ਏਹਿ ਹਮਾਰਾ ਜੀਵਣਾ
ਤੇਰੇ ਚੰਨ ਤੇ ਰੱਖੇ ਕਦਮਾਂ ਦੀ
ਤੈਨੂੰ ਲੱਖ ਮੁਬਾਰਕ ਤੇਰੇ ਚੰਨ ਤੇ ਰੱਖੇ ਕਦਮਾਂ ਦੀ।
ਪੈਰਾਂ ਹੇਠ ਜ਼ਮੀਨ ਜੋ ਸਾਡੇ ਨਿੱਤ ਖਿਸਕਦੀ ਜਾਵੇ।
ਜਿਸਦੇ ਹੱਥੋਂ ਸਿਖਰ ਦੁਪਹਿਰੇ ਖਿਸਕੀ ਕਾਤਰ ਚਾਨਣ ਦੀ,
ਚੰਨ ਦੇ ਗੱਡੇ ਤੰਬੂ ਦਾ ਉਹ ਕਿੱਦਾਂ ਜਸ਼ਨ ਮਨਾਵੇ।
ਸੋਕੇ ਦੇ ਝੰਬੇ ਨੂੰ ਖ਼ਬਰੈ ਕਿਸ ਪਲ ਡੁਬਣਾਂ ਪੈ ਜਾਵੇ,
ਕੌਣ ਲੱਭੇ ਤਕਨੀਕ ਜੋ ਐਸੇ ਮਾਰੂ ਰੋਗ ਮਿਟਾਵੇ।
ਤੱਕ ਘਟਾ ਕਾਲੀ ਦੱਸ ਕਿਸਦਾ ਜੀ ਨਹੀ ਕਰਦਾ ਨੱਚਣ ਨੂੰ,
ਮੋਰਾਂ ਵਰਗੀ ਬੇਫ਼ਿਕਰੀ , ਦੱਸ ਕਾਮਾਂ ਕਿੱਥੋਂ ਲਿਆਵੇ।
ਸਾਡੇ ਤੋਂ ਨਾਂ ਗਿਆ ਨਾਪਿਆ ਹਾਲੇ ਰਸਤਾ ਮੰਡੀ ਦਾ,
ਰਾਹ ਤੇਰੀ ਕੁਰਸੀ ਨੂੰ ਸਿੱਧਾ ਚੰਨ ਤੋਂ ਹੋ ਕੇ ਜਾਵੇ।
ਚੰਨ ਦਾ ਗੁੱਸਾ ਝੱਲ ਕੇ ਵੀ ਮੈਂ ਸੂਰਜ ਨੂੰ ਪ੍ਰਣਾਮ ਕਰਾਂ,
ਜਿਸਦੀ ਪਹਿਲੀ ਕਿਰਨ ਹੀ ਮੈਨੂੰ ਵੇਲੇ ਨਾਲ ਜਗਾਵੇ।