ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ॥ (ਗੁਰੂ ਗ੍ਰੰਥ ਸਾਹਿਬ, ਪੰਨਾ 300)
ਗੁਰੂੁ ਨਾਨਕ ਦੇਵ ਜੀ ਤੋਂ ਪਹਿਲਾਂ ਬਹੁਤੇ ਧਰਮ ਗ੍ਰੰਥ ਸੰਸਕ੍ਰਿਤ ਜਾਂ ਅਰਬੀ ਭਾਸ਼ਾ ਵਿੱਚ ਸਨ। ਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਤਾਂ ਗ੍ਰੰਥ ਪੜ੍ਹਨ ਦੀ ਮਨਾਹੀ ਸੀ। ਉਚੀ ਜਾਤੀ ਵਾਲੇ ਬਹੁਤੇ ਲੋਕ ਵੀ ਅਨਪੜ੍ਹ ਸਨ। ਇਸ ਕਰਕੇ ਆਮ ਲੋਕਾਂ ਲਈ ਧਰਮ–ਗਿਆਨ ਦਾ ਵਹਾਉ ਬੰਦ ਸੀ, ਅਤੇ ਧਰਮ ਦੀ ਆਤਮਿਕ ਖੁਰਾਕ ਤੋਂ ਭੁੱਖੇ ਇਨਸਾਨੀ ਹਿਰਦਿਆਂ ਵਿਚ ਪਰਮਾਤਮਾ ਲਈ ਤਾਂਘ ਮੱਧਮ ਪੈ ਗਈ ਸੀ। ਨਤੀਜੇ ਵਜੋਂ ਚਲਾਕ ਤੇ ਪਖੰਡੀ ਲੋਕ ਭੋਲੀ ਭਾਲੀ ਜਨਤਾ ਨੂੰ ਧਾਰਮਿਕ ਕਰਮ ਕਾਂਡ ਅਤੇ ਵਹਿਮਾਂ ਭਰਮਾਂ ਵਿਚ ਉਲਝਾ ਕੇ ਠੱਗ ਰਹੇ ਸਨ।
ਗੁਰੂ ਸਾਹਿਬਾਨ ਨੇ ਗੁਰਬਾਣੀ ਆਮ ਲੋਕਾਂ ਦੀ ਬੋਲੀ ਵਿਚ ਲਿਖੀ। ਗੁਰੂੁ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨ, ਭਗਤਾਂ, ਅਤੇ ਹੋਰ ਮਹਾਂਪੁਰਸ਼ਾਂ ਦੀ ਬਾਣੀ ਇਕੱਠੀ ਕਰ ਕੇ ਗੁਰੂ ਗ੍ਰੰਥ ਸਾਹਿਬ ਤਿਆਰ ਕੀਤੇ। ਮਨੋਰਥ ਇਹ ਸੀ ਕਿ ਹਰ ਪ੍ਰਾਣੀ ਗੁਰਬਾਣੀ ਵਿਚਲੇ ਧਰਮ–ਗਿਆਨ ਤੋਂ ਸੇਧ ਲੈ ਕੇ ਆਪਣਾ ਜੀਵਨ ਸੁਧਾਰ ਸਕੇ, ਅਤੇ ਇਕ ਨਰੋਏ ਸਮਾਜ ਦੀ ਸਿਰਜਨਾ ਵਿਚ ਆਪਣਾ ਹਿੱਸਾ ਪਾ ਸਕੇ।
ਗੁਰੂ ਗ੍ਰੰਥ ਸਾਹਿਬ ‘ਪੋਥੀ ਪਰਮੇਸਰ ਕਾ ਥਾਨ’ ਹਨ, ਜਿਉਂਦੀ ਜਾਗਦੀ ਜੋਤ ਹਨ, ਅਤੇ ਆਤਮਿਕ ਗਿਆਨ ਦਾ ਅਥਾਹ ਤੇ ਅਮੁਲ ਭੰਡਾਰ ਹਨ। ਗੁਰਬਾਣੀ–ਗਿਆਨ ਨੂੰ ਗੁਰੁੂ, ਅੰਮ੍ਰਿਤ ਸ੍ਰੋਵਰ, ਤੀਰਥ ਇਸ਼ਨਾਨ ਦੇ ਬਰਾਬਰ ਅਤੇ ਪੜ੍ਹਨ ਸੁਣਨ ਨੂੰ ਜੀਵਨ ਦਾ ਮਨੋਰਥ ਦਸਿਆ ਗਿਆ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋ ਸੰਨ 1945 ਵਿਚ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਹਰ ਸਿੱਖ ਸਹਿਜ ਪਾਠ ਕਰਨਾ ਜਾਰੀ ਰਖੇ ਅਤੇ ਜਿੰਨੇ ਸਮਂੇ ਵਿਚ ਹੋ ਸਕੇ ਭੋਗ ਪਾ ਲਵੇ। ਸਹਿਜ ਪਾਠ ਜਾਂ ਅਖੰਡ ਪਾਠ ਪਰਿਵਾਰ ਜਾਂ ਸੰਗਤ ਆਪ ਕਰੇ। ਜੇਕਰ ਆਪ ਪਾਠ ਨਹੀਂ ਕਰ ਸਕਦੇ ਤਾਂ ਪਾਠੀਆਂ ਤੋਂ ਸੁਣਿਆ ਜਾ ਸਕਦਾ ਹੈ। ਪਰ ਇਹ ਨਾ ਹੋਵੇ ਕਿ ਪਾਠੀ ਇਕੱਲਾ ਬੈਠ ਕੇ ਪਾਠ ਕਰਦਾ ਰਹੇ ਅਤੇ ਪਰਿਵਾਰ ਜਾਂ ਸੰਗਤ ਵਿਚੋਂ ਕੋਈ ਸੁਣਦਾ ਹੀ ਨਾ ਹੋਵੇ। ਗੁਰਬਾਣੀ ਕਿਸੇ ਵੀ ਵੇਲੇ ਅਤੇ ਕਿਸੇ ਵੀ ਸਾਫ ਜਗ੍ਹਾ ਤੇ ਪੜ੍ਹ ਸਕਦੇ ਹੋ। ਉਪਰ ਲਿਖੇ ਤੋਂ ਸਾਫ਼ ਹੈ ਕਿ ਪਾਠ ਦਾ ਮਨੋਰਥ ਪੜ੍ਹ ਜਾਂ ਸੁਣ ਕੇ ਗੁਰਬਾਣੀ ਨੂੰ ਸਮਝਣਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਪੜ੍ਹਨ, ਸੁਣਨ, ਮੰਨਣ, ਸਮਝਣ ਅਤੇ ਅਮਲ ਕਰਨ ਬਾਰੇ ਬਹੁਤ ਉਦਾਹਰਣਾਂ ਹਨ। ਜਿਵੇਂ ਕਿ ਜਪੁਜੀ ਸਾਹਿਬ ਵਿਚ ਗੁਰਬਾਣੀ ਸੁਣਨ (8 ਤੋਂ 11 ਪਉੜੀਆਂ), ਮੰਨਣ (12 ਤੋਂ 15 ਪਉੇੜੀਆਂ), ਅਤੇ ਧਰਮੀ–ਜੀਵਨ ਘੜਨ (38 ਵੀਂ ਪਉੜੀ) ਬਾਰੇ ਉਪਦੇਸ਼ ਹੈ। “ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ॥” “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥” “ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ॥” ਤੁਕਾਂ ਅਨੰਦ ਸਾਹਿਬ ਦੀ ਪਉੜੀ 40 ਵਿਚ ਦਰਜ ਹਨ। “ਪੜ੍ਹੀ ਸੁਣੀ ਬਾਣੀ” ਦੀ ਅਰਦਾਸ ਅਸੀਂ ਨਿਤ ਕਰਦੇ ਹਾਂ। “ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇਹ” ਅਰਦਾਸ ਦੇ ਪਿਛੋਂ ਦੋਹਰੇ ਦਾ ਹਿੱਸਾ ਹੈ।
ਹੇਠ ਅੰਕਿਤ ਭਾਈ ਗੁਰਦਾਸ ਜੀ ਦੀ ਬਾਣੀ ਅਤੇ ਆਮ ਜੀਵਨ ਵਿਚੋਂ ਕੁਝ ਉਦਾਹਰਣਾਂ ਉਪਰਲੀ ਸੋਚ ਨੂੰ ਹੋਰ ਦ੍ਰਿੜ ਕਰਨ ਲਈ ਵਰਣਨ ਹਨ।
ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ॥
ਬੈਦੁ ਬੈਦੁ ਕਹੈ ਰੋਗ ਮਿਟਨ ਨ ਕਾਹੂ ਕੋ,
ਦ੍ਰਬੁ ਦ੍ਰਬੁ ਕਹੇ ਕੋਊ ਦ੍ਰਬੈ ਨ ਬਿਲਾਸ ਹੈ॥
ਚੰਦਨੁ ਚੰਦਨੁ ਕਹਤ ਪ੍ਰਗਟੈ ਨ ਸੁਬਾਸ ਬਾਸ, ਚੰਦੁ ਚੰਦੁ ਕਹੇ ਉਜੀਆਰੋ ਨ ਪ੍ਰਗਾਸ ਹੈ॥
ਤੈਸੇ ਗਿਆਨ–ਗੋਸਟਿ ਕਹਤ ਨ ਰਹਤ ਪਾਵੈ, ਕਰਨੀ ਪ੍ਰਧਾਨ ਭਾਨ ਉਦਿਤ ਅਕਾਸਿ ਹੈ॥
ਭੱੁਖ ਖੁਰਾਕ ਖਾਣ ਨਾਲ ਤੇ ਪਿਆਸ ਪਾਣੀ ਪੀਣ ਨਾਲ ਹੀ ਮਿਟ ਸਕਦੀ ਹੈ। ਦਵਾਈ ਵਰਤਣ ਨਾਲ ਹੀ ਅਸਰ ਕਰਦੀ ਹੈ। ਕੀ ਸਿਰਫ ਘਰ ਵਿਚ ਰਖਣ, ਵੇਖਣ, ਜਾਂ ਕਿਸੇ ਹੋਰ ਵਿਅਕਤੀ ਦੇ ਵਰਤਣ ਨਾਲ ਸਾਨੂੰ ਖੁਰਾਕ, ਪਾਣੀ, ਅਤੇ ਦਵਾਈ ਦਾ ਫਾਇਦਾ ਹੋ ਜਾਵੇਗਾ?
ਕੀ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਵੇਲੇ ਕਂਿਹੰਦੇ ਹਨ ਕਿ ਜਾ ਕੇ ਕੁਝ ਪ੍ਹੜਨਾ ਜਾਂ ਸਿਖਣਾ ਨਹੀਂ, ਸਗੋਂ ਜਦੋਂ ਅਧਿਆਪਕ ਪੜ੍ਹਾ ਰਿਹਾ ਹੋਵੇ ਤਾਂ ਆਪ ਖਾਣ ਪੀਣ, ਖੇਡਣ, ਜਾਂ ਗੱਲਾਂ ਕਰਨ ਵਿਚ ਰੁਝੇ ਰਹਿਣਾ? ਕੀ ਅਧਿਆਪਕ ਦੇ ਪੜ੍ਹਾਏ ਹੋਏ ਸਬਕ ਨੂੰ ਬਿਨਾਂ ਸੁਣੇ ਜਾਂ ਸਮਝੇ ਵਿਿਦਆਰਥੀ ਨੂੰ ਪ੍ਰੀਖਿਆ ਵਿਚ ਚੰਗੇ ਨੰਬਰ ਮਿਲ ਸਕਦੇ ਹਨ?
ਬਹੁਤੀ ਵਾਰ ਸਹਿਜ ਪਾਠ ਜਾਂ ਅਖੰਡ ਪਾਠ ਪਾਠੀਆਂ ਤੋਂ ਕਰਵਾਇਆ ਜਾਂਦਾ ਹੈ, ਪਰ ਪਾਠ ਸੁਣਨ ਜਾਂ ਸਮਝਣ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ। ਇਹ ਤਾਂ ਇਸ ਤਰ੍ਹਾਂ ਹੈ ਕਿ ਕਿਸੇ ਨੂੰ ਆਦਰ ਨਾਲ ਸੁਹਣੇ ਕਮਰੇ ਵਿਚ ਵਧੀਆ ਪਲੰਘ ਤੇ ਬਿਠਾ ਕੇ ਕਹਿਣਾ ਕਿ ਤੁਸੀਂ ਬੋਲੀ ਜਾਉ ਪਰ ਅਸੀਂ ਆਪ ਜੀ ਦੀ ਗਲ ਸੁਣਨੀ ਜਾਂ ਸਮਝਣੀ ਨਹੀਂ, ਕਿਉਕਿ ਅਸੀਂ ਖਾਣ–ਪੀਣ, ਗੱਲਾਂ ਕਰਨ, ਪ੍ਰਹੁਣਿਆਂ ਦੀ ਆਉ–ਭਗਤ ਅਤੇ ਹੋਰ ਕੰਮਾਂ ਵਿਚ ਰੁਝੇ ਹੋਏ ਹਾਂ। ਪੈਸੇ ਭੇਜ ਕੇ ਪਾਠ ਕਰਵਾਉਣ ਵਿਚ ਤਾਂ ਗੁਰਬਾਣੀ ਪੜ੍ਹਨ, ਸੁਣਨ, ਜਾਂ ਸਮਝਣ ਦਾ ਸੰਕਲਪ ਹੀ ਨਹੀਂ ਰਹਿੰਦਾ। ਸੋਚੋ, ਕੀ ਅਜਿਹਾ ਕਰਨ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦਾ ਨਿਰਾਦਰ ਤਾਂ ਨਹੀਂ ਕਰ ਰਹੇ?
ਤੁਸੀਂ ਗਲ ਕਰੋ ਤੇ ਕੋਈ ਧਿਆਨ ਨਾਂ ਦੇਵੇ ਜਾਂ ਸੁਣਨ ਵਾਲਾ ਹੀ ਨਾਂ ਹੋਵੇ ਤਾਂ ਤੁਸੀਂ ਖਿਝ ਨਹੀਂ ਜਾਵੋਗੇ? ਕੀ ਕੋਈ ਕਲਾਕਾਰ ਸਰੋਤਿਆਂ ਤੋਂ ਬਿਨਾਂ ਕਲਾ ਵਿਖਾਉਂਦਾ ਹੈ?
ਗੁਰਬਾਣੀ ਦੇ ਗਿਆਨ ਤੋਂ ਸਖਣੇ ਰਹਿ ਕੇ ਪਾਠ ਕਰਵਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਰਜੀਵ ਬੁਤ ਵਾਂਗ ਪੂਜਣ, ਸੰਸਾਰਕ ਲੋੜਾਂ ਪੂਰੀਆਂ ਕਰਨ (ਵਿਆਹ, ਮਰਗ, ਗ੍ਰਹਿਪ੍ਰਵੇਸ਼, ਸੁਖਣਾ ਪੂਰੀ ਹੋਣੀ, ਆਦਿ), ਜਾਂ ਵਿਖਾਵਾ ਕਰਨ (ਜਿਵੇਂ ਲੋਕਾਂ ਨੂੰ ਸੱਦ ਕੇ ਵਧੀਆ ਭੋਜਨ ਕਰਵਾਉਣਾ) ਲਈ ਵਰਤਣ ਵਾਂਗ ਹੈ। ਪਾਠ ਦਾ ਅਸਲ ਮਨੋਰਥ ਗੁਰਬਾਣੀ ਨੂੰ ਪੜ੍ਹ ਜਾਂ ਸੁਣ ਕੇ ਸਮਝਣਾ ਹੈ, ਨਾ ਕਿ ਰਸਮ ਰਿਵਾਜ ਪੂਰੇ ਕਰਨੇ ਜਾਂ ਵਿਖਾਵਾ ਕਰਨਾ।
ਜਿਵੇਂ ਕਿ ਹਰ ਚੀਜ਼ ਸਿੱਖਣ ਵੇਲੇ ਅਕਸਰ ਹੁੰਦਾ ਹੈ, ਪਾਠ ਸਿੱਖਣ ਵੇਲੇ ਵੀ ਪਹਿਲਾਂ ਗਲਤੀਆਂ ਹੋਣੀਆਂ ਸੁਭਾਵਕ ਹਨ। ਤੋਤਲਾ ਬੋਲਣ ਤੇ ਬੱਚੇ ਨੂੰ ਕੋਈ ਗੁੱਸੇ ਨਹੀਂ ਹੁੰਦਾ, ਬਲਕਿ ਸਭ ਖੁਸ਼ ਹੁੰਦੇ ਹਨ ਕਿ ਤੋਤਲਾ ਬੋਲਦਾ ਹੈ ਤਾਂ ਠੀਕ ਬੋਲਣਾ ਵੀ ਸਿੱਖ ਜਾਵੇਗਾ। ਵਾਰ ਵਾਰ ਡਿਗਣ ਤੋਂ ਬਾਅਦ ਹੀ ਸ਼ਾਹ ਸਵਾਰ ਬਣੀਦਾ ਹੈ। ਦਿਆਲ ਗੁਰੂ ਆਪਣੇ ਅਣਜਾਣ ਸਿੱਖਾਂ ਦੀਆਂ ਭੱੁਲਾਂ ਬਖਸ਼ ਕੇ ਗਲੇ ਲਾਉਂਦਾ ਹੈ।ਉਪਰ ਲਿਖੇ ਦਾ ਮੰਤਵ ਪਾਠ ਕਰਨ ਜਾਂ ਕਰਵਾਉਣ ਤੋਂ ਮਨ੍ਹਾ ਕਰਨਾ ਕਦਾਚਿਤ ਨਹੀਂ, ਸਗੋਂ ਗੁਰਬਾਣੀ-ਭਾਵ ਨਾਲ ਜੋੜਨ ਦਾ ਹੈ। ਹੋ ਸਕੇ ਤਾਂ ਪਾਠ ਆਪ ਕਰੋ। ਪਾਠੀਆਂ ਅਤੇ ਪ੍ਰਚਾਰਕਾਂ ਨੂੰ ਅਧਿਆਪਕ ਸਮਝ ਕੇ ਉਨ੍ਹਾਂ ਤੋਂ ਪਾਠ ਕਰਨਾ ਸਿਖੋ ਤੇ ਗੁਰਬਾਣੀ ਦੇ ਅਰਥ ਸਮਝੋ। ਵਾਹਿਗੁਰੂ ਜੀ ਸਾਨੂੰ ਗੁਰਬਾਣੀ-ਆਸ਼ੇ ਅਨੁਸਾਰ ਆਪਣਾ ਜੀਵਨ ਜਿਊਣ ਅਤੇ ਸਮਾਜ-ਸੇਵਾ ਕਰਨ ਦੀ ਸੁਮੱਤ ਬਖਸ਼ਣ, ਇਹੀ ਅਰਦਾਸ ਹੈ।
ਜੇਕਰ ਇਹ ਵਿਚਾਰ ਚੰਗੇ ਲਗੇ ਹੋਣ ਤਾਂ ਆਪਣੇ ਪਿਆਰਿਆਂ ਨਾਲ ਲੇਖ ਸਾਂਝਾ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਆਪ ਜੀ ਦੇ ਸੁਝਾ ਸਿਰ ਮਥੇ ਤੇ। ਅੱਖਰੀ ਅਤੇ ਭਾਵ ਦੀਆਂ ਭੱੁਲਾਂ ਲਈ ਖਿਮਾਂ ਦੇ ਜਾਚਿਕ, ਦਾਸ