ਦੂਜਾ ਅੰਤਰਰਾਸ਼ਟਰੀ ‘ਅਦਬੀ ਮੇਲਾ 2025’ ਅਗਲੇ ਸਾਲ 19 ਅਤੇ 20 ਜੁਲਾਈ 2025 ਨੂੰ ਲੰਡਨ ਵਿਖੇ ਮਨਾਇਆ ਜਾਵੇਗਾ
ਯੂ ਕੇ (ਪੰਜਾਬੀ ਅਖ਼ਬਾਰ ਬਿਊਰੋ) ਏਸ਼ੀਆਈ ਸਾਹਿਤਕ ਤੇ ਸੱਭਿਆਚਾਰਕ ਫੋਰਮ ਯੂ ਕੇ ਵੱਲੋਂ ਦੂਜਾ ਅੰਤਰਰਾਸ਼ਟਰੀ ‘ਅਦਬੀ ਮੇਲਾ 2025’ ਅਗਲੇ ਸਾਲ 19 ਅਤੇ 20 ਜੁਲਾਈ 2025 ਨੂੰ ਲੰਡਨ ਵਿਖੇ ਮਨਾਇਆ ਜਾ ਰਿਹਾ ਹੈ । ਫੋਰਮ ਦੇ ਸੰਚਾਲਕਾਂ ਅਜ਼ੀਮ ਸ਼ੇਖਰ, ਅਬੀਰ ਬੁੱਟਰ ਤੇ ਰਾਜਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਅਦਬੀ ਮੇਲੇ ਦੀ ਹਰ ਪੱਖ ਤੋਂ ਸਫਲਤਾ ਨੇ ਇੰਗਲੈਂਡ ਵਿੱਚ ਇਸ ਅੰਤਰਰਾਸ਼ਟਰੀ ਸਾਹਿਤਕ ਮੇਲਿਆਂ ਦੀ ਲੜੀ ਦਾ ਰਾਹ ਪੱਧਰ ਕਰ ਦਿੱਤਾ ਹੈ । ਪੰਜਾਬੀ ਸਾਹਿਤ ਤੇ ਕਲਾ ਨੂੰ ਪਿਆਰ ਕਰਨ ਵਾਲੇ ਇੰਗਲੈਂਡ ਨਿਵਾਸੀ ਦੂਸਰੇ ਅਦਬੀ ਮੇਲੇ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ । ਮੇਲੇ ਦੀ ਪੂਰੀ ਵਿਉਂਤਬੰਦੀ ਅਤੇ ਸੰਸਾਰ ਭਰ ਤੋਂ ਪਹੁੰਚਣ ਵਾਲੇ ਅਦੀਬ, ਕਲਾਕਾਰ, ਨਾਟਕਕਾਰ ਆਦਿ ਦੀ ਵਿਸਥਾਰਿਤ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਸਾਂਝੀ ਕੀਤੀ ਜਾਵੇਗੀ। ਇਸ ਦੋ ਦਿਨਾਂ ਅੰਤਰਰਾਸ਼ਟਰੀ ਅਦਬੀ ਮੇਲੇ ਲਈ ਸਥਾਨਕ ਸਾਹਿਤ ਸਭਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਵੀ ਵਧ-ਚੜ੍ਹ ਕੇ ਸਹਿਯੋਗ ਦੇਣ ਲਈ ਵਚਨਵੱਧ ਹਨ। ਉਹਨਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਮੇਲੇ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਹੈ।