25 ਸਤੰਬਰ 2024, 38ਵੀਂ ਸਲਾਨਾ ਬਰਸੀ ਤੇ ਵਿਸ਼ੇਸ਼
ਮਹਾਨ ਦਾਰਸ਼ਨਿਕ, ਇਨਕਲਾਬੀ ਯੋਧਾ ਤੇ ਸਾਫ ਸੁਥਰੀ ਰਾਜਨੀਤੀ ਦਾ ਝੰਡਾ ਬਰਦਾਰ ਸੀ ਕਾਮਰੇਡ “ਦਰਸ਼ਨ ਸਿੰਘ ਕੈਨੇਡੀਅਨ “
ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਤੋਂ ਕਮਿਊਨਿਸਟ ਪਾਰਟੀ ਦੇ ਪ੍ਰੋਵਿੰਸ਼ੀਲ ਲੀਡਰ ਜਾਰਜ ਗਿਡੋਰਾ ਅਨੁਸਾਰ ਦਰਸ਼ਨ ਸਿੰਘ ਸੰਘਾ (ਕੈਨੇਡੀਅਨ )ਜਿਵੇਂ ਕਿ ਉਹ ਕੈਨੇਡਾ ਵਿੱਚ ਜਾਣਿਆ ਜਾਂਦਾ ਸੀ ਇੱਕ ਅਸਧਾਰਨ ਵਿਅਕਤੀ ਸੀ, ਇੱਕ ਸੱਚਾ ਅੰਤਰ – ਰਾਸ਼ਟਰਵਾਦੀ ਅਤੇ ਮਹਾਨ ਇਨਕਲਾਬੀ ਕਮਿਊਨਿਸਟ ।
ਜਦੋਂ ਉਹ 18 ਸਾਲ ਦੇ ਨੌਜਵਾਨ ਦੇ ਤੌਰ ਤੇ ਆਪਣੀ ਕਿਸਮਤ ਨੂੰ ਅਜਮਾਉਣ ਅਤੇ ਪੜ੍ਹਾਈ ਦੇ ਲਈ ਕੈਨੇਡਾ ਆਇਆ ,ਉਹ ਪਹਿਲਾਂ ਹੀ ਬਿ੍ਟਿਸ਼ ਸਾਮਰਾਜ ਤੋਂ ਅਜ਼ਾਦੀ ਲਈ ਭਾਰਤੀ ਯੁੱਧ ਨਾਲ ਇੱਕਸੁਰ ਅਤੇ ਰਾਜਨੀਤਿਕ ਇਨਕਲਾਬੀ ਸੁਰ ਨਾਲ ਲਬਰੇਜ਼ ਹੋ ਕੇ ਆਇਆ । ਇਹ ਇਸ ਲਈ ਕੁਦਰਤੀ ਹੀ ਸੀ ਕਿ ਉਹ ਕੈਨੇਡਾ ਵਿੱਚ ਨੌਜਵਾਨ ਕਮਿਊਨਿਸਟਾਂ ਨੂੰ ਮਿਲਿਆ ਅਤੇ ਉਨ੍ਹਾਂ ਨਾਲ ਮਿੱਤਰਤਾ ਕੀਤੀ ਜਿਹੜੇ ਕਿ ਬਹੁਤਾ ਕਰਕੇ ਉਸੇ ਤਰੀਕੇ ਨਾਲ ਸੋਚਦੇ ਸਨ ਜਿਵੇਂ ਉਸਨੇ ਕੀਤਾ ।
ਜਦੋਂ ਕਿ ਬਹੁਤ ਸਾਰੇ ਕੈਨੇਡਾ ਦੇ ਪ੍ਰਵਾਸੀ ਆਪਣਾ ਇੱਕ ਪੈਰ ਆਪਣੇ ਪੁਰਾਣੇ ਦੇਸ਼ ਵਿੱਚ ਰੱਖਦੇ ਸਨ ਅਤੇ ਦੂਸਰਾ ਪੈਰ ਨਵੇਂ ਦੇਸ਼ ਵਿੱਚ । ਦਰਸ਼ਨ ਨੇ ਠੀਕ ਤਰਾਂ ਸਮਝ ਲਿਆ ਸੀ ਕਿ ਵਰਗ ਸ਼ੰਘਰਸ਼ ਵਿਸ਼ਵ ਵਿਆਪੀ ਸੀ ਅਤੇ ਉਥੇ ਹੀ ਇਸਦੀ ਹੋੰਦ ਸੀ ਜਿੱਥੇ ਕਿਤੇ ਵਿਤਕਰੇ ਦਾ ਵਰਗ ਸਮਾਜ ਸੀ ।ਉਹ ਜਿਥੇ ਕਿਤੇ ਵੀ ਰਹੇ ਉਹ ਜਾਣਦੇ ਸਨ ਕਿ ਉਸ ਦੀ ਡਿਊਟੀ ਕਾਮਾ ਜਮਾਤ ਦੇ ਹਿੱਤਾਂ ਲਈ ਲੜਨਾ ਹੈ ਅਤੇ ਇਸ ਭਾਵਨਾ ਦੇ ਤਹਿਤ ਉਹ ਕੈਨੇਡਾ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ ਕੈਨੇਡੀਅਨ ਕਾਮਿਆਂ ਖਾਸਕਰ ਪ੍ਰਵਾਸੀ ਕੈਨੇਡੀਅਨ ਕਾਮਿਆਂ ਦੇ ਸ਼ੰਘਰਸ਼ ਵਿੱਚ ਉਹ ਇੱਕ ਤਕੜੀ ਤਾਕਤ ਬਣ ਗਿਆ ।
ਉਸ ਦਾ ਵਾਸਤਾ ਬੀ.ਸੀ. ਅਤੇ ਐਲਬਰਟਾ ਵਿੱਚ ਲੱਕੜ ਉਦਯੋਗ ਨਾਲ ਸੀ ਇਸ ਲਈ ਉਹ ਇੰਟਰਨੈਸ਼ਨਲ ਵੁੱਡ ਵਰਕਰ ਆਫ ਨਾਰਥ ਅਮਰੀਕਾ ( ਆਈ.ਡਬਲਿਊ . ਏ.) ਵਿੱਚ ਸ਼ਾਮਲ ਹੋ ਗਿਆ ਅਤੇ ਬਹੁਤ ਹੀ ਜਲਦੀ ਉਸ ਨੇ ਸਾਬਿਤ ਕਰ ਦਿੱਤਾ ਕਿ ਉਹ ਇੱਕ ਚੰਗਾ ਆਰਗੇਨਾਈਜ਼ਰ ਅਤੇ ਪ੍ਰਭਾਵਸ਼ਾਲੀ ਬੁਲਾਰਾ ਹੇ । ਉਸ ਨੇ ਸੈੱਕੜੇ ਭਾਰਤੀਆਂ ਨੂੰ ਟ੍ਰੇਡ ਯੂਨੀਅਨ ਵਿੱਚ ਲਿਆ ਕੇ ਨਵਾਂ ਮੋੜ ਕੱਟਿਆ ਅਤੇ ਉਨ੍ਹਾਂ ਦੇ ਲਾਭਾਂ ਲਈ ਤੇ ਯੂਨੀਅਨ ਵਿੱਚ ਬਰਾਬਰਤਾ ਲਈ ਉਹ ਸਖ਼ਤੀ ਨਾਲ ਲੜਿਆ । ਇੰਡੋ-ਕੈਨੇਡੀਅਨ ਡੈਲੀਗੇਸ਼ਨ ,ਜਿਸਨੇ ਕਾਮਯਾਬੀ ਨਾਲ ਬੀ. ਸੀ.ਸਰਕਾਰ ਕੋਲ ਭਾਰਤੀ ਪ੍ਰਵਾਸੀਆਂ ਲਈ ਵੋਟ ਵਾਸਤੇ ਪਹੁੰਚ ਕੀਤੀ,ਲਈ ਆਈ.ਡਬਲਿਊ .ਏ. ਦੀ ਮਦਦ ਪ੍ਰਾਪਤ ਕਰਨ ਵਿੱਚ ਉਸ ਦਾ ਮੁੱਖ ਯੋਗਦਾਨ ਸੀ।
ਉਨ੍ਹਾਂ ਦੀ ਵਿਦਵਤਾ ਅਤੇ ਸੂਝ ਬੂਝ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸੰਨ 1947 ਵਿੱਚ ਹੀ ਉਨ੍ਹਾਂ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ 260 ਪੰਨਿਆਂ ਦੀ ਇੱਕ ਅਨੋਖੀ ਪੁਸਤਕ “ਨਵੇਂ ਏਸ਼ੀਆ ਦਾ ਉਦੈ” ਪ੍ਰਕਾਸ਼ਿਤ ਕਰਵਾਈ । ਜਿਸ ਦਾ ਲਿਖਣਾ ਅਤੇ ਛਪਣਾ ਏਸ਼ੀਆ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਗੱਡਣ ਦੇ ਬਰਾਬਰ ਸੀ । ਇਸ ਪੁਸਤਕ ਵਿੱਚ ਉਨ੍ਹਾਂ ਵੱਲੋਂ ਇਤਿਹਾਸ ,ਸੱਭਿਆਚਾਰ ,ਸਮਾਜਿਕ ਅਤੇ ਆਰਥਿਕ ਸਥਿਤੀਆਂ ਦੇ ਨਾਲ ਨਾਲ ਰਾਜਸੀ ਪ੍ਰਸਥਿਤੀਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਅਤੇ ਵਿਸਥਾਰ ਨਾਲ ਚੀਨ ,ਜਪਾਨ ,ਭਾਰਤ , ਸੋਵੀਅਤ ਏਸ਼ੀਆ, ਕੋਰੀਆ, ਫਿਲਪੀਅਨ ,ਇੰਡੋਨੇਸ਼ੀਆ, ਈਰਾਨ ਤੇ ਤੁਰਕੀ ਦੇਸ਼ਾਂ ਦੀਆਂ ਸਥਿਤੀਆਂ ਦਾ ਬਾਖੂਬੀ ਵਿਸ਼ਲੇਸ਼ਣ ਕੀਤਾ ।
ਦਰਸ਼ਨ ਨੇ ਕੈਨੇਡਾ ਦੀ ਧਰਤੀ ਤੇ ਆਪਣਾ ਸਨਮਾਨਜਨਕ ਸਥਾਨ ਬਣਾਇਆ ਅਤੇ ਪਿਛੋਂ ਉਹ ਭਾਰਤੀ ਲੋਕਾਂ ਦੀ ਮਦਦ ਅਤੇ ਨਵੇਂ ਭਾਰਤ ਦੇ ਨਿਰਮਾਣ ਲਈ 16 ਦਸੰਬਰ 1947 ਨੂੰ ਭਾਰਤ ਪਹੁੰਚ ਗਏ । ਹਜ਼ਾਰਾਂ ਦੇਸ਼ ਭਗਤ ਕੈਨੇਡਾ ਅਮਰੀਕਾ ਦੀਆਂ ਕਮਾਈਆਂ ਤੇ ਸੁੱਖ ਸਹੂਲਤਾਂ ਨੂੰ ਲੱਤ ਮਾਰ ਕੇ ਆਜ਼ਾਦੀ ਦੀ ਜੰਗ ਵਿੱਚ ਆ ਕੇ ਕੁੱਦੇ ਸਨ ਪਰ ਦਰਸ਼ਨ ਸਿੰਘ ਪਹਿਲੇ ਕੈਨੇਡੀਅਨ ਸੀ ਜੋ ਭਾਰਤ ਨੂੰ ਮਿਲੀ ਆਜ਼ਾਦੀ ਨੂੰ ਅਧੂਰੀ ਸਮਝਦਿਆਂ ਗ਼ਦਰੀਆਂ ਦੇ ਸੁਪਨਿਆਂ ਵਾਲੇ ਕਿਰਤੀ ਕਿਸਾਨਾਂ ਦੀ ਸਰਦਾਰੀ ਵਾਲੇ ਰਾਜ ਦੀ ਸਥਾਪਨਾ ਲਈ ਸੰਘਰਸ਼ ਕਰਨ ਵਾਸਤੇ ਭਾਰਤ ਪਰਤੇ ਸਨ ।ਭਾਰਤ ਪੁੱਜ ਕੇ ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਕਲਕੱਤਾ ਕਾਂਗਰਸ ਰਾਹੀਂ ਪਾਰਟੀ ਵਿੱਚ ਸ਼ਾਮਲ ਹੋ ਗਏ ਕੋਲਕਾਤਾ ਕਾਂਗਰਸ ਤੋਂ ਛੇਤੀ ਹੀ ਬਾਅਦ ਭਾਰਤ ਸਰਕਾਰ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ ਗਿਆ । ਇਸ ਸਮੇਂ ਦੌਰਾਨ ਦਰਸ਼ਨ ਸਿੰਘ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਗੁਪਤਵਾਸ ਰਹਿ ਕੇ ਪਾਰਟੀ ਲਈ ਕੰਮ ਕਰਦੇ ਰਹੇ ਤੇ ਇਸੇ ਗੁਪਤਵਾਸ ਦੌਰਾਨ ਹੀ ਉਨ੍ਹਾਂ ਦਾ ਵਿਆਹ ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਦੇ ਗ਼ਦਰੀ ਬਾਬਾ ਲਾਲ ਸਿੰਘ ਦੀ ਪੋਤੀ ਹਰਬੰਸ ਕੌਰ ਨਾਲ ਹੋਇਆ ।1951 ਵਿੱਚ ਸਾਥੀ ਕਨੇਡੀਅਨ ਨੇ ਜ਼ਿਲ੍ਹਾ ਜਲੰਧਰ ਵਿਚ ਕਮਿਊਨਿਸਟ ਪਾਰਟੀ ਦੇ ਸਕੱਤਰ 1963 ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਲਈ ਅਤੇ 1968 ਤੋਂ 1971 ਤਕ ਬਤੌਰ ਸੂਬਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਲਈ ਕੰਮ ਕਰਦਿਆਂ ਖ਼ਰਾਬ ਸਿਹਤ ਦੇ ਬਾਵਜੂਦ ਵੀ ਦਿਨ ਰਾਤ ਸ਼ੰਘਰਸ਼ ਕੀਤਾ ।
1972 ਅਤੇ 1977 ਵਿੱਚ ਉਹ ਦੋ ਵਾਰ ਹਲਕਾ ਗੜ੍ਹਸ਼ੰਕਰ ਤੋਂ ਪੰਜਾਬ ਅਸੈਂਬਲੀ ਲਈ ਐਮ.ਐਲ.ਏ ਚੁਣੇ ਗਏ । ਕੰਢੀ ਦੇ ਲੋਕਾਂ ਦੇ ਮਸੀਹੇ ਦੇ ਨਾਂ ਨਾਲ ਜਾਣੇ ਜਾਂਦੇ ਕੈਨੇਡੀਅਨ ਨੇ ਕੰਢੀ ਇਲਾਕੇ ਵਿੱਚ ਮੀਲਾਂ ਤੋਂ ਪਾਣੀ ਢੋ ਰਹੇ ਲੋਕਾਂ ਦੇ ਘਰ ਘਰ ਤੱਕ ਪਾਣੀ ਪਹੁੰਚਾਇਆ ਅਕਤੂਬਰ ਉੱਨੀ ਸੌ ਪਚਾਸੀ ਵਿਚ ਇਲਾਕਾ ਜੰਡੋਲੀ ਦੇ ਆਸ ਪਾਸ ਦੇ ਸੋਲ਼ਾਂ ਪਿੰਡਾਂ ਨੂੰ ਉਜਾੜ ਕੇ ਮਿਲਟਰੀ ਛਾਉਣੀ ਬਣਨ ਦਾ ਐਲਾਨ ਹੋਇਆ ਪਰ ਸਾਥੀ ਕਨੇਡੀਅਨ ਇਨ੍ਹਾਂ ਪਿੰਡਾਂ ਦਾ ਉਜਾੜਾ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਉਨ੍ਹਾਂ ਦੇ ਸੀਨੇ ਵਿੱਚ ਲਾਟ ਫਿਰ ਗਈ ਕਿਉਂਕਿ ਘੁੱਗ ਵਸਦੇ ਪਿੰਡਾਂ ਦਾ ਉਜਾੜਾ ਹੋਣ ਵਾਲਾ ਸੀ । ਜਿਉਂ ਹੀ ਇਨ੍ਹਾਂ ਪਿੰਡਾਂ ਦੇ ਨਿਵਾਸੀਆਂ ਨੂੰ ਉਜਾੜੇ ਦੇ ਨੋਟਿਸ ਮਿਲੇ ਤਾਂ ਪਿੰਡਾਂ ਵਿੱਚ ਹਾਹਾਕਾਰ ਮੱਚ ਗਈ। ਛਾਉਣੀ ਨਾ ਬਣਨ ਦੇਣ ਲਈ ਸਾਥੀ ਦਰਸ਼ਨ ਸਿੰਘ ਕੈਨੇਡੀਅਨ ਜੀ ਦੀ ਅਗਵਾਈ ਵਿੱਚ ਚੱਲੇ ਸੰਘਰਸ਼ ਵਿੱਚ ਤਕਰੀਬਨ ਪੰਜਾਹ ਪਿੰਡਾਂ ਦਾ ਬੱਚਾ ਬੱਚਾ ਸੰਘਰਸ਼ ਲਈ ਅੱਗੇ ਆਇਆ। ਇਲਾਕੇ ਦੀਆਂ ਪੰਜਾਹ ਪੰਚਾਇਤਾਂ ਨੇ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਛਾਉਣੀ ਨਾ ਬਣਨ ਦੇਣ ਦੇ ਘੋਲ ਨੂੰ ਜਿੱਤ ਵਿੱਚ ਤਬਦੀਲ ਕਰ ਦਿੱਤਾ ।
ਪਿੰਡ ਲੰਗੇਰੀ ਵਾਸੀਆਂ ਲਈ 1980 ਵਿੱਚ ਭਾਈ ਪਿਆਰਾ ਸਿੰਘ ਜੀ ਦੀ ਯਾਦ ਵਿਚ ਸਰਕਾਰੀ ਡਿਸਪੈਂਸਰੀ 1982 ਵਿੱਚ ਇਕੱਲੇ ਲੰਗੇਰੀ ਪਿੰਡ ਲਈ ਵਾਟਰ ਸਪਲਾਈ ਸਕੀਮ , ਪੱਕੀ ਸੜਕ ਅਤੇ 1983 ਵਿਚ ਲੰਗੇਰੀ ਨਾਲ ਲੱਗਦੇ ਚੋਅ ਉੱਪਰ ਪੁਲ ਬਣਾਉਣ ਤੋਂ ਇਲਾਵਾ ਸਰਕਾਰੀ ਟਿਊਬਵੈੱਲ ਲਗਵਾ ਕੇ ਲੰਗੇਰੀ ਪਿੰਡ ਦੇ ਦੇਸ਼ ਭਗਤਾਂ ਗਦਰੀਆਂ ਸੂਰਬੀਰਾਂ ਅਤੇ ਯੋਧਿਆਂ ਦੀ ਯਾਦ ਨੂੰ ਸਮਰਪਣ ਕੀਤਾ ।
1976 ਵਿੱਚ ਪ੍ਰਧਾਨਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਅੰਦਰ ਐਮਰਜੈਂਸੀ ਲਗਾਉਣ ਨਾਲ ਹਾਲਾਤ ਖ਼ਰਾਬ ਹੋ ਗਏ ਦਿੱਲੀ ਅਤੇ ਪੰਜਾਬ ਦੇ ਮੌਕਾਪ੍ਰਸਤ ਸਿਆਸਤਦਾਨਾਂ ਨੇ ਆਪਣੀ ਕੁਰਸੀ ਬਚਾਉਣ ਖ਼ਾਤਰ ਧਰਮ ਦਾ ਪੱਤਾ ਖੇਡਿਆ। 1984 ਵਿੱਚ ਕੇਂਦਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਦੀ ਘਿਨਾਉਣੀ ਘਟਨਾ ਵਾਪਰੀ । ਜਿਸ ਨਾਲ ਪੰਜਾਬ ਵਸਦੇ ਸਿੱਖਾਂ ਸਮੇਤ ਸੰਸਾਰ ਭਰ ਵਿੱਚ ਵੱਸਦੇ ਸਮੂਹ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ । ਪੰਜਾਬ ਅੰਦਰ ਕਾਲਾ ਦੌਰ ਸ਼ੁਰੂ ਹੋਇਆ ਅਤੇ ਵੱਖਵਾਦੀ ਲਹਿਰ ਜ਼ੋਰ ਫੜ ਗਈ । ਸਾਥੀ ਦਰਸ਼ਨ ਸਿੰਘ ਕੈਨੇਡੀਅਨ ਹਿੰਦੂ ਸਿੱਖ ਏਕਤਾ ਦੇ ਝੰਡਾ ਬਰਦਾਰ ਬਣ ਮਾਝੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅੰਦਰ ਹਿੰਦੂ ਸਿੱਖ ਏਕਤਾ ਦੇ ਹੱਕ ਵਿੱਚ ਜਲਸੇ ਕਰਨ ਲੱਗੇ ਜੋ ਕਿ ਵੱਖਵਾਦੀ ਤਾਕਤਾਂ ਨੂੰ ਮਨਜ਼ੂਰ ਨਾ ਹੋਏ । ਸਿੱਟੇ ਵਜੋਂ
ਜ਼ਿੰਦਗੀ ਭਰ ਲੋਕ ਹਿੱਤਾਂ ਦੀ ਲੜਾਈ ਲੜਦਿਆਂ ਅਖੀਰ ਉਹ ਮਹਾਨ ਇਨਕਲਾਬੀ ਸੂਰਬੀਰ ਯੋਧਾ 25 ਸਤੰਬਰ 1986 ਨੂੰ ਲੰਗੇਰੀ ਪਿੰਡ ਦੀ ਜੂਹ ਵਿੱਚ ਹੀ ਵੱਖਵਾਦੀ ਤਾਕਤਾਂ ਹੱਥੋਂ ਸ਼ਹਾਦਤ ਦਾ ਜਾਮ ਪੀ ਗਿਆ ।
ਅੱਜ ਸਾਥੀ ਕੈਨੇਡੀਅਨ ਸਰੀਰਕ ਰੂਪ ਵਿੱਚ ਭਾਵੇਂ ਸਾਡੇ ਵਿੱਚਕਾਰ ਨਹੀਂ ਪਰ ਉਨ੍ਹਾਂ ਦੀ ਸੋਚ ਨੂੰ ਕਦੇ ਕਤਲ ਨਹੀਂ ਕੀਤਾ ਜਾ ਸਕਦਾ। ਉਹ ਮਜਦੂਰਾਂ, ਕਿਸਾਨਾਂ, ਔਰਤਾਂ ,ਸਨਅਤੀ ਕਾਮਿਆਂ ਅਤੇ ਵਿਦਿਆਰਥੀ ਸੰਘਰਸ਼ਾਂ ਦੇ ਰੂਪ ਵਿੱਚ ਹਮੇਸ਼ਾਂ ਸਾਡੇ ਅੰਗ ਸੰਗ ਰਹਿਣਗੇ । ਉਨ੍ਹਾਂ ਵੱਲੋਂ ਕੈਨੇਡਾ ਅਤੇ ਭਾਰਤ ਅੰਦਰ ਲੜੇ ਗਏ ਸ਼ੰਘਰਸ਼ ਦੀ ਰੌਸ਼ਨੀ ਅੱਜ ਵੀ ਕੈਨੇਡਾ ਅੰਦਰ ਚੱਲ ਰਹੇ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਦੇ ਸ਼ੰਘਰਸ਼ਾਂ ਦੇ ਰਾਹਾਂ ਨੂੰ ਰੌਸ਼ਨ ਕਰਦੀ ਰਹੇਗੀ।
ਅਵਤਾਰ ਲੰਗੇਰੀ 9463260181