ਦਿਮਾਗ ਵਿਚ ਚਿੱਪ ਲੱਗਣ ’ਤੇ ਅਧਰੰਗ ਵਾਲੇ ਮਰੀਜ਼ ਚੱਲਣਗੇ ਅਤੇ ਨੇਤਰਹੀਣ ਵੇਖਣਗੇ
ਐਲੋਨ ਮਸਕ: ਖੋਜਾਂ ਦੀ ਮਹਿਕ ਬਦਲੇਗੀ ਮਗਜ਼
ਨਿਉਰਾਲਿੰਕ ਚਿੱਪ ਦਿਮਾਗ ਵਿਚ ਲੱਗਣ ’ਤੇ ਅਧਰੰਗ ਵਾਲੇ ਮਰੀਜ਼ ਚੱਲਣਗੇ ਅਤੇ ਨੇਤਰਹੀਣ ਵੇਖਣਗੇ
-ਰੋਬੋਟ ਦੇ ਰਾਹੀਂ ਦਿਮਾਗ ਵਿਚ ਸਿੱਕੇ ਦੇ ਅਕਾਰ ਦੀ ਕੰਪਿਊਟਰ ਨਾਲ ਜੁੜੀ ਲੱਗੇਗੀ ਚਿੱਪ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ,10 ਫਰਵਰੀ 2024:-ਕਹਿੰਦੇ ਨੇ ਨਰ ਹਿਰਨ ਦੀ ਨਾਭੀ ਦੇ ਲਾਗੇ ਇਕ ਥੈਲੀ ਹੁੰਦੀ ਹੈ ਜਿਸ ਦੀ ਸੁਗੰਧ ਐਨੀ ਤੇਜ਼ ਹੁੰਦੀ ਹੈ ਕਿ ਉਸ ਦੇ ਅੰਸ਼ ਮਾਤਰ ਨਾਲ ਇਤਰ ਬਣਦੇ ਹਨ। ਇਸ ਨੂੰ ‘ਕਸਤੂਰੀ’ ਕਿਹਾ ਜਾਂਦਾ ਹੈ ਅਤੇ ਅੰਗਰੇਜ਼ੀ ਵਿਚ ਇਸ ਨੂੰ ‘ਮਸਕ’ ਕਿਹਾ ਜਾਂਦਾ ਹੈ। ਦੁਨੀਆ ਦੇ ਵਿਚ ਅਦਭੁੱਤ ਖੋਜਾਂ ਜੋ ਕਿ ਮਨੁੱਖ ਜਾਤੀ ਵਾਸਤੇ ਨਵੀਂ ਕ੍ਰਾਂਤੀ ਲੈ ਕੇ ਆ ਰਹੀਆਂ ਹਨ, ਦੇ ਵਿਚ ਐਲੋਨ ਮਸਕ ਦਾ (ਮਾਲਕ ਟੈਸਲਾ ਗਰੁੱਪ) ਦਾ ਵੱਡਾ ਨਾਂਅ ਹੈ। ਇਸ ਦੀਆਂ ਖੋਜਾਂ ਦੀ ਮਹਿਕ ਵੀ ਜਿੱਥੇ ਸਦਾ ਮਹਿਕਦੀ ਰਹੇਗੀ ਉਥੇ ਇਹ ਮਨੁੱਖੀ ਮਗਜ਼ (ਦਿਮਾਗ) ਵੀ ਬਦਲ ਦੇਵੇਗੀ।
ਇਸਨੇ ਹੁਣ ਇਕ ਅਜਿਹੀ ਡਾਕਟਰੀ ਪ੍ਰਣਾਲੀ ਵਿਕਸਤ ਕਰਨ ਦੀ ਠਾਣ ਲਈ ਹੈ ਜਿਸ ਦੇ ਆਉਣ ਨਾਲ ਅਧਰੰਗ ਵਾਲੇ ਮਰੀਜ਼ ਚੱਲ ਸਕਣਗੇ ਅਤੇ ਨੇਤਰਹੀਣ ਲੋਕ ਵੇਖ ਸਕਣਗੇ। ਇਸ ਪ੍ਰਣਾਲੀ ਦਾ ਨਾਂਅ ਹੈ ‘ਨਿਊਰਾਲਿੰਕ’। ਰੋਬੋਟ ਸਰਜਰੀ ਦੇ ਰਾਹੀਂ ਮਨੁੱਖ ਦੇ ਦਿਮਾਗ ਵਿਚ ਇਕ ਚਿੱਪ ਲਗਾਈ ਜਾਵੇਗੀ। ਇਹ ਅਦ੍ਰਿਸ਼ ਹੀ ਰਹੇਗੀ। ਇਹ ਯੰਤਰ ਇੱਕ ਛੋਟੇ ਸਿੱਕੇ ਦੇ ਆਕਾਰ ਦਾ ਹੈ, ਜੋ ਮਨੁੱਖੀ ਦਿਮਾਗ ਅਤੇ ਕੰਪਿਊਟਰ ਵਿਚਕਾਰ ਸਿੱਧਾ ਸੰਚਾਰ ਚੈਨਲ ਬਣਾਏਗਾ। ਜੇਕਰ ਮਨੁੱਖੀ ਅਜ਼ਮਾਇਸ਼ ਸਫਲ ਹੋ ਜਾਂਦੀ ਹੈ ਤਾਂ ਨੇਤਰਹੀਣ ਲੋਕ ਚਿੱਪ ਰਾਹੀਂ ਦੇਖ ਸਕਣਗੇ। ਅਧਰੰਗ ਦੇ ਮਰੀਜ਼ ਚੱਲਣ ਦੇ ਨਾਲ-ਨਾਲ ਕੰਪਿਊਟਰ ਵੀ ਚਲਾ ਸਕਣਗੇ। ਕੰਪਨੀ ਨੇ ਇਸ ਚਿੱਪ ਦਾ ਨਾਂ ‘ਲਿੰਕ’ ਰੱਖਿਆ ਹੈ। ਸਾਰੀਆਂ ਸ਼ਰਤਾਂ ਪੂਰੀਆਂ ਕਰਨ ਬਾਅਦ ਇਸਦਾ ਪ੍ਰਯੋਗ ਅਜਮਾਇਸ਼ ਵਾਸਤੇ ਸ਼ੁਰੂ ਹੋ ਗਿਆ ਹੈ ਅਤੇ ਮਰੀਜ਼ ਬਿਹਤਰ ਮਹਿਸੂਸ ਕਰ ਰਿਹਾ ਹੈ। 6 ਸਾਲ ਤੱਕ ਇਸਦੇ ਪ੍ਰਯੋਗ ਹੋਣਗੇ ਅਤੇ ਫਿਰ ਇਸ ਨੂੰ ਜਨਤਾ ਲਈ ਵਰਤਣਾ ਸ਼ੁਰੂ ਹੋ ਜਾਵੇਗਾ। ਐਲੋਨ ਮਸਕ ਨੇ ਇਕ ਹੋਰ ਪੋਸਟ ’ਚ ਲਿਖਿਆ ‘ਇਸ ਡਿਵਾਈਸ ਦੇ ਜ਼ਰੀਏ ਤੁਸੀਂ ਆਪਣੇ ਫੋਨ, ਕੰਪਿਊਟਰ ਅਤੇ ਕਿਸੇ ਵੀ ਹੋਰ ਡਿਵਾਈਸ ਨੂੰ ਸਿਰਫ ਸੋਚ ਕੇ ਕੰਟਰੋਲ ਕਰ ਸਕੋਗੇ। ਸ਼ੁਰੂਆਤੀ ਉਪਭੋਗਤਾ ਉਹ ਹੋਣਗੇ ਜਿਨ੍ਹਾਂ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।’
ਨਿਊਰਲਿੰਕ ਦੇ ਅਨੁਸਾਰ, ਇਹ ਅਜ਼ਮਾਇਸ਼ ਉਨ੍ਹਾਂ ਲੋਕਾਂ ’ਤੇ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਸਰਵਾਈਕਲ ਰੀੜ੍ਹ ਦੀ ਹੱਡੀ ਦੀ ਸੱਟ ਜਾਂ ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ (ਏ.ਐਲ.ਐਸ.) ਕਾਰਨ ਕਵਾਡ੍ਰੀਪਲੇਜੀਆ ਹੈ। ਇਸ ਅਜਮਾਇਸ਼ ਵਿੱਚ ਭਾਗ ਲੈਣ ਵਾਲਿਆਂ ਦੀ ਉਮਰ ਘੱਟੋ-ਘੱਟ 22 ਸਾਲ ਹੋਣੀ ਚਾਹੀਦੀ ਹੈ। ਇਸ ਕਾਰਜ ਵਾਸਤੇ ਸਟਾਫ ਦੀ ਭਰਤੀ ਹੋ ਰਹੀ ਹੈ ਅਤੇ ਮਰੀਜਾਂ ਦੀ ਰਜਿਟ੍ਰੇਸ਼ਨ ਵੀ ਹੋ ਰਹੀ ਹੈ।
ਕੀ ਹੈ ਦਿਮਾਗ: ਵਰਨਣਯੋਗ ਹੈ ਕਿ ਮਨੁੱਖੀ ਦਿਮਾਗ ਦੇ ਵਿਚ 86 ਤੋਂ 100 ਬਿਲੀਅਨ (ਅਰਬ) ਦੇ ਕਰੀਬ ਨਿਊਰਾਨਜ (ਤੰਤਰ ਕੋਸ਼ਿਕਾਵਾਂ) ਹੁੰਦੀਆਂ ਹਨ ਜਿਹੜੀ ਦਿਮਾਗ ਵਿਚ ਸੁਨੇਹਾ ਪ੍ਰਾਪਤ ਕਰਦੀਆਂ ਹਨ ਅਤੇ ਸੁਨੇਹਾ ਭੇਜਦੀਆਂ ਹਨ। ਇਹ ਇਕ ਵੱਡਾ ਜਾਲ ਹੈ। ਕੋਸ਼ਕਾਵਾਂ ਦੀਆਂ ਅਗੇ ਉਪ ਸ਼੍ਰੇਣੀਆਂ ਹਨ। ਬਰੀਕ ਧਾਗਿਆਂ ਦੀ ਤਰ੍ਹਾਂ ਪੂਰਾ ਜਾਲ ਵਿਛਿਆ ਹੈ ਕਿਤਿਉਂ ਸੁਨੇਹਾ ਆ ਰਿਹਾ ਹੈ ਕਿਤਿਉ ਜਾ ਰਿਹਾ ਹੈ। ਸੋ ਅੱਦਭੁੱਤ ਦਿਮਾਗ ਦੇ ਵਿਕਾਸ ਵਿਚ ਇਹ ਨਵੀਂ ਖੋਜ਼ ਵੱਡੀ ਕ੍ਰਾਂਤੀ ਨੂੰ ਜਨਮ ਦੇਵੇਗੀ।