ਤੇਰੀ ਮੌਤ ਨੇ ਅਨੇਕਾਂ ਸਵਾਲ ਖੜੇ ਕਰ ਦਿੱਤੇ ?
ਮੈਂ ਫੋਨ ਦਾ ਡਾਟਾ ਆਨ ਕਰਦੀ ਆਂ,
ਅੱਖਾਂ ਤੇ ਕੰਨਾਂ ਨੂੰ ਚਿਰਦੀ
ਇਕ ਖਬਰ ਚਲ ਰਹੀ ਹੁੰਦੀ ਹੈ,
ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੀ ਮੌਤ!
ਮਾਨਸਿਕ ਪ੍ਰੇਸ਼ਾਨ ਕਰਨ ਦੇ ਪ੍ਰੋਫੈਸਰ ਤੇ ਲਗਾਏ ਦੋਸ਼!!
ਹੋਰ ਧਿਆਨ ਨਾਲ ਇੰਟਰਵਿਊ ਸਣਦੀ ਹਾਂ,
ਯੂਨੀਵਰਸਿਟੀ ਦੀ ਇੱਕ ਵਿਦਿਆਰਥਣ,
ਬਿਮਾਰੀ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ।
ਪ੍ਰੋਫੈਸਰ ਵੱਲੋਂ ਮਾਨਸਿਕ ਪ੍ਰੇਸ਼ਾਨ ਕਰਨ ਦੇ
ਦੋਸ਼ ਲਗਾਏ ਜਾ ਰਹੇ ਨੇ,
ਤੇ ਮਾਨਸਿਕ ਤਸ਼ੱਦਦ ਤਾਂ ਸਰੀਰਕ ਤਸ਼ੱਦਦ ਨਾਲੋਂ
ਕਿਤੇ ਜ਼ਿਆਦਾ ਦਰਦਨਾਕ ਹੁੰਦਾ,
ਸਰੀਰਕ ਤਸ਼ੱਦਦ ਦਿਖਾਈ ਦਿੰਦਾ,
ਪਰ ਮਾਨਸਿਕ ਤਸ਼ੱਦਦ ਤਾਂ ਲੱਖ ਸਬੂਤ ਪੇਸ਼ ਕਰਕੇ ਵੀ
ਸਾਬਿਤ ਨਹੀਂ ਕੀਤਾ ਜਾ ਸਕਦਾ।
ਗੁੱਸੇ ਵਿਚ ਆਏ ਵਿਦਿਆਰਥੀਆਂ ਨੇ
ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ,
ਵਿਦਿਆਰਥੀਆਂ ਦੀਆਂ ਮੰਗਾਂ ਦਾ ਵਾਜਬ ਹੱਲ ਨਾ ਹੋਣ ਕਾਰਨ
ਤਲਖੀ ਵਧ ਗਈ, ਹੱਥੋਪਾਈ ਹੋ ਗਈ,
ਪ੍ਰੋਫੈਸਰ ਦੀ ਕੁੱਟਮਾਰ ਹੋਈ।
ਵਿਦਿਆਰਥਣ ਦੀ ਮੌਤ ਦੀ ਖ਼ਬਰ ਦੀ ਹੈੱਡਲਾਈਨ,
ਪ੍ਰੋਫੈਸਰ ਦੀ ਕੁੱਟਮਾਰ ਵਿਚ ਤਬਦੀਲੀ ਹੋ ਗਈ,
ਲਗਭਗ ਬਹੁਗਿਣਤੀ ਪ੍ਰੋਫੈਸਰ ਨਾਲ ਖੜ ਗਈ।
ਮੈਂ ਅਨੇਕਾਂ ਸਵਾਲਾਂ ਨਾਲ ਘਿਰ ਜਾਂਦੀ ਹਾਂ,
ਹੁਣ ਤੱਕ ਸੂਬੇ ਦਾ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ
ਖਾਮੋਸ਼ ਕਿਉਂ ਨੇ?
ਹੋਣਹਾਰ ਵਿਦਿਆਰਥਣ ਦੇ ਹੱਕ ਵਿੱਚ ਦੋ ਸ਼ਬਦ ਤੱਕ ਵੀ ਨਹੀਂ?
ਕੀ ਇੱਕ ਸੰਸਥਾ ਅੰਦਰ 300 ਸਕਿਊਰਟੀ ਗਾਰਡ
ਪ੍ਰੋਫੈਸਰ ਨੂੰ ਸੁਰੱਖਿਅਤ ਨੀ ਰੱਖ ਸਕੇ?
ਕੀ ਪ੍ਰੋਫੈਸਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਸਥਾ ਦੀ ਨਹੀਂ?
ਬਹੁਗਿਣਤੀ ਦੋਸ਼ੀ ਧਿਰ ਨਾਲ ਕਿਉਂ ਖੜ ਗਈ?
ਪੀੜਿਤ ਧਿਰ ਨੂੰ ਹੀ ਜਵਾਬ ਦੇਣ ਦੀ ਬਜਾਏ ਸਵਾਲ ਕਿਉਂ?
ਸਮਾਜ ਨੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ,
ਚੇਲੇ ਦਾ ਕਾਤਿਲ ਗੁਰੂ ਹੀ ਕਦੋਂ ਤੇ ਕਿਵੇਂ ਹੋ ਗਿਆ?
ਇੱਕ ਗੁਰੂ ਤੇ ਚੇਲੇ ਦੇ ਰਿਸ਼ਤੇ ‘ਚ ਐਨੀ ਫਿਕ ਕਿਉਂ?
ਤੇਰੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ
ਮੇਰੇ ਕੋਲ ਕੋਈ ਸ਼ਬਦ ਨਹੀਂ,
ਤੇਰੀ ਮੌਤ ਅਨੇਕਾਂ ਸਵਾਲ ਖੜੇ ਕਰ ਗਈ,
ਤੇਰੀ ਮੌਤ ਨੇ ਮੌਜੂਦਾ ਸਿੱਖਿਆ ਢਾਂਚਾ ਨੰਗਾ ਕਰ ਦਿੱਤਾ,
ਇਸ ਢਾਂਚੇ ਨੂੰ ਬਦਲਣ ਲਈ ਲੜਾਈ ਵਿੱਚ
ਆਪਣੇ ਹਿੱਸੇ ਦਾ ਯੋਗਦਾਨ ਜਰੂਰ ਪਾਵਾਂਗੀ।
ਬਸ! ਨਮ ਅੱਖਾਂ ਨਾਲ!!ਤੈਨੂੰ ਨਮਨ ਪਿਆਰੇ ਸਾਥੀ!!!
ਜਸਪ੍ਰੀਤ ਕੌਰ ਜੱਸੂ
ਐੱਮ.ਏ.ਪੰਜਾਬੀ(ਭਾਗ-ਦੂਜਾ)
ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ
9855509018