‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’
ਡਾ. ਸੁਖਦੇਵ ਸਿੰਘ ਝੰਡ, ਫ਼ੋਨ: 647-567-91282020-21 ਦੌਰਾਨ ਦਿੱਲੀ ਦੀਆਂ ਬਰੂਹਾਂ ‘ਤੇ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਜਦੋਂ ਕਿਸਾਨਾਂ ਦੀਆਂ 32 ਜੱਥੇਬੰਦੀਆਂ ਵੱਲੋਂ ਪੰਜਾਬ ਵਿਚ ਆਰੰਭ ਕੀਤਾ ਗਿਆ ਕਿਸਾਨ ਅੰਦੋਲਨ 26 ਨਵੰਬਰ 2020 ਨੂੰ ਹਰਿਆਣਾ ਅਤੇ ਦਿੱਲੀ ਦੀ ਸਰਹੱਦ ‘ਤੇ ਆਣ ਪਹੁੰਚਿਆ। ਇਹ ਅੰਦੋਲਨ ਭਾਰਤ ਸਰਕਾਰ ਵੱਲੋਂ 5 ਜੂਨ 2020 ਨੂੰ ਆਰਡੀਨੈਂਸਾਂ ਵਜੋਂ ਪੇਸ਼ ਕਰਕੇ ਬਹੁ-ਗਿਣਤੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਲੋਕ ਸਭਾ ਤੇ ਰਾਜ ਸਭਾ ਵਿਚ ਬੜੀ ਕਾਹਲੀ ਨਾਲ 17 ਸਤੰਬਰ ਤੇ 20 ਸਤੰਬਰ ਨੂੰ ਪਾਸ ਕਰਵਾ ਕੇ 27 ਸਤੰਬਰ ਨੂੰ ਰਾਸ਼ਟਰਪਤੀ ਦੇ ਦਸਤਖ਼ਤ ਕਰਵਾ ਕੇ ਖੇਤੀ ਤੇ ਕਿਸਾਨ ਵਿਰੋਧੀ ਤਿੰਨ ‘ਕਾਲ਼ੇ ਖੇਤੀ ਕਾਨੂੰਨਾਂ’ ਵਿਰੱਧ ਜ਼ੋਰਦਾਰ ਆਵਾਜ਼ ਉਠਾਉਣ ਲਈ ਪੰਜਾਬ ਵਿਚ ਸ਼ੁਰੂ ਹੋਇਆ। ਹਰਿਆਣਵੀ ਭਰਾਵਾਂ ਨੂੰ ਆਪਣੇ ਨਾਲ ਲੈਂਦਾ ਹੋਇਆ ਇਹ 26 ਨਵੰਬਰ ਨੂੰ ਦਿੱਲੀ ਦੀ ‘ਸਰਹੱਦ’ ‘ਤੇ ਪਹੁੰਚਾ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾ ਖੰਡ, ਰਾਜਸਥਾਨ, ਬੰਗਾਲ ਅਤੇ ਕਰਨਾਟਕ ਦੇ ਕਿਸਾਨ ਵੀ ਇਸ ਵਿਚ ਸ਼ਾਮਲ ਹੋ ਗਏ ਅਤੇ ਜਲਦੀ ਹੀ ਇਸ ਦੀ ਗੂੰਜ ਵਿਦੇਸ਼ਾਂ ਵਿਚ ਵੀ ਪੈਣ ਲੱਗੀ।
378 ਦਿਨ ਚੱਲੇ ਇਸ ਅੰਦੋਲਨ ਵਿਚ ਲੱਗਭੱਗ 750 ਕਿਸਾਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਨੂੰ ਕਾਮਯਾਬ ਕੀਤਾ। ਸਰਕਾਰੀ ਕਮੇਟੀ ਨਾਲ ਗੱਲਬਾਤ ਦੇ 11 ਲੰਮੇਂ ਦੌਰਾਂ ਦੇ ਫੇਲ੍ਹ ਹੋਣ ਤੋਂ ਬਾਅਦ ਅਖ਼ੀਰ ਆਕੜਖ਼ੋਰ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਵੱਲੋਂ 19 ਨਵੰਬਰ ਨੂੰ ਕੀਤੇ ਗਏ ਇਨ੍ਹਾਂ ਤਿੰਨੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਨਾਲ ਸਮਾਪਤ ਹੋਇਆ। ਇਸ ਐਲਾਨ ਵਿਚ ਕਿਸਾਨਾਂ ਦੀ ਇਹ ‘ਮੁੱਖ ਮੰਗ’ ਤਾਂ ਮੰਨ ਲਈ ਗਈ ਪਰ ਫ਼ਸਲਾਂ ‘ਤੇ ਐੱਮ.ਐੱਸ.ਪੀ. ਦੇਣ ਦੀ ਇਕ ਹੋਰ ਉਚਿਤ ਮੰਗ ਲਈ ਉੱਚ-ਪੱਧਰੀ ਕਮੇਟੀ ਬਨਾਉਣ ਦਾ ਲਾਰਾ ਲਾ ਕੇ ਇਸ ਨੂੰ ਟਾਲ਼ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਇਹ ਮੰਗ ਹੁਣ ਤੱਕ ਵੀ ਪੂਰੀ ਨਹੀਂ ਕੀਤੀ ਗਈ।
ਅਗਾਂਹ-ਵਧੂ ਵਿਚਾਰਾਂ ਦਾ ਧਾਰਨੀ ਡਾ. ਸੁਰਿੰਦਰ ਧੰਜਲ ਜੋ ਕੈਨੇਡਾ ਦੀ ਥੌਂਪਸਨ ਰਿਵਰਜ਼ ਯੂਨੀਵਰਸਿਟੀ, ਕੈਮਲੂਪਸ ਵਿਚ ਕੰਪਿਊਟਰ ਸਾਇੰਸ ਦਾ ਪ੍ਰੋਫ਼ੈਸਰ ਅਮੈਰੀਟਸ ਹੈ, ਨੇ ਇਸ ਅੰਦੋਲਨ ਨੂੰ ਆਪਣੀ ਇਸ ਨਵ-ਪ੍ਰਕਾਸ਼ਿਤ ਪੁਸਤਕ ਦਾ ਵਿਸ਼ਾ ਬਣਾਇਆ ਹੈ। 72 ਪੰਨਿਆਂ ਦੀ ਇਸ ਪੁਸਤਕ ‘ਦੀਵੇ ਜਗਦੇ ਰਹਿਣਗੇ’ ਵਿਚ ਉਸ ਨੇ ਇਸ ਦੇ ਪਹਿਲੇ ਭਾਗ ਦੇ 30 ਪੰਨਿਆਂ ਵਿਚ ਆਪਣੀਆਂ 17 ਕਵਿਤਾਵਾਂ ਸ਼ਾਮਲ ਕੀਤੀਆਂ ਹਨ ਅਤੇ ਦੂਸਰੇ ਭਾਗ ਵਿਚ ਅੰਦੋਲਨ ਨਾਲ ਸਬੰਧਿਤ ਅੱਠ ‘ਅੰਤਿਕਾਵਾਂ’ ਦਿੱਤੀਆਂ ਹਨ।
ਪੁਸਤਕ ਦੇ ਟਾਈਟਲ ਦੇ ਸਿਰਲੇਖ ਵਾਲੀ ਪਹਿਲੀ ਕਵਿਤਾ ਵਿਚ ਉਹ ਇਸ ਅੰਦੋਲਨ ਵਿਚ ਕਿਸਾਨਾਂ ਵੱਲੋਂ ਇਸ ਦੀ ਕਾਮਯਾਬੀ ਦੇ ਜਗਾਏ ਹੋਏ ‘ਦੀਵਿਆਂ’ ਦੇ ਭਵਿੱਖ ਵਿਚ ਏਸੇ ਤਰ੍ਹਾਂ ਹੀ ਜਗਦੇ ਰਹਿਣ ਦੀ ਕਾਮਨਾ ਕਰਦਾ ਹੈ:
ਅੱਜ ਨੇ ਜੋ ਤੂੰ ਜਗਾਏ, ਦੀਵੇ ਜਗਦੇ ਰਹਿਣਗੇ,
ਕੱਲ੍ਹ ਨੂੰ ਜੋ ਤੂੰ ਦੀਵੇ ਜਗਾਉਣੇ, ਦੀਵੇ ਜਗਦੇ ਰਹਿਣਗੇ। (ਪੰਨਾ-12)
‘ਪਾਸ਼’ ਤੇ ‘ਪਾਤਰ’ ਦੇ ਨਾਂ ਅਰਪਿਤ ਕੀਤੀ ਗਈ ਦੂਸਰੀ ਕਵਿਤਾ ਵਿਚ ਉਹ ਪਾਤਰ ਦੀ ਕਵਿਤਾ ਦੇ ਸ਼ਿਅਰ “ਏਨਾ ਸੱਚ ਨਾ ਬੋਲ ਕਿ ‘ਕੱਲ੍ਹਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ” ਦੀ ਤਰਜ਼ ‘ਤੇ ਦੇਸ਼ ਦੇ ਹਾਕਮਾਂ ਨੂੰ ਸੰਬੋਧਿਤ ਹੈ:
ਏਨਾ ਝੂਠ ਨਾ ਬੋਲ, ਕਿ ਭੁੱਖਾ ਦੇਸ਼ ਮਰੇ,
ਖੇਤਾਂ ਦੇ ਪੁੱਤ ਰੱਖ ਲੈ, ਰਿਜ਼ਕ ਉਗਾਣ ਲਈ। (ਪੰਨਾ-14)
ਇਸ ਦੇ ਨਾਲ ਹੀ ਉਹ ਅਗਲੀ ਕਵਿਤਾ ‘ਨਸ਼ਾ’ ਵਿਚ ਹਾਕਮਾਂ ਨੂੰ ਨਸੀਹਤ ਦਿੰਦਾ ਹੈ:
ਸਤਲੁਜ ਦਾ ਵੈਰ ਪੁਆ ਨਾ, ਦਿੱਲੀ ਦੀ ਯਮਨਾ ਨਾਲ,
ਮਸਜਿਦ ਦਾ ਭੇੜ ਕਰਾ ਨਾ, ਮੰਦਰਾਂ ਤੇ ਹਵਨਾਂ ਨਾਲ,
ਕਿੰਨਾ ਚਿਰ ਦਿਨ ਕੱਟਣਗੇ, ਜੁਮਲਿਆਂ ਤੇ ਗਬਨਾਂ ਨਾਲ,
ਮੂਤਰ, ਗੋਬਰ, ਤੇ ਗਊਆਂ, ਪੱਥਰ-ਦਿਲ ਭਵਨਾਂ ਨਾਲ,
ਮਿੱਟੀ ਦੇ ਜਾਏ ਟੱਕਰਨ, ਪੱਥਰ ਦੇ ਬੁੱਤਾਂ ਨਾਲ।
ਖੇਤਾਂ ਦੇ ਪੁੱਤ ਪਏ ਲੜਦੇ, ‘ਪੈਸੇ ਦੇ ਪੁੱਤਾਂ’ ਨਾਲ। (ਪੰਨਾ-15)
‘ਐਲਾਨ’ ਨਾਮੀ ਕਵਿਤਾ ਵਿਚ ਉਹ ਐਲਾਨੀਆ ਕਹਿੰਦਾ ਹੈ:
ਹੁੰਦਾ ਹੋਵੇਗਾ ਕਦੇ ‘ਸੋਨੇ ਦੀ ਚਿੜੀ’
ਹੁੰਦਾ ਹੋਵੇਗਾ ਕਦੇ ‘ਸਾਡਾ ਭਾਰਤ ਮਹਾਨ’
ਅੱਜ-ਕੱਲ੍ਹ ਹੈ, ਲੁੱਚਾ ਲੰਡਾ ਚੌਧਰੀ
ਅੱਜ-ਕੱਲ੍ਹ ਹੈ, ਗੁੰਡੀ ਰੰਨ ਪਰਧਾਨ। (ਪੰਨਾ-19)
ਪਰ ਇਸ ਦੇ ਨਾਲ ਹੀ ਉਹ ਭਵਿੱਖ ਵਿਚ ਪੂਰਾ ਆਸਵੰਦ ਵੀ ਹੈ, ਜਦੋਂ ‘ਉਮੀਦ’ ਨਾਮਕ ਕਵਿਤਾ ਵਿਚ ਉਹ ਕਹਿੰਦਾ ਹੈ:
ਖੇਤਾਂ ਨੇ ਬੀਜੀ ਨਵੀਂ ਉਮੀਦ
ਇੱਕੋ ਖੇਤ ‘ਚ ਉੱਗਣਗੇ: ਵਿਸਾਖੀ, ਦੀਵਾਲੀ, ਈਦ
ਇੱਕੋ ਖੇਤ ‘ਚ ਪ੍ਰਕਾਸ਼ਣਗੇ: ਗੀਤਾ, ਗ੍ਰੰਥ, ਕੁਰਾਨ
ਕੋਈ ਗੁੰਡਾ ਨਹੀਂ ਬਣਨ ਦਿਆਂਗੇ
ਆਪਣੇ ਭਾਰਤ ਦਾ ਹੁਕਮਰਾਨ
ਫਿਰ ਹੋਵੇਗਾ ਸਾਡਾ ਭਾਰਤ ਮਹਾਨ। (ਪੰਨਾ-22)
ਕਵੀ ਇਹ ਭਲੀ-ਭਾਂਤ ਸਮਝਦਾ ਹੈ ਕਿ ਸ਼ਾਇਰਾਂ ਅਤੇ ਬੁੱਧੀਜੀਵੀਆਂ ਕੋਲ ‘ਇਲਮ’ (ਗਿਆਨ) ਹੈ ਅਤੇ ਹਾਕਮਾਂ ਕੋਲ ਤੇਗਾਂ, ਜੇਲ੍ਹਾਂ ਅਤੇ ਗੋਲ਼ੀਆਂ ਹਨ। ਸ਼ਾਇਰਾਂ ਕੋਲ ‘ਏਕਤਾ’ ਅਤੇ ਸੱਜਰੀ ਧੁੱਪ ਦਾ ‘ਨਿੱਘ’ ਹੈ, ਜਦਕਿ ਹਾਕਮਾਂ ਕੋਲ਼ ‘ਵੰਡੀਆਂ’ ਅਤੇ ‘ਠੰਢੀਆਂ ਰਾਤਾਂ’ ਹਨ। ਉਹ ਹਾਕਮਾਂ ਦੇ ਵਰਤਾਰੇ ਤੋਂ ਪੂਰੀ ਤਰ੍ਹਾਂ ਜਾਣੂੰ ਅਤੇ ਬਾ-ਖ਼ਬਰ ਹੈ। ਏਸੇ ਲਈ ਉਹ ਸ਼ਾਇਰ ਦੋਸਤਾਂ, ਗਾਇਕਾਂ ਅਤੇ ਬੁੱਧੀਜੀਵੀਆਂ ਨੂੰ ਜਾਗਰੂਕਤਾ ਰੂਪੀ ‘ਇਲਮ ਦੇ ਜੁਗਨੂੰ’ ਉਡਾਉਂਦੇ ਰਹਿਣ ਦੀ ਪ੍ਰੇਰਨਾ ਕਰਦਾ ਹੈ:
ਇਲਮ ਦੇ ਜੁਗਨੂੰ ਹਮੇਸ਼ਾ, ਰਹਿ ਉਡਾਉਂਦਾ ਦੋਸਤਾ!
ਤੂੰ ਸੁਰੀਲਾ ਸਾਜ਼ ਆਪਣਾ, ਰਹਿ ਵਜਾਉਂਦਾ ਦੋਸਤਾ! (ਪੰਨਾ-28)
‘ਇਲਮ’ ਦੀਆਂ ਅਜਿਹੀਆਂ ਬਹੁਤ ਸਾਰੀਆਂ ‘ਟੂਕਾਂ’ 72 ਪੰਨਿਆਂ ਦੀ ਇਸ ਛੋਟੀ ਜਿਹੀ ਪੁਸਤਕ ਵਿਚ ਦਰਜ ਹਨ ਜੋ ਇਨਸਾਨ ਨੂੰ ਅੱਗੇ ਵੱਧਣ ਲਈ ਹੱਲਾਸ਼ੇਰੀ ਦਿੰਦੀਆਂ ਹਨ। ਪੁਸਤਕ ਦੇ ਇਸ ਭਾਗ ਦੇ ਅਖ਼ੀਰ ਵਿਚ ਲੰਮੀਆਂ ਮਲਵੱਈ ਬੋਲੀਆਂ ਦੇ ਆਧਾਰ ‘ਤੇ ਇਸ ਕਿਸਾਨ ਅੰਦੋਲਨ ਨਾਲ ਜੁੜੀਆਂ ਹੋਈਆਂ ਨੌਂ ਅਗਾਂਹ-ਵਧੂ ਬੋਲੀਆਂ ਵੀ ਦਰਜ ਕੀਤੀਆਂ ਗਈਆਂ ਹਨ।
ਨਮੂੰਨੇ ਵਜੋਂ, ਇਕ ਬੋਲੀ ਹੇਠਾਂ ਹਾਜ਼ਰ ਹੈ:
ਧਰਤ ਪੰਜਾਬੋਂ ਚੜ੍ਹੇ ਕਾਫ਼ਲੇ,
ਕਿਰਤੀ ਤੇ ਕਿਰਸਾਨੀ
ਹਰਿਆਣੇ ‘ਚੋਂ ਲੋਕਾਂ ਦਾ ਹੜ੍ਹ,
ਚੜ੍ਹ ਆਇਆ ਤੂਫ਼ਾਨੀ,
ਯੂ. ਪੀ., ਉੱਤਰਾਖੰਡ, ਬਿਹਾਰੀ,
ਨਾਲ਼ੇ ਰਾਜਸਥਾਨੀ
ਲੁੱਟ ਪੁੱਟ ਕੇ ਕਿਰਸਾਨਾਂ ਤਾਈਂ,
ਭਰਦਾ ਢਿੱਡ ਅਡਾਨੀ
ਲਾਲ ਕਿਲ੍ਹੇ ਨੂੰ ਧਰ’ਤਾ ਗਹਿਣੇ,
ਨਿੱਤ ਕਰਦੈ ਮਨਮਾਨੀ
ਘੇਰਿਆ ਪਹਿਲਾਂ ਅੜਾ ਅਡਾਨੀ,
ਫਿਰ ਘੇਰਿਆ ਅੰਬਾਨੀ
ਘੇਰ ਲਏ ਸੱਭ ਲੋਟੂ ਜੋ ਸੀ,
ਕਰਦੇ ਕਾਰਸਤਾਨੀ
ਬਿੱਲ ਵਾਪਸ ਮੁੜਵਾਉਣੇ ਦਿੱਲੀਏ,
ਸਿੱਧੀ ਗੱਲ ਐਲਾਨੀ
‘ਕੱਠ ਕਿਸਾਨਾਂ ਦਾ,
ਧਮਕ ਪਵੇ ਅਸਮਾਨੀਂ
‘ਕੱਠ ਮਜ਼ਦੂਰਾਂ ਦਾ
ਧਮਕ ਪਵੇ ਅਸਮਾਨੀਂ …
ਏਕਾ ਕਿਰਤੀ ਦਾ
ਧਮਕ ਪਵੇ ਅਸਮਾਨੀਂ …
(ਬਈ) ਕਹਿੰਦੇ ਛੱਡਾਂਗੇ,
ਯਾਦ ਕਰ ਕੇ ਨਾਨੀ। … … (ਪੰਨਾ-35)
ਪੁਸਤਕ ਦੇ ਦੂਸਰੇ ਭਾਗ ਵਿਚ ਲੇਖਕ ਵੱਲੋਂ ਅੱਠ ਅੰਤਿਕਾਵਾਂ ਦਰਜ ਕੀਤੀਆਂ ਗਈਆਂ ਹਨ। ਪਹਿਲੀਆਂ ਪੰਜ ਅੰਤਿਕਾਵਾਂ ਵਿਚ ਸੱਭ ਤੋਂ ਪਹਿਲਾਂ 3 ਦਸੰਬਰ 2020 ਨੂੰ ਗਿਆਰਾਂ ਇੰਡੋ-ਕੈਨੇਡੀਆਂ ਜੱਥੇਬੰਦੀਆਂ ਵੱਲੋਂ ਅਤੇ ਫਿਰ ਇਨ੍ਹਾਂ ਦੀ ਗਿਣਤੀ ਲਗਾਤਾਰ ਵੱਧਦੀ ਜਾਣ ‘ਤੇ 5 ਦਸੰਬਰ ਨੂੰ ਸੋਲਾਂ, 7 ਦਸੰਬਰ ਨੂੰ ਪੈਂਤੀ, 15 ਦਸੰਬਰ ਨੂੰ ਸੱਠ ਅਤੇ 24 ਦਸੰਬਰ ਨੂੰ ਸੱਤਰ ਜੱਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਮਤੇ ਪਾਸ ਕਰਕੇ ਵੱਖ-ਵੱਖ ਥਾਵਾਂ ‘ਤੇ ਭੇਜੇ ਜਾਣ ਦੀ ਵੱਡਮੁੱਲੀ ਜਾਣਕਾਰੀ ਸ਼ਾਮਲ ਹੈ। ਇਨ੍ਹਾਂ ਮਤਿਆਂ ਵਿਚ ਕੇਂਦਰ ਸਰਕਾਰ ਦੀਆਂ “ਨਿੰਦਣਯੋਗ ਗੱਲਾਂ” ਅਤੇ ਕਿਸਾਨ ਅੰਦੋਲਨ ਦੇ ਸ਼ਾਂਤਮਈ ਰਹਿਣ ਤੇ ਵੱਖ-ਵੱਖ ਭਾਈਚਾਰਿਆਂ ਵੱਲੋਂ ਇਸ ਵਿਚ ਮਿਲੇ ਸਹਿਯੋਗ ਦੀਆਂ “ਸ਼ਲਾਘਾਯੋਗ ਗੱਲਾਂ” ਦੇ ਨਾਲ ਨਾਲ ਕਿਸਾਨ-ਆਗੂਆਂ ਨੂੰ ਸਰਕਾਰਾਂ ਦੀਆਂ “ਪਾੜੋ ਤੇ ਰਾਜ ਕਰੋ” ਵਰਗੀਆਂ ਬਦਨੀਤੀਆਂ ਤੋਂ ਸੁਚੇਤ ਰਹਿਣ ਦੀ ਗੱਲ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਮਤਿਆਂ ਵਿਚ ਕਿਸਾਨ-ਮਜ਼ਦੂਰ ਏਕਤਾ ਦੇ ਸੰਘਰਸ਼ ਵਿਚ, ਭਾਰਤ ਸਰਕਾਰ ਨੂੰ ਰੋਸ ਵਜੋਂ ਆਪਣੇ ਤਗ਼ਮੇਂ ਅਤੇ ਮਾਣ-ਸਨਮਾਨ ਵਾਪਸ ਕਰਨ ਵਾਲੇ ਵਿਅੱਕਤੀਆਂ ਅਤੇ ਅਹਿਮ ਸਰਕਾਰੀ ਨੌਕਰੀਆਂ ਤੋਂ ਅਸਤੀਫ਼ੇ ਦੇਣ ਵਾਲੇ ਲੋਕਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ ਹੈ।
ਛੇਵੀਂ ਅੰਤਿਕਾ ਵਿਚ ਹਮਾਇਤ ਕਰਨ ਵਾਲੀਆਂ ਇਨ੍ਹਾਂ 70 ਜੱਥੇਬੰਦੀਆਂ ਦੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਸ਼ਮੂਲੀਅਤ ਦਰਸਾਈ ਗਈ ਹੈ ਜਿਸ ਵਿਚ ਕੈਮਲੂਪਸ ਤੋਂ 4, ਸਰੀ/ਵੈਨਕੂਵਰ ਤੋਂ 21, ਟੋਰਾਂਟੋ ਤੋਂ 17, ਕੈਲਗਰੀ ਤੋਂ 14, ਵਿੰਨੀਪੈੱਗ ਤੋਂ 7, ਐਡਮੰਟਨ ਤੋਂ 5 ਅਤੇ ਐਬਟਸਫੋਰਡ ਤੋਂ 2 ਜੱਥੇਬੰਦੀਆਂ ਦੇ ਨਾਂ ਸ਼ਾਮਲ ਹਨ। ਸੱਤਵੀਂ ਅੰਤਿਕਾ ਵਿਚ ਪੁਸਤਕ ਲੇਖਕ ਵੱਲੋਂ ਇਸ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਬਾਰੇ ਅਖ਼ਬਾਰਾਂ ਤੇ ਹੋਰ ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਦਰਜ ਕੀਤੀ ਗਈ ਹੈ ਅਤੇ ਅਖ਼ੀਰਲੀ ਅੱਠਵੀਂ ਅੰਤਿਕਾ ਵਿਚ ਹਿੰਦੀ ਦੀ ਅਖ਼ਬਾਰ ‘ਦੈਨਿਕ ਭਾਸਕਰ’ ਵੱਲੋਂ 19 ਦਸੰਬਰ 2021 ਨੂੰ ਕਿਸਾਨ ਅੰਦੋਲਨ ਦੇ 318 ਦਿਨਾਂ ਵਿਚ 714 ਕਿਸਾਨਾਂ ਦੀ ਹੋਈ ਸ਼ਹੀਦੀ ਬਾਰੇ ਛਾਪੀ ਗਈ ਰੰਗਦਾਰ ਤਸਵੀਰ ਦਿੱਤੀ ਗਈ ਹੈ ਜਿਸ ਵਿਚ ਕਿਸਾਨਾਂ ਦੇ ਵਾਹੀ ਦੇ ਪੁਰਾਣੇ ਪ੍ਰਮੁੱਖ ਸੰਦ ‘ਲੱਕੜ ਦੇ ਹਲ਼’ ਉੱਪਰ ਹਰੇ ਰੰਗ ਦੀ ਪੱਗੜੀ ਬੰਨ੍ਹੀ ਹੋਈ ਵਿਖਾਈ ਗਈ ਹੈ। ਇਸ ਦੀ ਪਿੱਠ-ਭੂਮੀ ਵਿਚ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਨਾਂ ਹਿੰਦੀ ਵਿਚ ਦਰਜ ਹਨ।
72 ਪੰਨਿਆਂ ਦੀ ਇਸ ਛੋਟੀ ਜਿਹੀ ਕਿਤਾਬ ਉੱਪਰ ਡਾ. ਧੰਜਲ ਨੇ ਬੜੀ ਮਿਹਨਤ ਕੀਤੀ ਹੈ। ਇਸ ਪੁਸਤਕ ਦਾ ਟਾਈਟਲ ਬੜਾ ਪ੍ਰਭਾਵਸ਼ਾਲੀ ਹੈ। ਮੋਢੇ ‘ਤੇ ਕਹੀ ਚੁੱਕੀ ਤੇ ਹੱਥ ਵਿਚ ਰੰਬਾ ਫੜ੍ਹੀ ਕਿਸਾਨ ਹਰੀਆਂ ਕਚੂਰ ਕਣਕਾਂ ਦੇ ਆਪਣੇ ਖੇਤਾਂ ਵਿਚ ਖੜਾ ਹੈ। ਉੱਪਰ, ਇਸ ਕਣਕ ਦੀਆਂ ਹਰੀਆਂ ਬੱਲੀਆਂ ਜਦੋਂ ਲਾਲਗੀ ਫੜ੍ਹਦੀਆਂ ਹਨ ਤਾਂ ਉਨ੍ਹਾਂ ਵਿੱਚੋਂ ਟਪਕਦੀਆਂ ਲਹੂ ਦੀਆਂ ਬੂੰਦਾਂ ਹੇਠਾਂ ਲਹੂ ਰੰਗੇ ਦੀਵਿਆਂ ਵਿਚ ਡਿਗਦੀਆਂ ਹਨ ਜਿਨ੍ਹਾਂ ਦੀ ਬਦੌਲਤ ਇਹ ਦੀਵੇ ਲਟ-ਲਟ ਬਲ਼ ਰਹੇ ਹਨ। ਪੁਸਤਕ ਦੇ ਟਾਈਟਲ ਪੰਨੇ ਦੇ ਪਿਛਲੇ ਪਾਸੇ ਡਾ. ਧੰਜਲ ਦੀਆਂ ਪੰਜ ਪ੍ਰਤੀਨਿਧ ਕਵਿਤਾਵਾਂ ਦੀਆਂ ਕੁਝ ਟੂਕਾਂ ਦਰਜ ਕੀਤੀਆਂ ਗਈਆਂ ਹਨ ਜੋ ਇਸ ਪੁਸਤਕ ਦੀਆਂ ਸਮੁੱਚੀਆਂ ਕਵਿਤਾਵਾਂ ਦੇ ਸੰਦਰਭ ਦੀ ਭਲੀ-ਭਾਂਤ ਤਰਜਮਾਨੀ ਕਰਦੀਆਂ ਹਨ।
ਇਸ ਪੁਸਤਕ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੀ ਸਥਿਤ ਫ਼ਾਈਨ ਲਾਈਨ ਪ੍ਰਿੰਟਿੰਗ ਲਿਮਿਟਡ ਵੱਲੋਂ ਬੜੀ ਰੀਝ ਅਤੇ ਖ਼ੂਬਸੂਰਤੀ ਨਾਲ ਛਾਪਿਆ ਗਿਆ ਹੈ। ਪੁਸਤਕ ਦੇ ਛਾਪਕ ਅਤੇ ਇਸ ਦੇ ਸਹਿਯੋਗੀ ਪ੍ਰਕਾਸ਼ਕ ਸ਼ਹੀਦ ਊਧਮ ਸਿੰਘ ਹੈੱਲਪਿੰਗ ਹੈਂਡ ਫ਼ਾਊਂਡੇਸ਼ਨ (+1 604-514-6507, ਮੋਬਾਇਲ +1 778-549-7396) ਇਸ ਦੇ ਲਈ ਵਧਾਈ ਦੇ ਹੱਕਦਾਰ ਹਨ। ਮੈਂ ਲੇਖਕ ਤੇ ਪ੍ਰਕਾਸ਼ਕ ਦੋਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਪੰਜਾਬੀ ਪਾਠਕਾਂ ਨੂੰ ਇਹ ਮੁੱਲਵਾਨ ਪੁਸਤਕ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਸ਼ ਕਰਦਾ ਹਾਂ।