ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਅਮਰਜੀਤ ਸਿੰਘ ਬੇਟਾ ਸੁਖਦੇਵ ਸਿੰਘ ਵਾਸੀ ਸੂਰਘੁਰੀ ਜਿਲਾ ਫਰੀਦਕੋਟ ਉਮਰ ਛੱਬੀ ਸਾਲ ਦੀ ਮੌਤ 26 ਦਸੰਬਰ 2021 ਨੂੰ ਕੈਨੇਡਾ ਵਿੱਚ ਹੋ ਜਾਣ ਦੀ ਖ਼ਬਰ ਨੇ ਪੰਜਾਬੀ ਭਾਈਚਾਰੇ ਅੰਦਰ ਸੋਗਮਈ ਮਾਹੌਲ ਸਿਰਜ ਦਿੱਤਾ ਹੈ। ਹੋਰਨਾਂ ਪਰਵਾਸੀ ਪੰਜਾਬੀਆਂ ਦੀ ਤਰਾਂ ਆਪਣੇ ਭਵਿੱਖ ਨੂੰ ਸੁਨਿਹਰਾ ਕਰਨ ਲਈ ਮਾਪਿਆ ਦਾ ਇੱਕਲੌਤਾ ਪੁੱਤਰ ਅਮਰਜੀਤ ਸਿੰਘ , ਭੈਣ ਦਾ ਇਕੱਲਾ ਭਰਾ, ਚਾਰ ਸਾਲ ਪਹਿਲਾ ਕੈਨੇਡਾ ਦੇ ਸਰੀ ਸ਼ਹਿਰ ਆਇਆ ਸੀ ਤੇ ਜਨਵਰੀ ਸਾਲ 2022 ਵਿੱਚ ਉਸਨੇ ਕਨੇਡਾ ਦੀ ਪੱਕੀ ਨਾਗਰਿਕਤਾ ਹਾਸਿਲ ਕਰ ਲੈਣੀ ਸੀ । ਪਰ ਉਸਦੇ ਸਾਹਾਂ ਦੀ ਡੋਰ ਦਿਲ ਦਾ ਦੌਰਾ ਪੈਣ ਕਾਰਣ ਪਹਿਲਾਂ ਹੀ ਕੱਟੀ ਗਈ।
ਮ੍ਰਿਤਕ ਨੌਜਵਾਨ ਦੇ ਪਰਿਵਾਰ, ਰਿਸ਼ਤੇਦਾਰਾਂ ਤੇ ਸੂਰਘੂਰੀ ਪਿੰਡ ਦੇ ਨਿਵਾਸੀਆਂ ਵੱਲੋਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਵ:ਅਮਰਜੀਤ ਸਿੰਘ ਦੀ ਮ੍ਰਿਤਕ – ਦੇਹ ਪਿੰਡ ਸੂਰਘੁਰੀ ਜਿਲਾ ਫਰੀਦਕੋਟ ਭੇਜੀ ਜਾਵੇ ਤਾਂ ਕਿ ਪਰਿਵਾਰ ਵੱਲੋਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਤੋਂ ਪਹਿਲਾਂ ਵੀ ਦਿਲ ਦੇ ਦੌਰੇ ਕਾਰਣ ਨੌਜਵਾਨ ਅੰਤਰਰਾਸਟਰੀ ਵਿਦਿਆਰਥੀਆਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਕਨੇਡਾ ਦੇ ਵੱਖ ਵੱਖ ਸਹਿਰਾਂ ਤੋਂ ਮਿਲੀਆਂ ਹਨ ਜੋਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ । ਸਮਾਜ ਵਿੱਚ ਅਜਿਹੇ ਵਰਤਾਰਿਆਂ ਪ੍ਰਤੀ ਚਿੰਤਤ ਮਾਹਿਰਾਂ ਦਾ ਮੰਨਣਾ ਹੈ ਕਿ ਛੋਟੀ ਉਮਰ ਵਿੱਚ ਵੱਡੀਆਂ ਜਿ਼ੰਮੇਬਾਰੀਆਂ ਭਾਵ ਕਨੇਡਾ ਦਾ ਸਟੂਡੈਂਟ ਵੀਜਾ ਲੈਣ ਲਈ ਕਰਜਾ ਚੁੱਕਣਾ,ਫਿਰ ਉਸ ਕਰਜੇ ਦੇ ਬੋਝ ਨੂੰ ਹੌਲਾ ਕਰਨ ਲਈ ਪੜਾਈ ਦੇ ਨਾਲ ਨਾਲ ਜਿਆਦਾ ਘੰਟੇ ਕੰਮ ਕਰਨਾ ਵੀ ਹੋ ਸਕਦਾ ਹੈ।