ਧਰਮ-ਕਰਮ ਦੀ ਗੱਲ

ਧਾਮੀ ਸਾਹਿਬ ਕੌਮ ਨੂੰ ਸੰਕਟ ਵੇਲੇ ਮੰਝਧਾਰ ਵਿੱਚ ਛੱਡ ਕੇ ਭੱਜਣਾ ਮਰਦ ਸੂਰਮਿਆਂ ਦਾ ਕੰਮ ਨਹੀਂ ਹੁੰਦਾ 

ਹਰਮੀਤ ਸਿੰਘ ਮਹਿਰਾਜ 

ਪਿਛਲੇ 30-35 ਸਾਲਾਂ ਤੋਂ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਉੱਪਰ ਬਾਦਲ ਜੁੰਡਲੀ ਦਾ ਕਬਜ਼ਾ ਹੋਇਆ ਹੈ ਤਾਂ ਉਸ ਵੇਲੇ ਤੋਂ ਹੀ ਪੰਥਕ ਸੰਸਥਾਵਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪੂਰੀ ਤਰ੍ਹਾਂ ਇਸ ਜੁੰਡਲੀ ਦੇ ਪ੍ਰਭਾਵ ਹੇਠ ਆ ਗਈਆਂ ਜਿਸ ਕਰਕੇ ਪੰਥਕ ਪ੍ਰੰਪਰਾਵਾਂ ਦਾ ਬਹੁਤ ਵੱਡੀ ਪੱਧਰ ਤੇ ਘਾਣ ਹੋਇਆ ਇੱਥੋਂ ਤੱਕ ਕਿ ਜੇਕਰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ ਪਸੰਦ ਨਾ ਆਇਆ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੀ ਛੁੱਟੀ ਕਰ ਦਿੱਤੀ ਜਾਂਦੀ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸਾਬਕਾ ਫਖ਼ਰੇ ਕੌਮ ਦੇ ਲਿਫਾਫਿਆਂ ਵਿੱਚੋਂ ਹੀ ਨਿਕਲਦੇ ਰਹੇ ਹਨ 

     ਕੋਈ ਸਮਾਂ ਹੁੰਦਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਧਾਰਮਿਕ ਪ੍ਰੋਗਰਾਮਾਂ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ ਅਤੇ ਰਾਗੀਆਂ ਢਾਡੀਆਂ ਨੂੰ ਸਟੇਜਾਂ ਦਾ ਸ਼ਿੰਗਾਰ ਬਣਾਇਆ ਜਾਂਦਾ ਸੀ ਪ੍ਰੰਤੂ ਇਸ ਜੁੰਡਲੀ ਦੀਆਂ ਸਰਕਾਰਾਂ ਸਮੇਂ ਸਾਬਕਾ ਫਖ਼ਰੇ ਕੌਮ ਦੀ ਹਾਜ਼ਰੀ ਦੌਰਾਨ ਪ੍ਰਿਯੰਕਾ ਚੋਪੜਾ ਜਿਹੀਆਂ ਫਿਲਮੀ ਕਲਾਕਾਰਾਂ ਦੇ ਠੁਮਕਿਆਂ ਦਾ ਆਨੰਦ ਵੀ ਲਿਆ ਜਾਣ ਲੱਗ ਪਿਆ ਸੀ ਅਤੇ ਉਸ ਸਮੇਂ ਇਸ ਜੁੰਡਲੀ ਕੋਲ ਸ਼੍ਰੋਮਣੀ ਅਕਾਲੀ ਦਲ ਦਾ ਕੇਵਲ ਫੱਟਾ ਹੀ ਸੀ ਜਦੋਂ ਕਿ ਅਕਾਲੀਆਂ ਵਾਲਾ ਕੰਮ ਇੱਕ ਵੀ ਨਹੀਂ ਸੀ 

    ਇਸ ਜੁੰਡਲੀ ਦੇ ਰਾਜ ਭਾਗ ਦੌਰਾਨ ਹੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਦੇ ਉਲਟ ਸੌਦਾ ਸਾਧ ਵੱਲੋਂ ਦਸਮੇਸ਼ ਪਿਤਾ ਜੀ ਦਾ ਸਵਾਂਗ ਰਚਾਉਣ ਦੇ ਸਬੰਧ ਵਿੱਚ ਦਰਜ ਹੋਏ ਕੇਸ ਨੂੰ ਆਪਣੀਆਂ ਚੰਦ ਵੋਟਾਂ ਲਈ ਖ਼ਾਰਜ ਕਰਵਾਇਆ ਗਿਆ ਉਸ ਤੋਂ ਬਾਅਦ ਉਸ ਨੂੰ ਬਿਨਾਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਇਆਂ ਹੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਆਪਣੇ ਜੀ ਹਜ਼ੂਰੀਏ ਜਥੇਦਾਰਾਂ ਤੋਂ ਮੁਆਫੀ ਦਿਵਾਈ ਅਤੇ ਸੌਦਾ ਸਾਧ ਦੇ ਚੇਲਿਆਂ ਨੇ ਹੀ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਚੋਰੀ ਕਰਕੇ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਿਆ ਗਿਆ ਇੰਨਾਂ ਟੂਕ ਮਾਤਰ ਘਟਨਾਵਾਂ ਨੂੰ ਦੱਸਣ ਦਾ ਮਤਲਬ ਇਹ ਹੈ ਕਿ ਇੰਨਾਂ ਨੇ ਕਿਵੇਂ ਪੰਥਕ ਸੰਸਥਾਵਾਂ ਨੂੰ ਅਰਸ਼ਾਂ ਤੋਂ ਫ਼ਰਸ਼ਾਂ ਤੇ ਲਿਆ ਖੜਾ ਕੀਤਾ ਹੈ 

     ਇਸ ਜੁੰਡਲੀ ਨੂੰ ਇੰਨਾਂ ਸੰਸਥਾਵਾਂ ਨੂੰ ਚਲਾਉਣ ਲਈ ਜੀ ਹਜ਼ੂਰੀਏ ਵਿਅਕਤੀਆਂ ਦੀ ਲੋੜ ਹੁੰਦੀ ਹੈ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਪਿਛਲੇ ਤਿੰਨ ਸਾਲਾਂ ਤੋਂ ਹਰਜਿੰਦਰ ਸਿੰਘ ਧਾਮੀ ਨੂੰ ਬਿਠਾਇਆ ਹੋਇਆ ਸੀ ਜੋ ਕਿ ਇਕੱਲਾ ਜੀ ਹਜ਼ੂਰੀਆ ਹੀ ਨਹੀਂ ਸਗੋਂ ਬਿਨਾਂ ਗੁਰਦਿਆਂ ਵਾਲਾ ਪ੍ਰਧਾਨ ਸੀ ਜਿਸ ਦੀ ਪ੍ਰਧਾਨਗੀ ਦੌਰਾਨ ਪੰਥਕ ਸੰਸਥਾਵਾਂ ਦਾ ਜ਼ੋ ਮਾੜਾ ਮੋਟਾ ਸਨਮਾਨ ਬਾਕੀ ਰਹਿੰਦਾ ਸੀ ਉਹ ਵੀ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਅਤੇ ਧਾਮੀ ਸਾਹਿਬ ਦੀ ਪ੍ਰਧਾਨਗੀ ਦੌਰਾਨ ਅਕਾਲ ਤਖ਼ਤ ਸਾਹਿਬ ਤੋਂ ਜਿੰਨੇਂ ਵੀ ਹੁਕਮਨਾਮੇ ਜਾਰੀ ਹੋਏ ਧਾਮੀ ਸਾਹਿਬ ਨੇ ਹਮੇਸ਼ਾ ਅਕਾਲ ਤਖ਼ਤ ਸਾਹਿਬ ਦੀ ਮੰਨਣ ਦੀ ਬਜਾਏ ਆਪਣੇ ਆਕੇ ਸੁਖਬੀਰ ਬਾਦਲ ਦੇ ਹੁਕਮਾਂ ਨੂੰ ਪਹਿਲ ਦਿੱਤੀ ਅਤੇ ਧਾਮੀ ਸਾਹਿਬ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਵੀ ਪਹਿਲਾਂ ਨਾਲੋਂ ਕਈ ਗੁਣਾਂ ਵਧ ਗਿਆ ਅਤੇ ਧਾਮੀ ਸਾਹਿਬ ਦੀ ਕਾਰਗੁਜ਼ਾਰੀ ਵੀ ਹੁਣ ਤੱਕ ਦੇ ਸਾਰੇ ਪ੍ਰਧਾਨਾਂ ਨਾਲੋਂ ਨਿਕੰਮੀ ਹੀ ਸਾਬਤ ਹੋਈ ਹੈ 

      ਹੁਣ ਦੀਆਂ ਤਾਜ਼ਾ ਪੰਥਕ ਘਟਨਾਵਾਂ ਦੇ ਸਬੰਧ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਣਾਏ ਹੁਕਮਨਾਮਿਆਂ ਦੇ ਸਬੰਧ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ਦੀ ਭਰਤੀ ਦੇ ਸਬੰਧ ਵਿੱਚ ਬਣਾਈ 7 ਮੈਂਬਰੀ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਪ੍ਰੰਤੂ ਇੱਥੇ ਵੀ ਧਾਮੀ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਦੀ ਬਜਾਏ ਆਪਣੇ ਆਕੇ ਸੁਖਬੀਰ ਬਾਦਲ ਦੇ ਹੁਕਮਾਂ ਨੂੰ ਪਹਿਲ ਦਿੱਤੀ ਅਤੇ ਆਨੇ ਬਹਾਨੇ 2 ਮਹੀਨਿਆਂ ਤੱਕ ਇਸ ਕਮੇਟੀ ਦੀ ਮੀਟਿੰਗ ਹੀ ਨਹੀਂ ਹੋਣ ਦਿੱਤੀ 

     ਪੰਜ ਸਿੰਘ ਸਾਹਿਬਾਨਾਂ ਦੇ ਖਿਲਾਫ ਕਿਸੇ ਵੀ ਮਾਮਲੇ ਦੀ ਜਾਂਚ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ ਪ੍ਰੰਤੂ ਧਾਮੀ ਸਾਹਿਬ ਨੇ ਬਾਦਲ ਜੁੰਡਲੀ ਦੇ ਇਸ਼ਾਰੇ ਤੇ ਸਾਰੀਆਂ ਪੰਥਕ ਪ੍ਰੰਪਰਾਵਾਂ ਨੂੰ ਛਿੱਕੇ ਤੇ ਟੰਗ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇੱਕ ਕਾਫ਼ੀ ਪੁਰਾਣੇ ਬੇਬੁਨਿਆਦ ਪਰਿਵਾਰਕ ਮਾਮਲੇ ਨੂੰ ਅਧਾਰ ਬਣਾ ਕੇ ਤਿੰਨ ਮੈਂਬਰੀ ਕਮੇਟੀ ਰਾਹੀਂ ਉਨ੍ਹਾਂ ਦੀ ਛੁੱਟੀ ਕਰਵਾ ਦਿੱਤੀ ਗਈ ਜਿਸ ਵਿੱਚ ਧਾਮੀ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੋਵਾਂ ਦੀ ਮਿਲੀ ਭੁਗਤ ਸੀ

ਧਾਮੀ ਸਾਹਿਬ ਨੇ  2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਪਣਾ ਪ੍ਰਭਾਵ ਵਰਤਕੇ ਪੰਜ ਸਿੰਘ ਸਾਹਿਬਾਨ ਦੀ ਕੋਈ ਮੀਟਿੰਗ ਹੀ ਨਹੀਂ ਹੋਣ ਦਿੱਤੀ 28 ਜਨਵਰੀ ਨੂੰ ਰੱਖੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਨੂੰ ਅਚਾਨਕ ਹੀ ਰੱਦ ਕਰਵਾ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਦੇਸ਼ ਭੇਜ ਕੇ ਆਪਣੇ ਆਕਿਆਂ ਦੀ ਇੱਛਾ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਖ਼ਤਮ ਕਰਵਾ ਦਿੱਤੀਆਂ ਹੁਣ ਬਾਦਲ ਜੁੰਡਲੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਬਾਅਦ ਧਾਮੀ ਸਾਹਿਬ ਆਪਣੇ ਆਹੁਦੇ ਤੋਂ ਇਹ ਕਹਿ ਕੇ ਅਸਤੀਫ਼ਾ ਦੇਣਾ ਕਿ ਮੈਂ ਪੰਥਕ ਪ੍ਰੰਪਰਾਵਾਂ ਦਾ ਘਾਣ ਨਹੀਂ ਕਰ ਸਕਦਾ ਪਰੰਤੂ ਅਫ਼ਸੋਸ ! ਧਾਮੀ ਸਾਹਿਬ ਤੁਸੀਂ ਕਿਸੇ ਪੰਥਕ ਪ੍ਰੰਪਰਾ ਦਾ ਘਾਣ ਕਰਨ ਤੋਂ ਛੱਡਿਆ ਤਾਂ ਨਹੀਂ ਹੈ ਕੌਮ ਨੂੰ ਮੰਝਧਾਰ ਦੀ ਇਸ ਸਥਿਤੀ ਵਿੱਚ ਪਹੁੰਚਾ ਕੇ ਆਪਣੇ ਆਹੁਦੇ ਤੋਂ ਅਸਤੀਫਾ ਦੇਣਾ ਮਰਦ ਸੂਰਮਿਆਂ ਦਾ ਕੰਮ ਨਹੀਂ ਹੁੰਦਾ ਹਾਂ! ਇਹ ਹੋ ਸਕਦਾ ਹੈ ਕਿ ਬਾਦਲ ਜੁੰਡਲੀ ਨੇ ਹੁਣ ਤੁਹਾਨੂੰ ਵਰਤਕੇ ਪਾਸੇ ਕਰਨਾ ਹੀ ਬਿਹਤਰ ਸਮਝਿਆ ਹੋਵੇ ਪਰ ਆਪ ਜੀ ਦੇ ਪ੍ਰਧਾਨਗੀ ਕਾਲ ਦੌਰਾਨ ਪੰਥਕ ਪ੍ਰੰਪਰਾਵਾਂ ਦੇ ਹੋਏ ਘਾਣ ਨੂੰ ਕੌਮ ਕਦੇ ਵੀ ਨਹੀਂ ਭੁੱਲੇਗੀ

ਹਰਮੀਤ ਸਿੰਘ ਮਹਿਰਾਜ 

ਵਟਸਐਪ ਨੰ: 98786-91567

Show More

Related Articles

Leave a Reply

Your email address will not be published. Required fields are marked *

Back to top button
Translate »