ਪੰਜਾਬੀ ਮਾਂ ਬੋਲੀ ਦਾ ‘ਸਰਵਣ ਪੁੱਤ’ ਹੈ, ਭਜਨ ਰੰਗਸਾਜ


ਦਾਨਸ਼ਮੰਦਾਂ ਦਾ ਕਹਿਣਾ ਹੈ ਕਿ ਸੋਹਣਾ ਉਹ ਨਹੀਂ ਹੁੰਦਾ ਜਿਸ ਦੇ ਸਿਰਫ ਨੈਣ-ਨਕਸ਼ ਸੋਹਣੇ ਹੋਣ, ਸਗੋਂ ਸੋਹਣਾ ਉਹ ਹੁੰਦਾ ਹੈ ਜਿਸ ਦੀ ਸੋਚ ਉੱਚੀ ਹੋਵੇ ਅਤੇ ਸੋਹਣੇ ਕੰਮ ਕਰੇ। ਇਹ ਧਾਰਨਾ ਭਜਨ ਰੰਗਸਾਜ ਤੇ ਬਿਲਕੁਲ ਢੁਕਦੀ ਹੈ। ਭਜਨ ਰੰਗਸਾਜ ਆਪਣੇ ਪੱਕੇ ਰੰਗ ਵਾਂਗ ਸਬਰ, ਸਿਦਕ ਅਤੇ ਕਹਿਣੀ ਕਰਨੀ ਦਾ ਵੀ ਪੱਕਾ ਹੈ। ਉਹ ਸੁੱਚੀ ਕਿਰਤ, ਕੁਦਰਤ, ਕਈ ਕਲਾਵਾਂ ਅਤੇ ਕਿਤਾਬਾਂ ਨੂੰ ਧੁਰ ਦਿਲੋਂ ਪਿਆਰ ਅਤੇ ਸਤਿਕਾਰ ਕਰਦਾ ਹੈ। ਪੂਰੇ ਪੰਜਾਬ ਵਿੱਚ ਮਸ਼ਹੂਰ ਹੋਇਆ ਉਸ ਦਾ ‘ਕਿਰਤੀ ਰਥ’ ਸਾਹਿੱਤਕ ਸਮਾਗਮਾਂ, ਕਲਾ ਮੇਲਿਆਂ, ਵਿਰਾਸਤੀ ਮੇਲਿਆਂ ਅਤੇ ਖੇਡ ਮੇਲਿਆਂ ਤੇ ਅਕਸਰ ਹੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਭਜਨ ਨੰਨੇ-ਮੁੰਨੇ ਰੱਬ ਰੂਪ ਬੱਚਿਆਂ ਨੂੰ ਵੀ ਮਣਾਂਮੂੰਹੀਂ ਪਿਆਰ ਕਰਦਾ ਹੈ। ਪਿਛਲੇ 28 ਸਾਲ ਤੋਂ ਪਹਿਲਾਂ ਉਸ ਦਾ ਝੋਲ਼ਾ ਅਤੇ ਉਸ ਤੋਂ ਬਾਅਦ ਉਸ ਦੇ ਕਿਰਤੀ ਰਥ ਦਾ ਵਿਸ਼ੇਸ਼ ਡੱਬਾ ਟੌਫੀਆਂ ਨਾਲ ਭਰਿਆ ਰਹਿੰਦਾ ਹੈ। ਉਹ ਲੋੜਵੰਦ ਬੱਚਿਆਂ ਨੂੰ ਸਟੇਸ਼ਿਨਰੀ ਵੀ ਵੰਡਦਾ ਰਹਿੰਦਾ ਹੈ। ਇਸ ਤੋਂ ਇਲਾਵਾ ਉਸ ਦੀ ਨਿੱਜੀ ਲਾਇਬ੍ਰੇਰੀ ਵਿੱਚ 800 ਤੋਂ ਵੱਧ ਕਿਤਾਬਾਂ ਉਸ ਦੇ ਘਰ ਦੀ ਸ਼ਾਨ ਵਿੱਚ ਵਾਧਾ ਕਰ ਰਹੀਆਂ ਹਨ। ਏਥੇ ਹੀ ਬੱਸ ਨਹੀਂ ਭਜਨ ਰੰਗਸਾਜ ਪੰਛੀ ਪ੍ਰੇਮੀ ਅਤੇ ਵਾਤਾਵਰਨ ਪ੍ਰੇਮੀ ਵੀ ਹੈ। ਉਸ ਦੇ ਘਰ ਦੀ ਛੱਤ ਉੱਪਰ ਸਾਰਾ ਸਾਲ ਪੰਛੀਆਂ ਲਈ ਚੋਗੇ ਅਤੇ ਸਾਫ-ਤਾਜ਼ੇ ਪਾਣੀ ਦਾ ਪ੍ਰਬੰਧ ਰਹਿੰਦਾ ਹੈ। ਉਸ ਦੇ ਸ਼ੌਕ ਵੀ ਨਿਵੇਕਲੇ ਹੀ ਹਨ। ਚਿਤਰਕਾਰੀ, ਥਰਮੋਕੋਲ ਆਰਟ ਅਤੇ ਕਬਾੜ ਦੇ ਸਮਾਨ ਤੋਂ ਕਲਾਕ੍ਰਿਤਾਂ ਤਿਆਰ ਕਰਨੀਆਂ ਉਸ ਦੇ ਵਿਸ਼ੇਸ਼ ਸ਼ੌਕ ਹਨ। ਸਮਾਜ ਸੁਧਾਰਕ, ਵਾਤਾਵਰਨ ਸਬੰਧੀ ਅਤੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਉਸ ਦੇ ਗੀਤ/ਕਵਿਤਾਵਾਂ ਸਾਹਿਤੱਕ ਸਮਾਗਮਾਂ ਵਿੱਚ ਖੂਬ ਦਾਦ ਬਟੋਰਦੇ ਹਨ।

ਇਨਾਂ ਅਨੇਕਾਂ ਕਲਾਵਾਂ ਦਾ ਕਲਾਕਾਰ ਹੋਣ ਦੇ ਬਾਵਯੂਦ ਉਸ ਦੀ ਵੱਖਰੀ ਪਛਾਣ ਉਸ ਦੇ ‘ਕ੍ਰਿਰਤੀ ਰਥ’ ਨੇ ਬਣਾਈ ਹੈ। ਪੰਜਾਬੀ ਵਰਣਮਾਲਾ ਨਾਲ ਸ਼ਿਗਾਰਿਆ ਉਸ ਦਾ ‘ਕਿਰਤੀ ਰਥ’ ਜਿੱਥੋਂ ਵੀ ਲੰਘਦਾ ਹੈ, ਉਸ ਦੇ ਪੰਜਾਬੀ ਮਾਂ ਬੋਲੀ ਪ੍ਰਤੀ ਮੋਹ ਦੀ ਮਹਿਕ ਖਿਲਾਰਦਾ ਜਾਂਦਾ ਹੈ। ਭਜਨ ਰੰਗਸਾਜ ਨੇ ਦੱਸਿਆ ਕਿ ਉਸ ਦਾ ‘ਕਿਰਤੀ ਰਥ’ ਹੁਣ ਤੱਕ 50 ਤੋਂ ਵੱਧ ਵਾਰ ਆਪਣਾ ਰੰਗਰੂਪ ਬਦਲ ਚੁੱਕਾ ਹੈ। ਉਸ ਦੇ ਕਿਰਤੀ ਰਥ ਤੇ ਲਿਖੇ ਸਲੋਗਨ ਮੌਸਮ, ਦਿਨ-ਤਿਉਹਾਰ, ਸਮੇਂ ਅਤੇ ਲੋੜ ਅਨੁਸਾਰ ਬਦਲਦੇ ਰਹਿੰਦੇ ਹਨ। ਉਸ ਦਾ ‘ਕਿਰਤੀ ਰਥ’ ਹੁਣ ਤੱਕ ਹਜ਼ਾਰਾਂ ਕਿਲੋਮੀਟਰ ਦਾ ਸਫਰ ਤਹਿ ਕਰ ਚੁੱਕਾ ਹੈ। ਉਸ ਦੇ ਕਿਰਤੀ ਰਥ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਹਰ ਵੇਲੇ ਉਸ ਵਿੱਚ ਮੁੱਢਲਾ ਸਹਾਇਤਾ ਦਾ ਸਮਾਨ,2-3 ਕਿਤਾਬਾਂ, ਨਿੱਜੀ ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਸੂਚੀ, ਟੌਫੀਆਂ, ਸਟੇਸ਼ਿਨਰੀ ਦਾ ਸਮਾਨ,ਪਾਣੀ ਅਤੇ ਚਾਹ ਵਾਲੀ ਥਰਮੋਸ,ਸਾਬਣ, ਤੇਲ, ਬੁਰਸ਼, ਟੁੱਥ ਪੇਸਟ, ਲੋੜਵੰਦ ਲਈ ਮੁਫਤ ਪੈਟਰੌਲ, ਹਵਾ ਭਰਨ ਲਈ ਪੰਪ,ਕਿਸੇ ਹੋਰ ਖਰਾਬ ਵਾਹਨ ਲਈ ਟੂਲਕਿੱਟ,ਰੋਟੀ ਵਾਲਾ ਡੱਬਾ,ਸੂਈ-ਧਾਗਾ, ਬਟਨ, ਬਸਕੂਏ, ਨੇਲ ਕਟਰ, ਸੈਲੋ ਟੇਪ, ਡਬਲ ਟੇਪ, ਬਲੈਕ ਟੇਪ, ਕਟਰ, ਕੈਂਚੀ, ਚਾਕੂ, ਐਲਫੀ, ਫੈਲੀਕੋਲ, ਕਾਲਾ ਲੂਣ-ਮਿਰਚ, ਕੰਨਾਂ ਅਤੇ ਦੰਦਾਂ ਲਈ ਤੀਲੀਆਂ, ਕੌਲੀਆਂ, ਗਲਾਸ, ਪਲੇਟ, ਦੋ ਚਮਚੇ, ਮੌਸਮ ਮੁਤਾਬਕ ਵਰਦੀ, ਤਰਪਾਲ, ਭੁੱਜੇ ਛੋਲੇ, ਗੁੜ, ਔਲਾ-ਕੈਂਡੀ ਅਤੇ ਹੋਰ ਨਿੱਕ-ਸੁੱਕ ਹੁੰਦਾ ਹੈ। ਕਈ ਸਮਾਗਮਾਂ ਵਿੱਚ ਉਸ ਦੇ ਕੁੜਤਾ ਅਤੇ ਜਾਕਟ ਵੀ ‘ਪੈਂਤੀ ਅੱਖਰ’ ਵਾਲਾ ਹੀ ਪਹਿਨਿਆਂ ਹੁੰਦਾ ਹੈ।

ਭਜਨ ਰੰਗਸਾਜ ਦਾ ਜਨਮ 15-04-1965 ਨੂੰ ਭਾਵੇਂ ਤਲਵੰਡੀ ਭਾਈ (ਫਿਰੋਜ਼ਪੁਰ) ਵਿੱਚ ਹੋਇਆ ਪਰ ਉਸ ਦੀ ਕਰਮ ਭੂਮੀ ਮਖੂ ਅਤੇ ਮਰਹਾਣਾ ਬਣ ਚੁੱਕੀ ਹੈ। ਉਸ ਦਾ ਪਿਤਾ ਭੋਲਾ ਸਿੰਘ ਅਤੇ ਮਾਤਾ ਜਸਵੰਤ ਕੌਰ ਭਾਗਾਂ ਵਾਲੇ ਮਾਪੇ ਹਨ ਜਿਨਾਂ ਨੂੰ ‘ਗੁਣਾਂ ਦੀ ਗੁਥਲੀ’ ਭਜਨ ਰੰਗਸਾਜ ਸਪੁੱਤਰ ਨਸੀਬ ਹੋਇਆ। ਉਹ ਖੁਦ ਤਿੰਨ ਧੀਆਂ ਅਤੇ ਇੱਕ ਪੁੱਤਰ ਦਾ ਸਫਲ ਪਿਤਾ ਹੈ।ਰਿਸ਼ਤੇਦਾਰੀ ਵਿੱਚੋਂ ਢਾਈ ਸਾਲ ਦਾ ਇੱਕ ਬੱਚਾ ਵੀ ਉਸ ਨੇ ਗੋਦ ਲਿਆ ਹੋਇਆ ਹੈ ਜੋ ਕਿ ਹੁਣ 19 ਸਾਲ ਦਾ ਗੱਭਰੂ ਬਣ ਚੁੱਕਾ ਹੈ। ਘਰੇਲੂ ਮਾੜੇ ਹਾਲਾਤਾਂ ਕਾਰਨ ਭਾਂਵੇਂ ਭਜਨ ਰੰਗਸਾਜ ਦਸਵੀਂ ਤੱਕ ਹੀ ਸਕੂਲੀ ਵਿਦਿਆ ਹਾਸਲ ਕਰ ਸਕਿਆ ਪਰ ਉਸ ਦੀ ਸੋਚ ਹਿਮਾਲਾ ਤੋਂ ਵੀ ਉੱਚੀ ਅਕਾਸ਼ੀਂ ਉਡਾਰੀਆਂ ਲਾਉਂਦੀ ਹੈ। ਭਜਨ ਰੰਗਸਾਜ ਸੁੱਚੀ ਕਿਰਤ ਕਰਨ ਵਾਲਾ ਇਨਸਾਨ ਹੈ, ਇਸ ਲਈ ਉਸ ਦੀ ਹੱਕ ਦੀ ਕਮਾਈ ਸੀਮਿਤ ਹੈ। ਏਨੀ ਮਹਿੰਗਾਈ ਹੋਣ ਦੇ ਬਾਵਯੂਦ ਵੀ ਉਹ ਲੋਕ ਭਲਾਈ ਦੇ ਕੰਮ ਕਰਦਾ ਰਹਿੰਦਾ ਹੈ। ਗੁਜ਼ਰ ਰਹੀ ਜ਼ਿੰਦਗੀ ਪ੍ਰਤੀ ਉਹ ਪੂਰਾ ਖੁਸ਼ ਅਤੇ ਸ਼ੰਤੁਸ਼ਟ ਹੈ। ਆਪਣੇ ਪਿਆਰੇ ‘ਕਿਰਤੀ ਰਥ’ ਰਾਹੀਂ ਉਹ ਪੂਰੇ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਦਾ ਹੋਕਾ ਦੇਣ ਦੀ ਇੱਛਾ ਮਨ ਵਿੱਚ ਸਮੋਈ ਬੈਠਾ ਹੈ।
ਉਸ ਦੇ ਸਮੁੱਚੇ ਕਾਰਜ ਅਤੇ ਘਾਲਣਾਵਾਂ ਨੂੰ ਦੇਖ ਕੇ ਭਾਸ਼ਾ ਵਿਭਾਗ ਫਿਰੋਜ਼ਪੁਰ, ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ, ਸਾਹਿਤ ਸਭਾ ਜ਼ੀਰਾ, ਸਾਹਿਤ ਸਭਾ ਸ਼ਾਹਕੋਟ, ਸਾਹਿਤ ਸਭਾ ਤਲਵੰਡੀ ਭਾਈ, ਸਾਹਿਤ ਸਭਾ ਹਰੀਕੇ ਪੱਤਣ, ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ, ਸਾਹਿਤ ਇਕਾਦਮੀ ਮੋਗਾ, ਮੇਲਾ ਜਾਗਦੇ ਜੁਗਨੂੰਆਂ ਦਾ (ਬਠਿੰਡਾ), ਮੇਲਾ ਤੁੰਗਵਾਲੀ (ਬਠਿੰਡਾ) ਤੋਂ ਇਲਾਵਾ ਅਨੇਕਾਂ ਸੰਸਥਾਵਾਂ, ਸਿਆਸੀ ਨੇਤਾਵਾਂ ਅਤੇ ਵਿਸ਼ੇਸ਼ ਸ਼ਖਸ਼ੀਅਤਾਂ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਉਸ ਦੇ ਕਾਰਜ ਦੀ ਖੂਬ ਪ੍ਰਸੰਸਾ ਕੀਤੀ ਗਈ ਹੈ। ਅਸੀਂ ਦੁਆਗੋ ਹਾਂ ਕਿ ਭਜਨ ਰੰਗਸਾਜ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋਣ ਅਤੇ ਉਹ ਏਸੇ ਤਰਾਂ ਸਮਾਜ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ

ਜਸਵੀਰ ਸਿੰਘ ਭਲੂਰੀਆ

ਜਸਵੀਰ ਸਿੰਘ ਭਲੂਰੀਆ
ਸਰੀ, (ਬੀ.ਸੀ.) ਕੈਨੇਡਾ
+1-236-8888-5456

Exit mobile version