ਦੁੱਧ ਦੀ ਰਾਖੀ ਬਿੱਲਾ ਬੈਠਾ —-

ਨਸ਼ਿਆਂ ਵਿਰੁੱਧ ਯੁੱਧ ਵਿੱਚ ਕਾਲੀਆਂ ਭੇਡਾਂ ਦਾ ਭੜਥੂ
ਮੋਹਨ ਸ਼ਰਮਾ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਇੱਕ ਮਾਰਚ 2025 ਤੋਂ ਸ਼ੁਰੂ ਕੀਤਾ ਗਿਆ ਹੈ। ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਸਬੰਧ ਵਿੱਚ ਜ਼ੀਰੋ ਟੋਲਰੈਂਸ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਸੱਥਰ ਵਿਛਾਉਣ ਵਾਲੇ ਨਸ਼ੇ ਦੇ ਵਿਉਪਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸੰਬੰਧ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਅੰਦਾਜਨ 64 ਦੋਸ਼ੀਆਂ ਨੂੰ ਰੋਜ਼ਾਨਾਂ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਕਈ ਥਾਵਾਂ ਤੇ ਇਸ ਕਾਲੇ ਧੰਦੇ ਰਾਹੀਂ ਬਣਾਈਆਂ ਜਾਇਦਾਦਾਂ ਤੇ ਬੁਲਡੋਜ਼ਰ ਵੀ ਫਿਰਿਆ ਹੈ। ਇਨਾ ਦਲੇਰਾਨਾ ਕਦਮਾਂ ਲਈ ਪੰਜਾਬ ਦੇ ਲੋਕ ਭਾਵੇਂ ਖੁਸ਼ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਧੰਦੇ ਨਾਲ ਸਬੰਧਤ ਵੱਡੇ ਮਗਰਮੱਛ ਹਾਲਾਂ ਪਹੁੰਚ ਤੋਂ ਬਾਹਰ ਹਨ।
ਪੰਜਾਬ ਸਰਕਾਰ ਵੱਲੋਂ ਇਹ ਵੀ ਪ੍ਰਗਟਾਵਾ ਕੀਤਾ ਗਿਆ ਹੈ ਕਿ ਪੁਲਿਸ ਵਿਭਾਗ ਵਿੱਚ ਅੰਦਾਜਨ 10-12 ਹਜ਼ਾਰ ਅਜਿਹੀਆਂ ਕਾਲੀਆਂ ਭੇਡਾਂ ਨੇ ਘੁਸਪੈਠ ਕੀਤੀ ਹੋਈ ਹੈ ਜਿਸ ਕਾਰਨ ਸਾਰਾ ਪੁਲਿਸ ਵਿਭਾਗ ਹੀ ਬਦਨਾਮ ਹੋ ਰਿਹਾ ਹੈ। ਪੰਜਾਬ ਸਰਕਾਰ ਦਾ ਇਹ ਕਥਨ ਉਸ ਵੇਲੇ ਸੱਚਾਈ ਦਾ ਰੂਪ ਧਾਰ ਗਿਆ ਜਦੋਂ 2 ਅਪ੍ਰੈਲ 2025 ਨੂੰ ਬਠਿੰਡਾ ਦੀ ਐਂਟੀ ਨਾਰਕੋਟੈਕਸ ਫੋਰਸ ਅਤੇ ਲੋਕਲ ਪੁਲਿਸ ਨੇ ਆਈ.ਪੀ.ਐਸ ਅਧਿਕਾਰੀ ਦੀ ਅਗਵਾਈ ਵਿੱਚ ਨਾਕਾ ਲਾ ਕੇ ਸੀਨੀਅਰ ਮਹਿਲਾ ਕਾਂਸਟੇਬਲ ਨੂੰ 17 ਗ੍ਰਾਮ ਚਿੱਟੇ ਸਮੇਤ ਫੜ ਲਿਆ। ਉਹ ਆਪਣੀ ਕਾਲੇ ਰੰਗ ਦੀ ਨਵੀਂ ਥਾਰ ਗੱਡੀ ਵਿੱਚ ਇਹ ਚਿੱਟਾ ਅਗਾਂਹ ਸਪਲਾਈ ਕਰਨ ਜਾ ਰਹੀ ਸੀ। ਵਰਦੀ ਦੇ ਆੜ ਵਿੱਚ ਉਹ ਇਹ ਕਾਲਾ ਧੰਦਾ ਕਾਫੀ ਸਮੇਂ ਤੋਂ ਕਰ ਰਹੀ ਸੀ। ਮੌਕੇ ਤੇ ਉਸ ਕੋਲੋਂ ਦੋ ਮਹਿੰਗੇ ਆਈਫੋਨ ਵੀ ਬਰਾਮਦ ਕੀਤੇ ਗਏ। ਪਤਾ ਲੱਗਿਆ ਹੈ ਕਿ ਫੜਨ ਵਾਲੇ ਅਧਿਕਾਰੀਆਂ ਨਾਲ ਉਹ ਬੜੇ ਰੋਅਬ ਨਾਲ ਪੇਸ਼ ਆਈ ਅਤੇ ਕਿਸੇ ਸੀਨੀਅਰ ਅਧਿਕਾਰੀ ਦਾ ਨਾਂ ਲੈ ਕੇ ਉਸ ਨਾਲ ਗੱਲ ਕਰਵਾਉਣ ਲਈ ਕਿਹਾ, ਪਰ ਮੌਕੇ ਦੇ ਅਧਿਕਾਰੀਆਂ ਨੇ ਉਸ ਦੀ ਕੋਈ ਪੇਸ਼ ਨਾ ਜਾਣ ਦਿੱਤੀ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਇੱਕ ਦਿਨ ਦਾ ਅਤੇ ਫਿਰ ਅਦਾਲਤ ਵੱਲੋਂ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਲਿਆ ਗਿਆ ਹੈ।
ਇਸ ਪੱਖ ਵਿੱਚ ਇੱਕ ਰੌਚਿਕ ਤੱਥ ਹੋਰ ਸਾਹਮਣੇ ਆਇਆ ਹੈ। ਬਠਿੰਡਾ ਵਿਖੇ ਹੀ ਰਹਿਣ ਵਾਲੀ ਇੱਕ ਔਰਤ ਨੇ ਸੋਸ਼ਲ ਮੀਡੀਆ ਤੇ ਸਾਹਮਣੇ ਆਕੇ ਪ੍ਰਗਟਾਵਾ ਕੀਤਾ ਕਿ ਉਸਦਾ ਪਤੀ ਬਲਵਿੰਦਰ ਸਿੰਘ ਸੋਨੂ ਜੋ ਐਂਬੂਲੈਂਸ ਡਰਾਈਵਰ ਹੈ, ਸਾਲ 2022 ਤੋਂ ਉਸ ਨੂੰ ਅਤੇ ਉਸਦੇ ਦੋ ਬੱਚਿਆਂ ਨੂੰ ਛੱਡ ਕੇ ਸ਼ਰੇਆਮ ਉਸ ਮਹਿਲਾ ਕਾਂਸਟੇਬਲ ਨਾਲ ਰਹਿ ਰਿਹਾ ਹੈ ਅਤੇ ਦੋਨੋਂ ਰਲ ਕੇ ਚਿੱਟਾ ਵੇਚਣ ਦਾ ਧੰਦਾ ਕਰਦੇ ਹਨ। ਐਂਬੂਲੈਂਸ ਅਤੇ ਪੁਲਿਸ ਵਰਦੀ ਦੀ ਆੜ ਵਿੱਚ ਬਿਨ੍ਹਾਂ ਕਿਸੇ ਡਰ-ਭੈਅ ਤੋਂ ਇਹ ਕਾਲਾ ਧੰਦਾ ਕਰ ਰਹੇ ਹਨ। ਮਹਿਲਾ ਕਾਂਸਟੇਬਲ ਦੀ ਅਸਲ ਨਿਯੁਕਤੀ ਮਾਨਸਾ ਜ਼ਿਲ੍ਹੇ ਵਿੱਚ ਹੈ, ਪਰ ਉਸਨੇ ਆਰਜ਼ੀ ਤੌਰ ਤੇ ਬਠਿੰਡਾ ਪੁਲਿਸ ਵਿੱਚ ਬਦਲੀ ਕਰਵਾ ਲਈ ਹੈ। ਪੀੜਿਤ ਔਰਤ ਨੇ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ ਬਠਿੰਡਾ ਦੀ ਵਿਰਾਟ ਗਰੀਨ ਕਲੋਨੀ ਵਿੱਚ ਇਸ ਦੀ ਦੋ ਕਰੋੜ ਦੀ ਕੋਠੀ ਹੈ। ਤਿੰਨ-ਚਾਰ ਹੋਰ ਪਲਾਟ ਵੀ ਹਨ। ਮਹਿੰਗੀਆਂ ਗੱਡੀਆਂ, ਮਹਿੰਗੇ ਫੋਨ, ਸ਼ਾਹੀ ਠਾਠ-ਬਾਠ ਨਾਲ ਰਹਿਣ ਵਾਲੀ ਇਹ ਮਹਿਲਾ ਕਾਂਸਟੇਬਲ ਐਨੀ ਵੱਡੀ ਜਾਇਦਾਦ ਦੀ ਮਾਲਕਣ ਕਿੰਜ ਬਣ ਗਈ? ਉਸ ਔਰਤ ਵੱਲੋਂ ਇਹ ਵੀ ਪ੍ਰਗਟਾਵਾ ਕੀਤਾ ਗਿਆ ਕਿ ਉਹ ਇਸ ਮਹਿਲਾ ਪੁਲਿਸ ਕਰਮਚਾਰੀ ਅਤੇ ਆਪਣੇ ਪਤੀ ਬਲਵਿੰਦਰ ਸਿੰਘ ਦੀਆਂ ਗਤੀਵਿਧੀਆਂ ਤੇ ਕਰੜੀ ਨਜ਼ਰ ਰੱਖ ਰਹੀ ਸੀ। 4 ਫਰਵਰੀ 2025 ਨੂੰ ਇਹਨਾਂ ਵੱਲੋਂ ਚਿੱਟੇ ਰੰਗ ਦੀ ਵਰੁਨਾ ਗੱਡੀ ਵਿੱਚ ਫਾਜਿਲਕਾ ਤੋਂ 1 ਕਿਲੋ 300 ਗ੍ਰਾਮ ਚਿੱਟਾ ਲਿਆਂਦਾ ਗਿਆ। ਰਾਹ ਵਿੱਚ ਨਾਕੇ ਵਾਲਿਆਂ ਨੇ ਇਹਨਾਂ ਦੀ ਗੱਡੀ ਰੋਕੀ। ਦੋ ਪੁਲਿਸ ਕਰਮਚਾਰੀਆਂ ਨੇ ਗੱਡੀ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਪਰ ਇਸ ਮਹਿਲਾ ਕਰਮਚਾਰੀ ਦੇ ਰੌਲਾ ਪਾਉਣ ਤੇ ਉਹ ਪਿੱਛੇ ਹਟ ਗਏ। ਨਾਕੇ ਵਾਲੇ ਪੁਲਿਸ ਕਰਮਚਾਰੀਆਂ ਨਾਲ ਉਸ ਵੇਲੇ ਲੇਡੀ ਪੁਲਿਸ ਨਾ ਹੋਣ ਕਾਰਨ ਉਹਨਾਂ ਨੂੰ ਮਜਬੂਰ ਹੋਕੇ ਪਿੱਛੇ ਹੱਟਣਾ ਪਿਆ। ਉਸ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਸ ਕੋਲ ਠੋਸ ਸਬੂਤ ਹਨ ਅਤੇ ਉਨਾਂ ਸਬੂਤਾਂ ਦੇ ਆਧਾਰ ਤੇ ਹੀ ਪ੍ਰਗਟਾਵਾ ਕਰ ਰਹੀ ਹਾਂ ਕਿ ਇਸ ਮਹਿਲਾ ਪੁਲਿਸ ਕਰਮਚਾਰੀ ਦੇ ਕਈ ਪੁਲਿਸ ਅਧਿਕਾਰੀਆਂ ਨਾਲ ਨਜਾਇਜ਼ ਸਬੰਧ ਹਨ। ਸਮਾਂ ਆਉਣ ਤੇ ਉਹ ਉਹਨਾਂ ਦੇ ਨਾਂ ਵੀ ਨਸ਼ਰ ਕਰ ਦੇਵੇਗੀ। ਇਨਾਂ ਸਬੰਧਾਂ ਕਾਰਨ ਹੀ ਉਹ ਹਰ ਇੱਕ ਨੂੰ ਟਿੱਚ ਸਮਝਦੀ ਰਹੀ।
ਉਸ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਹ ਪਿਛਲੇ ਤਿੰਨ ਚਾਰ ਸਾਲਾਂ ਤੋਂ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਉਂਦੀ ਰਹੀ ਹੈ। ਪਰ ਇਹਨਾਂ ਦੋਨਾਂ ਨੂੰ ਕਿਸੇ ਨੇ ਹੱਥ ਨਹੀਂ ਪਾਇਆ। ਹਾਂ, ਇੱਕ ਵਾਰ ਇਸ ਉੱਪਰ ਐਨ.ਡੀ.ਪੀ.ਐਸ ਦਾ ਕੇਸ ਪਾਇਆ ਗਿਆ ਸੀ, ਪਰ ਉੱਚ ਅਧਿਕਾਰੀਆਂ ਨਾਲ ਸਬੰਧਾਂ ਕਾਰਨ ਇਸ ਨੇ ਕੇਸ ਰੱਦ ਕਰਵਾ ਲਿਆ ਸੀ।
ਦਰਅਸਲ ਜਦੋਂ ਮਾਲੀ ਦਗਾਬਾਜ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ। ਜਦੋਂ ਦਰਬਾਨ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਮਾਲਕ ਦੀ ਜਾਨ-ਮਾਲ ਸੁਰੱਖਿਅਤ ਨਹੀਂ ਰਹਿੰਦੀ ਅਤੇ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਕਿਸਾਨ ਦੀ ਹਾਲਤ ਪਾਣੀਉਂ ਪਤਲੀ ਅਤੇ ਕੱਖੋਂ ਹੌਲੀ ਹੋ ਜਾਂਦੀ ਹੈ।
ਇਸ ਮਹਿਲਾ ਕਰਮਚਾਰੀ ਦੀ ਕੁੱਲ ਸਰਵਿਸ ਅੰਦਾਜ਼ਨ 14 ਸਾਲ ਦੀ ਹੈ। ਆਪਣੀ ਸਰਵਿਸ ਦਰਮਿਆਨ ਇਹ ਕਈ ਵਿਵਾਦਾਂ ਵਿੱਚ ਘਿਰੀ ਰਹੀ ਹੈ। ਆਪਣੀ 14 ਸਾਲਾਂ ਦੀ ਸਰਵਿਸ ਦਰਮਿਆਨ ਇਸ ਦੀ 31 ਵਾਰ ਬਦਲੀ ਹੋਈ ਅਤੇ ਦੋ ਵਾਰ ਸਸਪੈਂਡ ਵੀ ਹੋਈ। ਕੁੱਝ ਸਮਾਂ ਪਹਿਲਾਂ ਮੁਕਤਸਰ ਦੇ ਇੱਕ ਬਜ਼ੁਰਗ ਤੇ ਇਸ ਨੇ ਛੇੜਛਾੜ ਦਾ ਕੇਸ ਕੀਤਾ। ਕੇਸ ਮਾਨਸਾ ਦੀ ਅਦਾਲਤ ਵਿੱਚ ਚਲਦਾ ਰਿਹਾ। ਫਿਰ ਇਸ ਨੇ ਆਪਣਾ ਅਸਰ ਰਸੂਖ਼ ਵਰਤ ਕੇ ਕੇਸ ਬਠਿੰਡਾ ਅਦਾਲਤ ਵਿੱਚ ਟਰਾਂਸਫਰ ਕਰਵਾ ਲਿਆ। ਕੁਝ ਸਮੇਂ ਬਾਅਦ ਬਜ਼ੁਰਗ ਨਾਲ ‘ਸਮਝੌਤਾ’ ਕਰਕੇ ਕੇਸ ਵਾਪਸ ਲੈ ਲਿਆ। ਇਸ ਮਹਿਲਾ ਪੁਲਿਸ ਕਰਮਚਾਰੀ ਦੇ ਕਾਲੇ ਕਾਰਨਾਮੇ ਸਾਹਮਣੇ ਆਉਣ ਤੇ ਇਸ ਤਰ੍ਹਾਂ ਦੇ ਗੰਭੀਰ ਪ੍ਰਸ਼ਨ ਉੱਠ ਰਹੇ ਹਨ :
1) ਇਸ ਮਹਿਲਾ ਕਰਮਚਾਰੀ ਦੀ ਤੈਨਾਤੀ ਮਾਨਸਾ ਐਸ.ਐਸ.ਪੀ. ਦਫ਼ਤਰ ਵਿੱਚ ਸੀ। ਕਿਸ ਅਧਿਕਾਰੀ ਦੀ ‘ਮਿਹਰਬਾਨੀ’ ਸਦਕਾ ਇਹ ਬਠਿੰਡਾ ਪੁਲਿਸ ਲਾਈਨ ਦੇ ਹਸਪਤਾਲ ਵਿੱਚ ਕੰਮ ਕਰ ਰਹੀ ਸੀ?
2) ਗੁਰਮੀਤ ਕੌਰ ਨਾਂ ਦੀ ਔਰਤ ਨੇ ਪਿਛਲੇ ਅੰਦਾਜ਼ਨ ਤਿੰਨ ਚਾਰ ਸਾਲਾਂ ਤੋਂ ਇਸ ਦੇ ਕਾਲੇ ਕਾਰਨਾਮਿਆਂ ਸਬੰਧੀ ਥੱਬਾ ਭਰ ਅਰਜੀਆਂ ਮੁੱਖ ਮੰਤਰੀ ਦੇ ਦਫ਼ਤਰ ਅਤੇ ਦੂਜੇ ਉੱਚ ਅਧਿਕਾਰੀਆਂ ਨੂੰ ਭੇਜੀਆਂ। ਪਰ ਇਹ ਆਪਣੇ ਅਸਰ ਰਸੂਖ਼ ਨਾਲ ਉਹ ਅਰਜ਼ੀਆਂ ਫਾਈਲ ਕਰਵਾਉਂਦੀ ਰਹੀ।
3) ਹਾਲਾਂਕਿ ਇਸ ਨੇ ਕਾਬੂ ਨਹੀਂ ਸੀ ਆਉਣਾ ਜੇਕਰ ਐਂਟੀ ਨਾਰਕੋਟਿਕਸ ਫੋਰਸ ਅਤੇ ਲੋਕਲ ਪੁਲਿਸ ਆਈ.ਪੀ.ਐਸ ਅਧਿਕਾਰੀ ਦੀ ਅਗਵਾਈ ਵਿੱਚ ਨਾਕਾ ਨਾ ਲਾਉਂਦੀ।
4) ਸਰਕਾਰੀ ਹਸਪਤਾਲ ਬਠਿੰਡਾ ਵਿਖੇ ਇਸ ਨੇ ਡਿਊਟੀ ਤੇ ਹਾਜ਼ਰ ਡਾਕਟਰ ਨਾਲ ਦੁਰਵਰਤਾਉ ਕੀਤਾ। ਹਸਪਤਾਲ ਦੇ ਸਾਰੇ ਡਾਕਟਰ ਰੋਸ਼ ਵੱਜੋਂ ਇੱਕ ਦਿਨ ਦੀ ਹੜਤਾਲ ਤੇ ਰਹੇ। ਇਸ ਦੀ ਸ਼ਿਕਾਇਤ ਵੀ ਕੀਤੀ, ਪਰ ਕੁਝ ਨਹੀਂ ਹੋਇਆ।
5) ਹਸਪਤਾਲ ਵਿੱਚ ਹੀ ਗੁਰਮੀਤ ਕੌਰ ਨਾਲ ਇਹ ਗੁੱਥਮ- ਗੁੱਥਾ ਵੀ ਹੋਈ। ਸ਼ਿਕਾਇਤ ਕੀਤੀ ਗਈ, ਪਰ ਕੁਝ ਨਹੀਂ ਸੀ ਬਣਿਆ।
6) ‘ਇੰਸਟਾਗਰਾਮ ਕੁਈਨ’ ਅਤੇ ‘ਮੇਰੀ ਜਾਨ’ ਵਜੋਂ ਜਾਣੀ ਜਾਂਦੀ ਇਹ ਮਹਿਲਾ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਸੁਹਿਰਦ ਨਹੀਂ ਰਹੀ। ਇਹ ਗੰਭੀਰ ਜਾਂਚ ਦਾ ਵਿਸ਼ਾ ਹੈ।
7) ਕਿਹੜੇ ਕਿਹੜੇ ਪੁਲਿਸ ਦੇ ਉੱਚ ਅਧਿਕਾਰੀ ਜਾਂ ਸਿਆਸਤਦਾਨ ਇਸ ਦਾ ਬਚਾਉ ਕਰਦੇ ਰਹੇ। ਇਹ ਸਭ ਕੁਝ ਇਸ ਦੇ ਦੋਨੋਂ ਆਈਫੋਨ ਖੰਘਾਲਣ ਉਪਰੰਤ ਪਤਾ ਲੱਗ ਸਕਦਾ ਹੈ।
8) ਇਹ ਮਹਿਲਾ ਪੁਲਿਸ ਕਰਮਚਾਰੀ ਜ਼ਿਆਦਾਤਰ ਮੈਡੀਕਲ ਛੁੱਟੀ ਤੇ ਹੀ ਰਹਿੰਦੀ ਸੀ। ਮੈਡੀਕਲ ਸਰਟੀਫਿਕੇਟ ਕਿਸ ਸਮਰੱਥ ਅਧਿਕਾਰੀ ਤੋਂ ਕਿਸ ਬਿਮਾਰੀ ਕਾਰਨ ਲੈਂਦੀ ਰਹੀ।
9) ਮਹਿੰਗੀ ਕੋਠੀ, ਪਲਾਟ, ਕਾਰਾਂ, ਮੋਟਰਸਾਈਕਲ ਅਤੇ ਹੋਰ ਐਸ਼ ਪ੍ਰਸਤੀ ਦੇ ਸਮਾਨ ਲਈ ਪੈਸਾ ਕਿੱਥੋਂ ਆਇਆ। 60-70 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਨਾਲ ਇਹ ਸਭ ਕੁਝ ਬਣਨਾ ਸੰਭਵ ਨਹੀਂ ਹੈ।
10) ਗੁਰਮੀਤ ਕੌਰ ਵਰਗੀਆਂ ਹੋਰ ਕਿਨ੍ਹੀਆਂ ਕੁ ਔਰਤਾਂ ਦੇ ਇਸਨੇ ਘਰ ਉਜਾੜੇ?
11) ਚਿੱਟਾ ਕਿੱਥੋਂ ਖਰੀਦ ਕੇ ਲਿਆਉਂਦੀ ਸੀ ਅਤੇ ਅਗਾਂਹ ਸਪਲਾਈ ਕਿੱਥੇ ਕਿੱਥੇ ਕਰਦੀ ਸੀ।
ਦਰਅਸਲ ਅਜਿਹੀਆਂ ਔਰਤਾਂ ਪੁਲਿਸ ਵਿਭਾਗ ਲਈ ਹੀ ਧੱਬਾ ਨਹੀਂ, ਸਗੋਂ ਸਮਾਜ, ਪ੍ਰਾਂਤ ਅਤੇ ਦੇਸ਼-ਧਿਰੋਹੀ ਵੀ ਹਨ। ਲੋਕ ਗੰਭੀਰ ਹੋ ਕੇ ਪੁੱਛ ਰਹੇ ਹਨ ਕਿ ਕੀ ਇਸ ਔਰਤ ਦੀ ਉਸਾਰੀ ਹਵੇਲੀ ਤੇ ਵੀ ਪੀਲਾ ਪੰਜਾ ਚੱਲੇਗਾ? ਇਸ ਦੇ ਪਿੱਛੇ ਜਿਹੜੀਆਂ ਵੀ ਤਾਕਤਾਂ ਕੰਮ ਕਰ ਰਹੀਆਂ ਸਨ, ਕੀ ਉਹ ਵੀ ਪਬਲਿਕ ਦੇ ਸਾਹਮਣੇ ਲਿਆਂਦੀਆਂ ਜਾਣਗੀਆਂ? ਭਾਵੇਂ ਇਸ ਮਹਿਲਾ ਪੁਲਿਸ ਕਰਮਚਾਰੀ ਨੂੰ ਗ੍ਰਿਫਤਾਰ ਕਰਨ ਉਪਰੰਤ ਮਾਨਸਾ ਦੇ ਐਸ.ਐਸ.ਪੀ ਨੇ ਇਸ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਅਗਲੀ ਜਾਂਚ ਪੜਤਾਲ ਬਠਿੰਡਾ ਦੇ ਐਸ.ਐਸ.ਪੀ ਨੂੰ ਕਰਨ ਦਾ ਹੁਕਮ ਦਿੱਤਾ ਹੈ। ਦਰਅਸਲ ਅਜਿਹੀਆਂ ਕਾਲੀਆਂ ਭੇਡਾਂ ਨੂੰ ਮਿਸ਼ਾਲੀ ਸਜ਼ਾ ਦੇਣੀ ਬਹੁਤ ਜਰੂਰੀ ਹੈ।
ਇਹ ਠੀਕ ਹੈ ਕਿ ਸਰਹੱਦ ਤੋਂ ਡਰੋਨ ਰਾਹੀਂ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਉਹ ਸਪਲਾਈ ਲਾਈਨ ਰੋਕਣ ਲਈ ਬੀ.ਐਸ.ਐਫ, ਸਰਹੱਦੀ ਪੁਲਿਸ, ਖੁਫ਼ੀਆ ਤੰਤਰ ਅਤੇ ਹੋਰ ਏਜੰਸੀਆਂ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ ਪਰ ਇਸ ਤਰ੍ਹਾਂ ਦੇ ਅੰਦਰੂਨੀ ਹਮਲੇ ਨਸ਼ਿਆਂ ਵਿਰੁੱਧ ਜੰਗ ਵਿੱਚ ਵਰਤਣ ਯੋਗ ਹਥਿਆਰਾਂ ਨੂੰ ਖੁੰਢਾ ਕਰ ਰਹੇ ਹਨ। ਅਜਿਹੇ ਕੇਸ ਵੀ ਸਾਹਮਣੇ ਆ ਰਹੇ ਹਨ ਜਿੱਥੇ ਪੁਲਿਸ ਕਰਮਚਾਰੀ ਨਸ਼ੇ ਦੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਵਸੂਲੀ ਕਰ ਰਹੇ ਹਨ। ਇਸ ਸਬੰਧ ਵਿੱਚ ਹੀ ਪਿਛਲੇ ਦਿਨੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਐਸ.ਐਚ.ਓ. ਅਤੇ ਏ.ਐਸ.ਆਈ ਨੂੰ ਵਿਜ਼ੀਲੈਂਸ ਵਿਭਾਗ ਨੇ ਰੰਗੇ ਹੱਥੀ ਫੜ ਕੇ ਗ੍ਰਿਫਤਾਰ ਕੀਤਾ ਹੈ। ਪੁਲਿਸ ਚੌਂਕੀ ਸ਼ੇਖੂਪੁਰਾ ਵਿੱਚ ਤੈਨਾਤ ਏ.ਐਸ.ਆਈ ਵੀ ਸਮਾਜ ਵਿਰੋਧੀ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਕਾਰਨ ਗ੍ਰਿਫਤਾਰ ਕੀਤਾ ਹੈ। ਪੁਲਿਸ ਵਿਭਾਗ ਸਬੰਧੀ ਹਾਈਕੋਰਟ ਦੇ ਮਾਨਯੋਗ ਜੱਜ ਮੰਜਰੀ ਨਹਿਰੂ ਕੋਲ ਅਤੇ ਸ੍ਰੀ ਸ਼ੇਖਾਵਤ ਦੀਆਂ ਸਖ਼ਤ ਟਿੱਪਣੀਆਂ ਨੇ ਵੀ ਵਿਭਾਗ ਨੂੰ ਝੰਜੋੜਿਆ ਹੈ।
ਪੰਜਾਬ ਸਰਕਾਰ ਨੇ ਇੱਕ ਮਾਰਚ 2025 ਤੋਂ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੈ ਅਤੇ ਤਿੰਨ ਮਹੀਨਿਆਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਮਿਥਿਆ ਹੈ। ਦੂਜੇ ਸ਼ਬਦਾਂ ਵਿੱਚ ਇੱਕ ਜੂਨ, 2025 ਨੂੰ ਪੰਜਾਬ ‘ਨਸ਼ਾ ਮੁਕਤ’ ਕਰਨ ਦਾ ਟੀਚਾ ਹੈ। ਪਰ ਇਸ ਦੇ ਲਈ ਜਿੱਥੇ ਲੋਕਾਂ ਦੇ ਭਰਵੇਂ ਸਹਿਯੋਗ ਦੀ ਲੋੜ ਹੈ, ਉੱਥੇ ਨਾਲ ਹੀ ਦੁੱਧ ਦੀ ਰਾਖੀ ਲਈ ਅਜਿਹੇ ਬਿੱਲੇ ਅਤੇ ਬਿੱਲੀਆਂ ਨੂੰ ਭਾਜੜਾਂ ਪਾਉਣ ਦੀ ਵੀ ਲੋੜ ਹੈ ਨਹੀਂ ਫਿਰ:-
ਦੁੱਧ ਦੀ ਰਾਖੀ ਬਿੱਲਾ ਬੈਠਾ ਕਦ ਤੱਕ ਭਲੀ ਗੁਜਾਰੂਗਾ।
ਪੀ ਨਾ ਸਕਿਆ, ਡੋਲ ਦਿਊਗਾ, ਹੱਥ ਪੈਰ ਤਾਂ ਮਾਰੂਗਾ।
ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ।
ਸੰਪਰਕ : 94171-48866