ਨਾਲ਼ ਖੜਨ ਵਾਲ਼ਾ ਬਾਪ ਬੱਸ ਇੱਕੋ ਹੁੰਦੈ !

ਬਾਪੂ ਭਾਗਵਤ ਦਾ ਪਾਠੀ ਸੀ। ਉਹ ਪਾਠ ਕਰਨ ਲਈ ਗਿਆ ਕਈ – ਕਈ ਦਿਨ ਘਰ ਨਾ ਮੁੜਦਾ। ਕਈ ਵਾਰੀ ਤਾਂ ਬੋਰੇ ਵਾਲੇ ਸੰਤਾਂ (ਮਹੇਸ਼ ਮੁਨੀ ਝੰਡੂਕੇ ਵਾਲਿਆਂ) ਨਾਲ਼ ਗਿਆ ਹੁੰਦਾ ਤਾਂ ਦਿਨ ਮਹੀਨਿਆਂ ਵਿੱਚ ਬਦਲ ਜਾਂਦੇ। ਮੈਂ ਛੋਟਾ ਹੁੰਦਾ ਸੋਚਦਾ ਕਿ ਮੇਰਾ ਬਾਪੂ ਵੀ ਲੋਕਾਂ ਦੇ ਪਿਓਆਂ ਵਾਂਗੂੰ ਘਰ ਰਹੇ, ਖੇਤੀ ਕਰੇ। ਕਈ ਵਾਰੀ ਬਾਪੂ ਨੇ ਜਾਣਾ ਤਾਂ ਮੈਂ ਰਿਹਾੜ ਕਰਨੀ ਕਿ ਮੈਂ ਨੀ ਜਾਣ ਦੇਣਾ। ਫੇਰ ਬਾਪੂ ਨੇ ਓਦੋਂ ਘਰੋਂ ਜਾਣਾ ਸ਼ੁਰੂ ਕਰ ਦਿੱਤਾ ਜਦੋਂ ਮੈਂ ਸਕੂਲ ਗਿਆ ਹੁੰਦਾ। ਮੈਂ ਘਰ ਆ ਕਿ ਪੁੱਛਣਾ ਤਾਂ ਮਾਂ ਅਤੇ ਭੈਣਾਂ ਨੇ ਮੈਨੂੰ ਸਮਝਾ ਲੈਣਾ। ਮੈਂ ਮਨ ਵਿੱਚ ਸੋਚਣਾ ਕਿ ਹੇ ਰੱਬਾ ਅੱਗੇ ਤੋਂ ਜਦੋਂ ਬਾਪੂ ਘਰੋਂ ਜਾਵੇ ਤਾਂ ਮੈਂ ਘਰ ਹੋਵਾਂ। ਫੇਰ ਵੇਖਾਂ ਬਾਪੂ ਕਿਵੇਂ ਘਰੋਂ ਜਾਂਦੈ।ਮੈਂ ਹੱਥ ਫੜ੍ਹ ਕੇ ਖੜ੍ਹ ਜਾਉਂ, ਕਿਤੇ ਨਹੀਂ ਜਾਣ ਦਿੰਦਾ। ਪਰ ਬਾਪੂ ਹਮੇਸ਼ਾ ਮੈਥੋਂ ਚੋਰੀਓਂ ਜਾਂਦਾ ਤੇ ਕੁੱਝ ਦਿਨਾਂ ਜਾਂ ਮਹੀਨਿਆਂ ਬਾਅਦ ਘਰ ਵਾਪਸ ਆ ਜਾਂਦਾ। ਮੇਰਾ ਵਹਿਮ ਕਾਇਮ ਰਹਿੰਦਾ ਕਿ ਜਿਸ ਦਿਨ ਵੀ ਬਾਪੂ ਮੇਰੇ ਸਾਹਮਣੇ ਜਾਣ ਲੱਗੂ ਮੈਂ ਨਹੀਂ ਜਾਣ ਦੇਣਾ।

ਪਰ ਜਦੋਂ ਬਾਪੂ ‘ ਗਿਆ ‘ (23-09-2019) ਤਾਂ ਉਹਦਾ ਇੱਕ ਹੱਥ ਮੇਰੇ ਹੱਥ ਵਿੱਚ ਫੜਿਆ ਹੋਇਆ ਸੀ ਦੂਜਾ ਬਿੰਦਰ( ਮੇਰਾ ਭਤੀਜਾ) ਦੇ, ਪਰ ਅਸੀਂ ਦੋਨੇ ਕੁੱਝ ਨਹੀਂ ਕਰ ਸਕੇ। ਸਾਡੇ ਰੋਣ-ਪਿੱਟਣ ਦਾ ਉਹਦੇ ‘ਤੇ ਕੋਈ ਅਸਰ ਨਹੀਂ ਹੋਇਆ ਤੇ ਬਾਪੂ ਚਲਾ ਗਿਆ। ਜਦੋਂ ਚੋਰੀਓਂ ਜਾਂਦਾ ਸੀ ਤਾਂ ਮੁੜ ਆਉਂਦਾ ਸੀ। ਜਦੋਂ ਸਾਹਮਣੇ ਗਿਆ ਤਾਂ ਮੁੜਕੇ ਨਹੀਂ ਆਇਆ। ਅੱਜ ਪੰਜ ਸਾਲ ਹੋ ਗਏ। ਓਹਨੂੰ ਰੋਕ ਸਕਣ ਦੇ ਸਾਰੇ ਵਹਿਮ ਟੁੱਟ ਗਏ। ਪਿੱਛਲੇ ਪੰਜ ਸਾਲਾਂ ਵਿੱਚ ਕੋਈ ਵੀ ਅਜਿਹਾ ਦਿਨ ਨੀਂ ਹੋਣਾ ਜਿਸ ਦਿਨ ਬਾਪੂ ਦੀ ਕਮੀਂ ਮਹਿਸੂਸ ਨਾ ਹੋਈ ਹੋਵੇ। ਦੁਨੀਆਂ ਤੇ ਬਹੁਤ ਲੋਕ ਤੁਹਾਨੂੰ ਸਮਝਾਉਣ ਲਈ ਤਾਂ ਬਾਪ ਬਣ ਖੜਦੇ ਆ ਪਰ ਨਾਲ਼ ਖੜਨ ਵਾਲ਼ਾ ਬਾਪ ਬੱਸ ਇੱਕੋ ਹੁੰਦੈ। ਜਦੋਂ ਉਹ ਚਲਾ ਜਾਂਦੈ ਤਾਂ ਸੱਚੀਓਂ ਬੰਦੇ ਨੂੰ ਰੱਬ ਚੇਤੇ ਆ ਜਾਂਦੈ। ਮੈਨੂੰ ਪਤੈ ਉਹਨੇ ਮੁੜ ਕੇ ਨਹੀਂ ਆਉਣਾ ਪਰ ਉਹਦੀ ਕਮੀ ਵੀ ਕਿਸੇ ਤੋਂ ਪੂਰੀ ਨਹੀਂ ਹੋ ਸਕਦੀ। ਬਾਪੂ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਕਰਨ ਲਈ ਪਰ ਕਦੇ ਫੇਰ ਕਰਾਂਗੇ …..। ਹੁਣ ਬੱਸ ਇੱਕੋ ਗੱਲ ਕਹਿਣੀ ਆ ਉਹਨਾਂ ਨੂੰ ਜਿਨ੍ਹਾਂ ਦੇ ਮਾਂ ਬਾਪ ਜਿਉਂਦੇ ਨੇ ਅਤੇ ਖਾਸ ਕਰ ਵਿਦੇਸ਼ਾਂ ਚ ਵਸਦੇ ਭੈਣ ਭਰਾਵਾਂ ਨੂੰ। ਕਮਾਈਆਂ ਤਾਂ ਹੁੰਦੀਆਂ ਰਹਿਣਗੀਆਂ ਕੋਸ਼ਿਸ਼ ਕਰੋ ਹਰ ਸਾਲ ਘਰ ਗੇੜਾ ਮਾਰਨ ਦੀ ਆਪਣੇ ਮਾਂ-ਬਾਪ, ਦਾਦੀ- ਦਾਦੇ, ਚਾਚੇ -ਤਾਏ ਤੇ ਪਿੰਡ ਦੇ ਬਜ਼ੁਰਗਾਂ ਕੋਲ ਬੈਠ ਕੇ ਸਮਾਂ ਬਿਤਾਉਣ ਦੀ। ਇਹਨਾਂ ਦਾ ਖਿਆਲ ਰੱਖੋ ।ਸੱਚ ਜਾਣਿਓ ਇਹਨਾਂ ਤੋਂ ਬਾਅਦ ਤੁਹਾਡਾ ਖਿਆਲ ਰੱਖਣ ਵਾਲਾ ਪੂਰੀ ਦੁਨੀਆਂ ਤੇ ਕੋਈ ਨਹੀਂ ਹੋਣਾ। ਰੱਬ ਸਭ ਦੇ ਬੇਬੇ – ਬਾਪੂ ਨੂੰ ਤੰਦਰੁਸਤੀ ਦੇਵੇ। ਰੱਬ – ਰਾਖਾ!🙏 ਡਾ: ਸੁਰਿੰਦਰਪਾਲ

ਡਾ: ਸੁਰਿੰਦਰਪਾਲ

Exit mobile version