ਨੀਂ ਸੁਣ ‘ਥਾਰ’ ਵਾਲੀਏ ਕੁੜੀਏ !

ਨੀਂ ਸੁਣ ‘ਥਾਰ’ ਵਾਲੀਏ ਕੁੜੀਏ!
***
ਬਾਹਲਾ ਨੀ ਡਰੀਦਾ ਹੁੰਦਾ ਕੁੜੀਏ!
ਕੀ ਹੋ ਗਿਆ ਜੇ ਰੌਲਾ ਜਿਹਾ ਪੈ ਗਿਆ ਐ। ਪੈਂਦੇ ਈ ਰਹਿੰਦੇ ਨੇ ਇਹੋ ਜਿਹੇ ਰੌਲੇ ਗੌਲੇ ਕੁੜੇ! ਨਾਲੇ ਤੂੰ ਐਨੀ “ਦਲੇਰ” ਹੈਗੀ ਐਂ, ਤੇ ਐਨੀ “ਬਹਾਦਰ” ਐਂ ਤੂੰ ਤਾਂ ਕੁੜੀਏ। ਅੱਜ ਈ ਤੇਰੀ ਵੀਡੀਓ ਦੇਖੀ ਐ ਮੈਂ, ਜਦ ਤੇਰਾ ਮੈਡੀਕਲ ਕਰਵਾਉਣ ਆਏ ਹਸਪਤਾਲ, ਤੂੰ ਚੁੰਨੀ ਨਾਲ ਮੂੰਹ ਲਕੋਈ ਖੜੀ ਸੈਂ, ਤੈਨੂੰ ਲੈਕੇ ਆਏ ਮੁਲਾਜਮ ਸਿਪਾਹੀ ਤੇ ਸਪੈਹਣ ਨਾਲ ਤੂੰ ਹੱਥ ਮਾਰ ਮਾਰ ਕੇ ‘ਭੁਟ ਭੁਟ’ ਗੱਲਾਂ ਕਰ ਰਹੀ ਸੈਂ, ਕੋਈ ਚੜ੍ਹੀ ਲੱਥੀ ਦੀ ਹੈ ਨਹੀ ਸੀ ਤੈਨੂੰ, ਤੇ ਹੋਣੀ ਵੀ ਚਾਹੀਦੀ ਨਹੀ, ਵੱਡੇ ਸਾਹਬ ਜੇ ਤੇਰੇ ਨਾਲ ਨਾਲ ਨੇ ਤੇ ਕਿਸੇ ਟੁੰਡੀਲਾਟ ਦੀ ਪ੍ਰਵਾਹ ਕਾਹਦੀ?
ਬਾਪੂ ਬਾਦਲ ਸਾਹਿਬ ਦਿਓ ਸਹੁਰਿਓ, ਚੱਕ ਫਤਹਿ ਸਿੰਘ ਵਾਲਿਓ,
ਸਾਬਾਸ਼ੇ ਤੁਹਾਡੇ ਭਰਾਵੋ। ਸਾਬਾਸ਼ ਆਖਣਾ ਮੇਰਾ ਫਰਜ ਬਣਦਾ ਐ।
“ਕਾਲੀ ਥਾਰ” ਵਾਲੀਏ ਕੁੜੀਏ, ਕੁਛ ਨੀ ਹੁੰਦਾ। ਵੱਡਾ ਸਾਰਾ ਜਿਗਰਾ ਰੱਖ। ਐਥੇ ਵੱਡੇ ਵੱਡੇ ਬਚਗੇ ਮਗਰਮੱਛਾਂ ਦੇ ਦਾਦੇ ਪੜਦਾਦੇ, ਤੇ ਤੂੰ ਤਾਂ ਨਿੱਕੜੀ ਜਿਹੀ ਮਛਲੀ ਏਂ। ਕਿਸੇ ਨੇ ਲੋਕ ਗੀਤ ਗਾਇਆ ਸੀ ਜਲੰਧਰ ਟੀਵੀ ਉਤੇ:

- ਮੁੰਡੇ ਮਰਗੇ ਕਮਾਈਆਂ ਕਰਦੇ
ਨੀ ਬਿੱਲੋ ਤੇਰੇ ਬੰਦ ਨਾ ਬਣੇ!
ਇਕ ਸਪੈਹਣ ਕੁੜੀਏ ਕਿੱਡੀ ਮਹਾਨ ਹੈਂ ਤੂੰ ਕੁੜੇ । ਬੇਸ਼ਕੀਮਤੀ ਘੜੀ ਬਦੇਸ਼ੀ। ਐਨਕਾਂ ਬਦੇਸ਼ੀ। ਆਹ ਸੁੰਘਣ ਸੰਘਣ ਆਲੇ ਛਿੜਕਦੇ ਐ ਪਰਫੂਮ ਜਿਹੇ, ਏਹ ਵੀ ਬਦੇਸ਼ੀ। ਕਈ ਮਰਗੇ ਬੇਚਾਰੇ ਸਾਰੀ ਉਮਰ ਸਕੂਟਰੀ ਨੀ ਜੁੜੀ, ਕਮਲੀਏ, ਰੱਬ ਦੀ ਕਿਰਪਾ ਨਾਲ ਥਾਰ ਤੇ ਹੋਰ ਵਧੀਆ ਗੱਡੀਆਂ। ਮਹਿਲ ਜਿਹਾ ਘਰ। ਜਿਹੜੀ ਐਕਸਟਰਾ ਇਨੋਵਾ ਖੜੀ ਸੀ ਤੇਰੀ, ਕਹਿੰਦੇ ਕਿ ਉਹ ਵੀ ਕੋਈ ਭਜਾ ਕੇ ਲੈ ਗਿਆ ਪਰਸੋਂ। ਕੋਈ ਨਾ, ਜਿਗਰਾ ਰੱਖਣਾ ਪੈਣਾ ਏਂ। ਜਦ ਵੱਡੇ ਸਾਹਬਾਂ ਨੇ ਦਬਕਾ ਮਾਰਿਆ, ਸਭ ਕੁਝ ਮੁੜ ਆਏਗਾ। ਕਵੀ ਕਹਿੰਦੇ ਨੇ :
ਚਾਰ ਦਿਨੋਂ ਕੀ ਚਾਂਦਨੀ,
ਫਿਰ ਵੁਹੀ ਅੰਧੇਰੀ ਰਾਤ।
ਪਰ ਤੂੰ ਜਿਗਰਾ ਰੱਖ। ਚਾਰ ਦਿਨਾਂ ਦੀ ਰਾਤ ਹੈ ਕੁੜੇ। ਫਿਰ ਵੁਹੀ ਦਿਨ ਆ ਜਾਣੇ ਨੇ “ਚਿੱਟੇ ਚਿੱਟੇ” ਤੇ “ਚਿੱਟੇ” ਵਰਗੇ। ਲੋਕ ਤਾਂ ਕਮਲੇ ਨੇ, ਕਮਲਿਆਂ ਦੀ ਬਾਹਲੀ ਪ੍ਰਵਾਹ ਨੀ ਕਰੀਦੀ ਹੁੰਦੀ। ਏਹ ਪੰਜਾਬ ਐ, ਲੁੱਟਣ ਖੁਣੋਂ ਪਿਆ ਐ। ਕਿਸੇ ਲਿਖਾਰੀ ਨੇ ਲਿਖਿਆ ਸੀ :
ਭਰੇ ਖਜਾਨੇ ਸਾਹਬ ਦੇ
ਨੀਵਾਂ ਹੋਕੇ ਲੁੱਟ!
ਬਸ, ਏਨਾ ਈ ਕਾਫੀ।
–ਨਿੰਦਰ ਘੁਗਿਆਣਵੀ
