ਕੈਲਗਰੀ (ਹਰਚਰਨ ਪ੍ਰਹਾਰ): ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਐਤਵਾਰ 6 ਅਕਤੂਬਰ ਨੂੰ ਪ੍ਰੋ. ਗੋਪਾਲ ਕਉਂਕੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਮੇਟੀ ਮੈਂਬਰਾਂ ਮਾਸਟਰ ਭਜਨ ਸਿੰਘ, ਸੰਦੀਪ ਗਿੱਲ, ਨਵਕਿਰਨ ਢੁੱਡੀਕੇ, ਬਨਦੀਪ ਗਿੱਲ, ਗੁਰਸ਼ਰਨ ਸੰਧੂ, ਹਰਕੀਰਤ ਧਾਲੀਵਾਲ਼, ਹਰੀਪਾਲ ਨੇ ਭਾਗ ਲਿਆ। ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਪਿਛਲ਼ੇ ਕਈ ਸਾਲਾਂ ਤੋਂ ਹਰ ਸਾਲ ਜੂਨ ਵਿੱਚ ਇੱਕ ਨਾਟਕ ਸਮਾਗਮ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹਰੇਕ ਸਾਲ ਹੋਰ ਨਾਟਕ ਸਮਾਗਮ, ਪੁਸਤਕ ਮੇਲੇ, ਸੈਮੀਨਾਰ ਆਦਿ ਵੀ ਕਰਵਾਏ ਜਾਂਦੇ ਹਨ। ਇਸੇ ਲੜੀ ਵਿੱਚ 21 ਸਤੰਬਰ ਨੂੰ ਡਾ. ਸਾਹਿਬ ਸਿੰਘ ਵਲੋਂ ਇੱਕ ਵਿਸ਼ੇਸ਼ ਸੋਲੋ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ ਖੇਡਿਆ ਗਿਆ ਅਤੇ ਉਨ੍ਹਾਂ ਵਲੋਂ ਹੀ ਤਿਆਰ ਕਰਵਾਇਆ ਗਿਆ ਨਾਟਕ ‘ਐਲ ਐਮ ਆਈ ਏ’ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਵਲੋਂ ਖੇਡਿਆ ਗਿਆ। ਮੀਟਿੰਗ ਵਿੱਚ ਦੋਨਾਂ ਨਾਟਕਾਂ ਅਤੇ ਸਮਾਗਮ ਦਾ ਰਿਵੀਊ ਕੀਤਾ ਗਿਆ।ਹਾਜ਼ਿਰ ਮੈਂਬਰਾਂ ਵਲੋਂ ਹਰਚਰਨ ਸਿੰਘ ਪ੍ਰਹਾਰ (ਸਿੱਖ ਵਿਰਸਾ), ਰਿਸ਼ੀ ਨਾਗਰ (ਰੇਡੀਉ ਰੈਡ ਐਫ ਐਮ), ਹਰਬੰਸ ਬੁੱਟਰ (ਪੰਜਾਬੀ ਅਖ਼ਬਾਰ), ਗੁਰਪ੍ਰੀਤ ਸੰਧਾਵਾਲ਼ੀਆ (ਪ੍ਰਾਈਮ ਟਾਈਮ ਏਸ਼ੀਆ), ਦਰਸ਼ਨ ਜਟਾਣਾ (ਰੋਜ਼ਾਨਾ ਅਜੀਤ ਅਖ਼ਬਾਰ, ਜਲੰਧਰ), ਰਜੇਸ਼ ਅੰਗਰਾਲ (ਸਬਰੰਗ ਰੇਡੀਉ), ਗੁਰਬਚਨ ਬਰਾੜ (ਬੀ ਟੀਵੀ), ਰਣਜੀਤ ਸਿੱਧੂ (ਰੇਡੀਉ ਸੁਰ ਸੰਗਮ), ਪ੍ਰਮਜੀਤ ਭੰਗੂ (ਸ਼ਿਵਾਲਕ ਟੀਵੀ), ਸੁਭਾਸ਼ ਸ਼ਰਮਾ (ਲੋਹੀਆਂ) ਤੋਂ ਇਲਾਵਾ ਸਮੁੱਚੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ ਗਿਆ, ਜੋ ਹਮੇਸ਼ਾਂ ਹਰੇਕ ਪ੍ਰੋਗਰਾਮ ਲਈ ਸਹਿਯੋਗ ਕਰਦੇ ਹਨ। ਕੈਲਗਰੀ ਦੇ ਬਿਜਨੈਸਮੈਨਾਂ ਅਤੇ ਵਲ਼ੰਟੀਅਰਜ਼ ਦਾ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲ ਕਰਨ ਲਈ ਦਿੱਤੇ ਸਹਿਯੋਗ ਵਾਸਤੇ ਧੰਨਵਾਦ ਕੀਤਾ ਗਿਆ।ਹਰਚਰਨ ਪ੍ਰਹਾਰ ਅਤੇ ਸੁੱਖਵੀਰ ਗਰੇਵਾਲ਼ ਵਿਸ਼ੇਸ਼ ਸੱਦੇ ‘ਤੇ ਮੀਟਿੰਗ ਵਿੱਚ ਸ਼ਾਮਿਲ ਹੋਏ।
ਮੀਟਿੰਗ ਵਿੱਚ ਹੇਠ ਲਿਖੇ ਮਤੇ ਸਰਬਸੰਮਤੀ ਨਾਲ਼ ਪਾਸ ਕੀਤੇ ਗਏ:
1. ਐਸੋਸੀਏਸ਼ਨ ਵਿੱਚ ਸ਼ਾਮਿਲ ਹੋਏ ਤਿੰਨ ਨਵੇਂ ਕਮੇਟੀ ਮੈਂਬਰਾਂ ਗੁਰਸ਼ਰਨ ਸੰਧੂ, ਸੰਦੀਪ ਗਿੱਲ, ਹਰਕੀਰਤ ਧਾਲ਼ੀਵਾਲ਼ ਦਾ ਸਵਾਗਤ ਕੀਤਾ ਗਿਆ।
2. ਰੇਡੀਉ ਰੈਡ ਐਫ ਐਮ ਦੇ ਨਿਊਜ਼ ਐਡੀਟਰ ਅਤੇ ਹੋਸਟ ਰਿਸ਼ੀ ਨਾਗਰ ‘ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਨੂੰਨੀ ਕਾਰਵਾਈ ਕੀਤੀ ਜਾਵੇ।ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਕਨੇਡਾ ਵਿੱਚ ਵਧ ਰਹੇ ਜ਼ੁਰਮਾਂ ਦੇ ਮੱਦੇਨਜ਼ਰ ਅਪਰਾਧੀਆਂ ਨੂੰ ਸਜ਼ਾਵਾਂ ਦੇਣ ਲਈ ਲੋੜੀਂਦੇ ਕਨੂੰਨ ਬਣਾਏ ਜਾਣ।
3. ਐਤਵਾਰ 13 ਅਕਤੂਬਰ ਨੂੰ ਗਰੀਨ ਪਲਾਜ਼ਾ ਵਿੱਚ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ ਲਗਾਏ ਜਾ ਰਹੇ ਇਸ ਸਾਲ ਚੌਥੇ ਅਤੇ ਆਖਰੀ ਪੁਸਤਕ ਮੇਲੇ ਵਿੱਚ ਸਭ ਨੂੰ ਹਾਜ਼ਿਰ ਹੋਣ ਅਤੇ ਸਹਿਯੋਗ ਕਰਨ ਲਈ ਅਪੀਲ ਕੀਤੀ ਗਈ।
4. ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਵਲੋਂ ਐਬਟਸਫੋਰਡ ਅਤੇ ਸਰੀ ਵਿੱਚ 26 ਅਤੇ 27 ਅਕਤੂਬਰ ਨੂੰ ਕੀਤੇ ਜਾ ਰਹੇ ਦੋ ਨਾਟਕਾਂ ‘ਤੇਰੀ-ਮੇਰੀ ਕਹਾਣੀ’ ਅਤੇ ‘ਐਲ ਐਮ ਆਈ’ ਲਈ ਸਭ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਜਿਹੜੇ ਦਰਸ਼ਕ ਸਰੀ ਜਾਂ ਐਬਟਸਫੋਰਡ ਰਹਿੰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।