ਫਿਲਮੀ ਸੱਥ

ਪੇਂਡੂ ਕਨੇਡੀਅਨ ਆਲਾ ਚੇਤੰਨ ਯੂ ਟਿਊਬਰ – ਮਿੰਟੂ ਸਮਾਘ

ਪੇਂਡੂ ਕਨੇਡੀਅਨ- ਗੁਰਪ੍ਰਕਾਸ਼ ਸਿੰਘ ਸਮਾਘ ਮਿੰਟੂ ਸਮਾਘ ਸਮਾਜਿਕ ਤੌਰ ਤੇ ਚੇਤੰਨ ਯੂ ਟਿਊਬਰ

ਮਾਨਸਾ ਇਲਾਕੇ ‘ਚ ਟਿੱਬਿਆਂ ਦੀਆਂ ਧੂੜਾਂ ‘ਚ ਨਵੀਆਂ ਬੁਲੰਦੀਆਂ ਛੂਹ ਕੇ ਫਿਰ ਸਾਰੀ ਦੁਨੀਆਂ ਨੂੰ ਰੋਂਦਿਆਂ ਛੱਡ ਕੇ ਤੁਰ ਜਾਣ ਵਾਲੇ ਸਿੱਧੂ ਮੂਸੇ ਵਾਲੇ ਦੇ ਪਿੰਡ ਤੋਂ 6 ਕੁ ਕਿਲੋਮੀਟਰ ਦੂਰ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਛਰਨ ਛੋਹ ਪ੍ਰਾਪਤ ਇਤਿਹਾਸਿਕ ਗੁਰੂਦੁਆਰਾ ਸੂਲੀਸਰ ਸਾਹਿਬ ਵਾਲਾ ਪਿੰਡ ਹੈ ਕੋਟ ਧਰਮੂੰ ਜਿਸ ਨੂੰ ਨਾਮਧਾਰੀਆਂ ਵਲੋਂ ਆਪਣੇ ਇਕ ਡੇਰੇ ਕਰਕੇ ਧਰਮ ਦਾ ਕੋਟ ਵੀ ਕਿਹਾ ਜਾਂਦਾ ਹੈ, ਦਾ ਸਿੱਧੂ ਦਾ ਸਮਕਾਲੀ ਹੀ ਮੱਧਵਰਗੀ ਪਰਿਵਾਰ ਦੇ ਸਮਾਘ ਗੋਤ ਨਾਲ ਸਬੰਧਤ ਮੁੰਡਾ 2017 ਵਿਚ ਪਿੰਡ ਤੋਂ ਕਨੇਡਾ ਦਾ ਸਫਰ ਤਹਿ ਕਰਦਾ ਹੈ।ਮੁੰਡੇ ਦਾ ਨਾਮ ਗੁਰਪ੍ਰਕਾਸ਼ ਸਿੰਘ ਸਮਾਘ ਹੈ ਤੇ ਉਹ ਯੂ ਟਿਊਬ ਤੇ ਆਪਣਾ ਚੈਨਲ ਸ਼ੁਰੂ ਕਰਦਾ ਹੈ ਪਿੰਡ ਤੋਂ ਕਨੇਡਾ, ਸ਼ੁਰੂ ਵਿਚ ਆਪਣੇ ਨਿਰੋਲ ਪੇਂਡੂ ਲਹਿਜੇ ਅਤੇ ਠੇਠ ਪੇਂਡੂ ਮਲਵਈ ਬੋਲੀ ਅਤੇ ਡੱਬੀਆਂ ਵਾਲੇ ਸਾਫਿਆਂ ਜਿੰਨਾ ਨੂੰ ਮਾਲਵੇ ਵਿਚ ਪਰਨੇ ਕਿਹਾ ਜਾਂਦਾ ਹੈ, ਕਰਕੇ ਲੋਕਾਂ ਤੋਂ ਦੇਸੀ ਆਦਿ ਹੋਰ ਸੈਂਕੜੇ ਕੁਮੈਂਟ ਸਹਿ ਕੇ ਵੀ ਲਗਾਤਾਰ ਨਵੀਂਆਂ ਜਾਣਕਾਰੀਆਂ ਨਾਲ ਅੱਗੇ ਵਧਣ ਦੀ ਧੁਨ ਦਾ ਪੱਕਾ ਗੁਰਪ੍ਰਕਾਸ਼ ਹੌਲੀ ਹੌਲੀ ਮਾਲਵੇ ਦੇ ਹੀ ਇਕ ਹੋਰ ਯੂ ਟਿਊਬਰ ਮਿੰਟੂ ਬਰਾੜ ਕਾਲਿਆਵਾਲੀ ਦੇ ਚੈਨਲ ਪੇਂਡੂ ਆਸਟਰੇਲੀਆਂ ਨੂੰ ਵੇਖਦਾ ਵੇਖਦਾ ਆਪਣਾ ਛੋਟਾ ਨਾਮ ਵੀ ਮਿੰਟੂ ਸਮਾਘਹੋਣ ਕਰਕੇ ਆਪਣੇ ਚੈਨਲ ਦਾ ਨਾਮ ਵੀ ਪੇਂਡੂ ਕਨੇਡੀਅਨ ਰੱਖ ਲੈਂਦਾ ਹੈ।

ਸ਼ੁਰੂਆਤੀ ਦੌਰ ਦੀਆਂ ਤੰਗੀਆਂ ਤੁਰਸ਼ੀਆਂ ਤੇ ਕਨੇਡਾ ਦੀ ਤੇਜ਼ ਤਰਾਰ ਜਿੰਦਗੀ ਦਾ ਸੇਕ ਮਿੰਟੂ ਨੂੰ ਵੀ ਲੱਗਦਾ ਹੈ ਤੇ ਆਰਥਿਕਤਾ ਨੂੰ ਬੇਲੈਸ ਕਰਨ ਲਈ ਉਹ ਸਖਤ ਮਿਹਨਤ ਕਰਨ ਦੇ ਨਾਲ ਨਾਲ ਪੜਾਈ ਵੀ ਕਰਦਾ ਹੈ, ਪਰੰਤੂ ਉਹ ਇਕ ਚੇਤੰਨ ਨਾਗਰਿਕ ਦੀ ਜਗਿਆਸਾ ਨੂੰ ਸ਼ਾਤ ਕਰਨ ਲਈ ਨਾਲ ਨਾਲ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਇਕੱਠੀ ਕਰਕੇ ਵੀਡੀਓ ਬਣਾ ਕੇ ਯੂ ਟਿਊਬ ਚੈਨਲ ਤੇ ਪਾਉਣੇ ਵੀ ਜਾਰੀ ਰੱਖਦਾ ਹੈ। ਉਸਦੇ ਪਹਿਲੇ ਵੀਡੀਓਜ਼ ਬਾਰੇ ਜਦ ਉਹਨੂੰ ਪੁੱਛਿਆ ਜਾਂਦਾ ਤਾਂ ਉਹ ਗੋਰਿਆਂ ਵਲੋਂ ਟਰੱਕ ਚਲਾਉਣ ਲਈ ਗੇਅਰ ਕਿਵੇਂ ਪਾਉਣੇ ਹਨ ਜਾਂ ਟਰੱਕ ਬੈਕ ਕਿਵੇਂ ਕਰਨਾ ਅਤੇ ਵਿਜ਼ਟਰ ਵੀਜਾ ਤੋਂ ਵਰਕ ਪਰਮਿਟ ਵਿਚ ਬਦਲਾ ਕਰਨ ਬਾਰੇ ਜਾਣਕਾਰੀ ਦੇਣ ਲਈ ਪਾਏ ਗਏ ਵੀਡੀਓਜ਼ ਤੋਂ ਪਰਭਾਵਿਤ ਹੋ ਕੇ ਪੰਜਾਬੀ ਵਿੱਚ ਅਜਿਹੇ ਦੋ ਵੀਡੀਓਜ਼ ਬਣਾਉਣ ਨਾਲ ਸ਼ੁਰੂਆਤ ਕੀਤੀ। ਡੱਬੀਆਂ ਵਾਲਾ ਸਾਫਾ ਜਾਂ ਪਰਨਾ ਬੰਨ ਕੇ ਕੀਤੀ ਗਈ ਇਸ ਕੋਸ਼ਿਸ਼ ਤੇ ਲੋਕਾਂ ਦੇ ਕੁਮੈਂਟਾਂ ਵਿਚ ਦੇਸੀ ਤੇ ਹੋਰ ਪਤਾ ਨਹੀ ਕੀ ਕੀ ਦੇਖ ਕੇ ਮਨ ਡੋਲ ਗਿਆ ਤੇ ਉਹਨੇ ਯੂਟਿਊਬ ਚੈਨਲ ਹੀ ਬੰਦ ਕਰ ਦਿੱਤਾ ਸੀ। ਪਹਿਲੇ ਵੀਡੀਓਜ਼ ਵਿੱਚ ਉਸ ਨੇ ਕਨੇਡਾ ਦੇ ਪਿੰਡਾਂ ਦੀ ਜਿੰਦਗੀ ਦਿਖਾਈ ਜਿਸ ਵਿੱਚ ਖੇਤ ਤੇ ਟਰੈਕਟਰ ਸਮੇਤ ਕਿਸਾਨਾਂ ਦੇ ਰੋਜ ਦੇ ਕੰਮ ਵੀ ਸਨ। ਜਦ ਉਸ ਵਲੋਂ ਦੋਬਾਰਾ ਯੂ ਟਿਊਬ ਚੈਨਲ ਸ਼ੁਰੂ ਕੀਤਾ ਤਾਂ ਹੈਰਾਨ ਰਹਿ ਗਿਆ ਕਿ 10 ਹਜ਼ਾਰ ਸਬਸਕਰਾਇਬਰ ਹੋ ਚੁੱਕੇ ਸਨ ਅਤੇ ਕਈ ਵੀਡੀਓਜ਼ ਦੇ 25 ਹਜਾਰ ਵਿਊ ਹੋ ਚੁੱਕੇ ਸਨ।

ਇਸ ਸਮੇਂ ਪਤਨੀ ਰਮਨਦੀਪ ਹੀ ਅਕਸਰ ਕੈਮਰਾਮੈਨ ਦੀ ਭੂਮੀਕਾ ਨਿਭਾਉਦੀ ਸੀ ਪਰ ਕੁਝ ਦੋਸਤਾਂ ਜਿਵੇ ਸ਼ਾਹਬਾਜ਼ ਖੋਸਾ ਅਤੇ ਮੰਨੇ ਵਲੋਂ ਵੀ ਨਵੇਂ ਨਵੇਂ ਵੀਡੀਓਜ਼ ਬਣਾਇਆ ਵਿੱਚ ਬੜੀ ਮੱਦਦ ਕੀਤੀ ਗਈ। ਰਮਨਦੀਪ ਨੇ ਕਿੱਤੇ ਵਜੋਂ ਪ੍ਰੋਫੈਸਨਲ ਨਰਸ ਹੋਣ ਕਰਕੇ ਅਤੇ ਜਿਗਿਆਸਾ ਭਰਪੂਰ ਹੋਣ ਕਰਕੇ ਮਿੰਟੂ ਨੂੰ ਵੱਖ ਵੱਖ ਕਿੱਤਿਆਂ ਬਾਰੇ ਵੀਡੀਓਜ਼ ਪਾਉਣ ਲਈ ਕਿਹਾ ਉਹਨਾਂ ਵੀਡੀਓਜ਼ ਵਿੱਚ ਨਵੀਂ ਤੋਂ ਨਵੀਂ ਜਾਣਕਾਰੀ ਦੇਣ ਲਈ ਮਿੰਟੂ ਨੇ ਅਲੱਗ ਅਲੱਗ ਸੂਤਰਾਂ ਤੋਂ ਜਾਣਕਾਰੀ ਇਕੱਠੀ ਕਰਨੀ ਸੁਰੂ ਕੀਤੀ ਤੇ ਉਸ ਨਾਲ ਨਵੇਂ ਕਨੇਡਾ ਆ ਕੇ ਰਹਿਣ ਵਾਲੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਵਲੋਂ ਬਹੁਤ ਪਿਆਰ ਦਿੱਤਾ ਗਿਆ । ਵਿਦਿਆਰਥੀਆਂ ਲਈ ਲਾਇਸੰਸ ਕਿਵੇਂ ਲੈਣਾ, ਫੀਸਾਂ ਤੁਸੀਂ ਕਿਵੇਂ ਕੱਢ ਸਕਦੇ ਹੋ, ਜਾਂ ਵੱਖ ਵੱਖ ਕਿੱਤਿਆਂ ਵਿਚ ਕੀ ਕੀ ਸੰਭਾਵਨਾਵਾਂ ਹਨ ਅਜਿਹੇ ਸੈਂਕੜੇ ਹੀ ਗਿਆਨ ਭਰਪੂਰ ਵੀਡੀਓਜ਼ ਪੇਂਡੂ ਕਨੇਡੀਅਨ ਚੈਨਲ ਤੇ ਵੇਖੇ ਜਾਂਦੇ ਹਨ। ਹੁਣ ਜਿੱਥੇ ਮਿੰਟੂ ਸਾਰਿਆਂ ਵਿੱਚ ਪਾਪੂਲਰ ਹੈ ਉਥੇ ਨਾਲ ਹੀ ਉਹ ਸਮਾਜਿਕ ਜਿ਼ੰਮੇਵਾਰੀ ਵੀ ਸਮਝਦਾ ਹੈ ਕਿ ਉਹ ਕੋਈ ਵੀ ਅਜਿਹਾ ਵੀਡੀਓ ਨਹੀਂ ਪਾਵੇਗਾ ਜਿਸ ਦਾ ਕੋਈ ਨਾਂਹ ਪੱਖੀ ਪਰਭਾਵ ਕਿਸੇ ਤੇ ਵੀ ਪੈਂਦਾ ਹੋਵੇ ਤੇ ਜਿਸ ਕਰਕੇ ਕਨੇਡਾ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਲੋਕਾਂ ਵਲੋਂ ਅਕਸਰ ਉਸਦੇ ਵੀਡੀਓਜ਼ ਦੀ ਖੋਜ ਕੀਤੀ ਜਾਂਦੀ ਹੈ।

ਗੁਰਪ੍ਰਕਾਸ਼ ਸਿੰਘ ਸਮਾਘ

ਨਿੱਜੀ ਪਲਾਂ ਨਾਲ ਲਾਇਕ ਵਿਊਜ਼ ਵਧਾਉਣ ਵਾਲਿਆਂ ਨੂੰ ਮਿੰਟੂ ਚੰਗਾ ਨਹੀਂ ਸਮਝਦਾ ਹੈ ਤੇ ਹਰੇਕ ਵੀਡੀਓ ਨੂੰ ਮਿਆਰੀ ਤੇ ਸਾਦੀ ਭਾਸ਼ਾ ਦੀ ਵਰਤੋਂ ਕਰਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਦਾ ਸਾਥ ਪੂਰੀ ਦੁਨੀਆਂ ਵਿੱਚੋਂ ਉਸ ਨੂੰ ਮਿਲ ਰਿਹਾ ਹੈਂ। ਪਹਿਲਾਂ ਆਪਣੇ ਕੰਮ ਦੇ ਆਲੇ ਦੁਆਲੇ ਵਿੱਚੋਂ ਵਿਸ਼ੇ ਲੱਭ ਕੇ ਵੀਡੀਓਜ਼ ਤੋਂ ਹੁਣ ਮਿੰਟੂ ਰੋਜ਼ਾਨਾ ਵਾਪਰ ਦੀਆਂ ਘਟਨਾਵਾਂ ਖਾਸ ਕਰਕੇ ਵਿਦਿਆਰਥੀ ਵਰਗ ਨਾਲ ਹੋ ਰਹੀਆਂ ਧੋਖੇਧੜੀਆਂ, ਕਨੇਡਾ ਦੀਆਂ ਸਮਾਜਿਕ ਸਹੂਲਤਾਂ ਅਤੇ ਲੋਕਾਂ ਵਲੋਂ ਭੇਜੇ ਜਾਂਦੇ ਸੁਝਾਵਾਂ ਜਾਂ ਲੋੜ ਦੇ ਅਨੁਸਾਰ ਵੀਡੀਓਜ਼ ਪਾ ਕੇ ਸਮਾਜਿਕ ਰੂਪ ਵਿੱਚ ਜ਼ਿੰਮੇਵਾਰ ਯੂ ਟਿਊਬਰ ਦੀ ਭੂਮਿਕਾ ਬਾਖੂਬੀ ਨਿਭਾ ਰਿਹਾ ਹੈ।ਬਰੈਂਪਟਨ ਦੀਆਂ ਬੱਸਾਂ ਬਾਰੇ ਵੱਖ ਵੱਖ ਥਾਂ ਤੇ ਡਰੱਗਜ਼ ਬਾਰੇ, ਸਟੂਡੈਂਟਸ ਦੇ ਆਫਰ ਲੈਂਟਰਾਂ ਬਾਰੇ ਜਾਂ ਕਿਸੇ ਕਾਲਜ਼ ਵਲੋਂ ਕੀਤੇ ਗਏ ਧੋਖੇ ਬਾਰੇ ਲੋਕਾਂ ਨੂੰ ਜਾਗਰਿਤ ਕਰਨਾ ਮਿੰਟੂ ਆਪਣਾ ਫਰਜ਼ ਸਮਝਦਾ ਹੈ ਅਤੇ ਨਿਰਪੱਖ ਰਹਿ ਕੇ ਆਪਣੇ ਵੀਡੀਓਜ਼ ਰਾਹੀਂ ਖੁਲਾਸੇ ਕਰਦਾ ਹੈ ਜਿਸ ਕਰਕੇ ਲੋਕ ਉਸਨੂੰ ਲਗਾਤਾਰ ਸੁਝਾਅ ਦਿੰਦੇ ਹਨ। ਇਕ ਨਿਵੇਕਲੀ ਗੱਲ ਉਸਦੀ ਇਹ ਵੀ ਹੈ ਕਿ ਰੋਜ਼ਾਨਾ ਜਿੰਦਗੀ ਦੇ ਛੋਟੇ ਛੋਟੇ ਕੰਮਾਂ ਲਈ ਵਿਦਿਆਰਥੀਆਂ ਅਤੇ ਆਮ ਕਨੇਡਾ ਵਸਦੇ ਪੰਜਾਬੀਆਂ ਦੇ ਮਸਲੇ ਉਹ ਆਪਣੇ ਫੇਸਬੁੱਕ ਅਕਾਊਂਟ ਅਤੇ ਇੰਸਟਾਗ੍ਰਾਮ ਤੇ ਪਾ ਕੇ ਉਹਨਾਂ ਦੀ ਮੱਦਦ ਵੀ ਕਰਦਾ ਹੈ। ਆਖਿਰ ਵਿਚ ਮੁਕਦੀ ਗੱਲ ਇਹ ਹੈ ਕਿ ਯੂ ਟਿਊਬ ਰਾਹੀਂ ਕਨੇਡਾ ਦੇ ਪਿੰਡਾਂ ਤੋਂ ਸਫ਼ਰ ਸ਼ੂਰੂ ਕਰਕੇ ਮਿੰਟੂ ਸਮਾਘ ਹੁਣ ਪੰਜਾਬੀਆਂ ਦੇ ਹਰ ਮਸਲੇ ਤੇ ਆਪਣੇ ਵਿਚਾਰ ਰੱਖਣ ਕਰਕੇ ਚੰਗੇ ਯੂ ਟਿਊਬਰਾਂ ਦੀ ਗਿਣਤੀ ਵਿਚ ਸ਼ੁਮਾਰ ਹੈ। ਉਸ ਵਲੋਂ ਆਈ ਸੀ ਵਰਲਡ ਨਾਮ ਦਾ ਰੇਡੀਓ ਚੈਨਲ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਤੋਂ ਵੀ ਆਸ਼ਾ ਕੀਤੀ ਜਾਂਦੀ ਹੈ ਕਿ ਉਹ ਆਪਣੇ ਯੂ ਟਿਊਬ ਚੈਨਲ ਵਾਂਗ ਲੋਕਾਂ ਵਿੱਚ ਜਲਦੀ ਮਕਬੂਲੀਅਤ ਹਾਸਿਲ ਕਰ ਲਏਗਾ।

ਵਿਸ਼ਵਦੀਪ ਬਰਾੜ ਮਾਨਸਾ

Show More

Related Articles

Leave a Reply

Your email address will not be published. Required fields are marked *

Back to top button
Translate »