ਖ਼ਬਰ ਪੰਜਾਬ ਤੋਂ ਆਈ ਐ ਬਈ
ਪ੍ਰੀਪੇਡ ਬਿਜਲੀ ਮੀਟਰਾਂ ਦਾ ਵਿਰੋਧ ਕਰਾਂਗੇ : ਕਿਸਾਨ ਆਗੂ ਰਾਣਾ

ਪੱਖੋ ਕਲਾਂ , (ਸੁਖਜਿੰਦਰ ਸਮਰਾ) ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬੁਲਾਰੇ , ਨੌਜਵਾਨ ਆਗੂ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪ੍ਰੀਪੇਡ ਬਿਜਲੀ ਮੀਟਰਾਂ ਦਾ ਵਿਰੋਧ ਕਰੇਗੀ । ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸੱਤਾ ਵਿੱਚ ਆਈ ਨਵੀਂ ਸਰਕਾਰ ਤੋਂ ਲੋਕ ਉਸ ਦੇ ਵਾਅਦਿਆਂ ਅਨੁਸਾਰ 300 ਯੂਨਿਟ ਮੁਫਤ ਬਿਜਲੀ ਦੀ ਉਮੀਦ ਲਗਾਈ ਬੈਠੇ ਹਨ ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪ੍ਰੀਪੇਡ ਮੀਟਰ ਲਾਉਣ ਦੇ ਬਿਆਨ ਦਿੱਤੇ ਜਾ ਰਹੇ ਜੋ ਲੋਕਾਂ ਦੀਆਂ ਭਾਵਨਾਵਾਂ ਦੀ ਉਲਟੀ ਤਰਜਮਾਨੀ ਹੈ ।

ਰਾਣਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੋਟਾਂ ਤੋਂ ਬਾਅਦ ਗੈਸ ਅਤੇ ਡੀਜਲ ਪੈਟਰੋਲ ਦੇ ਭਾਅ ਵਧਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਚੁੱਲ੍ਹਾ ਤਪਾਉਣਾ ਔਖਾ ਹੋਇਆ ਪਿਆ ਹੈ ਅਤੇ ਦੂਜੇ ਪਾਸੇ ਘਰਾਂ ਚ ਪ੍ਰੀਪੇਡ ਮੀਟਰ ਲਾ ਕੇ ਗ਼ਰੀਬ ਲੋਕਾਂ ਨੂੰ ਹੋਰ ਨਪੀੜਿਆ ਜਾ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਲੋਕਾਂ ਨੂੰ ਰੁਜਗਾਰ ਦੇਣ , ਕਿਸਾਨਾਂ ਨੂੰ ਫ਼ਸਲਾਂ ਦੇ ਸਹੀ ਮੁੱਲ ਦੇਣ ਅਤੇ ਉਸ ਤੋਂ ਬਾਅਦ ਅਜਿਹਾ ਫ਼ੈਸਲਾ ਲੈਣ ।