ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਮੁਲਾਕਾਤ ਕੀਤੀ
-ਕਈ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ ਤੇ ਖੁਸ਼ ਹੋ ਕੇ ਕਹਿ ਦਿੱਤਾ
ਲਕਸਨ ਸਾਹਿਬ ਅਗਲੇ ਸਾਲ ਆ ਜਾਓ ਇੰਡੀਆ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 13 ਅਕਤੂਬਰ 2024:-ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਆਸੀਆਨ ਸੰਮੇਲਨ ਦੌਰਾਨ ਲਾਓਸ ਵਿਖੇ ਮੁਲਾਕਾਤ ਕੀਤੀ ਅਤੇ ਕਈ ਖੇਤਰਾਂ ਜਿਸ ਵਿੱਚ ਵਪਾਰ ਅਤੇ ਨਿਵੇਸ਼, ਰੱਖਿਆ, ਸਿੱਖਿਆ, ਖੇਤੀਬਾੜੀ, ਪੁਲਾੜ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਭਾਰਤ-ਨਿਊਜ਼ੀਲੈਂਡ ਦੀ ਭਾਈਵਾਲੀ ਨੂੰ ਡੂੰਘਾ ਕਰਨ ਬਾਰੇ ਚਰਚਾ ਕੀਤੀ ਗਈ। ਦੋਵਾਂ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਮੁਲਾਕਤ ਤੋਂ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਕਿ੍ਰਸਟੋਫਰ ਲਕਸਨ ਨੂੰ ਅਗਲੇ ਸਾਲ ਭਾਰਤ ਆਉਣ ਦਾ ਸੱਦਾ ਦੇ ਦਿੱਤਾ, ਜਿਸ ਨੂੰ ਪ੍ਰਧਾਨ ਮੰਤਰੀ ਲਕਸਨ ਨੇ ਸਵੀਕਾਰ ਕਰ ਲਿਆ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੀ ਐਮ ਮੋਦੀ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਬਹੁਤ ਵਧੀਆ ਮੁਲਾਕਾਤ ਹੋਈ। ਅਸੀਂ ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ ਪ੍ਰਤੀ ਸਾਡੀ ਵਚਨਬੱਧਤਾ ਨਾਲ ਬੱਝੇ ਹੋਏ ਨਿਊਜ਼ੀਲੈਂਡ ਨਾਲ ਸਾਡੀ ਦੋਸਤੀ ਦੀ ਕਦਰ ਕਰਦੇ ਹਾਂ। ਆਰਥਿਕ ਸਹਿਯੋਗ ਵਰਗੇ ਖੇਤਰ। ਸਾਡੀ ਗੱਲਬਾਤ ਵਿੱਚ ਸੈਰ-ਸਪਾਟਾ ਅਤੇ ਸਿੱਖਿਆ ਬਾਰੇ ਚਰਚਾ ਹੋਈ।’’
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ, ਸਿੱਖਿਆ, ਖੇਤੀਬਾੜੀ, ਪੁਲਾੜ ਤਕਨਾਲੋਜੀ ਅਤੇ ਹੋਰਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਭਾਰਤ-ਨਿਊਜ਼ੀਲੈਂਡ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਸੋਲਰ ਅਲਾਇੰਸ ਵਿੱਚ ਸ਼ਾਮਲ ਹੋਣ ਦੇ ਨਿਊਜ਼ੀਲੈਂਡ ਦੇ ਫੈਸਲੇ ਦਾ ਸਵਾਗਤ ਕੀਤਾ।
ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ’ਚ ਕਿਹਾ ਕਿ ਦੋਹਾਂ ਪ੍ਰਧਾਨ ਮੰਤਰੀਆਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਨਵਿਆਉਣਯੋਗ ਊਰਜਾ, ਸਿੱਖਿਆ, ਡੇਅਰੀ, ਖੇਤੀਬਾੜੀ ਤਕਨਾਲੋਜੀ, ਖੇਡਾਂ, ਸੈਰ-ਸਪਾਟਾ, ਪੁਲਾੜ ਸਮੇਤ ਕਈ ਖੇਤਰਾਂ ’ਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਲਗਾਤਾਰ ਉੱਚ ਪੱਧਰੀ ਸੰਪਰਕਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਦਿਸ਼ਾ ਪ੍ਰਦਾਨ ਕੀਤੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਭਾਰਤ ਦੇ ਰਾਸ਼ਟਰਪਤੀ ਦੀ ਹਾਲ ਹੀ ਵਿੱਚ ਨਿਊਜ਼ੀਲੈਂਡ ਫੇਰੀ ਨੂੰ ਯਾਦ ਕੀਤਾ ਜੋ ਕਿ ਇੱਕ ਵੱਡੀ ਸਫਲਤਾ ਸੀ।