‘ਤੁਰ ਗਏ ਯਾਰ ਨਿਰਾਲੇ’ ਹੋਈ ਲੋਕ-ਅਰਪਿਤ
ਸ਼ਾਮ ਸਿੰਘ ਅੰਗਸੰਗ ਦੀ ਪੁਸਤਕ ‘ਤੁਰ ਗਏ ਯਾਰ ਨਿਰਾਲੇ’ ਮਿੱਤਰ-ਮੰਡਲ ਰਾਈਟਰਜ਼ ਕਲੱਬ ਦੀ ਮੀਟਿੰਗ ‘ਚ ਹੋਈ ਲੋਕ-ਅਰਪਿਤ
ਗੁਰਦੇਵ ਚੌਹਾਨ, ਗੁਰਦਿਆਲ ਬੱਲ, ਸਤਬੀਰ ਸਿੰਘ, ਸੁਖਦੇਵ ਸਿੰਘ ਝੰਡ, ਜਗੀਰ ਸਿੰਘ ਕਾਹਲੋਂ ਤੇ ਕਈ ਹੋਰਨਾਂ ਨੇ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ
ਬਰੈਂਪਟਨ, (ਡਾ ਝੰਡ) -ਲੰਘੇ ਸਨਿੱਚਰਵਾਰ 23 ਨਵੰਬਰ ਨੂੰ ‘ਮਿੱਤਰ-ਮੰਡਲ ਰਾਈਟਰਜ਼ ਕਲੱਬ’ ਵੱਲੋਂ ਸੀਨੀਅਰ ਪੱਤਰਕਾਰ ਤੇ ਲੇਖਕ ਸ਼ਾਮ ਸਿੰਘ ਦੀ ਪੁਸਤਕ ‘ਤੁਰ ਗਏ ਯਾਰ ਨਿਰਾਲੇ’ 7 ਗੋਰਰਿੱਜ ਕਰੈਸੈਂਟ, ਬਰੈਂਪਟਨ ਵਿਖੇ ਵਿਦਵਾਨ-ਦੋਸਤਾਂ ਦੀ ਹਾਜ਼ਰੀ ਵਿੱਚ ਲੋਕ-ਅਰਪਿਤ ਕੀਤੀ ਗਈ। ਉਪਰੰਤ, ਰਾਈਟਰਜ਼ ਕਲੱਬ ਦੇ ਮੈਂਬਰਾਂ ਵੱਲੋਂ ਪੁਸਤਕ ਅਤੇ ਇਸ ਦੇ ਲੇਖਕ ਸ਼ਾਮ ਸਿੰਘ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਮੰਚ-ਸੰਚਾਲਨ ਦੀ ਜਿ਼ੰਮੇਂਵਾਰੀ ਡਾ ਸੁਖਦੇਵ ਸਿੰਘ ਝੰਡ ਵੱਲੋਂ ਨਿਭਾਈ ਗਈ।
ਆਏ ਦੋਸਤਾਂ ਨੂੰ ਜੀ-ਆਇਆਂ ਕਹਿੰਦਿਆਂ ਵਿਚਾਰ ਅਧੀਨ ਪੁਸਤਕ ਦੇ ਲੇਖਕ ਸ਼ਾਮ ਸਿੰਘ ਅੰਗਸੰਗ ਨੇ ਉਨ੍ਹਾਂ ਦਾ ਉੱਥੇ ਆਉਣ ‘ਤੇ ਹਾਰਦਿਕ ਸੁਆਗ਼ਤ ਕੀਤਾ। ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਪੁਸਤਕ ਦੇ ਛਪਵਾਉਣ ‘ਤੇ ਉਨ੍ਹਾਂ ਦਾ ਧੇਲਾ ਵੀ ਖ਼ਰਚ ਨਹੀਂ ਹੋਇਆ ਹੈ। ‘ਯੂਰਪੀਨ ਪੰਜਾਬੀ ਸੱਥ ਯੂ ਕੇ’ ਵੱਲੋਂ ਛਪਵਾਈ ਗਈ ਇਸ ਪੁਸਤਕ ਦੀਆਂ ‘ਸੱਥ’ ਵੱਲੋਂ 4500 ਕਾਪੀਆਂ ਛਪਵਾਈਆਂ ਗਈਆਂ ਅਤੇ ਇਹ ਪੰਜਾਬੀ ਲੇਖਕਾਂ ਤੇ ਪੰਜਾਬੀ-ਪ੍ਰੇਮੀਆਂ ਨੂੰ ਮੁਫ਼ਤ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦਾ ਏਡੀ ਵੱਡੀ ਗਿਣਤੀ ਵਿੱਚ ਛਪਣਾ ਅਤੇ ਲੋਕਾਂ ਵਿੱਚ ਮੁਫ਼ਤ ਵੰਡਿਆ ਜਾਣਾ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।
ਉੱਘੇ ਪੰਜਾਬੀ ਕਵੀ ਤੇ ਵਾਰਤਕ ਲੇਖਕ ਗੁਰਦੇਵ ਚੌਹਾਨ ਨੇ ਸ਼ਾਮ ਸਿੰਘ ਦੀ ਵਿਅੰਗਮਈ ਕਵਿਤਾ ਅਤੇ ਬੈਂਤ ਰੂਪ ਵਿੱਚ ਲਿਖੀ ਗਈ ਇਸ ਪੁਸਤਕ ਦੀ ਸਰਾਹਨਾ ਕਰਦਿਆਂ ਕਿਹਾ ਕਿ ਸ਼ਾਮ ਸਿੰਘ ਦੀ ਲਿਖਣ-ਸ਼ੈਲੀ ਦੀ ਆਪਣੀ ਹੀ ਵਿਲੱਖਣਤਾ ਹੈ। ਉਸ ਦੀ ਕਵਿਤਾ ਵਿਚ ਬੇਹੱਦ ਰਵਾਨੀ ਹੈ ਅਤੇ ਉਹ ਆਪਣੀਆਂ ਕਵਿਤਾਵਾਂ ਵਿੱਚ ਸ਼ਬਦਾਂ ਨੂੰ ਬੜੇ ਸਲੀਕੇ ਨਾਲ ਗੁੰਦਦਾ ਹੋਇਆ ਉਨ੍ਹਾਂ ਦੇ ਹਾਵ-ਭਾਵ ਬਾਖ਼ੂਬੀ ਪ੍ਰਗਟ ਕਰਦਾ ਹੈ। ਉਨ੍ਹਾਂ ਕਿਹਾ ਕਿ ਹਥਲੀ ਪੁਸਤਕ ਵਿੱਚ ਉਸ ਨੇ ਇਸ ਜਹਾਨ ਤੋਂ ਤੁਰ ਗਏ 43 ਮਹੱਤਵਪੂਰਨ ਪੰਜਾਬੀ ਲੇਖਕਾਂ, ਪੱਤਰਕਾਰਾਂ, ਸਮਾਜ-ਸੇਵਕਾਂ ਅਤੇ ਪੰਜਾਬੀੰ ਨਾਟਕ ਤੇ ਰੰਗਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਸ਼ਬਦ-ਚਿੱਤਰ (ਮਰਸੀਏ) ਬੈਂਤ ਰੂਪ ਵਿਚ ਬਾਖ਼ੂਬੀ ਲਿਖੇ ਹਨ।
‘ਪੰਜਾਬੀ ਟ੍ਰਿਿਬਊਨ’ ਵਿੱਚ ਕੰਮ ਕਰਨ ਦੌਰਾਨ ਸ਼ਾਮ ਸਿੰਘ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉੱਘੇ ਪੱਤਰਕਾਰ ਗੁਰਦਿਆਲ ਬੱਲ ਨੇ ਕਿਹਾ ਕਿ ਸ਼ਾਮ ਸਿੰਘ ਇੱਕ ਸੁਲਝਿਆ ਪੱਤਰਕਾਰ ਹੋਣ ਦੇ ਨਾਲ ਨਾਲ ਸ਼ਾਨਦਾਰ ਕਵੀ ਵੀ ਹੈ। ਉਨ੍ਹਾਂ ਦੱਸਿਆ ਕਿ ਉਹ ਉਦੋਂ ਵੀ ਕਟਾਖ਼ਸ਼ ਭਰਪੂਰ ਦਿਲਚਸਪ ਕਾਵਿ-ਟੋਟਕੇ ਸੁਣਾ ਕੇ ਸਾਰਿਆਂ ਨੂੰ ਖ਼ੁਸ਼ ਕਰਦਾ ਹੁੰਦਾ ਸੀ। ਮਿਸੀਸਾਗਾ ਤੋਂ ਉਚੇਚੇ ਤੌਰ ‘ਤੇ ਪਹੁੰਚੇ ਪੱਤਰਕਾਰ ਸਤਬੀਰ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਸ਼ਾਮ ਸਿੰਘ ਦੀ ਪੱਤਰਕਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੱਤਰਕਾਰੀ ਉਸ ਦਾ ਰੋਜ਼ਗਾਰ ਸੀ ਅਤੇ ਕਵਿਤਾ ਤੇ ਵਿਅੰਗਾਤਮਕਿ ਟੋਟਕੇ ਲਿਖਣਾ ਉਸ ਦਾ ਸ਼ੌਕ ਸੀ ਜੋ ਹੁਣ ਤੀਕ ਉਵੇਂ ਹੀ ਕਾਇਮ ਹੈ।
ਪ੍ਰੋ ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ‘ਪੰਜਾਬੀ ਟ੍ਰਿਿਬਊਨ’ ਨੂੰ ਪੜ੍ਹਨ ਸਮੇਂ ਉਨ੍ਹਾਂ ਦੀ ਪ੍ਰਾਥਮਿਕਤਾ ਇਸ ਦਾ ਸ਼ਾਮ ਸਿੰਘ ਹੁਰਾਂ ਵੱਲੋਂ ਲਿਿਖਆ ਜਾਂਦਾ ਕਾਲਮ ‘ਅੰਗਸੰਗ’ ਪੜ੍ਹਨ ਦੀ ਹੁੰਦੀ ਸੀ ਅਤੇ ਇਸ ਦੀਆਂ ਖ਼ਬਰਾਂ ਤੇ ਹੋਰ ਮੈਟਰ ਬਾਅਦ ਵਿੱਚ ਪੜ੍ਹਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸ਼ਾਮ ਸਿੰਘ ਨੇ ਇਸ ਪੁਸਤਕ ਵਿਚ 43 ਮਹਾਨ ਪੰਜਾਬੀਆਂ ਦੀ ਵਧੀਆ ਕਾਰਗ਼ੁਜ਼ਾਰੀ ਬਿਆਨ ਕਰਦਿਆਂ ਉਨ੍ਹਾਂ ਨੂੰ ‘ਨਿਰਾਲੇ ਯਾਰ’ ਕਹਿੰਦਿਆਂ ਹੋਇਆਂ ਸ਼ਾਨਦਾਰ ਕਾਵਿਕ-ਸ਼ਰਧਾਂਜਲੀ ਭੇਂਟ ਕੀਤੀ ਹੈ। ਮਲਵਿੰਦਰ ਸ਼ਾਇਰ ਨੇ ਸ਼ਾਮ ਸਿੰਘ ਨੂੰ ‘ਵਿਲੱਖਣ ਕਵੀ’ ਕਿਹਾ ਜਿਨ੍ਹਾਂ ਦੀਆਂ ਕਵਿਤਾਵਾਂ ਵਿੱਚ ਵਿਅੰਗਮਈ-ਤੱਤ ਵੱਡੀ ਮਾਤਰਾ ਵਿੱਚ ਮੌਜੂਦ ਹੈ। ਉਨ੍ਹਾਂ ਵੱਲੋਂ ਲਿਖੇ ਗਏ ਇਸ ਪੁਸਤਕ ਵਿਚਲੇ ਵੱਖ-ਵੱਖ ‘ਮਰਸੀਏ’ ਇੱਕ ਵੱਖਰੀ ਕਾਵਿ-ਵੰਨਗੀ ਪੇਸ਼ ਕਰਦੇ ਹਨ।
ਸਕਾਰਬਰੋ ਤੋਂ ਲੰਮਾਂ ਪੈਂਡਾ ਤੈਅ ਕਰਕੇ ਆਏ ਰਾਜਕੁਮਾਰ ਉਸ਼ੋਰਾਜ ਨੇ ਪੁਸਤਕ ਵਿੱਚ ਸ਼ਾਮਲ ਉੱਘੇ ਕਵੀ ਸਿ਼ਵ ਕੁਮਾਰ ਬਟਾਲਵੀ ਬਾਰੇ ਬੈਂਤਾਂ ਦਾ ਜਿ਼ਕਰ ਕਰਦਿਆਂ ਆਪਣੀ ਸਿ਼ਵ ਕੁਮਾਰ ਬਾਰੇ ਲਿਖੀ ਗਈ ਕਵਿਤਾ ਦੇ ਕੁਝ ਬੰਦ ਸੁਣਾਏ। ਹਰਮੇਸ਼ ਸਿੰਘ ਜੀਂਦੋਵਾਲ ਵੱਲੋਂ ਸੰਤ ਰਾਮ ਉਦਾਸੀ ਬਾਰੇ ਪੁਸਤਕ ਵਿਚ ਦਰਜ ਕਵਿਤਾ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੀ ਗਈ। ਸਮਾਗ਼ਮ ਵਿੱਚ ਸੁਭਾਸ਼ ਕੁਮਾਰ ਸ਼ਰਮਾ, ਜਸਵਿੰਦਰ ਸਿੰਘ ਅਤੇ ਕੈਪਟਨ ਬਲਬੀਰ ਸਿੰਘ ਸੰਧੂ ਹੁਰਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਮੰਚ ਦਾ ਸੰਚਾਲਨ ਕਰ ਰਹੇ ਡਾ, ਝੰਡ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੈੈਂਤ ਵਿੱਚ ਲਿਖੀ ਗਈ ਇਸ ਕਿਤਾਬ ਦੀ ਇਹ ਵਿਲੱਖਣਤਾ ਹੈ ਕਿ ਇਸ ਦੀ ਭੂਮਿਕਾ ਵੀ ਲੇਖਕ ਵੱਲੋਂ ਬੈਂਤ ਵਿਚ ਹੀ ਹੈ। ਉੁਨ੍ਹਾਂ ਕਿਹਾ ਕਿ ਪੁਸਤਕ ਨੂੰ ਪੜ੍ਹਦਿਆਂ ਬੈਂਤ ਵਿੱਚ ਲਿਖੀ ਗਈ ਵਾਰਸ ਸ਼ਾਹ ਦੀ ‘ਹੀਰ’, ਸ਼ਾਹ ਮੁਹੰਮਦ ਦੇ ਸ਼ਾਹਕਾਰ ‘ਜੰਗ ਹਿੰਦ ਪੰਜਾਬ’ ਅਤੇ ਕਾਦਰਯਾਰ ਦੇ ਪੂਰਨ ਬਾਰੇ ਲਿਖੇ ਗਏ ਕਿੱਸੇ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੂੰ ਮੰਚ ‘ਤੇ ਪੇਸ਼ ਕਰਦਿਆਂ ਵਿੱਚ-ਵਿਚਾਲ ਪੁਸਤਕ ਵਿੱਚ ਦਰਜ ਅਹਿਮ ਸ਼ਖ਼ਸੀਅਤਾਂ ‘ਸੇਵਾ ਦੇ ਪੁੰਜ’ ਭਗਤ ਪੂਰਨ ਸਿੰਘ (ਪਿੰਗਲਵਾੜਾ ਅੰਮ੍ਰਿਤਸਰ), ਕਵੀਆਂ ਦਵਿੰਦਰ ਸਤਿਆਰਥੀ ਤੇ ਡਾ ਜਗਤਾਰ, ਨਾਟਕਕਾਰ ਬਲਵੰਤ ਗਾਰਗੀ, ਪੰਜਾਬੀ ਰੰਗਮੰਚ ਦੇ ‘ਬਾਬਾ ਬੋਹੜ’ ਭਾਅ ਜੀ ਗੁਰਸ਼ਰਨ ਸਿੰਘ, ਬਹੁ-ਪੱਖੀ ਸ਼ਖ਼ਸੀਅਤ ਡਾ ਐੱਮ ਐੱਸ ਰੰਧਾਵਾ, ਵਿਅੰਗ ਲੇਖਕ ਡਾ ਗੁਰਨਾਮ ਸਿੰਘ ‘ਤੀਰ’ ਤੇ ਕਈ ਹੋਰਨਾਂ ਬਾਰੇ ਸ਼ਾਮ ਸਿੰਘ ਦੇ ਲਿਖੇ ਹੋਏ ਬੰਦ ਸੁਣਾ ਕੇ ਉਨ੍ਹਾਂ ਨੂੰ ਸਰੋਤਿਆਂ ਦੇ ਰੂ-ਬ-ਰੂ ਕੀਤਾ।
ਸ਼ਾਮ ਦੇ ਪੰਜ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਚੱਲੇ ਇਸ ਸਮਾਗ਼ਮ ਦੌਰਾਨ ਮੇਜ਼ਬਾਨ ਹਰਮੇਸ਼ ਸਿੰਘ ਜੀਂਦੋਵਾਲ ਵੱਲੋਂ ਇਸ ਮੌਕੇ ਕੀਤੇ ਗਏ ਚਾਹ-ਪਾਣੀ/ਧਾਣੀ ਅਤੇ ਰਾਤ ਦੇ ਖਾਣੇ ਦੇ ਸ਼ਾਨਦਾਰ ਪ੍ਰਬੰਧ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ‘ਪੰਜਾਬੀ ਦੁਨੀਆਂ’ ਤੇ ‘24/7 ਟੀ ਵੀ’ ਦੇ ਸੰਚਾਲਕ ਹਰਜੀਤ ਸਿੰਘ ਗਿੱਲ ਵੱਲੋਂ ਇਸ ਸਮਾਗ਼ਮ ਦੀ ਰੀਕਾਰਡਿੰਗ ਕੀਤੀ ਗਈ, ਇਸ ਤਰ੍ਹਾਂ ਸ਼ਾਮ ਸਿੰਘ ਅੰਗਸੰਗ ਹੁਰਾਂ ਦੀ ਪੁਸਤਕ ਨਾਲ ਜੁੜਿਆ ਇਹ ਸਮਾਗ਼ਮ ਸਾਰਿਆਂ ਲਈ ਯਾਦਗਾਰੀ ਹੋ ਨਿਬੜਿਆ।