ਪੀ ਕੇ ਪੰਜ ਰਤਨੀ, ਰਤਨ ਕੌਰ ਨਾਲ ਲੜਦਾ–
ਕਵਿਤਾ ਗੀਤ-ਸੰਗੀਤ,ਅਤੇ ਸ਼ੁਭ-ਵਿਚਾਰਾਂ ਦਾ ਸਾਹਿਤਕ ਪ੍ਰੋਗਰਾਮ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ
(ਸਿਆਟਲ): ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅਤੇ ਉਸਦੇ ਸਰਵਪੱਖੀ ਵਿਕਾਸ ਲਈ ਆਪਣੇ ਉਦਮਾਂ ਨੂੰ ਪ੍ਰਚੰਡ ਕਰਦਿਆਂ, ਦਹਾਕਿਆਂ ਤੋਂ ਸਿਆਟਲ ਦੀ ਸਰਜ਼ਮੀਂ ਤੇ ਕੰਮ ਕਰ ਰਹੀ, ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.)ਵੱਲੋਂ ਇਕ ਸਾਹਿਤਕ ਪੋ੍ਰਗਰਾਮ ਕੈਂਟ ਸਿਆਟਲ ਵਿਖੇ ਕਰਵਾਇਆ ਗਿਆ.ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ ਆਗਮਨ ਤੇ ਅਦਬੀ-ਸਤਿਕਾਰ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ।ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ,ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ ਅਤੇ ਸਭਾ ਦੀਆਂ ਗਤੀ ਵਿਧੀਆਂ ਬਾਰੇ ਚਾਨਣਾ ਪਾਇਆ।ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਪਰਿਵਾਰਕ ਗੀਤਾਂ ਦੇ ਰਚੇਤਾ, ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਦੇ ਗੀਤ ਦੇ ਬੋਲਾਂ ‘ਨਸ਼ਿਆਂ ਤੋਂ ਬਚ ਪੁੱਤ ਵੇ..’ ਨਾਲ ਹੋਇਆ.ਸਭਾ ਨੂੰ ਦਹਾਕਿਆਂ ਤੋਂ ਆਸ਼ੀਰਵਾਦ ਦਿੰਦੇ ਆ ਰਹੇ ਸਭਾ ਦੇ ਸਤਿਕਾਰਿਤ ਮੈਂਬਰ, ਤਿੰਨ ਕਿਤਾਬਾਂ—ਮਿੱਟੀ ਦੇ ਮਾਣਸ, ਤੇਈ ਦਿਨ ਅਤੇ ਅਰਧ ਸ਼ਤਾਬਦੀ’ ਦੇ ਰਚੇਤਾ ਡਾ. ਪ੍ਰੇਮ ਕੁਮਾਰ ਜੀ ਨੇ ਆਪਣੀਆਂ ਨਜ਼ਮਾਂ ‘ਇਕ ਸੀ ਕੁੜੀ ਲਕੀਰ ਜਿਹੀ ਪਹਿਲੇ ਪਹਿਰ ਦੇ ਨਾਂ ਵਰਗੀ..ਜ਼ਿੰਦਗੀ ਤੁਰਦੀ ਰਹੀ, ਰੁੱਖ ਹਵਾ ਦਾ ਜਿਧਰ ਜਾਂਦਾ ਸੀ’ ਰਾਹੀਂ ਫ਼ਿਜ਼ਾ ‘ਚ ਸ਼ਾਤ ਰਸ ਸੰਚਾਰ ਕੀਤਾ। ਸਮਾਜ ਦੀਆਂ ਨਾਕਾਰਾਤਮਕ ਅਤੇ ਸਾਕਾਰਾਤਮਕ ਰਮਜ਼ਾਂ ਨੂੰ ਪਹਿਚਾਣਦਿਆਂ ਉਹਨਾਂ ਤੇ ਝੱਟ ਪ੍ਰਤੀਕਿਰਿਆ ਗੀਤਾਂ ਰਾਹੀਂ ਉਜਾਗਰ ਕਰਨ ‘ਚ ਮਾਹਿਰ ਹਰਦਿਆਲ ਸਿੰਘ ਚੀਮਾ ਨੇ ਆਪਣੇ ਗੀਤ ‘ਰੇੜੀਆਂ ਦੇ ਉਤੋਂ ਸਬਜ਼ੀਆਂ ਫਿਰੇ ਖ੍ਰੀਦਦਾ, ਮਾਰੀ ਗਈ ਮੱਤ ਆਪ ਕਿਉਂ ਨਹੀਂ ਬੀਜਦਾ’ ਰਾਹੀਂ ਕੰਮ ਸੱਭਿਆਚਾਰ ਤੋਂ ਸੱਖਣੇ ਹੋ ਰਹੇ ਪੰਜਾਬੀਆਂ ਤੇ ਚੋਟ ਕੀਤੀ। ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਦੀ ਕਲਮ ਦੀ ਉਤਪਤੀ-ਪਿਆਰ ਮੁਹੱਬਤ ਦਾ ਗੀਤ ‘ਦਿਲ ਵਿੱਚ ਤੂੰ ਵੱਸਦਾ, ਮੇਰੀ ਉਮਰ ਵੀ ਤੈਨੂੰ ਲੱਗ ਜਾਵੇ’ ਨੂੰ ਤਰੰਨਮ ‘ਚ ਗਾ ਕੇ ਤਵਿਆਂ ਤੇ ਵੱਜਦੇ ਪੰਜਾਬੀ ਗੀਤਾਂ ਦੇ ਦੌਰ ’ਚ ਸਰੋਤਿਆਂ ਨੂੰ ਪਹੁੰਚਾਉਣ ਦਾ ਕੰਮ ਕੀਤਾ।ਆਪਣੇ ਹਾਸ ਵਿਅੰਗ ਦੇ ਲਹਿਜੇ ਨੂੰ ਕਾਇਮ ਰੱਖਦਿਆਂ ਮਾਹੌਲ ਨੂੰ ਮਜ਼ਾਹੀਆਂ ਰੰਗ ‘ਚ ਰੰਗਿਆ-ਮੰਗਤ ਕੁਲਜਿੰਦ ਨੇ ‘ਤੀਜੀ ਲਹਿਰ’ ਕਾਵਿ-ਹਾਸ ਅਤੇ ਗੀਤ ‘ਜਿੱਦਣ ਦਾ ਅਮਰੀਕੋਂ ਆਇਆ…’ ਨੂੰ ਤਰੰਨਮ ‘ਚ ਗਾ ਕੇ।ਸਭਾ ਦੇ ਮੀਤ ਸਕੱਤਰ ਸਾਧੂ ਸਿੰਘ ਝੱਜ ਨੇ ਆਪਣੀ ਹਾਸ ਵਿਅੰਗ ਕਵਿਤਾ ‘ਪੈਂਹਟ ਕੁ ਵਰਿਆਂ ਦਾ ਇਕ ਪੰਜਾਬੀ ਬੰਦਾ…ਦੇ ਰਾਹੀਂ ਕੰਮ ਸੱਭਿਆਚਾਰ ਅਤੇ ਵਿਹਲੜ ਪ੍ਰਵਿਰਤੀ ਦਾ ਮੁਕਾਬਲਤਨ ਮੁਲਾਂਅੰਕਣ ਕੀਤਾ।
ਅੰਤਰਰਾਸ਼ਟਰੀ ਪੱਧਰ ਤੱਕ ਚਰਚਿਤ ਆਪਣੇ ਗੀਤ ‘ਪੀ ਕੇ ਪੰਜ ਰਤਨੀ, ਰਤਨ ਕੌਰ ਨਾਲ ਲੜਦਾ..’ ਨੂੰ ਗਲੇ ਦੇ ਸੁਰਾਂ ਦੇ ਸੁਮੇਲ ਨਾਲ ਪੇਸ਼ ਕਰਕੇ ਬਲਬੀਰ ਸਿੰਘ ਲਹਿਰਾ ਨੇ ਸੱਭ ਨੂੰ ਮੰਤਰ-ਮੁਗਧ ਕਰ ਦਿੱਤਾ। ਇਨਸਾਨ ਕੀ ਹਰ ਇਕ ਜੀਵ ਜੰਤੂ ਦੀ ਜ਼ਿੰਦਗੀ ‘ਚ ਮਾਂ ਦੀ ਮਹੱਤਤਾ ਨੂੰ ਦਰਸਾਉਂਦੀ ਕਵਿਤਾ ਜਗੀਰ ਸਿੰਘ ਨੇ ਪੇਸ਼ ਕੀਤੀ।ਸਮੇਂ ਅਤੇ ਹਾਲਾਤਾਂ ਮੁਤਾਬਿਕ ਮੁੰਡਿਆਂ ਕੁੜੀਆਂ ‘ਚ ਆਈਆਂ ਤਬਦੀਲੀਆਂ ਦਾ ਜ਼ਿਕਰ ਸੁਰਜੀਤ ਸਿੰਘ ਸਿੱਧੂ ਨੇ ਆਪਣੇ ਗੀਤ ਵਿੱਚ ਕੀਤਾ। ਸਟੇਜ ਸਕੱਤਰ ਦੀ ਡਿਊਟੀ ਨੂੰ ਬਾਖ਼ੂਬੀ ਨਿਭਾਉਦਿਆਂ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਸਮੇਂ ਸਮੇਂ ਤੇ ਸਮਾਜ ਲਈ ਚੰਗੇ ਵਿਚਾਰਾਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ ਅਤੇ ਆਪਣੀ ਕਵਿਤਾ ਰਾਹੀਂ ਭਾਰਤੀ ਆਜ਼ਾਦੀ ਦੀਆਂ ਪਰਤਾਂ ਫਰੋਲ੍ਹੀਆਂ। ਸੰਸਾਰ ਪ੍ਰਸਿੱਧ ਬਾਬਾ ਨਜ਼ਮੀ ਜੀ ਦੀ ਨਜ਼ਮ ‘ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾਂ,ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾਂ’ ਨੂੰ ਉਚਾਰਦਿਆਂ ਸਿਮਰਨ ਸਿੰਘ ਨੇ ਆਉਣ ਵਾਲੀ ਫਿਲਮ ‘ਪਿੰਡ ਅਮਰੀਕਾ’ ਬਾਰੇ ਜਾਣਕਾਰੀ ਸਾਂਝੀ ਕੀਤੀ। ਲਾਲੀ ਸੰਧੂ ਨੇ ਸਭਾ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕੀਮਤੀ ਸੁਝਾਅ ਦਿੱਤੇ। ਸ਼ਸ਼ੀ ਪ੍ਰਾਸ਼ਰ ਨੇ ਸਿਹਤ ਕਾਇਮ ਰੱਖਣ ਅਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਵਿਚਾਰ ਰੱਖੇ ਜਦੋਂ ਕਿ ਨਵੀਨ ਰਾਏ ਨੇ ਖੋਜੀ ਪ੍ਰਵਿਰਤੀ ਅਪਨਾਉਣ ਤੇ ਜ਼ੋਰ ਦਿੱਤਾ। ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਉਦੇਸ਼ਾਂ ਤਹਿਤ, ਸਭਾ ਨੇ ਪੰਜਾਬ ਵੱਸਦੇ ਡਾ.ਗੁਰਸ਼ਰਨ ਸਿੰਘ ਸੋਹਲ ਦੇ ਨਵੇਂ ਛਪੇ ਕਾਵਿ-ਸੰਗ੍ਰਹਿ ‘ਮੰਥਨ’ ਅਤੇ ਬਠਿੰਡਾ ਤੋਂ ਨਿਕਲਦੇ ਹਾਸ ਵਿਅੰਗ ਮੈਗਜ਼ੀਨ ‘ਸ਼ਬਦ ਤ੍ਰਿੰਜਣ ਨੂੰ ਲੋਕ ਅਰਪਣ ਕੀਤਾ । ਬਲਦੇਵ ਸਿੰਘ ਬਰਾੜ,ਜਸਵਿੰਦਰ ਕੌਰ, ਪਰਜੀਤ ਕੌਰ,ਸੁਖਮਿੰਦਰ ਸਿੰਘ,ਸੁਖਮੰਦਰ ਸਿੰਘ ਅਤੇ ਬਲਬੀਰ ਅੱਜ ਦੇ ਸਮਾਗਮ ਦੀ ਸ਼ੋਭਾ ਵਧਾ ਰਹੀਆਂ ਸ਼ਖਸ਼ੀਅਤਾਂ ਸਨ। ਅੰਤ ਵਿੱਚ ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਸਮਾਗਮ ਦਾ ਹਿੱਸਾ ਬਣੇ ਸਾਰੇ ਦਰਸ਼ਕਾਂ-ਸਰੋਤਿਆਂ ਅਤੇ ਪ੍ਰੋਗਰਾਮ ਦੀ ਕਾਮਯਾਬੀ ਲਈ ਯਤਨ ਕਰ ਰਹੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਅਦਬੀ ਸ਼ਬਦਾਂ ਨਾਲ ਧੰਨਵਾਦ ਕੀਤਾ। ਸਾਰੇ ਪ੍ਰੋਗਰਾਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕਰਕੇ ਧਰਤੀ ਦੇ ਕੋਨੇ ਕੋਨੇ ਤੇ ਪਹੁੰਚਾਉਣ ਦਾ ਤਨਦੇਹੀ ਨਾਲ ਕਾਰਜ ਕਰਦੇ ਸਿਮਰਨ ਸਿੰਘ ਜੀ ਨੇ ਇਸ ਵਾਰ ਵੀ ‘ਸਾਡਾ ਟੀ.ਵੀ.’ ਅਤੇ ‘ਸਾਡਾ ਰੇਡੀਓ’ ਦੀਆਂ ਸੇਵਾਵਾਂ ਨੂੰ ਹਾਜ਼ਰ ਰੱਖਿਆ। ਸ਼ੁਰੂ ਤੋਂ ਲੈ ਕੇ ਅੰਤ ਤੱਕ, ਚੱਲ ਰਹੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਫੇਸ ਬੁਕ ਉਪਰ ਵੀ ਕੀਤਾ ਗਿਆ।