ਗੁਰਦੀਪ ਸਿੰਘ ਗੁਰੂ ਨਾਨਕ ਕਾਲਜ, ਬੁਢਲਾਡਾ 62804-77383
ਬੰਦੇ ਅੰਦਰ ਧਰਤੀਆਂ ਹੁੰਦੀਆਂ ਨੇ, ਆਪਣੀਆਂ ਆਪਣੀਆਂ ਤੇ ਬੰਦਿਆਂ ਦੇ ਅਸਮਾਨ ਵੀ ਆਪਣੇ ਆਪਣੇ ਹੁੰਦੇ ਨੇ। ਇਨ੍ਹਾਂ ਧਰਤੀਆਂ ਤੇ ਅਸਮਾਨ ਚੋਂ ਧਰਤੀ ਦੇ ਉੱਪਰਲੇ ਕੜ ਤੇ ਬੰਦਾ ਤੁਰਦੈ, ਪਰ ਉਸ ਦਾ ਅੰਦਰ ਸੁਪਨਿਆਂ ਥਾਣੀਂ ਅਸਮਾਨ ਤੇ ਤੁਰਦੈ। ਤਿੰਨਾਂ ਦੀ ਸਾਂਝ ਐ, ਨਾ ਧਰਤੀ ’ਚ ਸਿਊਣ ਐ, ਨਾ ਅਸਮਾਨ ’ਚ ਤੇ ਨਾ ਹੀ ਬੰਦੇ ’ਚ। ਇਹ ਬੰਦੈ ਜਿਹੜਾ ਕਦੇ ਅਸਮਾਨ ਨੂੰ ਦੇ੍ਹੜਨ ਦੀ ਸੋਚਦੈ, ਕਦੇ ਧਰਤੀ ਨੂੰ। ਸਦੀਆਂ ਇਸ ਗੱਲ ਦੀ ਗਵਾਹੀ ਨੇ ਕਿ ਇਹ ਕਰਦਿਆਂ ਬੰਦਾ ਉੱਧੜ ਜਾਂਦੈ। ਉਸ ਉਧੇੜ ਨੂੰ ਬੁਣਦਾ ਬੁਣਦਾ ਤੁਰ ਜਾਂਦੈ। ਇਸ ਤੁਰੇ ਬੰਦੇ ਦੀ ਦੁਨੀਆਂ ਗਵਾਹੀ ਦਿੰਦੀ ਐ, ਚੰਗੀ ਦੀ ਚੰਗੀ ਤੇ ਮੰਦੇ ਦੀ ਮੰਦੀ। ਊਂ ਜਿਹੜੇ ਬੰਦੇ ਨੇ ਚੰਗੀ ਧਰਤੀ ਵਿਚ ਆਪਣੀ ਖਾਲਸ ਪੁਲਾਂਘ ਨਾਲ ਓਰਾ ਕੱਢਿਆ ਹੁੰਦੈ, ਉਹ ਧਰਤੀ ਛੇਤੀ ਛੇਤੀ ਉਹਨੂੰ ਭੁੱਲਦੀ ਨੀ। ਉਹਦਾ ਮੁੱਲ ਮੋੜਦੀ ਐ।
ਨਵਤੇਜ ਭਾਰਤੀ ਦੀ ਗੱਲ ਯਾਦ ਆਉਂਦੀ ਐ। ਉਹ ਕਹਿੰਦੈ – ਪੰਜਾਬੀ ਓਪਰੇ ਨਾਲ ਬੋਲਦੇ ਨਹੀਂ ਸਕੀਰੀ ਕੱਢ ਲੈਂਦੇ ਨੇ, ਫਿਰ ਗੱਲਾਂ ਕਰਦੇ ਨੇ। ਐਥੋਂ ਗੱਲ ਅੱਗੇ ਤੋਰਦੇ ਆਂ ਐਂ ਲੱਗਦੈ ਉਹ ਲੋਕ ਗੱਲਾਂ ਵਿੱਚ ਉਹਦੇ ਅੰਦਰ ਦੀ ਧਰਤੀ ਨੂੰ ਬੁੱਝਦੇ ਨੇ। ਇਹ ਬੁੱਝਦਿਆਂ ਬੁੱਝਦਿਆਂ ਆਪਣੇ ਅੰਦਰ ਦੀਆਂ ਧਰਤੀਆਂ/ਟਿਕਾਣਿਆਂ ਨੂੰ ਗੱਲਾਂ ਰਾਹੀਂ ਵਟਾ ਲੈਂਦੇ ਨੇ। ਉਹ ਮਿੰਟਾਂ ਸਕਿੰਟਾਂ ਵਿੱਚ ਆਪਣੇ ਅੰਦਰ ਦੇ ਮੋਹ ਨਾਲ ਆਪਣੀਆਂ ਦੇਹਾਂ ਗੁੰਨ ਲੈਂਦੇ ਨੇ। ਇਹ ਪਿੰਡ ਦਾ ਜਿਊਣ ਐ। ਸ. ਕੁਲਵੰਤ ਸਿੰਘ, ਮੋਗਿਓਂ ਬਦਲ ਕੇ ਮਾਨਸਾ ਡਿਪਟੀ ਕਮਿਸ਼ਨਰ ਆਏ। ਮੈਂ ਉਨ੍ਹਾਂ ਨੂੰ ਜਾਣਦਾ ਸੀ, ਦੋਸਤਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ। ਅਚਾਨਕ ਮੋਗੇ ਤੋਂ ਬਾਈ ਗੁਰਮੀਤ ਦਾ ਸੁਨੇਹਾ ਮਿਲਿਆ- “ਧੰਨਭਾਗ ਤੁਹਾਡੇ, ਐਥੇ ਜੀਤੋ ਦੇ ਮੁੰਡੇ ਨੂੰ ਯਾਦ ਕਰਦੇ ਨੇ ਲੋਕ।” ਜੀਤੋ ਦੇ ਮੁੰਡੇ ਆਲੀ ਗੱਲ ਮੇਰੇ ਹਿਸਾਬੋਂ ਬਾਹਰ ਰਹੀ। ਏਸ ਗੱਲ ਦੀ ਥਾਹ ਪਾਉਣ ਲਈ ਮੈਂ ਦਫਤਰ ਗਿਆ, ਬਿਨ੍ਹਾਂ ਕੰਮ ਤੋਂ। ਦਫਤਰ ਦੇ ਬਾਹਰ ਸਹਿਜ ਮਾਹੌਲ, ਏਹ ਏਨ੍ਹਾਂ ਦਫਤਰਾਂ ’ਚ ਘੱਟ ਹੀ ਹੁੰਦੈ।
“ਕੀ ਕੰਮ ਹੈ?”- ਮੇਰੇ ਮੋਢੇ ਪਾਇਆ ਝੋਲਾ ਵੇਖ ਗੇਟ ਤੇ ਬੈਠੇ ਮੁਲਾਜ਼ਮ ਨੇ ਪੁੱਛਿਆ।
“ਕੋਈ ਵੀ ਨਹੀਂ ਮਿਲਣਾ ਹੈ, ਬੱਸ।”- ਮੈਂ ਕਿਹਾ।
ਗੱਲ ਆਈ ਗਈ ਹੋ ਗਈ, ਹੋਣੀ ਸੀ। ਕੁਝ ਕੁ ਮਿੰਟਾਂ ਬਾਅਦ ਅੰਦਰੋਂ ਸੁਨੇਹਾ ਆਇਆ। ਮੈਂ ਜਦੋਂ ਹਾਜ਼ਰ ਹੋਇਆ ਤਾਂ ਉਨ੍ਹਾਂ ਨੇ ਹੱਥ ਮਿਲਦਿਆਂ ਮੈਂ ਸਮਝ ਗਿਆ ਕਿ ਇਹ ਹੱਥ ’ਚ ਕਿਰਤ ਦੇ ਹੁਸਨ ਦੀ ਮਹਿਕ ਐ। ਪਹਿਲੇ ਦੋ ਚਾਰ ਮਿੰਟਾਂ ’ਚ ਮੈਂ ਜਾਣ ਗਿਆ, ਕੁਲਵੰਤ ਸਿੰਘ ਅੰਦਰ ਧਰਤੀ ਐ, ਪੰਜ ਦਰਿਆਈ। ਮਿੱਟੀ ਦੀ ਓਸ ਰਹਿਤਲੀ ਕੋਰ ਵਿਚ ਉਸਦੇ ਪੈਰ ਨੇ, ਜਿੱਥੇ ਪ੍ਰੇਮ ਐ। ਇਸ ਮਿੱਟੀ ਦੇ ਮਹਿਕ ਦਿਆਂ ਪਾਣੀਆਂ ਚ ਉਸਦਾ ਅੰਦਰ ਗੁੱਝਿਆ ਹੋਇਐ। ਵਗਦੇ ਦਰਿਆਵਾਂ ਦੇ ਨਿੱਤਰੇ ਜਲੌਅ ਦਾ ਰੰਗ ਉਸਦੀਆਂ ਗੱਲਾਂ ਵਿਚੋਂ ਲੱਭਦੈ। ਗੱਲਾਂ ਜਿਸ ਤੇ ਸਵਾਰ ਹੋ ਕੇ ਸਾਹਮਣਾ ਬੰਦਾ ਰਾਵੀ ਦੇ ਪਾਣੀਆਂ ਤੇ ਅਣਵੰਡੇ ਪੰਜਾਬ ਦੀ ਤਸਵੀਰ ਵੇਖਦੈ। ਚਾਰ ਦਸੰਬਰ ਨੂੰ ਉਹ ਪਿੰਡ ਆਏ, ਘਰ ਬੈਠਿਆਂ ਉਨ੍ਹਾਂ ਇਹ ਗੱਲ ਸੁਣਾਈ। ਬਾਅਦ ਵਿੱਚ ਸਕੂਲ ਵਿੱਚ ਬੱਚਿਆਂ ਨਾਲ ਗੱਲਾਂ ਕਰਦਿਆਂ ਉਨ੍ਹਾਂ ਸੁਣਾਈ। ਗੱਲ ਐ-
“ਮੈਂ ਛੋਟਾ ਜਿਹਾ ਸੀ, ਤੁਹਾਡੇ ਤੋਂ ਵੀ ਛੋਟਾ। ਸਾਡੇ ਪਿੰਡ ਗੱਡੀਆਂ ਵਾਲੇ ਆਏ ਸੀ। ਗੱਡੀਆਂ ਵਾਲੇ ਜਿਹੜੇ ਉਹ ਖਾਨਾਬਦੋਸ਼ ਹੁੰਦੇ ਆ। ਹੁਣ ਸ਼ਾਇਦ ਨਹੀਂ ਆਉਂਦੇ, ਉਹ ਬੰਦੇ ਕਿਤੇ ਪੱਕਾ ਘਰ ਨਹੀਂ ਬਣਾਉਂਦੇ, ਇਕ ਗੱਡੀ ਜ੍ਹੀ ’ਤੇ ਰੇੜੀ ਜੀ ਤੇ ਆਪਣਾ ਸਮਾਨ ਰੱਖਦੇ ਆ, ਤੁਰੇ ਰਹਿੰਦੇ ਆ। ਫਿਰ ਕਿਤੇ ਜਿੱਥੇ ਉਹਨਾਂ ਦਾ ਜੀਅ ਕਰਦੈ ਉਸ ਜਗ੍ਹਾ ’ਤੇ ਰਹਿ ਜਾਂਦੇ ਨੇ- ਦੋ, ਚਾਰ, ਪੰਜ ਦਿਨ। ਉੱਥੇ ਰਹਿੰਦੇ ਆ ਫੇਰ ਅੱਗੇ ਚੱਲ ਪੈਂਦੇ ਆ। ਇਸ ਤਰ੍ਹਾਂ ਉਹ ਸਾਰਾ ਜੀਵਨ ਬਤੀਤ ਕਰ ਦਿੰਦੇ ਆ। ਉਹ ਸਾਡੇ ਪਿੰਡ ਆਏ ਸੀਗੇ ਉਹ ਉਸ ਪਿੰਡ ਦੇ ਵਿੱਚ ਆ ਕੇ ਉਹ ਮµਗਦੇ ਨਹੀਂ। ਪਿੰਡ ’ਚੋਂ ਪੁੱਛਕੇ ਕਿਸੇ ਦਾ ਵੀ ਕੋਈ ਕੰਮ ਕਰਦੇ ਆ, ਕਿਸੇ ਦਾ ਮµਨ ਲਵੋ ਕੋਈ ਲੋਹੇ ਦੀ ਬਣਾ ਤੀ, ਇਹੋ ਜਿਹੇ ਕੰਮ ਕਰਦੇ ਆ। ਉਨ੍ਹਾਂ ਦੀ ਇਕ ਔਰਤ ਸਾਡੇ ਘਰੇ ਆਈ (ਮੈਂ ਸੱਤ ਅੱਠ ਸਾਲ ਦਾ ਸੀ) ਉਹਨੇ ਮੇਰੇ ਮਾਂ ਨੂੰ ਪੁੱਛਿਆ-
“ਭੈਣ ਤੁਹਾਡੇ ਘਰੇ ਲੋਹਾ ਹੈਗਾ?”
ਮਾਂ ਕਹਿੰਦੀ- “ਹਾਂ ਹੈਗਾ, ਮਾੜਾ ਮੋਟਾ ਕੁਝ ਨਾ ਕੁਝ ਤਾਂ ਕਿੱਲ ਪੱਤੀ ਨਿਕਲ ਹੀ ਆਉਂਦੈ।”
ਮੇਰੀ ਮµਮੀ ਦਾ ਨਾਂ ਸੁਰਜੀਤ ਕੌਰ ਐ, ਮੇਰੀਆਂ ਤਾਈਆਂ ਚਾਚੀਆਂ ਦਾਦੀ ਮੇਰੀ ਮਾਂ ਨੂੰ ਜੀਤੋ ਹੀ ਕਹਿµਦੀਆਂ ਨੇ। ਜਿਹੜੀ ਉਹ ਆਂਟੀ ਆਈ ਸੀ, ਜਿਹੜੀ ਲੋਹਾ ਮµਗਦੀ ਸੀ ਕੋਈ ਚੀਜ਼ ਬਣਾਉਣ ਨੂੰ। ਉਹਨੂੰ ਮµਮੀ ਨੇ ਲੋਹਾ ਦੇਤਾ ਤੇ ਮੰਮੀ ਨੇ ਉਹਨੂੰ ਮੋੜ ਕੇ ਕਹਿਤਾ- “ਏਨ੍ਹੂੰ ਵਧੀਆ ਜਿਹਾ ਬਣਾਦੀ, (ਜੋ ਵੀ ਮੇਰੀ ਮੰਮੀ ਨੇ ਬਣਵਾਉਣਾ ਸੀ)
ਉਹ ਕਹਿµਦੀ- “ਭੈਣ ਐਹੋ ਜਿਹਾ ਬਣਾਉਂਗੀ, ਤੂੰ ਜੀਤੋ ਨੂੰ ਯਾਦ ਰੱਖੇਂਗੀ (ਉਹਦਾ ਨਾਂ ਵੀ ਜੀਤੋ ਸੀ ਜਿਹੜੀ ਆਈ ਸੀ)
ਉਹ ਉਸੇ ਰਾਤ ਨੂੰ ਉਹ ਚਲੇ ਗਏ ਤੇ ਅਸੀਂ ਅੱਜ ਤੱਕ ਵੀ ਜੀਤੋ ਨੂੰ ਯਾਦ ਕਰਦੇ ਆਂ ਜਿਵੇਂ ਮੈਂ ਭੁਪਾਲ ਦੇ ਸਕੂਲ ’ਚ ਖੜ੍ਹਾ ਯਾਦ ਕਰ ਰਿਹਾਂ। ਇਹ ਮੈਂ ਪਹਿਲਾਂ ਕਿਤੇ ਕਹਿ ਕੇ ਆਇਆ ਸੀਗਾ, ਤੁਹਾਨੂੰ ਵੀ ਕਹਿਣਾ ਅੱਜ ਤੋਂ ਬਾਅਦ ਤੁਸੀਂ ਜੀਤੋ ਦੇ ਮੁੰਡੇ ਨੂੰ ਯਾਦ ਕਰੋਂਗੇ।”
ਜਦੋਂ ਉਨ੍ਹਾਂ ਇਹ ਗੱਲ ਸੁਣਾਈ, ਮੇਰੇ ਅੰਦਰ ਬਾਈ ਗੁਰਮੀਤ ਆਲੀ ਗੱਲ ਖੁੱਲ ਗਈ।
ਮੈਂ ਤੇ ਅਸ਼ੋਕ ਬਾਂਸਲ ਮਿਲਣ ਗਏ। ਘਰ ਵਰਗਾ ਮਾਹੌਲ ਜਿਵੇਂ ਸਾਂਝੇ ਟੱਬਰ ’ਚ ਵਿਹਲੇ ਹੋ ਰਾਤ ਨੂੰ ਗੱਲਾਂ ਮਾਰਦੇ ਨੇ ਮਲਵੲਈਏ। ਗੱਲਾਂ ਅਮਰਗੜ੍ਹ ਦੀਆਂ ਚੱਲੀਆਂ, ਅਮਰਗੜ੍ਹੋ ਰਾਣਾ ਤੇ ਹਾਂਸ ਯਾਦ ਕੀਤੇ। ਝੂੰਦਾ ਪਿੰਡ ਬੋਲਦਿਆਂ ਫਿਜ਼ਾ ’ਚੋਂ ਹਰਿੰਦਰ ਸਿੰਘ ਮਹਿਬੂਬ ਦੀ ਮਹਿਕ ਆਈ। ਉੱਥੋਂ ਝੂੰਦਾ ਪਿੰਡ ਦੀ ਲਾਇਬਰੇਰੀ ਦੀ ਗੱਲ ਤੁਰੀ, ਗੱਲ ਤੁਰਦੀ ਤੁਰਦੀ ਰਾਵੀ ਦੇ ਪਾਣੀ ਤੇ ਟਿਕ ਗਈ, ਜਿਵੇਂ ਸ਼ਾਮ ਨੂੰ ਛਿਪਦਾ ਸੂਰਜ ਧਰਤੀ ਦੀ ਵੱਖੀ ਵਿੱਚ ਟਿਕ ਜਾਂਦੈ। ਸਮਾਂ ਦੀ ਜਿਉਂ ਗੰਢ ਬੱਝ ਗਈ। ਸਾਹਮਣੇ ਕੋਨੇ ਵਿੱਚ ਉਨ੍ਹਾਂ ਦੋ ਜਣੇ ਬੈਠੇ ਸੀ, ਉਨ੍ਹਾਂ ਦੇ ਨਵੋਦਿਆਂ ਸਕੂਲ ਦੇ ਦੋਸਤ ਸਨ। ਜਿੱਥੇ ਅਸੀਂ ਗੱਲ ਲੈ ਗਏ ਸੀ, ਜਾਂ ਤਾਂ ਉੱਥੇ ਹੀ ਗੱਲ ਖਤਮ ਕਰਕੇ ਉੱਠਿਆ ਜਾ ਸਕਦਾ ਸੀ ਜਾਂ ਫੇਰ ਏਦੂੰ ਗਹਾਂ ਦੀ ਗੱਲ ਤੋਰਨੀ ਸੀ। ਐਦੂੰ ਗਾਹਾਂ ਦੀ ਗੱਲ ਤਾਂ ਸੰਗੀਤ ਦੀ ਹੋ ਸਕਦੀ ਐ। ਸੰਗੀਤ ਜਿਸ ਚੋਂ ਪੰਜਾਬ ਸਮਝ ਪੈਂਦੈ। ਕੁਲਵੰਤ ਸਿµਘ ਨੇ ਸਕੂਲ ਦਾ ਵੇਲਾ ਯਾਦ ਕਰਦਿਆਂ ਉਹ ਕਲਾਕਾਰ ਲੜਕੀ ਨੂੰ ਗਾਉਣ ਲਈ ਕਿਹਾ। ਉਹਦੀ ਚੋਣ ਨੇ ਗੱਲ ਸਿਰੇ ਲਾ ਦਿੱਤੀ। ਗੀਤ ਬਹਾਨੇ ਜਿਵੇਂ ਰਾਵੀ ਦੇ ਪਾਣੀ ’ਚੋਂ ਬੁੱਕ ਭਰਕੇ ਅਸਮਾਨ ਬµਨੀਂ ਉਛਾਲ ਦਿੱਤਾ ਹੋਵੇ, ਤੇ ਧਰਤੀ ਦੀ ਵੱਖੀ ’ਚ ਟਿਿਕਆ ਸੂਰਜ ਰਾਵੀ ਰੰਗਾ ਹੋ ਗਿਆ ਹੋਵੇ। ਉਹ ਰੰਗ ਦੀ ਮਹਿਕ ਸਾਡੇ ਅੰਦਰ ਤੱਕ ਉਤਰ ਗਈ ਹੋਵੇ, ਏਹ ਅੰਦਰ ਉੱਤਰੀ ਮਹਿਕ ਸ਼ਾਇਦ ਸਦੀਆਂ ਤੱਕ ਨਾ ਲਹੇ। ਐਂ ਲੱਗਿਆ ਜਿਉਂ ਗੀਤ ਦੀ ਲੈਅ ਤੇ ਚੜ੍ਹ ਅਸੀਂ ਸਾਰੇ ਰਾਵੀ ਦੇ ਕਿਨਾਰੇ ਬੈਠ ਗਏ ਹੋਈਏ। ਇਹ ਕਿਤੇ ਕਿਤੇ ਵਾਪਰਦੈ। ਉਸ ਗੀਤ ਰਾਹੀਂ ਓਪਰਾਪਣ ਜਿਵੇਂ ਸਕੀਰੀ ਚ ਗੰਢਿਆ ਗਿਆ ਹੋਵੇ। ਬੋਲ ਸੀ- ਜੇ ਐਥੋਂ ਕਦੀ ਰਾਵੀ ਲµਘ ਜਾਵੇ/ ਹਯਾਤੀ ਪੰਜਆਬੀ ਬਣ ਜਾਵੇ/ ਮੈਂ ਬੇੜੀਆਂ ਹਜ਼ਾਰ ਤੋੜ ਲਾਂ/ ਮੈਂ ਪਾਣੀ ਵਿਚੋਂ ਸਾਹ ਨਿਚੋੜ ਲਾਂ… ਰਾਵੀ ਸਾਡੇ ਅੰਦਰ ਘੁਲ ਗਈ ਹੋਵੇ। ਪਾਣੀ ਦੀ ਅਵਾਜ਼ ਤੇ ਸਾਡੇ ਸਾਹ ਇਕੋ ਸੁਰ ਚ ਹੋਣ। ਫਿਜ਼ਾਵਾਂ ਜਿਉਂ ਰਾਵੀ ਦਾ ਪਾਣੀ ਹੋ ਗਈਆਂ ਹੋਣ, ਸਾਡੇ ਸਾਹਾਂ ਚੋਂ ਜਿਉਂ ਰਾਵੀ ਦਾ ਪਾਣੀ ਧੜਕ ਰਿਹਾ ਹੋਵੇ, ਵਾਰਸ ਦੇ ਆਖਣ ਵਾਂਗੂµ ‘ਰਾਗ ਨਿਕਲੇ ਜਿਉਂ ਜ਼ੀਲ ਦੀ ਤਾਰ ਵਿੱਚੋਂ।’ ਗੀਤ ਦੇ ਬੋਲਾਂ ਨੇ ਜਿਉਂ ਪਾਣੀਆਂ ਦੇ ਸਾਹ ਨਿਚੋੜ ਲਏ ਹੋਣ। ਏਨੇ ਸਿਖਰ ਦੀ ਗੱਲ ਤੋਂ ਬਾਅਦ ਅਗਲਾ ਵਾਕ ਬੋਲਣ ਲਈ ਉਸਤੋਂ ਅਸਲੀ ਗੱਲ ਚਾਹੀਦੀ ਸੀ। ਐਂ ਵੀ ਲੱਗਿਆ ਏਦੂੰ ਗਹਾਂ ਤਾਂ ਗੱਲ ਅਸੰਭਵ ਐ।
“ਜਦੋਂ ਰਾਵੀ ਦਾ ਜ਼ਿਕਰ ਹੁµਦੈ ਤਾਂ ਅੰਦਰ ਕੁਝ ਲਰਜਦੈ। ਇਹ ਸਿਰਫ ਰਾਵੀ ਤੇ ਸਤਲੁਜ ਦਰਿਆ ਦੇ ਜ਼ਿਕਰ ਤੇ ਹੁµਦੈ। ਮੈਂ ਜਦੋਂ ਉੱਥੇ ਸੀ ਤਾਂ ਵਿਹਲਾ ਹੋ ਕµਢੇ ਤੇ ਬੈਠ ਜਾਂਦਾ। ਇਹ ਤਾਂ ਵੀ ਐ ਕਿ ਇਹ ਦੋਵੇਂ ਦਰਿਆ ਪਾਰ ਜਾਂਦੇ ਨੇ।”- ਇਹ ਗੱਲ ਕੁਲਵੰਤ ਸਿੰਘ ਨੇ ਕਹੀ।
ਇਹ ਗੱਲ ਜਦੋਂ ਕਹੀ ਮੇਰੇ ਤੇ ਅਸ਼ੋਕ ਦੀ ਅੱਖ ਚੋਂ ਜਿਵੇਂ ਪਾਣੀ ਛੱਲ ਛਲਕ ਕੇ ਅਸਮਾਨ ਚ ਜਾ ਰਲੀ ਹੋਵੇ ਤੇ ਤਾਰ ਬਣ ਚੜ੍ਹ ਗਈ ਹੋਵੇ।
ਤਖੱਲਸ ਉਨ੍ਹਾਂ ਦਾ ਧੂਰੀ ਐ, ਜਰਮ ਐ ਦੌਲਤਪੁਰਾ ਦਾ। ਪੰਜਾਬ ਦੀ ਸੁਰਤਿ ਵਿੱਚ ਇਹ ਦੌਲਤਪੁਰਾ ਰਹਿਣੈ, ਭਾਵੇਂ ਕਾਗਜ਼ਾਂ ’ਚ ਲੱਖ ਬਰੜਵਾਲ ਬਣ ਜਾਵੇ। ਸਾਡੀ ਸੁਰਤਿ ਨੇ ਦੌਲਤ ਦੇ ਜਿਹੜੇ ਅਰਥ ਕੀਤੇ ਨੇ ਉਸ ਵਿੱਚ ਕਿਤੇ ਵੀ ‘ਪੈਸੇ’ ਦੀ ਮੱਸ ਨਹੀਂ। ਪੈਸੇ ਦੀ ਮੱਸ ਆਉਣ ਨਾਲ ਦੌਲਤ ਦੀ ਥਾਂ ਪੂੰਜੀ ਬਣਦੀ ਐ। ਪੂੰਜੀ ਜੋੜੀ ਜਾਂਦੀ ਐ, ਕਮਾਈ ਨਹੀਂ। ਕਮਾਉਦਾ ਤਾਂ ਬੰਦਾ ਦੌਲਤ ਐ। ਇਹੀ ਦੌਲਤ ਓਪਰਿਆਂ ਦੀ ਸਕੀਰੀ ਬਣਦੀ ਐ। ਇਹ ਸਕੀਰੀ ਏਥੇ ਕਿਸੇ ਕਿਸੇ ਦੀ ਰਲਦੀ ਐ। ਇਸ ਦੌਲਤ ਦਾ ਸਿਖਰ ਲੁਟਾਉਣ ’ਚ ਐ।
ਲੌਂਗੋਵਾਲ ਨਵੋਦਿਆਂ ਵਿੱਚ ਪੜ੍ਹਦਿਆਂ ਪੜ੍ਹਦਿਆਂ ਉਹ ਨਿਆਣਮੱਤੀਆਂ ਤੋਂ ਸਿਆਣਮੱਤੀਆਂ ਚ ਗਿਐ। ਇਹ ਸਿਆਣਮੱਤੀਆਂ ਦੀ ਆਪਣੀ ਸਿਮਰਤੀ ਹੁੰਦੀ ਐ। ਇਹੀ ਸਿਮਰਤੀ ਬੰਦੇ ਨੂੰ ਜਿਉਂਦਾ ਰੱਖਦੀ ਐ। ਨੌਵੀਂ ਚ ਪੜ੍ਹਦੇ ਪੇਂਡੂ ਜੁਆਕ ਨਿਆਣਮੱਤੀਆਂ ਨੂੰ ਜਿਊਂਦੇ ਨੇ। ਇਨ੍ਹਾਂ ਸਮਿਆਂ ਵਿਚ ਮੱਸ ਉਨ੍ਹਾਂ ਤੇ ਸਿਆਣਮੱਤੀਆਂ ਦੀ ਚੜ੍ਹ ਰਹੀ ਹੁੰਦੀ ਐ। ਨੌਵੀਂ ਚ ਪੜ੍ਹਦਿਆਂ ਨਵੋਦਿਆਂ ਦੇ ਸਹਾਇਕ ਡਾਇਰੈਕਟਰ ਨੇ ਜੁਆਕਾਂ ਤੋਂ ਸੁਆਲ ਪੁੱਛਿਆ। ਸੱਚੀ ਗੱਲ ਐ ਉਦੋਂ ਡਰ ਲੱਗਦਾ ਹੁੰਦੈ, ਐਂ ਵੀ ਲੱਗਦਾ ਹੁੰਦੈ ਜੇ ਨਾ ਦੱਸਿਆ ਗਿਆ ਰਹਿਣੀ ਨ੍ਹੀਂ। ਸੁਆਲ ਤਾਂ ਔਖਾ ਹੋਣੈ-
“ਸੁਆਲ ਦਾ ਉੱਤਰ ਮੇਰੇ ਤੋਂ ਦੱਸਿਆ ਗਿਆ।”- ਕੁਲਵੰਤ ਸਿੰਘ ਕਹਿੰਦੇ।
“ਸਾਡਾ ਇਹ ਬੇਟਾ ਆਈ. ਏ. ਐੱਸ. ਬਣੂੰ।”- ਉਦੂੰ ਬਾਅਦ ਨਵੋਦਿਆਂ ਦੇ ਪ੍ਰਿੰਸੀਪਲ ਕੇ. ਸੀ. ਸ਼ਰਮਾਂ ਨੇ ਇਹ ਗੱਲ ਕਹੀ।
ਨੌਵੀਂ ਵਿੱਚ ਪੜ੍ਹਦਿਆਂ ਟਾਵੇਂ ਜੁਆਕ ਨੂੰ ਪਤਾ ਹੁੰਦੈ, ਆਈ. ਏ. ਐੱਸ. ਕੀ ਹੁੰਦੈ? ਗੱਲ ਆਈ ਗਈ ਹੋਣੀ ਸੀ, ਹੋ ਗਈ ਪਰ ਕੁਲਵੰਤ ਸਿੰਘ ਦੇ ਅੰਦਰ ਜਿਉਂ ਰਹੇ ਸੁਪਨੇ ਦੇ ਇਸ ਗੱਲ ਨੇ ਜਿਵੇਂ ਸੁਰਮ ਸਲਾਈ ਪਾ ਦਿੱਤੀ ਹੋਵੇ। ਗੱਲ ਐਂ ਬਣੀ ਕਿ ਇਕ ਦਿਨ ਕੇ. ਸੀ. ਸ਼ਰਮਾਂ ਦਾ ਮੂਡ ਠੀਕ ਸੀ। ਕੁਲਵੰਤ ਸਿੰਘ ਆਪਣੇ ਅੰਦਰ ਦੀ ਗੁੰਝਲ ਹੱਲ ਕਰਨੀ ਚਾਹੁੰਦਾ ਸੀ।
“ਸਰ ਜਿਹੜਾ ਤੁਸੀਂ ਆਈ.ਏ.ਐੱਸ. ਕਹਿ ਰਹੇ ਸੀ ਇਹ ਕੀ ਹੁੰਦੈ?” ਕੁਲਵੰਤ ਸਿੰਘ ਨੇ ਪੁੱਛਿਆ।
“ਜਿਹੜੇ ਆਪਣੇ ਸਕੂਲ ਵਿੱਚ ਡੀ. ਸੀ. ਆਉਂਦੇ ਹੁੰਦੇ ਨੇ, ਇਹ ਆਈ. ਏ. ਐੱਸ. ਨੇ।”- ਕੇ. ਸੀ. ਸ਼ਰਮਾਂ ਕਹਿਣ ਲੱਗੇ।
ਏਦੂੰ ਬਾਅਦ ਕੁਲਵੰਤ ਸਿੰਘ ਨੇ ਆਈ. ਏ. ਐੱਸ. ਬਣਨ ਦਾ ਸੁਪਨਾ ਲਿਆ। ਚੜ੍ਹਦੀ ਉਮਰ ਦੇ ਖਿਆਲ ਵਿਚ ਸੁਪਨਾ ਜਿਆਦਾ ਉੱਗਦੈ, ਬੱਸ ਸੁਪਨਾ ਲੈਣ ਵਾਲੇ ਦਾ ਪੈਰ ਧਰਤੀ ਤੇ ਰਹੇ। ਪੈਰ ਧਰਨ ਲਈ ਧਰਤੀ ਸਭ ਨੂੰ ਵਿਹਲ ਨ੍ਹੀਂ ਦਿੰਦੀ। ਗੱਲ ਏਹੋ ਜਿਹੀ ਐ। ਦਸਵੀਂ ਦੇ ਪੇਪਰ ਹੋਏ, ਅਗਲੀ ਕਲਾਸਾਂ ਵਿਚ ਪੜ੍ਹਨ ਲਈ ਪੈਸਿਆਂ ਦੀ ਲੋੜ ਐ। ਇਹ ਗੱਲ ਸੁਣਦਿਆਂ/ਪੜ੍ਹਦਿਆਂ ਅੰਦਰ ਕਿੰਨਾ ਕੁਝ ਟੱੁਟਦੈ/ਫੁੱਟਦੈ। ਕੁਲਵੰਤ ਸਿੰਘ ਕਹਿੰਦੇ- …ਓਦੋਂ ਮੈਂ ਦਸਵੀਂ ਦੇ ਇਮਤਿਹਾਨ ਦੇ ਕੇ ਫਰੀ ਸਾਂ… ਪੜ੍ਹਨ ਦਾ ਆਮ ਨਾਲੋਂ ਥੋੜਾ ਜ਼ਿਆਦਾ ਸ਼ੌਕ ਹੋਣ ਕਰਕੇ ਨਤੀਜਾ ਆਉਣ ਤੋਂ ਪਹਿਲਾਂ ਹੀ ਲੁਧਿਆਣੇ ਤੋਂ ਗਿਆਰਵੀਂ ਦੀਆਂ ਕਿਤਾਬਾਂ ਲੈ ਆਇਆ ਪਰ ਘਰ ਦੇ ਹਾਲਾਤ ਨੂੰ ਧਿਆਨ ’ਚ ਰੱਖਕੇ ਘੱਟੋ-ਘੱਟ ਕਿਤਾਬਾਂ ਦੇ ਖਰਚੇ ਪੂਰੇ ਕਰਨ ਲਈ ਵੀ ਆਹੀ ਦੋ-ਤਿµਨ ਮਹੀਨੇ ਵਰਤੇ ਜਾ ਸਕਦੇ ਸਨ। ਡਰ ਲੱਗਦਾ ਸੀ ਕਿ ਜ਼ਿਆਦਾ ਮਹਿµਗੀਆਂ ਕਿਤਾਬਾਂ ਕਰਕੇ ਹੀ ਮੈਨੂੰ ਪੜਨੋਂ ਨਾ ਹਟਾ ਲਿਆ ਜਾਵੇ ਕਿਉਂਕਿ ਆਂਢੀ ਗੁਆਂਡੀ ਮੇਰੇ ਘਰਦਿਆਂ ਨੂੰ ਆਮ ਹੀ ਮੱਤਾਂ ਦਿੰਦੇ ਰਹਿੰਦੇ ਸਨ ਕਿ ਇਹਦਾ ਕੱਦਕਾਠ ਚੰਗਾ ਹੈ, ਇਹਨੂੰ ਦਸਵੀਂ ਕਰਾ ਕੇ ਫੌਜ ’ਚ ਭਰਤੀ ਕਰਾ ਦਿਓ। ਮੈਂ ਤਾਂ ਇµਜਨੀਅਰ ਬਣਨਾ ਸੀ ਪਰ ਇਸਦੀ ਕਿਸੇ ਨੂੰ ਸਮਝ ਹੀ ਨਹੀਂ ਸੀ ਮੇਰਾ ਪੱਖ ਪੂਰਨਾ ਤਾਂ ਬੜੀ ਦੂਰ ਦੀ ਗੱਲ ਸੀ। ਮੈਂ ਮਾਂ ਨਾਲ ਸਲਾਹ ਕੀਤੀ ਕਿ ਮੈਂ ਦਿਹਾੜੀ ਨਾ ਚਲਿਆ ਜਾਇਆ ਕਰਾਂ ਦਰਸ਼ਨ ਨਾਲ।(ਦਰਸ਼ਨ ਨੂੰ ਅਸੀਂ ਮਾਮਾ ਕਿਹਾ ਕਰਦੇ ਸਾਂ, ਉਹ ਰਫਿਊਜੀ ਸਨ। ਇਹਨਾਂ ਦੇ ਬਜ਼ੁਰਗ ਪਿੱਛੋਂ ਗੁਜਰਾਂਵਾਲੇ ਤੋਂ ਜ਼ਮੀਨਾਂ ਛੱਡਕੇ ਆਏ ਸਨ ਤੇ ਏਧਰ ਮਜ਼ਦੂਰੀ ਕਰਨੀ ਪਈ) ਖੈਰ ਮਾਂ ਤੋਂ ਹਰੀ ਝੰਡੀ ਮਿਲਣ ’ਤੇ ਮੈਂ ਮੇਰੇ ਨਾਨਕਿਆਂ ਤੋਂ ਸਾਈਕਲ ਲਿਆਂਦਾ ਤੇ ਮੈਂ ਓਸ ਦੇ ਡੰਡੇ ਉਪਰ ਰੋਟੀ ਵਾਲਾ ਡੱਬਾ ਬੰਨਕੇ ਪਿੱਛੇ ਕੈਰੀਅਰ ਦੀ ਕੁੜਿਕੀ ਜਿਹੀ ’ਚ ਫਿਿਜਕਸ ਦੀ ਕਿਤਾਬ ਫਸਾ ਕੇ ਦਰਸ਼ਨ ਮਾਮੇ ਨਾਲ ਦਿਹਾੜੀ ਜਾਣਾ ਸ਼ੁਰੂ ਕਰ ਦਿੱਤਾ। ਦੁਪਹਿਰ ਤੱਕ ਮਿਸਤਰੀ ਨਾਲ ਕੰਮ ਕਰਾਉਂਦਾ ਤੇ ਦੁਪਹਿਰੇ ਜਦੋਂ ਰੋਟੀ ਖਾ ਕੇ ਬਾਕੀ ਮਿਸਤਰੀ-ਮਜ਼ਦੂਰ ਕੁਛ ਦੇਰ ਲਈ ਸੌਂ ਜਾਂਦੇ (ਗਰਮੀਆਂ ਵਿਚ ਇਹ ਸਮਾਂ ਥੋੜਾ ਜ਼ਿਆਦਾ ਲੰਮਾ ਹੁੰਦਾ ਹੈ) ਤਾਂ ਮੈਂ ਕਿਸੇ ਦਰਖਤ ਦੀ ਛਾਂ ਲੱਭਕੇ ਪੜ੍ਹਨਾ ਸ਼ੁਰੂ ਕਰ ਦਿੰਦਾ । ਕਈ ਦਿਨ ਮੇਰਾ ਇਹ ਰੁਟੀਨ ਸਹੀ ਚੱਲਦਾ ਰਿਹਾ।
ਮਿਸਤਰੀ ਨੇ ਮੈਥੋਂ ਪੁੱਛਿਆ- “ਕਾਕਾ ਆਹ ਐਨੀ ਮੋਟੀ ਕਿਤਾਬ ਕਿਹੜੀ ਕਲਾਸ ਦੀ ਪੜਦਾ ਹੁੰਨੈ ?”
“ਗਿਆਰਵੀਂ ਦੀ।”- ਮੈਂ ਕਿਹਾ।
“ਅਜੇ ਕਿਹੜਾ ਦਸਵੀਂ ਦਾ ਰਿਜਲਟ ਆਇਐ? ਕੀ ਪਤਾ ਫੇਲ਼ ਹੋਜੇਂ। ਪਤµਦਰਾ ਗਿਆਰਵੀਂ ਦੀਆਂ ਕਿਤਾਬਾਂ ਤੇ ਤੂੰ ਘਰਦਿਆਂ ਦੇ ਐਂਵੇਂ ਐਨੇ ਪੈਸੇ ਫੂਕਤੇ।”- ਮਿਸਤਰੀ ਨੇ ਕਿਹਾ।
ਮੈਨੂੰ ਫੇਲ´ ਹੋਣ ਦੀ ਗੱਲ ਸੁਣਨਾ ਬਹੁਤ ਚੁਭਿਆ ਪਰ ਉਹਨੂੰ ਸਿਰਫ ਇੰਨਾਂ ਕਹਿ ਸਕਿਆ- “ਮੈਂ ਟੌਪਰਜ ’ਚ ਹੋਉਂਗਾ, ਇਹ ਵੀ ਪਤਾ ਨੀ ਫਸਟ ਈ ਆਜਾਂ।”
ਉਹਨੂੰ ਮੇਰਾ ਨਿਆਣੇ ਪੜਾਕੂ ਜਿਹੇ ਦਾ ਏਦਾਂ ਜਵਾਬ ਦੇਣਾ ਚੰਗਾ ਨਾ ਲੱਗਿਆ। ਸੋ ਆਥਣੇ ਮੈਨੂੰ ਕੱਲ ਨੂੰ ਕੰਮ ਤੋਂ ਹਟਣ ਦਾ ਹੁਕਮ ਸੁਣਾ ਦਿੱਤਾ। ਬਿਲਕੁਲ ਜਿਵੇਂ ਅੱਜਕੱਲ ਕੰਪਨੀਆਂ ਕਿਸੇ ਨੂੰ ਫਾਇਰ ਕਰਦੀਆਂ ਨੇ। ਮੈਂ ਅਗਲੇ ਦਿਨ ਤੋਂ ’ਕੱਲਾ ਲੇਬਰ ਚੌਂਕ ਜਾਣ ਲੱਗਿਆ। ਇਕ ਅੱਧਾ ਦਿਨ ਦੇ ਨਾਗੇ ਤੋਂ ਸਿਵਾਏ। ਮੈਨੂੰ ਸਾਰੇ ਦਿਨ ਕੰਮ ਮਿਲਦਾ ਰਿਹਾ। ਚੰਗਾ ਮਾੜਾ ਸਮਾਂ ਬੀਤ ਹੀ ਜਾਂਦਾ।
ਸਮਝ ਪੈਂਦੈ ਕਿ ਬੰਦਾ ਆਪਣੇ ਅੰਦਰ ਦੀ ਧਰਤੀ ਨੂੰ ਜਿਊਣ ਲਈ ਕਿਵੇਂ ਬੁਣਤੀਆਂ ਬੁਣਦੈ। ਇਸ ਤੋਂ ਬਾਅਦ ਕੁਲਵੰਤ ਸਿੰਘ ਨੇ ਗਿਆਰਵੀਂ ਕਰੀ ਨਵੋਦਿਆ ਸੰਗਰੂਰ ਤੋਂ ਤੇ ਬਾਰਵ੍ਹੀਂ ਕਰੀ ਮੁਕਸਰੋਂ। ਪਿੰਡ ਦਾ ਜੁਆਕ ਜਦੋਂ ਬਾਰਵ੍ਹੀਂ ਪਾਸ ਕਰਦੈ ਉਦੂੰ ਬਾਅਦ ਉਹ ਖੌਜਲਦੈ, ਆਪਣੇ ਆਪ ਨਾਲ। ਸੈਂਕੜੇ ਦਿਸ਼ਾਵਾਂ ’ਚੋਂ ਆਪਣੇ ਆਪ ਲਈ ਇਕ ਚੁਣ ਲੈਂਦੈ। ਫੇਰ ਪਿੱਛੇ ਮੁੜਕੇ ਨਹੀਂ ਵੇਖਦਾ। ਸ਼ਹਿਰ ਦੇ ਜੁਆਕਾਂ ਦੀ ਥਾਂ ਉਨ੍ਹਾਂ ਦੇ ਮਾਂ ਬਾਪ ਖੌਜਲਦੇ ਨੇ। ਉਨ੍ਹਾਂ ਲਈ ਰਾਹ ਬਣਾਏ ਪਏ ਹੁੰਦੇ ਨੇ, ਉਨ੍ਹਾਂ ਨੇ ਸਿਰਫ ਪੈਰ ਧਰਨਾ ਹੁੰਦੈ। ਪੇਂਡੂ ਜੁਆਕਾਂ ਨੇ ਆਪਣੀ ਪੁਲਾਂਘ ਨਾਲ ਰਾਹ ਵੀ ਲੱਭਣਾ ਹੁੰਦੈ। ਫਾਇਦਾ ਇਹ ਹੋ ਜਾਂਦੈ ਕਿ ਇਹ ਪੁਲਾਂਘ ਰਾਹ ਵੇਖ ਕੇ ਭਰਦੇ ਨੇ। ਏਦੂੰ ਬਾਅਦ ਇੰਜਨੀਅਰ ਕਰੀ, ਫੇਰ ਸੌਫਟਵੇਅਰ ਪ੍ਰੋਫੈਸਨਲ ਦੀ ਪ੍ਰਾਈਵੇਟ ਨੌਕਰੀ। ਪੇਂਡੂ ਜੁਆਕਾਂ ਦੇ ਨੌਕਰੀ ਨਾਗਵਲ ਨ੍ਹੀਂ ਪਾ ਸਕਦੀ, ਉਨ੍ਹਾਂ ਦੇ ਸਾਹਾਂ ਚ ਪੂੰਜੀ ਨ੍ਹੀਂ ਘੁਲੀ ਹੁੰਦੀ। ਕੁਲਵੰਤ ਨੂੰ ਲੱਗਿਆ ਗੱਲ ਬਣ ਨ੍ਹੀਂ ਰਹੀ, ਗੱਲ ਤਾਂ ਸਿਵਲ ਦੀ ਤਿਆਰੀ ਦੀ ਸੀ। ਫੇਰ ਛੱਡ ਛਡਾ ਕੇ ਤਿਆਰੀ ਕੀਤੀ। 2006 ਵਿੱਚ ਭਰਤੀ ਹੋਇਆ ਐਫ. ਸੀ. ਆਈ. ਵਿੱਚ। ਨਿਆਣਮੱਤੀਆਂ ਚ ਲਏ ਸੁਪਨੇ ਬੰਦੇ ਨੂੰ ਨਿਰਉਮਰਾ ਰੱਖਦੇ ਨੇ। ਨਿਰਉਮਰਾ ਬੰਦੇ ਚ ਸਿੱਖਣ ਦੀ ਲਲਕ ਹੁੰਦੀ ਐ। ਉਹ ਅੰਦਰਲੇ ਦੁਆਰ ਖੁਲ੍ਹੇ ਰੱਖਦੈ। ਸੁਪਨਿਆਂ ਦੀ ਹਾਕ ਦੇਹੀ ਦੀ ਸੁਆਹ ਚੋਂ ਵੀ ਸੁਣ ਜਾਂਦੀ ਐ, ਸ਼ਰਤ ਇਹੀ ਕਿ ਸੁਆਹ ਫਰੋਲਦਾ ਬੰਦਾ ਨਿਰਉਮਰਾ ਹੋਵੇ। ਇਸ ਨਿਰਉਮਰ ਚ ਨਿਆਣਮੱਤੀਆਂ ਹੁੰਦੀਆਂ ਨੇ। ਕੁਲਵੰਤ ਸਿੰਘ ਦੱਸਦੈ- “10 ਅਕਤੂਬਰ 2006 ਨੂੰ ਪਹਿਲੀ ਜੁਆਇਨਿੰਗ ਸੀ, ਜੁਆਇੰਨ ਕੀਤਾ ਚੰਡੀਗੜ੍ਹ। ਉੱਥੋਂ ਜ਼ਿਲਾ ਮਿਲਿਆ ਸੰਗਰੂਰ 11 ਅਕਤੂਬਰ ਨੂੰ ਸੰਗਰੂਰ ਜੁਆਇੰਨ ਕੀਤਾ। ਉੱਥੋਂ ਕਿਹਾ ਗਿਆ ਤੁਸੀਂ 12 ਨੂੰ ਸੁਨਾਮ ਜੁਆਇੰਨ ਕਰੋ। ਹੁਣ ਗੱਲ ਇਹ ਕਿ 13 ਅਕਤੂਬਰ ਨੂੰ ਸਿਵਲ ਸਰਵਿਸਸ ਦਾ ਮੇਨ ਦੇਣਾ ਸੀ। ਮੈਂ ਦੋ ਅਰਜ਼ੀਆਂ ਲੈ ਕੇ ਗਿਆ। ਪਹਿਲੀ ਜੁਆਇਨਿੰਗ ਦੀ, ਦੂਜੀ ਛੁੱਟੀ ਦੀ। ਮੈਥੋਂ ਛੁੱਟੀ ਵਾਲੀ ਅਰਜ਼ੀ ਪਹਿਲਾ ਦਿੱਤੀ ਗਈ। ਮਨੇਜਰ ਮੈਨੂੰ ਕਹਿੰਦੇ ਪਹਿਲਾਂ ਜੁਆਇਨ ਕਰੋ, ਛੁੱਟੀ ਫੇਰ ਮਿਲੂਗੀ।” ਇਸ ਗੱਲ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਇਹ ਬੰਦਾ ਸਿਵਲ ਸਰਵਿਸਸ ਦੀ ਤਿਆਰੀ ਕਰਨ ਵਾਲੈ। ਏਥੇ ਦੋ ਗੱਲਾਂ ਦੱਸਦੇ ਆਂ। ਕੁਲਵੰਤ ਸਿੰਘ ਦੇ ਨੇੜਲਿਆਂ ਨੂੰ ਕਨਸੋ ਮਿਲ ਗਈ ਸੀ ਕਿ ਏਹ ਡੀ. ਸੀ. ਬਣੂੰਗਾ ਪੱਕਾ। ਇਹ ਕਿਸੇ ਦੇ ਜਨੂੰਨ ਦੀ ਥਾਹ ਪਾਉਣ ਵਰਗੀ ਗੱਲ ਐ।
ਪਹਿਲੀ ਗਵਾਹੀ…
ਗੱਲ ਕੁਝ ਏਸ ਤਰ੍ਹੈ- ਕੋਟਕਪੂਰੇ ਦੇ ਫਾਟਕ ਵਾਂਗੂੰ ਧੂਰੀ ਦਾ ਫਾਟਕ ਬੰਦ ਰਹਿੰਦਾ ਸੀ। ਕੇਰਾਂ ਓਸ ਸਾਇਕਲ ਲੰਘਾਉਣ ਵਾਲੀ ਜ´ਗਾ ਵਿੱਚ ਉਸਦੇ ਪਿਤਾ ਜੀ ਸਾਈਕਲ ਲੰਘਾ ਰਹੇ ਸਨ ਕਿ ਅਜੇ ਸਾਇਕਲ ਦਾ ਮੂਹਰਲਾ ਟਾਇਰ ਹੀ ਆਇਆ ਸੀ ਕਿ ਸਾਹਮਣੇ ਤੋਂ ਕਿਸੇ ਮੁੰਡੇ ਨੇ ਆਪਣੇ ਮੋਟਰ ਸਾਇਕਲ ਦਾ ਅਗਲਾ ਚੱਕਾ ਫਸਾ ਦਿੱਤਾ। ਓਸ ਵੇਲੇ ਗੱਡੀ ਦੇ ਆਉਣ ਤੋਂ ਪਹਿਲਾਂ ਲੰਘਣ ਦੀ ਹਰ ਕਿਸੇ ਨੂੰ ਕਾਹਲ਼ ਹੋਣ ਕਾਰਨ ਇਹ ਵਰਤਾਰਾ ਆਮ ਹੀ ਹੁੰਦਾ ਹੈ…ਓਥੇ ਤੂੰ ਤੂੰ-ਮੈਂ ਮੈਂ ਵੀ… ਉਹ ਮੁੰਡਾ ਕਹੇ ਕਿ ਅੰਕਲ ਸਾਇਕਲ ਪਿੱਛੇ ਕਰ ਮੈਨੂੰ ਲੰਘਣ ਦੇਹ ਪਹਿਲਾਂ। ਭਾਰ ਹੋਣ ਕਾਰਨ ਸਾਇਕਲ ਪਿਛਾਂਹ ਨਾ ਹੋ ਸਕਿਆ….ਓਸ ਮੁੰਡੇ ਨੇ ਆਪਣੀ ਅੜੀ ਨਾ ਛੱਡੀ। ਇਤਫਾਕਨ….ਡੈਡੀ ਦੇ ਪਿੱਛੇ ਉਜਾਗਰ ਸਿੰਘ ਅੰਕਲ ਵੀ ਫਾਟਕ ਦੇ ਅੰਦਰਲੇ ਪਾਸੇ ਖੜ੍ਹੇ ਸਨ। ਉਹਨਾਂ ਨੇ ਰੋਅਬਦਾਰ ਅਵਾਜ਼ ‘ਚ ਓਸ ਮੁੰਡੇ ਨੂੰ ਫਟਕਾਰਿਆ-
“ਓ ਕਾਕਾ…. ਆਪਣਾ ਮੋਟਰ ਸਾਇਕਲ ਪਿੱਛੇ ਕਰ ..ਤੈਨੂੰ ਪਤਾ ਵੀ ਆ…ਇਹ ਬੰਦਾ ਹੋਣ ਵਾਲੇ ਡੀ. ਸੀ. ਦਾ ਬਾਪ ਆ…ਚੱਲ ਪਿਛਾਂਹ ਕਰ… ਲੰਘਣ ਦੇ…”- ਮੁੰਡਾ ਪਿੱਛੇ ਹਟ ਗਿਆ।
ਦੂਜੀ ਗਵਾਹੀ…
ਕੁਲਵੰਤ ਸਿੰਘ ਦੇ ਘਰ ਅਖਬਾਰ ਨਹੀਂ ਸੀ ਆਉਂਦਾ। ਉਹ ਘਰ ਤੋਂ ਤਿੰਨ ਕਿਲੋਮੀਟਰ ਦੂਰ ਸਾਈਕਲ ਚਲਾ ਜੇ ਧੂਰੀ ਦੇ ਬੱਸ ਅੱਡੇ ਤੋਂ ਲਿਆਉਂਦੇ। ਉਸ ਸਮੇਂ ਉਸਦਾ ਰਿਸ਼ਤੇ ’ਚ ਲੱਗਦਾ ਮਾਮਾ ਗੰਨਮੈਨ ਹੋਇਆ ਕਰਦੇ ਸਨ। ਇਕ ਦਿਨ ਧੂਰੀਓਂ ਅਖਬਾਰ ਲੈਕੇ ਆਉਂਦੇ ਟਾਇਮ ਉਹਨਾਂ ਕੋਲ ਖੜ੍ਹ ਗਏ। ਅਕਸਰ ਜਿਵੇਂ ਕੋਈ ਸਾਇਕਲ ਸਵਾਰ ਕਾਹਲ਼ ‘ਚ ਹੁੰਦੇ ਸਮੇਂ ਇਕ ਲੱਤ ਸਾਇਕਲ ਤੋਂ ਲਾਹੇ ਬਗੈਰ ਹੀ ਗੱਲਾਂ ਕਰਨ ਲੱਗ ਜਾਂਦੈ। ਕੁਲਵੰਤ ਸਿੰਘ ਵੀ ਬਿਲਕੁਲ ਓਵੇਂ ਮਾਮਾ ਜੀ ਨਾਲ਼ ਗੱਲੀਂ ਲੱਗ ਗਿਆ। ਇਹ ਧਿਆਨ ਹੀ ਨਾ ਰਿਹਾ ਐੱਸ. ਡੀ. ਐੱਮ. ਰੈਜੀਡੈਂਸ ਦੇ ਗੇਟ ਦੇ ਬਿਲਕੁਲ ਵਿਚਕਾਰ ਖੜੇ ਆਂ। ਜਦੋਂ ਮਾਮੇ ਭਾਣਜੇ ਦੀ ਗੱਲ ਤੁਰ ਪਵੇ, ਲੰਮੀ ਹੋ ਜਾਂਦੀ ਐ। ਗੱਲੀਂ ਗੱਲੀਂ ਗੱਲਾਂ ਪੜ੍ਹਾਈ ਦੀਆਂ ਚੱਲ ਪਈਆਂ।
“ਤੇਰੀ ਪੜ੍ਹਾਈ ਤਾਂ ਪੂਰੀ ਹੋ ਗਈ ਅੱਗੇ ਕੀ ਕਰੇਂਗਾ?
ਮੇਰਾ ਦੋ ਟੂਕ ਜਿਹਾ ਜਵਾਬ ਸੀ ਕਿ “ਬਾਹਰ ਜਾਉਂਗਾ।”
ਕੁਲਵੰਤ ਸਿੰਘ ਕਹਿੰਦੇ- ਉਹ ਮੈਨੂੰ ਸਮਝਾਉਣ ਲੱਗ ਗਏ ਕਿ ਛੱਡ ਪਰੇ ਬਾਹਰ ਜਾਣ ਨੂੰ …ਐਥੇ ਈ ਆਈਏਐੱਸ/ਪੀਸੀਐੱਸ ਬਣ…ਇਹਦੀ ਰੀਸ ਨੀ। ਇਸਤੋਂ ਪਹਿਲਾਂ ਕਿ ਮੈਂ ਉਹਨਾਂ ਨਾਲ ਹੋਰ ਜ਼ਿਰਾਹ ਕਰ ਪਾਉਂਦਾ ਉਹਨਾਂ ਨਾਲਦੇ ਦੂਸਰੇ ਗੰਨਮੈਨ ਦੀ ਨਿਗਾਹ ਮੇਰੇ ‘ਤੇ ਪੈ ਗਈ। ਉਹ ਭੱਜਾ ਆਇਆ।
“ਕਾਕਾ ਸਾਇਕਲ ਸਾਈਡ ਕਰਲੈ…ਜਮਾਂ ਗੇਟ ਦੇ ਵਿਚਾਲ਼ੇ ਖੜਾਈਂ ਖੜਾਂ…ਸਾਹਬ ਆਜੂ…ਗਾਹਲਾਂ ਦੇਊ”
“ਓਏ ਕੁਛਨੀ ਹੁੰਦਾ ….ਕਿਧਰੇ ਨੀ ਆਉਦਾ ਸਾਬ´…ਇਹ ਮੇਰਾ ਭਾਣਜਾ ਵੀ ਕਿਸੇ ਦਿਨ ਸਾਹਬ ਬਣਕੇ ਆਊਗਾ”- ਮੇਰੇ ਕੁਛ ਵੀ ਬੋਲਣ ਤੋਂ ਪਹਿਲਾਂ। ਮਾਮਾ ਜੀ ਨੇ ਉਹਦੇ ਨਾਲ਼ ਲੜਨ ਵਾਲ਼ੇ ਅµਦਾਜ਼ ’ਚ ਜਵਾਬ ਦਿੱਤਾ।
ਤੁਰਨ ਵਾਲੇ ਬੰਦੇ ਨੂੰ ਰਾਹ ਬਣ ਜਾਂਦੇ ਨੇ। ਇਹ ਰਾਹ ਸੀ ਕਿ ਉੱਥੇ ਸਮਾਂ ਮਿਲਿਆ, ਪੜ੍ਹਨ ਦਾ। ਪਹਿਲੇ ਢਾਈ ਵਰ੍ਹਿਆਂ ਬਾਅਦ ਅਗਲੇ ਤਿੰਨ ਵਰ੍ਹੇ ਇਨਕਮ ਟੈਕਸ ਵਿਭਾਗ ਵਿੱਚ ਰਿਹਾ। ਅੱਗੇ ਤੋਂ ਅੱਗੇ ਤੇ ਫਿਰ ਦੋ ਇੰਟਰਵਿਊ ਤੋਂ ਬਾਅਦ ਡੀ. ਸੀ. ਬਣਿਆ। ਵਿਚ ਵਿਚਾਲੇ ਇਕ ਕਿੱਸੈ- ਹਫਤਾ ਕੁ ਜੇਲ ਜਾਣ ਦਾ। ਇਸ ਕਿੱਸੇ ਦਾ ਆਪਣਾ ਭਾਂਤ ਦਾ ਦਰਦ ਐ, ਆਪਣੀ ਭਾਂਤ ਦਾ ਹਾਸਲ ਐ। ਸੰਵੇਦਨ ਬੰਦੇ ਨੂੰ ਰੰਜਿਸ਼ ’ਚ ਹੋਈ ਜੇਲ ਸਿਆਣੇ ਬੰਦੇ ਅੰਦਰ ਜ਼ੁਰਮ ਦੀ ਥਾਂ ਸੁੱਚਤਾ ਭਰ ਦਿੰਦੀ ਐ। ਏਥੇ ਉਹ ਕਿਤਾਬਾਂ ਮੰਗਵਾ ਕੇ ਪੜ੍ਹਦੈ। ਇਹ ਪੜ੍ਹਨ ਵਿੱਚ ਗਹਿਰੀ ਰਮਜ਼ ਐ। ਇਹੀ ਰਮਜ਼ ਉਸਨੂੰ ਪਿੰਡ ਨਾਲ ਜੋੜੀ ਬੈਠੀ ਐ। ਉਸਨੂੰ ਇਸੇ ਵਿਚੋਂ ਸਮਝ ਆਇਆ ਕਿ ਜੇਲ ਚ ਜਾਣ ਵਾਲੇ ਸਾਰੇ ਜ਼ੁਰਮ ਨ੍ਹੀਂ ਕਰਦੇ। ਉਸ ਅੰਦਰ ਇਹ ਗੱਲ ਘੁਲੀ ਐ ਤਾਹੀਂ ਉਹ ਸਾਹਮਣੇ ਦੀ ਗੱਲ ਸੁਣ ਕੇ ਆਪਣੀ ਗਵਾਹੀ ਤਿਆਰ ਕਰਦੈ।
ਉਸ ਅੰਦਰ ਇਹ ਕਹਿਣ ਦੀ ਜੁਰਅਤ ਐ ‘ਕੋਈ ਨੀ।’ ਤੇ ਬਦਲ ਵਜੋਂ ‘ਉਹ ਜਾਣੇ’। ਇਹ ਦੋਵੇਂ ਸ਼ਬਦ ਉਸਦੇ ਅੰਦਰ ਨੂੰ ਅਫਸਰੀ ਚ ਨਹੀਂ ਬਦਲਣ ਦਿੰਦੇ। ਇਹ ਗੱਲ ਉਸ ਅੰਦਰ ਬੈਠੇ ਸਾਹਿਤਕ ਮੱਸ ਵਾਲੇ ਪਾਠਕ ਦੀ ਦੇਣ ਐ ਤੇ ਪੰਜਾਬ ਭਾਸ਼ਾ ਵਿੱਚ ਕੀਤੀ ਸਿਵਲ ਸਰਵਿਸਸ ਦੀ। ਦਫਤਰ ਵਿੱਚ ਲੇਟ ਆਏ ਕਰਮਚਾਰੀ ਲਈ ਇਹ ਸ਼ਬਦ ਘਿਓ ਦਾ ਕੰਮ ਕਰਦੈ। ਪੰਜਾਬੀ ਵਿੱਚ ਆਈ.ਏ.ਐੱਸ. ਇਨ੍ਹਾਂ ਤੋਂ ਪਹਿਲਾਂ ਵਰਿੰਦਰ ਸ਼ਰਮਾਂ ਹਨ, ਜਿਹੜੇ ਮਾਨਸਾ ਰਹਿ ਕੇ ਗਏ। ਉਨ੍ਹਾਂ ਅੰਦਰ ਦੇ ਬੰਦੇ ਦੀਆਂ ਦੋ ਗਵਾਹੀਆਂ ਏਥੇ ਸਾਂਝੀਆਂ ਕਰਨੀਆਂ ਨੇ (ਇਸ ਤਰ੍ਹਾਂ ਦੀਆਂ ਦਰਜਨਾਂ ਹਨ)
ਪਹਿਲੀ ਗਵਾਹੀ
ਗੱਲ ਤਰਨਤਾਰਨ ਜ਼ਿਲ੍ਹੇ ਦੀ ਐ। ਉਨ੍ਹਾਂ ਨੂੰ ਵਿਦਿਆਰਥੀਆਂ ਦੀ ਮਦਦ ਕਰਨ ਵਾਲੇ ਅਧਿਆਪਕ ਮੁਕਤਾ ਰਤਨਮ ਦਾ ਫੋਨ ਆਉਂਦੈ। ਜਿਹੜੀ ਸਕੀਰੀ ਦੀ ਪਹਿਲਾ ਗੱਲ ਕੀਤੀ ਐ, ਇਨ੍ਹਾਂ ਦੀ ਉਹੀ ਐ। ਮੁਕਤਾ ਰਤਨਮ ਕੁਲਵੰਤ ਸਿੰਘ ਨੂੰ ਬੇਟਾ ਕਹਿੰਦੇ ਨੇ। ਸਕਰੀਨ ਤੇ ਮੁਕਤਾ ਰਤਨਮ ਦਾ ਨਾਮ ਪੜ੍ਹਦਿਆਂ ਇਹ ਬੈਠ ਗਏ, ਕਿਸੇ ਜਰੂਰੀ ਮੀਟਿੰਗ ਵਿੱਚ ਜਾਣਾ ਸੀ। ਗੱਲ ਸ਼ੁਰੂ ਹੋਈ-
“ਕੁਲਵੰਤ ਬੇਟੇ ਫਰੀ ਹੋ… ਤੁਮਸੇ ਕੁਛ ਬਾਤ ਕਰਨੀ ਹੈ।”
“ਹਾਂਜੀ ਮੈਮ…ਸਭ ਠੀਕ ਹੈ?”
“ਹਾਂ ਵੈਸੇ ਤੋ ਸਭ ਠੀਕ ਹੈ….ਏਕ ਬੇਟੀ ਹੈ ਅਪਨੇ ਵਿਦਿਆਲਿਆ ਕੀ…ਵੋਹ ਪੜ੍ਹਾਈ ਛੋੜ ਰਹੀ ਹੈ।”
“ਕਿਉਂ? ਅਭੀ ਸਕੂਲ ਮੇਂ ਹੈ? ਕੌਨਸੀ ਕਲਾਸ ਮੇਂ ਪੜ੍ਹ ਰਹੀ ਹੈ ਵੋਹ?”
“ਨਹੀਂ ਵੋਹ ਪਲੱਸ ਟੂ ਕਰਕੇ ਐਮ.ਬੀ.ਬੀ.ਐੱਸ. ਕਰ ਰਹੀ ਹੈ।”
“ਇਤਨਾ ਅੱਛਾ ਕੋਰਸ ਕਰ ਰਹੀ ਹੈ। ਐਮ.ਬੀ.ਬੀ.ਐੱਸ. ਮੇਂ ਐਡਮਿਸ਼ਨ ਕੇ ਲੀਏ ਤੋ ਇਤਨਾ ਕµਪੀਟੀਸ਼ਨ ਹੋਤਾ ਹੈ ਫਿਰ ਕਿਓਂ ਛੋੜ ਰਹੀ ਹੈ?”
“ਬਸ ਉਸਕੀ ਫੀਸ ਕਾ ਇੰਤਜ਼ਾਮ ਨਹੀਂ ਹੋ ਪਾ ਰਹਾ। ਪਿਛਲੇ ਸਾਲ ਕੀ ਭੀ ਨਹੀਂ ਦੀ ਜਾ ਸਕੀ। ਘਰ ਵਾਲੇ ਕੋਈ ਛੋਟਾ ਮੋਟਾ ਕਾਮ ਕਰਤੇ ਹੈਂ।”
“ਕਿਤਨੀ ਫੀਸ ਹੈ?”
“ਵੋਹ ਤੋ ਮੁਝੇ ਨਹੀਂ ਪਤਾ ਹੈ ਅਭੀ ਪੂਰਾ।”
“ਅਭੀ ਉਸ ਲੜਕੀ ਸੇ ਮੇਰੀ ਬਾਤ ਹੋ ਸਕਤੀ ਹੈ?”
“ਅਭੀ ਤੋ ਵੋਹ ਅਪਨੇ ਘਰ ਹੋਗੀ।”
“ਮੈਮ ਆਪ ਐਸਾ ਕਰੇਂ ਉਸਕੋ ਅਪਨੇ ਪਾਸ ਬੁਲਾ ਲੇਂ ਔਰ ਮੇਰੀ ਬਾਤ ਕਰਵਾ ਦੇਂ। ਕਰ ਲੇਂਗੇ ਉਸਕੀ ਫੀਸ ਕਾ ਕੁਛ ਨਾ ਕੁਛ। ਉਸਕੋ ਆਪ ਬੋਲਦੇਂ ਕਿ ਨਹੀਂ ਛੋੜਨੀ ਪੜ੍ਹੇਗੀ।”
ਵੇਖੀਏ ਤਾਂ ਇਹ ਫੀਸ ਜਿਆਦਾ ਹੁੰਦੀ ਐ। ਦੂਜੇ ਦਿਨ ਮੁਕਤਾ ਮੈਡਮ ਨੇ ਉਸਨੂੰ ਬੁਲਾਕੇ ਕੁਲਵੰਤ ਸਿੰਘ ਨਾਲ ਗੱਲ ਕਰਵਾਈ ਤਾਂ ਪਤਾ ਲੱਗਿਆ ਕਿ ਉਸਦੀ ਕਾਫੀ ਸਾਰੀ ਫੀਸ ਰਹਿੰਦੀ ਸੀ ਦੇਣ ਵਾਲੀ। ਉਸਦੇ ਪਿੰਡ ਦਾ ਪਤਾ ਕੀਤਾ ਤਾਂ ਕਿ ਥੋੜ੍ਹੀ ਪੁੱਛਗਿੱਛ ਕੀਤੀ ਜਾ ਸਕੇ। ਹਾਲਾਤ ਉਹੀ ਸਨ ਜੋ ਮੁਕਤਾ ਮੈਡਮ ਨੇ ਦੱਸੇ ਸਨ। ਉਸ ਬੱਚੀ ਨੂੰ ਭਰੋਸਾ ਦਿੱਤਾ ਕਿ ਹੁਣ ਇਹ ਉਸਦੀ ਨਹੀਂ ਬਲਕਿ ਮੇਰੀ ਚਿੰਤਾ ਸੀ ਕਿ ਉਸਦੀ ਫੀਸ ਦਾ ਪਰਬੰਧ ਕਿਵੇਂ ਕਰਨਾ ਹੈ। ਉਸਦਾ ਕੰਮ ਫੀਸ ਦੀ ਤਾਰੀਖ ਤੋਂ ਹਫਤਾ ਕੁ ਪਹਿਲਾਂ ਮੈਨੂੰ ਯਾਦ ਕਰਵਾਉਣਾ ਹੈ ਬਸ। ਨਵੋਦਿਆ ਵਿਦਿਆਲੇ ਬਰਾਵ੍ਹੀਂ ਤੱਕ ਇਹ ਰੋਲ ਬਾਖੂਬੀ ਨਿਭਾਉਂਦੇ ਹਨ ਪਰ ਬਾਅਦ ਵਿਚ ਕਿੰਨੇ ਹੀ ਪਿੰਡਾਂ ਨਾਲ ਸਬੰਧ ਰੱਖਣ ਵਾਲੇ ਬੱਚੇ ਅਗਲੀ ਪੜ੍ਹਾਈ ਬਾਰੇ ਫੈਸਲੇ ਲੈਣ ਵੇਲੇ ਥੋੜ੍ਹੇ ਕਨਫਿਊਜ਼ ਹੋ ਜਾਂਦੇ ਹਨ, ਖਾਸ ਕਰਕੇ ਜਿਹਨਾਂ ਘਰਾਂ ਵਿੱਚ ਉਚੇਰੀ ਸਿਖਿਆ ਦੀ ਕੋਈ ਉਦਾਹਰਨ ਨਾ ਹੋਵੇ। ਕੁਲਵੰਤ ਸਿੰਘ ਲਿਖਦੇ ਨੇ ਕਿ “ਮੇਰਾ ਸੁਫਨਾ ਹੈ ਕਿ ਕਦੇ ਸਮਰੱਥ ਹੋਕੇ ਮੈਂ ਅਜਿਹੀ ‘ਨਵੋਦਿਆ ਯੂਨੀਵਰਸਿਟੀ’ ਬਣਾਵਾਂ।” ਉਹ ਕੁੜੀ ਹੁਣ ਕੁਝ ਬਣ ਗਈ ਹੋਣੀ ਐ। ਇਨ੍ਹਾਂ ਨੇ ਪਠਾਨਕੋਟ ਦੇ ਆਪਣੇ ਦੋ ਵਿਸ਼ਵਾਸ਼ਪਾਤਰਾਂ ਨਾਲ ਇਹ ਗੱਲ ਸਾਂਝੀ ਕੀਤੀ, ਦੋਵਾਂ ਨੇ ਹੀ ਖੁਲੇ ਦਿਲ ਨਾਲ ਮੌਕੇ ’ਤੇ ਮੱਦਦ ਕੀਤੀ, ਬਾਕੀ ਆਪਣੇ ਕੋਲੋਂ ਕਰਕੇ ਅਗਲੇ ਦਿਨ ਉਸਦੀ ਫੀਸ ਜਮਾਂ ਕਰਵਾ ਦਿੱਤੀ।
ਦੂਜੀ ਗਵਾਹੀ
ਸ. ਕੁਲਵੰਤ ਸਿੰਘ ਤਰਨਤਾਰਨ ਪੌਣੇ ਦੋ ਸਾਲ ਡੀਸੀ ਰਹੇ। ਸ਼ਨੀਵਾਰ ਦਾ ਦਿਨ ਇਹ ਥੋੜ੍ਹਾ ਲੇਟ ਪਾਰਕ ਵੱਲ ਨਿਕਲੇ ਤਾਂ ਵੇਖਿਆ ਗੇਟ ਵੜਦੇ ਸਾਰ ਸੱਜੇ ਹੱਥ ਬੀਬੀਆਂ ਕੰਮ ’ਚ ਰੁੱਝੀਆਂ ਹੋਈਆਂ ਨੇ। ਨਾਲ ਛੋਟੀ ਬੱਚੀ ਐ, ਜੋ ਸ਼ਾਇਦ ਕੰਮ ’ਤੇ ਪਹਿਲੇ ਦਿਨ ਆਈ ਸੀ ਤੇ ਅੱਠਵੀਂ ਨੌਂਵੀਂ ਦੀ ਵਿਦਿਆਰਥਣ ਜਾਪਦੀ ਸੀ। ਅੀਜਹੇ ਬੱਚਿਆ ਨੂੰ ਵੇਖ ਬੰਦੇ ਅੰਦਰ ਸਿਮਰਤੀਆਂ ਜਾਗਦੀਆਂ ਨੇ।
ਕੁਲਵੰਤ ਸਿੰਘ ਨੇ ਪੁੱਛਿਆ- “ਤੂੰ ਸਕੂਲ ਨਹੀਂ ਗਈ ਅੱਜ?”
ਉਹ ਇਕਦਮ ਡਰ ਗਈ ਬਸ ਅੱਧਾ ਕੁ ਵਾਕ ਬੋਲੀ- “ਹਟਗੀ ਜੀ।”
ਉਹਦੇ ਡਰ ਨੂੰ ਭਾਂਪਦੇ ਹੋਏ ਮੈਂ ਅੱਗੇ ਤੁਰ ਪਿਆ ਪਰ ਉਹਦਾ ਇਸ ਤਰਾਂ ਡਰਨਾ ਮੈਨੂੰ ਕਈ ਵਰੇ ਪੁਰਾਣੀ ਕਿਸੇ ਡੂੰਘੀ ਯਾਦ ‘ਚ ਧੱਕ ਗਿਆ। ਇਹ ਯਾਦ ਅਸੀਂ ਪਹਿਲੇ ਹਿੱਸੇ ਵਿੱਚ ਲਿਖੀ ਐ। ਅਗਲੇ ਦਿਨ ਜਦੋਂ ਕੁਲਵੰਤ ਸਿੰਘ ਉੱਥੇ ਗਏ ਤਾਂ ਜਿਵੇਂ ਕੁੜੀ ਡਰ ਗਈ ਬਿਨ੍ਹਾਂ ਸੁਆਲ ਪੁੱਛੇ ਉਹ ਅਪਣੇ ਆਪ ਹੀ ਵਾਕ ਬੋਲਦੀ ਐ-
“ਸਰ ਜੀ, ਮੈਂ ਪਲੱਸ ਟੂ ਕਰਕੇ ਛੱਡੀ ਆ ਜੀ ਪੜਾਈ।”
ਜਿਵੇਂ ਕਨਵਿਨਸ ਕਰ ਰਹੀ ਹੋਵੇ ਕਿ ਮੈਂ ਬਾਲਮਜ਼ਦੂਰੀ ਨਹੀਂ ਕਰ ਰਹੀ। ਮੈਨੂੰ ਕੰਮ ਤੋਂ ਨਾ ਹਟਾਇਓ। ਮੈਂ ਉਸਦੇ ਚਿਹਰੇ ਉੱਪਰਲੇ ਡਰ ਨੂੰ ਕੰਮ ਤੋਂ ਹਟਣ ਵਾਲਾ ਡਰ ਹੀ ਸਮਝਿਆ ਸੀ, ਉਹਨੇ ਮੇਰਾ ਸ਼ੱਕ ਪੱਕਾ ਕਰ ਦਿੱਤਾ ਸੀ।
“ਫਿਰ ਤੂੰ ਅੱਗੇ ਨੀ ਪੜ੍ਹਨਾ?”
“ਨਾਅਅਅਜੀ। ਘਰਦੇ ਕਹਿੰਦੇ। ਨਹੀਂ ਪੜ੍ਹਾਇਆ ਜਾਣਾ…।”
“ਘਰਦਿਆਂ ਦੀ ਛੱਡ। ਤੂੰ ਦੱਸ ਕੀ ਕਰਨਾ ਚਾਹੁੰਨੀ ਐਂ ਅੱਗੇ?”
“ਕਨੇਡਾ ਜਾਣਾ ਚਾਹੁੰਨੀ ਆਂ ਮੈਂ ਤਾਂ…”
ਇਹ ਕਹਿੰਦਿਆਂ ਉਹਦੀਆਂ ਅੱਖਾਂ ’ਚ ਚਮਕ ਜਿਹੀ ਲਿਸ਼ਕੀ। ਗੱਲ ਉਹਦੇ ਬਿਲਕੁਲ ਧੁਰ ਅੰਦਰੋਂ ਆਉਣ ਕਰਕੇ ਜਾਂ ਮੇਰੇ ਤੇ ਕੁਛ ਯਕੀਨ ਆ ਗਿਆ ਸੀ ਕਿ ਮੈਂ ਸੱਚੀਓਂ ਉਹਦੀ ਮੱਦਦ ਕਰਾਂਗਾ। ਮੈਨੂੰ ਕੈਨੇਡਾ ਵਾਲੀ ਉਮੀਦ ਨਹੀਂ ਸੀ ਪਰ ਬੋਲਿਆ ਕੁਝ ਨਾ।
“ਏਥੇ ਨੀ ਕੁਛ ਕਰ ਸਕਦੀ ? ਕੋਈ ਗਰੈਜੂਏਸ਼ਨ ਵਗੈਰਾ। ਉਹ ਕਰਕੇ ਫੇਰ ਚਲੀ ਜਾਈਂ ਕਨੇਡਾ।”
“ਕਰ ਸਕਦੀ ਆਂ ਜੀ ਜੇ ਕੋਈ ਕਰਾਉਣ ਵਾਲਾ ਹੋਵੇ…”
“ਤੂੰ ਕੱਲ ਨੂੰ ਆਪਣੇ ਸਰਟੀਫਿਕੇਟ ਲੈਕੇ ਆਈਂ।”
“ਠੀਕ ਆ ਜੀ।”
ਅਗਲੇ ਦਿਨ ਸਵੇਰੇ ਹੀ ਉਹ ਆਪਣੇ ਪਿਤਾ ਜੀ ਨਾਲ ਆ ਗਈ।
ਮੈ ਉਹਦੇ ਕਾਗਜ਼ ਦੇਖੇ ਮੈਨੂੰ ਪਿਆਰ ਵੀ ਆਇਆ ਤੇ ਤਰਸ ਵੀ। ਪਿਆਰ ਇਸ ਕਰਕੇ ਕਿ ਉਸਦੇ ਸਰਟੀਫਿਕੇਟਸ ’ਤੇ ਸਕੂਲ ਦਾ ਉਹੀ ਨਾਮ ਸੀ ਜੋ ਮੇਰੇ ਸਰਟੀਫਿਕੇਟਸ ਉਪਰ ਹੈ- ਨਵੋਦਿਆ ਵਿਦਿਆਲਿਆ। ਤਰਸ ਇਸ ਕਰਕੇ ਕਿ ਬੇਹੱਦ ਚੰਗੇ ਨੰਬਰ ਹੋਣ ਦੇ ਬਾਵਜੂਦ ਵੀ ਉਸਦੀ ਪੜਾਈ ਰੁਕ ਸਕਦੀ ਆ। ਮਨ ਹੀ ਮਨ ਨਿਸ਼ਚਾ ਕੀਤਾ ਤੇ ਕਿਹਾ-
“ਓ ਕਮਲੀ ਆਪਾਂ ਤਾਂ ਇਕੋ ਸਕੂਲ ਆਲੇ ਆਂ। ਆਪਾਂ ਹਾਰਨ ਵਾਲਿਆਂ ’ਚੋਂ ਥੋੜ੍ਹੇ ਆਂ।”
“ਆਪਾਂ ਅੱਗੇ ਪੜ੍ਹਾਈ ਕਰਨੀ ਆ। ਮੈਂ ਤੇਰੇ ਨਾਲ ਆਂ। ਚੱਕ ਦਿਆਂਗੇ ਫੱਟੇ.. ਤੂੰ ਡਰੀਂ ਨਾ।”- ਇਹ ਸੁਣਦਿਆਂ ਉਹ ਹੌਸਲੇ ’ਚ ਹੋ ਗਈ।
ਇਸ ਹੱਲਾਸ਼ੇਰੀ ਤੇ ਮਦਦ ਨਾਲ ਉਹ ਗ੍ਰੈਜੂਏਸ਼ਨ ਕਰ ਗਈ। ਇਹ ਧਰਤੀ ਦੀ ਕਿਸੇ ਖੂੰਜੇ ਡਿੱਗੇ ਦਾਣਿਆਂ ਨੂੰ ਮਿੱਟੀ ਰਲਾਉਣ ਵਰਗੀ ਗੱਲ ਐ। ਜਿਹੜੇ ਪਾਣੀਆਂ ਤੇ ਮਿੱਟੀ ਬਿਨ੍ਹਾਂ ਉੱਗਣੋਂ ਰਹਿ ਜਾਂਦੇ ਨੇ। ਸਮਰੱਥ ਹੁੰਦੇ ਨੇ ਉੱਗਣ ਦੇ। ਉਹ ਜਿਊਂਦੇ ਜੀ ਮਾਣ ਦਿਵਾਉਣਾ ਚਾਹੁੰਦੈ। ਸ਼ਾਇਦ ਉਸਦਾ ਸ਼ਿਅਰ ਇਥੋਂ ਨਿਕਲਿਐ–
“ਕਾਹਦਾ ਮਾਣ ਹੈ ਕਬਰਾਂ ਅੰਦਰ/
ਸੁੱਤੀਆਂ ਪਈਆਂ ਹਸਤੀਆਂ ਸੌ ਸੌ।”