ਪੰਜਾਬੀ ਮਾਂ ਬੋਲੀ ਜ਼ਰੀਏ ਸਿਰਫ਼ ਰੋਟੀ ਹੀ ਨਹੀਂ ਸਗੋਂ ਚੋਪੜੀ ਰੋਟੀ ਵੀ ਖਾਧੀ ਜਾ ਸਕਦੀ ਹੈ : ਹਰਬੰਸ ਬੁੱਟਰ

ਯੂਨੀਵਰਸਿਟੀ ਕਾਲਜ ਜੈਤੋ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮੌਕੇ ਹੋਈ ਅਹਿਮ ਵਿਚਾਰ-ਚਰਚਾ
ਪੰਜਾਬੀ ਮਾਂ ਬੋਲੀ ਜ਼ਰੀਏ ਸਿਰਫ਼ ਰੋਟੀ ਹੀ ਨਹੀਂ ਸਗੋਂ ਚੋਪੜੀ ਰੋਟੀ ਵੀ ਖਾਧੀ ਜਾ ਸਕਦੀ ਹੈ : ਹਰਬੰਸ ਬੁੱਟਰ
ਜੈਤੋ ( ਬਿਊਰੋ) ‘ਪੰਜਾਬੀ ਮਾਂ ਬੋਲੀ ਅਜੋਕੇ ਦੌਰ ਵਿੱਚ ਰੁਜ਼ਗਾਰ ਦੀ ਭਾਸ਼ਾ ਕਿਵੇਂ ਬਣੇ ਇਹ ਸੋਚਣ ਦੀ ਪ੍ਰਮੁੱਖ ਲੋੜ ਹੈ। ਪੰਜਾਬੀ ਭਾਸ਼ਾ ਦੇ ਜ਼ਰੀਏ ਸਿਰਫ਼ ਰੋਟੀ ਹੀ ਨਹੀਂ ਬਲਕਿ ਚੋਪੜੀ ਰੋਟੀ ਖਾਧੀ ਜਾ ਸਕਦੀ ਹੈ।’ ਇੰਨ੍ਹਾਂ ਵਿੱਚਾਰਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਕਾਲਜ ਜੈਤੋ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸਬੰਧੀ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੁੰਦਿਆਂ ਕੈਨੇਡਾ ਦੇ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਹਰਬੰਸ ਸਿੰਘ ਬੁੱਟਰ ਨੇ ਕੀਤਾ। ਆਪਣੇ ਕੈਲਗਰੀ (ਕੈਨੇਡਾ) ਦੇ 30 ਸਾਲਾਂ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ 2010 ਤੋਂ ਕੈਨੇਡਾ ਵਰਗੇ ਮੁਲਕ ਵਿੱਚ ‘ਪੰਜਾਬੀ ਅਖ਼ਬਾਰ’ ਪ੍ਰਕਾਸ਼ਤ ਕਰਕੇ ਬਹੁਤ ਖ਼ੂਬਸੂਰਤ ਉਜਰਤ ਕਮਾ ਰਹੇ ਹਨ ਅਤੇ ਪੂਰਾ ਸਮਾਂ ਪੰਜਾਬੀ ਅਖ਼ਬਾਰ ਲਈ ਸਮਰਪਿਤ ਰਹਿੰਦੇ ਹਨ। ਇਸ ਤੋਂ ਇਲਾਵਾ ਓਮਨੀ ਟੀ। ਵੀ। ਦੇ ਰਿਪੋਰਟਰ ਵੱਜੋਂ ਆਪਣੀ ਨਿਯੁਕਤੀ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਵੇਰਵਾ ਦਿੱਤਾ ਕਿ ਬੇਸ਼ਕ ਉਹ ਸਧਾਰਣ ਪੜ੍ਹੇ ਹੋਣ ਕਰਕੇ ਅੰਗਰੇਜ਼ੀ ਭਾਸ਼ਾ ਦੀ ਘੱਟ ਮੁਹਾਰਤ ਰੱਖਦੇ ਸਨ ਪਰ ਉਨ੍ਹਾਂ ਨੇ ਆਪਣੇ ਮੀਡੀਆ ਸਬੰਧੀ ਹੁਨਰਾਂ ਵਿੱਚ ਪਰਪੱਕਤਾ ਹੋਣ ਕਾਰਨ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਲੋਕਾਂ ਦਾ ਪਿਆਰ ਜਿੱਤਿਆ।

ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਹਰਬੰਸ ਬੁੱਟਰ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵੱਜੋਂ ਪੀ ਐਨ ਓ ਮੀਡੀਆ ਗਰੁੱਪ ਦੇ ਮੁੱਖ ਸੰਪਾਦਕ ਸੁਖਨੈਬ ਸਿੰਘ ਸਿੱਧੂ, ਰਣਬੀਰ ਸਿੰਘ ਖੀਵਾ ਮਾਹੀ ਦੁਬੱਈ ਤੇ ਹਰਜਿੰਦਰ ਸਿੰਘ ਸਮਰਾ, ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ: ਪਰਮਿੰਦਰ ਸਿੰਘ ਤੱਗੜ, ਕਾਮਰਸ ਵਿਭਾਗ ਦੇ ਮੁਖੀ ਪ੍ਰੋ: ਸ਼ਿਲਪਾ ਕਾਂਸਲ, ਲਾਇਬ੍ਰੇਰੀਅਨ ਮੀਨਾਕਸ਼ੀ ਜੋਸ਼ੀ, ਪ੍ਰੋ: ਰੁਪਿੰਦਰਪਾਲ ਸਿੰਘ ਧਰਮਸੋਤ, ਡਾ: ਗੁਰਬਿੰਦਰ ਕੌਰ ਬਰਾੜ, ਡਾ: ਹਲਵਿੰਦਰ ਸਿੰਘ, ਪ੍ਰੋ: ਗੁਰਜੀਤ ਕੌਰ ਅਤੇ ਸੁਮਨ ਸ਼ਾਮਿਲ ਸਨ। ਮਹਿਮਾਨਾਂ ਬਾਰੇ ਜਾਣ ਪਛਾਣ ਕਰਾਉਂਦਿਆਂ ਕਾਲਜ ਦੇ ਸੀਨੀਅਰ ਮੋਸਟ ਪ੍ਰੋਫ਼ੈਸਰ ਡਾ: ਪਰਮਿੰਦਰ ਸਿੰਘ ਤੱਗੜ ਨੇ ਮਾਤ ਭਾਸ਼ਾ ਦਿਵਸ ਦਾ ਇਤਿਹਾਸ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ 1952 ਦੇ ਭਾਸ਼ਾਈ ਅੰਦੋਲਨ, ਜਿਹੜਾ ਕਿ 1947 ਦੀ ਵੰਡ ਬਾਅਦ ਪਾਕਿਸਤਾਨ ਦੇ ਹਿੱਸੇ ਆਏ ਬੰਗਲਾ ਸੂਬੇ ਦੇ ਵਿਿਦਆਰਥੀਆਂ ਅਤੇ ਆਮ ਲੋਕਾਂ ਨੇ ਬੰਗਲਾ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਲਈ ਆਰੰਭ ਕੀਤਾ ਗਿਆ ਸੀ ਜਿਸ ਨੂੰ ਪਾਕਿਸਤਾਨ ਦੀ ਸਰਕਾਰ ਨੇ ਗੋਲ਼ੀ ਚਲਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈ ਵਿਿਦਆਰਥੀ ਗੋਲ਼ੀਆਂ ਲੱਗਣ ਨਾਲ ਸ਼ਹਾਦਤ ਪ੍ਰਾਪਤ ਕਰ ਗਏ। ਜਦੋਂ 1971 ਵਿੱਚ ਬੰਗਲਾ ਸੂਬਾ ਇੱਕ ਵੱਖਰੇ ਦੇਸ਼ ਵੱਜੋਂ ਆਜ਼ਾਦ ਹੋ ਗਿਆ ਤਾਂ ਉਨ੍ਹਾਂ ਨੇ ਯੂਨੈਸਕੋ ਨੂੰ ਬੇਨਤੀ ਕੀਤੀ ਕਿ ਭਾਸ਼ਾ ਨੂੰ ਬਚਾਉਣ ਲਈ ਕੀਤੀ ਜਦੋ-ਜਹਿਦ ਲਈ ਜਾਨਾਂ ਵਾਰ ਗਏ ਵਿਿਦਆਰਥੀਆਂ ਨੂੰ ਨਮਨ ਵੱਜੋਂ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਮਨਾਉਣ ਲਈ ਦਿਨ ਨਿਸ਼ਚਤ ਕੀਤਾ ਜਾਵੇ। ਇੰਞ 1999 ਵਿੱਚ ਯੂਨੈਸਕੋ ਨੇ 21 ਫ਼ਰਵਰੀ ਦਾ ਦਿਨ ਅੰਤਰਰਾਸ਼ਟਰੀ ਮਾਤਾ ਭਾਸ਼ਾ ਦਿਵਸ ਵੱਜੋਂ ਸਥਾਪਤ ਕੀਤਾ ਤੇ ਪਹਿਲੀ ਵਾਰ 21 ਫ਼ਰਵਰੀ 2000 ਤੋਂ ਹਰ ਸਾਲ ਇਸ ਦਿਨ ਨੂੰ ਸਾਰੇ ਦੇਸ਼ਾਂ ਵਿੱਚ ਮਨਾਉਣ ਦਾ ਸਿਲਸਿਲਾ ਜਾਰੀ ਹੈ।

ਸੁਖਨੈਬ ਸਿੰਘ ਸਿੱਧੂ ਨੇ ਬਠਿੰਡਾ ਜ਼ਿਲ੍ਹੇ ਦੇ ਆਪਣੇ ਪਿੰਡ ਪੂਹਲਾ ਤੋਂ ਆਪਣੇ ਆਨ-ਲਾਈਨ ਮੀਡੀਆ ਕਾਰੋਬਾਰ ਚਲਾਉਣ ਸਬੰਧੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਜੋ ਮਾਣ ਅਤੇ ਇੱਜ਼ਤ ਦੇਸ਼ ਵਿਦੇਸ਼ ਤੋਂ ਮਿਲ ਰਹੀ ਹੈ ਉਸ ਦੇ ਨਾਲ਼-ਨਾਲ਼ ਘਰ ਬੈਠੇ ਪੰਜਾਬੀ ਭਾਸ਼ਾ ਦੇ ਸਿਰੋਂ ਚੋਖ਼ੀ ਕਮਾਈ ਵੀ ਹੋ ਰਹੀ ਹੈ। ਜਿੰਨਾ ਅਸੀਂ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਵਿੱਚ ਵਰਤਾਂਗੇ ਓਨਾ ਹੀ ਸਾਡੀ ਮਾਂ ਬੋਲੀ ਦਾ ਘੇਰਾ ਵਿਸ਼ਾਲ ਹੋਵੇਗਾ ਅਤੇ ਭਾਸ਼ਾ ਦੀ ਉਮਰ ਹੋਰ ਲੰਮੇਰੀ ਹੁੰਦੀ ਚਲੀ ਜਾਵੇਗੀ। ਇਸ ਮੌਕੇ ਵਿਿਦਆਰਣ ਰੂਪ ਗਿੱਲ ਦਾ ਗਾਇਆ ਗੀਤ ‘ਗੁਰਮੁਖ਼ੀ ਦਾ ਬੇਟਾ’ ਚੋਣ ਅਤੇ ਗਾਇਨ ਪੱਖੋਂ ਬਹੁਤ ਪਸੰਦ ਕੀਤਾ ਗਿਆ। ਮੰਚ ਸੰਚਾਲਨ ਪ੍ਰੋ: ਰੁਪਿੰਦਰਪਾਲ ਸਿੰਘ ਧਰਮਸੋਤ ਨੇ ਮਾਂ ਬੋਲੀ ਬਾਰੇ ਆਪਣੇ ਵਿੱਚਾਰ ਪੇਸ਼ ਕਰਦਿਆਂ ਬਾਖ਼ੂਬੀ ਨਿਭਾਇਆ। ਧੰਨਵਾਦ ਦੀ ਰਸਮ ਡਾ: ਹਲਵਿੰਦਰ ਸਿੰਘ ਨੇ ਅਦਾ ਕੀਤੀ। ਸਮਾਗਮ ਵਿੱਚ ਐਮ ਏ ਪੰਜਾਬੀ ਦੇ ਵਿਿਦਆਰਥੀਆਂ ਤੋਂ ਇਲਾਵਾ ਬੀ ਏ, ਬੀ ਐਸ ਸੀ।, ਬੀ ਕਾਮ ਅਤੇ ਬੀ ਸੀ ਏ ਦੇ ਵਿਿਦਆਰਥੀਆਂ ਨੇ ਸ਼ਮੂਲੀਅਤ ਕੀਤੀ। ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਵੱਲੋਂ ਖ਼ੂਬਸੂਰਤ ਲਿਖ਼ਾਈ ਵਿੱਚ ਮਾਤ ਭਾਸ਼ਾ ਚੇਤਨਾ ਨਾਲ ਸਬੰਧਤ ਪੋਸਟਰ ਵੀ ਬਣਾ ਕੇ ਪ੍ਰਦਰਸ਼ਤ ਕੀਤੇ ਗਏ।