ਪੰਜਾਬੀ ਤਾਂ ਪੰਜਾਬੀ ਹੁੰਦੇ ਨੇ …

ਗਾਇਕ ਰਾਜਾ ਸਿੱਧੂ ਦਾ ਗੀਤ ” ਪੰਜਾਬੀ ” ਅੱਜ ਹੋਇਆ ਰਿਲੀਜ਼
ਬਠਿੰਡਾ ,11 ਅਕਤੂਬਰ ( ਸੱਤਪਾਲ ਮਾਨ ) : – ਪੰਜਾਬੀ ਗਾਇਕੀ ਦੇ ਬਾਬਾ ਬੋਹੜ ਤੇ ਦੁਗਾਣਾ ਗਾਇਕੀ ‘ਚ ਡੂੰਘੀਆਂ ਪੈੜਾਂ ਪਾਉਣ ਵਾਲੇ ਗਾਇਕ ਮੁਹੰਮਦ ਸਦੀਕ ਦੀ ਆਵਾਜ਼ ਦਾ ਭੁਲੇਖਾ ਪਾਉਣ ਵਾਲਾ ਜਿਲ੍ਹਾ ਬਠਿੰਡਾ ਦੇ ਪਿੰਡ …….. ਦਾ ਜੰਮਪਲ ਗਾਇਕ ਰਾਜਾ ਸਿੱਧੂ ਨੇ ਆਪਣਾ ਨਵਾਂ ਸਿੰਗਲ ਟਰੈਕ ਗੀਤ ” ਪੰਜਾਬੀ ” ਨੂੰ ਗਾ ਕੇ ਅੱਜ ਮਾਰਕੀਟ ਵਿੱਚ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ। ਇਸ ਗੀਤ ਨੂੰ ਹਸਤਾਖਰ ਗੀਤਕਾਰ ਨਾਜਮ ਗਿੱਲ ਮਹਿਤੇ ਵਾਲਾ ਨੇ ਲਿਖਿਆ ਹੈ। ਜਿਸ ਦੀ ਕਲਮ ‘ਚੋਂ ਉਕਰਿਆ ਹਰ ਗੀਤ ਹੁਣ ਤੱਕ ਬੁਲੰਦੀਆਂ ਨੂੰ ਛੂਹਣ ਵਾਲਾ ਤੇ ਹਰ ਸਰੋਤੇ ਦੀ ਜੁਬਾਨ ਤੇ ਚੜਣ ਵਾਲਾ ਤੋਂ ਇਲਾਵਾ ਪਰਿਵਾਰਕ ਰਿਹਾ ਹੈ। ਗਾਇਕ ਰਾਜਾ ਸਿੱਧੂ ਦੇ ਦਫ਼ਤਰ ਸੈਕਟਰੀ ਗੋਰਾ ਸਿੰਘ ਗੋਰਾ ਨੇ ਦੱਸਿਆ ਕਿ ਗਾਇਕ ਵੱਲੋਂ ਗਾਏ ” ਪੰਜਾਬੀ ” ਗੀਤ ਦੇ ਬੋਲ ਹਨ : –

ਦੇਸ਼ ਆਪਣਾ ਬਗਾਨਾ ਸਭ ਗਾਹ੍ਹ ਲਿਆ ,
ਸਾਰੇ ਘੁੰਮ ਕੇ ਨਚੋੜ ਇੱਕ ਪਾ ਲਿਆ ,
ਜਿਵੇਂ ਫੁੱਲਾਂ ਵਿਚੋਂ ਫੁੱਲ ਵੱਖ ਟਹਿਕਦੇ ,
ਗਲਾਬੀ ਤਾਂ ਗਲਾਬੀ ਹੁੰਦੇ ਨੇ ..
ਜਿਥੇ ਜਾਂਦੇ ਐ ਹੁੰਦੀ ਐ ਟੌਹਰ ਵੱਖਰੀ ,
ਪੰਜਾਬੀ ਤਾਂ ਪੰਜਾਬੀ ਹੁੰਦੇ ਨੇ …
ਆਵਾਮ ਮਿਊਜ਼ਿਕ ਦੀ ਪੇਸ਼ਕਸ਼ ਹੇਠ ਰਿਲੀਜ਼ ਹੋਇਆ ਇਸ ਗੀਤ ” ਪੰਜਾਬੀ ” ਨੂੰ ਸੰਗੀਤਕ ਧੁੰਨਾਂ ਦਿੱਤੀਆਂ ਹਨ ਗੁਰ ਸੋਪਲ ਨੇ ਅਤੇ ਇਸਦੀ ਡੀ.ਓ.ਪੀ. ਕੀਤੀ ਹੈ ਤੇਜੀ ਕਲਿਕਰ ਨੇ। ਇਸ ਗੀਤ ਸਬੰਧੀ ਗਾਇਕ ਰਾਜਾ ਸਿੱਧੂ ਨੇ ਦੱਸਿਆ ਕਿ ਜਿਸ ਤਰ੍ਹਾਂ ਗੀਤਕਾਰ ਗਿੱਲ ਮਹਿਤੇ ਵਾਲੇ ਨੇ ਇਸ ਗੀਤ ਰਾਹੀਂ ਸੰਸਾਰ ਭਰ ‘ਚ ਵੱਸਦੇ ਸਮੁੱਚੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ ਅਤੇ ਉਹਨਾਂ ਨੂੰ ਮਾਣ ਬਖਸ਼ਿਆ ਹੈ , ਉਸੇ ਤਰ੍ਹਾਂ ਇਸਨੂੰ ਮੈਂ ਬੜੀ ਰੂਹ ਤੇ ਬੜੀ ਮਿਹਨਤ ਨਾਲ ਗਾਇਆ ਹੈ । ਮੈਨੂੰ ਉਮੀਦ ਹੈ ਕਿ ਉਸੇ ਤਰ੍ਹਾਂ ਪੰਜਾਬੀ ਸਰੋਤੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇ ਕੇ ਪੰਜਾਬੀਆਂ ਦਾ ਮਾਣ ਵਧਾਉਣਗੇ।