬਹੁਤ ਵੱਡਾ ਅਸਰ ਪਾਉਣ ਦੇ ਸਮਰੱਥ ਹੈ। ਜਦੋ ਅਸੀਂ ਆਪਣੇ ਆਪ ਨੂੰ ਮਹੱਤਵਹੀਣ ਸਮਝੀ ਬੈਠੇ ਹੁੰਦੇ ਹਾਂ, ਉਦੋਂ ਵੀ ਸਾਡੀ ਚੋਣ ਅਤੇ ਸਾਡੇ ਯਤਨ ਅਜਿਹੀ ਚੇਨ-ਪ੍ਰਤੀਕਿਰਿਆ ਸ਼ੁਰੂ ਕਰ ਸਕਣ ਦੇ ਸਮਰੱਥ ਹਨ, ਜਿਹੜੀ ਭਵਿੱਖ ਵਿਚ ਭਾਵੇਂ ਅਸੀਂ ਮਹਿਸੂਸ ਨਾ ਵੀ ਕਰ ਸਕੀਏ, ਪਰ ਉਹ ਬਹੁਤ ਵੱਡਾ ਮਾਰਮਿਕ ਇਨਕਲਾਬ ਲਿਆ ਸਕਦੇ ਹਨ।
1. ਆਪਣੀ ਸਮਰੱਥਾ ਵਿੱਚ ਯਕੀਨ ਰੱਖੋ:- ਜਿਵੇਂ ਇਕ ਛੋਟੀ ਜਿਹੀ ਤਿਤਲੀ ਦੇ ਖੰਭਾਂ ਦੀ ਫੜਫੜਾਹਟ ਵੱਡੇ ਤੂਫ਼ਾਨਾਂ ਨੂੰ ਸੱਦਾ ਦੇ ਸਕਦੀ ਹੈ, ਉਸੇ ਤਰਾਂ ਤੁਹਾਡੇ ਵਲੋਂ ਹਮਦਰਦੀ ਲਈ, ਇਨਸਾਨੀਅਤ ਲਈ ਕੀਤਾ ਗਿਆ ਛੋਟਾ ਜਿਹਾ ਯਤਨ, ਹਿੰਮਤ, ਬਹਾਦਰੀ ਅਤੇ ਸਿਰਜਣਾਤਮਕਤਾ ਲਈ ਚੁੱਕਿਆ ਬਹੁਤ ਛੋਟਾ ਕਦਮ ਮਹਾਨ ਤਬਦੀਲੀਆਂ ਦਾ ਕਾਰਨ ਬਣ ਸਕਦਾ ਹੈ। ਆਪਣੀ ਸਮਰੱਥਾ ਤੇ ਕਦੀ ਵੀ ਸ਼ੱਕ ਨਾ ਕਰੋ ਅਤੇ ਆਪਣੇ ਯਤਨਾਂ ਨੂੰ ਕਦੀ ਵੀ ਛੋਟਾ ਨਾ ਸਮਝੋ।
2.ਤਬਦੀਲੀ ਨੂੰ ਗਲ਼ੇ ਲਗਾਓ:- ਜਿੰਦਗੀ ਵਿਚ ਭਵਿੱਖ ਦੀ ਅਨਿਸ਼ਚਿਤਤਾ ਆਪਣੇ ਆਪ ਵਿਚ ਇਕ ਵੱਡੀ ਚੁਣੌਤੀ ਵੀ ਹੈ ਅਤੇ ਜੀਵਨ ਦੀ ਖੂਬਸੂਰਤੀ ਵੀ। ਬਹੁਤ ਛੋਟੀ ਤਬਦੀਲੀ ਵੀ ਬਹੁਤ ਵੱਡੇ ਦਰਵਾਜੇ ਖੋਲ੍ਹ ਦਿੰਦੀ ਹੈ। ਇਸ ਵਿਚਾਰ ਦੇ ਕਾਇਲ ਹੋ ਜਾਓ ਕਿ ਤਬਦੀਲੀ ਤਾਂ ਇਕ ਸਦੀਵੀ ਕਿਰਿਆ ਹੈ। ਪਰੀਵਰਤਨ ਦਾ ਨਿਯਮ ਯਾਦ ਰੱਖੋ , ” ਸਭ ਕੁਝ ਬਦਲਦਾ ਹੈ, ਬਸ ਇੱਕੋ ਚੀਜ ਨਹੀਂ ਬਦਲਦੀ ਕਿ ਸਭ ਕੁਝ ਬਦਲ ਜਾਣਾ ਹੈ” (Everything changes, but changes not the law of change).। ਯਾਦ ਰੱਖੋ ,ਬਹੁਤ ਵੱਡੇ ਵੱਡੇ ਇਨਕਲਾਬ ਅਤੇ ਤਬਦੀਲੀਆਂ ਇਕ ਛੋਟੇ ਜਿਹੇ ਕਦਮ ਤੋਂ ਹੀ ਆਰੰਭ ਹੁੰਦੀਆਂ ਹਨ।
3.ਹਰ ਪਲ ਨੂੰ ਸਾਂਭਣਯੋਗ ਅਤੇ ਯਾਦਗਾਰੀ ਬਣਾਓ :- ਜਦੋ ਇਕ ਬਹੁਤ ਛੋਟਾ ਜਿਹਾ ਪਲ ਸਿਰਜਣਾ ਦੀਆਂ ਵੱਡੀਆਂ ਲਹਿਰਾਂ ਉਤਪਨ ਕਰਨ ਦੇ ਯੋਗ ਹੈ, ਤਾਂ ਹਰ ਪਲ ਨੂੰ ਇੱਕ ਮੌਕਾ ਬਣਾ ਲਵੋ। ਤੁਹਾਡੇ ਯਤਨ ਅਤੇ ਕਾਰਜ ਦੀ ਚੋਣ ਦੂਜਿਆਂ ਦੀ ਜਿੰਦਗੀ ਵਿਚ ਖੂਬਸੂਰਤ ਤਬਦੀਲੀ ਲਿਆ ਸਕਦੀ ਹੈ। ਪਿਆਰ, ਆਸ ਅਤੇ ਸਕਾਰਮਤਕਤਾ ਫੈਲਾਂਦੇ ਰਹੋ।
ਯਾਦ ਰੱਖੋ ਜੀਵਨ ਦੀ ਹਫੜਾ ਦਫੜੀ ਵਿੱਚ ਤੁਹਾਡੇ ਵਲੋਂ ਹਿਲਾਏ ਗਏ ਖੰਭ, ਜੀਵਨ ਵਿਚ ਤੂਫ਼ਾਨੀ ਤਬਦੀਲੀ ਲਿਆ ਸਕਦੇ ਹਨ। ਇਹ ਹਲਚਲ ਕਿੰਨੀ ਛੋਟੀ ਵੀ ਕਿਉਂ ਨਾ ਹੋਵੇ। ਤੁਹਾਡੇ ਇਹ ਛੋਟੇ ਛੋਟੇ ਕਦਮ ਹੀ ਭਵਿੱਖ ਦੀ ਹਕੀਕਤ ਦੇ ਬੀਜ ਹਨ। ਇਸਲਈ ਇਕ ਮਕਸਦ ਸਾਹਮਣੇ ਰੱਖੋ ਅਤੇ ਆਪਣੇ ਖੰਭ ਹਿਲਾਉਂਦੇ ਜਾਓ। ਵੱਡੇ ਇਨਕਲਾਬ ਵੀ ਆ ਸਕਦੇ ਹਨ। ਜਦੋਂ ਮੈਂ ਬਟਰਫਲਾਈ ਇਫੈਕਟ ਨੂੰ ਪੜ੍ਹਿਆ ਅਤੇ ਸਮਝਿਆ, ਤਾਂ ਇਸ ਬਾਰੇ ਕੁਝ ਲਿਖ ਕੇ ਆਪ ਸਭ ਤੱਕ ਪੁਚਾਉਣਾ ਸੱਚਮੁੱਚ ਹੀ ਇਕ ਬਹੁਤ ਛੋਟਾ ਜਿਹਾ ਕਦਮ ਹੈ, ਪਰ ਕੌਣ ਕਹਿ ਸਕਦਾ ਹੈ, ਕਿ ਇਸ ਵਿਚ ਕਿੰਨੇ ਨੌਜਵਾਨ ਹਿਰਦਿਆਂ ਨੂੰ ਝੰਜੋੜਨ ਅਤੇ ਉਹਨਾਂ ਦੇ ਸਾਂਝੇ ਅਤੇ ਮਜਬੂਤ ਕਦਮਾਂ ਦੀ ਚੇਨ ਕਿਰਿਆ ਵਿਚ ਕਿੱਡੀ ਵੱਡੀ ਤਬਦੀਲੀ ਛੁਪੀ ਹੋਈ ਹੋਵੇ। ਇਸੇ ਲਈ ਇਹ ਸ਼ਬਦ ਆਪ ਜੀ ਅੱਗੇ ਪੇਸ਼ ਕਰਨ ਦੀ ਹਿੰਮਤ ਕੀਤੀ ਹੈ।