ਧਾਰਮਿਕ ਸਥਾਨਾਂ ਦੀਆਂ ਗੋਲਕਾਂ ਚੋਰੀ ਕਰਨ ਵਾਲੇ ਜਗਦੀਸ਼ ਪੰਧੇਰ ਦੀ ਪੁਲਿਸ ਨੂੰ ਭਾਲ ਹੈ

ਟੌਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) ਟੋਰਾਂਟੋ ਪੁਲਿਸ ਇੱਕ ਅਜਿਹੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਜੋ ਧਾਰਮਿਕ ਸਥਾਨਾਂ ਵਿੱਚ ਦਾਖਲ ਹੋ ਕੇ ਉਥੇ ਰੱਖੀਆਂ ਦਾਨ ਪੇਟੀਆਂ ਜਾਂ ਗੋਲਕਾਂ ਵਿੱਚੋਂ ਪੈਸੇ ਚੋਰੀ ਕਰਕੇ ਫਰਾਰ ਹੋ ਗਿਆ ਹੈ।

ਟੋਰਾਂਟੋ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 42 ਸਾਲਾਂ ਜਗਦੀਸ਼ ਪੰਧੇਰ ਨਾਂ ਦਾ ਵਿਅਕਤੀ ਪਹਿਲਾਂ ਬਿਰਚ ਮਾਊਂਟ ਰੋਡ ਅਤੇ ਸੇਂਟ ਕਲੇਅਰ ਐਵੇਨਿਊ ਖੇਤਰ ਚ ਪੈਂਦੇ ਇੱਕ ਧਾਰਮਿਕ ਸਥਾਨ ਵਿੱਚ ਦਾਖਲ ਹੋਇਆ ਅਤੇ ਉਥੋਂ ਦਾਨ ਪੇਟੀ ਵਿੱਚੋਂ ਪੈਸੇ ਲੈ ਕੇ ਉਥੋਂ ਫਰਾਰ ਹੋ ਗਿਆ। ਫਿਰ ਕੁੱਝ ਹਫਤਿਆਂ ਬਾਅਦ 18 ਮਾਰਚ ਨੂੰ ਇਹੀ ਵਿਅਕਤੀ ਐਲਸਮੇਰ ਰੋਡ ਤੇ ਵਾਰਡਨ ਐਵਨਿਊ ਏਰੀਏ ਦੇ ਇੱਕ ਧਾਰਮਿਕ ਸਥਾਨ ਚ ਦਾਖਲ ਹੋਇਆ ਅਤੇ ਦਾਨ ਪੇਟੀ ਚੋਂ ਪੈਸੇ ਲੈ ਕੇ ਫਰਾਰ ਹੋ ਗਿਆ। ਇਸ ਵਿਅਕਤੀ ਦੇ ਖਿਲਾਫ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਜਿਸ ਵਿੱਚ ਜਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਵੀ ਸ਼ਾਮਿਲ ਹੈ। ਹਾਲਾਂਕਿ ਇਸ ਵਿਅਕਤੀ ਦਾ ਕੋਈ ਪੱਕਾ ਪਤਾ ਨਹੀਂ ਹੈ ਪਰ ਪੁਲਿਸ ਨੇ ਦੱਸਿਆ ਹੈ ਕਿ ਇਸ ਵਿਅਕਤੀ ਦਾ ਕੱਦ ਪੰਜ ਫੁੱਟ ਛੇ ਇੰਚ ਹੈ।