” ਇੱਕ ਮਾਂ ਬੋਹੜ ਦੀ ਛਾਂ ਪਿਆਰੇ ਇੱਕੋ ਜਿਹੇ “ ਗੀਤ ਨੂੰ ਗਾਉਣ ਵਾਲੇ ਗਾਇਕ ਦੇ ਨਾਉਂ ਨੂੰ ਬੱਚੇ ਤੋਂ ਲੈ ਕੇ ਹਰ ਪੰਜਾਬੀ ਸਰੋਤਾਂ ਭਲੀ – ਭਾਂਤ ਜਾਣੂ ਹੈ। ਕੈਸਿਟਾਂ ਦੇ ਯੁੱਗ ਤੋਂ ਲੈ ਕੇ ਹੁਣ ਤੱਕ ਦੇ ਸਿੰਗਲ ਟਰੈਕ ਗੀਤਾਂ ਦੇ ਬੋਲਬਾਲੇ ਤੱਕ ਉਸਦਾ ਨਾਮ ਹਰ ਪੰਜਾਬੀ ਜੁਬਾਨ ਤੋਂ ਆਪ ਮੁਹਾਰੇ ਸਹਿਜੇ ਹੀ ਨਿੱਕਲ ਆਉਂਦਾ ਹੈ। ਕਿਉਂਕਿ ਉਸਦੀ ਗਾਇਕੀ ਵਿੱਚ ਹਰ ਸਮੇਂ ਪਰਿਵਾਰਕ ਗੀਤਾਂ ਦੀ ਮਹਿਕ ਆਉਂਦੀ ਹੈ। ਉਸਦੇ ਗਾਏ ਗੀਤ ਘੱਚ – ਘਰੜ ਤੇ ਅਸੱਭਿਅਕ ਨਹੀਂ ਹੁੰਦੇ ਸਗੋਂ ਸਮਾਜ ਤੇ ਨਵੀਂ ਪੀੜ੍ਹੀ ਨੂੰ ਸੇਧ ਦੇਣ ਵਾਲੇ ਹੁੰਦੇ ਹਨ। ਉਸ ਗਾਇਕ ਦਾ ਨਾਉਂ ਹੈ ਬਲਵੀਰ ਚੋਟੀਆਂ , ਜੋ ਅੱਜਕਲ੍ਹ ਆਪਣੀ ਜੀਵਨ ਸਾਥਣ ਜੈਸਮੀਨ ਚੋਟੀਆਂ ਨਾਲ ਦੋਗਾਣਿਆਂ ਵਿੱਚ ਵੀ ਚੋਖੀ ਨਾਂ ਬਣਾ ਚੁਕਿਆ ਹੈ। ਬਲਵੀਰ ਚੋਟੀਆਂ ਦੀ ਯਾਰੀ – ਦੋਸਤੀ ਦਾ ਦਾਇਰਾ ਵੀ ਬੜਾ ਵਿਸ਼ਾਲ ਹੈ। ਤਾਹੀਓਂ ਸਭਨਾਂ ਲਈ ਉਹ ਇੱਕ ਪਰਿਵਾਰਕ ਗਾਇਕ ਬਣ ਚੁੱਕਿਆ ਹੈ। ਉਸਦੇ ਮਿੱਤਰਾਂ ਦੇ ਵਿਆਹ – ਸ਼ਾਦੀਆਂ ਅਤੇ ਸੇਵਾ ਮੁਕਤੀ ਸਮਾਗਮਾਂ ਵਿੱਚ ਇਸ ਜੋੜੀ ਦੀ ਸ਼ਮੂਲੀਅਤ ਲਾਜਮੀ ਸਮਝੀ ਜਾਂਦੀ ਹੈ।
ਬਲਵੀਰ ਚੋਟੀਆਂ ਦੀ ਗਾਇਕੀ ਦੀ ਸ਼ੁਰੂਆਤ ਕੈਸਿਟ ਯੁੱਗ ਤੋਂ ਹੋਈ । ਉਸ ਸਮੇਂ ਉਸਦੀਆਂ ਕੈਸਿਟਾਂ ” ਨਿੰਦੋ ਦਾ ਬਦਲਾ ” (ਸ਼ਾਰਪ ਆਡੀਓ ) , ” ਆਕਾਸ਼ ਬੇਈਮਾਨ ਹੋ ਗਿਆ ” ( ਨੀਰ ਆਡੀਓ ) , ” ਨਿੱਤ ਮੋੜ ਤੇ ਖੜ੍ਹਕੇ ” ( ਪਾਇਲ ) , ” ਕੋਟਲੇ ਦਾ ਪੀਰ ” , ( ਨੀਰ ਆਡੀਓ ) , ” ਔਰਤ ” ( ਐਸ.ਐਨ.ਸੀ.), ” ਅਖੀਰੀ ਮੁਲਾਕਾਤ ” ( ਪੈਰੀਟੋਨ ) , ” ਕੀ ਦੁੱਖ ਧੀਆ ਦੇ ” ( ਪਾਇਲ ) , ” ਮੇਲਾ ਵਿਸਾਖੀ ” ( ਨੀਨਾ ਆਡੀਓ ) , ” ਮਾਂ ਬੋਹੜ ਦੀ ਛਾਂ ” ( ਟੀ.ਸੀਰੀਜ਼ ) , ” ਨਬਜ਼ਾ ” ( ਆਨੰਦ ਆਡੀਓ ) , ਚੀਨੈ ਕਬੂਤਰ ” ( ਆਨੰਦ ਆਡੀਓ ) , ” ਨੋਟਾਂ ਦਾ ਮੀਂਹ ” ( ਜੈਟ ਆਡੀਓ ) , ਤੋਂ ਇਲਾਵਾ ਇੱਕ ਕੈਸਿਟ ਕਰਤਾਰ ਰਮਲਾ , ਹਾਕਮ ਬਖਤੜੀ ਵਾਲਾ ਅਤੇ ਗੋਰਾ ਚੱਕ ਵਾਲਾ ਨਾਲ ਗੁਲਦਸਤਾ ਦੇ ਰੂਪ ਵਿੱਚ ਆਈ , ਜਿਨ੍ਹਾਂ ਨੇ ਬਲਵੀਰ ਚੋਟੀਆਂ ਨੂੰ ਗਾਇਕਾਂ ਦੀ ਮੂਰਲੀ ਕਤਾਰ ਵਿੱਚ ਜਾ ਖੜ੍ਹਾ ਕੀਤਾ।
ਬਦਲਦੇ ਯੁੱਗ ਵਿੱਚ ਜਦ ਸਿੰਗਲ ਟਰੈਕ ਦਾ ਦੌਰ ਆਇਆ ਤਾਂ ਇਹ ਗਾਇਕ ਜੋੜੀ , ਉਸ ਵਿੱਚ ਵੀ ਪਿੱਛੇ ਨਹੀਂ ਰਹੀ। ਸੋਲੋ ਤੇ ਦੁਗਾਣਿਆਂ ਦੇ ਸਿੰਗਲ ਟਰੈਕ ਗੀਤਾਂ ਵਿੱਚ ਵੀ ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ ਦੇ ਗੀਤਾਂ ਦੀ ਤੂਤੀ ਬੋਲਣ ਲੱਗੀ ਅਤੇ ਹੁਣ ਤੱਕ ਇਸ ਜੋੜੀ ਨੇ ਮਾਹੀਆ , ਗਈ ਜਵਾਨੀ , ਲੰਡੀ ਜੀਪ , ਤੂਤ ਦੇ ਮੋਛੇ ਵਰਗੀ ਯਾਰੀ , ਸ਼ੇਰਨੀ , ਵਿਰਸ਼ਾ , ਧੀਆਂ ਨੂੰ ਵੀ ਸੋਚਣਾ ਪਊ ਅਤੇ ਕਾਲਾ ਰੰਗ ਵਰਗੇ ਗੀਤਾਂ ਤੋਂ ਇਲਾਵਾ ਹੁਣ ਇਸ ਜੋੜੀ ਦਾ ਗੀਤ ” ਬਾਈ ਜੀ ” ਜਲਦ ਮਾਰਕੀਟ ਵਿੱਚ ਆਉਣ ਵਾਲਾ ਹੈ। ਹੁਣ ਤੱਕ ਇਸ ਜੋੜੀ ਨੇ ਗੀਤਕਾਰ ਕਿਰਪਾਲ ਮਾਹਣਾ , ਅਲਬੇਲ ਬਰਾੜ , ਰਮੇਸ਼ ਬਰੇਟਾ , ਕਾਲਾ ਤੋਗੇਵਾਲਾ , ਭੋਲਾ ਮਹਿਮਾ ਸਵਾਈ ਅਤੇ ਕਾਲਾ ਕਾਲੇਕਿਆ ਵਾਲਾ ਤੋਂ ਇਲਾਵਾ ਅਨੇਕਾਂ ਨਵੇਂ – ਪੁਰਾਣੇ ਗੀਤਕਾਰਾਂ ਦੇ ਅਥਾਹ ਗੀਤ ਗਾ ਚੁੱਕੇ ਹਨ।