ਪੰਜਾਬ ਕੇਸਰੀ ਕਬੱਡੀ ਕਲੱਬ ਨੇ ਜਿੱਤਿਆ ਕੱਪ

ਸਰੀ ‘ਚ ਹੋਇਆ ਕਬੱਡੀ ਦਾ ਵਿਸ਼ਾਲ ਕੱਪ
ਪੰਜਾਬ ਕੇਸਰੀ ਕਬੱਡੀ ਕਲੱਬ ਨੇ ਜਿੱਤਿਆ ਕੱਪ
ਗੁਰਪ੍ਰੀਤ ਬੁਰਜ ਹਰੀ ਤੇ ਇੰਦਰਜੀਤ ਕਲਸੀਆ ਬਣੇ ਸਰਵੋਤਮ ਖਿਡਾਰੀ

ਡਾ. ਸੁਖਦਰਸ਼ਨ ਸਿੰਘ ਚਹਿਲ
9478470575, 001 403 660 5476

ਟੋਰਾਂਟੋ ‘ਚ ਕਬੱਡੀ ਸੀਜ਼ਨ ਦੇ ਪਹਿਲੇ ਪੜਾਅ ਤੋਂ ਬਾਅਦ ਕਬੱਡੀ ਖਿਡਾਰੀਆਂ ਦਾ ਕਾਫਲਾ ਵੈਨਕੂਵਰ ਪੁੱਜਿਆ। ਜਿੱਥੇ ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੋਟੀ ਦੀਆਂ ਸੱਤ ਟੀਮਾਂ ‘ਤੇ ਅਧਾਰਤ ਕਬੱਡੀ ਕੱਪ ਸਰੀ ਦੇ ਬੈੱਲ ਸੈਂਟਰ ਕਬੱਡੀ ਮੈਦਾਨ ‘ਚ ਪੰਜਾਬ ਕੇਸਰੀ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ। ਜਿਸ ਨੂੰ ਜਿੱਤਣ ਦਾ ਮਾਣ ਵੀ ਮੇਜ਼ਬਾਨ ਪੰਜਾਬ ਕੇਸਰੀ ਕਬੱਡੀ ਕਲੱਬ ਨੇ ਹੀ ਪ੍ਰਾਪਤ ਕੀਤਾ। ਰਿਚਮੰਡ ਐਬਟਸਫੋਰਡ ਯੂਨਾਈਟਡ ਕਬੱਡੀ ਕਲੱਬ ਦੀ ਟੀਮ ਉੱਪ ਜੇਤੂ ਰਹੀ। ਨਾਮਵਰ ਧਾਵੀ ਗੁਰਪ੍ਰੀਤ ਬੁਰਜ ਹਰੀ ਨੇ ਸਰਵੋਤਮ ਰੇਡਰ ਅਤੇ ਇੰਦਰਜੀਤ ਕਲਸੀਆ ਨੇ ਬਿਹਤਰੀਨ ਜਾਫੀ ਬਣਨ ਦਾ ਮਾਣ ਪ੍ਰਾਪਤ ਕੀਤਾ। ਕਬੱਡੀ ਕੱਪ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਖੇਡ ਪ੍ਰੇਮੀਆਂ ਨੇ ਖਿੜੀ ਹੋਈ ਧੁੱਪ ‘ਚ ਕਾਂਟੇਦਾਰ ਮੈਚਾਂ ਦਾ ਅਨੰਦ ਮਾਣਿਆ।

ਮੇਜ਼ਬਾਨ:- ਪੰਜਾਬ ਕੇਸਰੀ ਕਬੱਡੀ ਕਲੱਬ ਵੱਲੋਂ ਅਵਤਾਰ ਸਿੰਘ ਢੇਸੀ, ਭੋਲਾ ਸੰਧੂ, ਮੰਨਾ  ਸੰਧੂ, ਸੇਵਾ ਸਿੰਘ ਰਾਣਾ, ਰਾਜਾ ਸੰਘਾ, ਪੰਮੀ ਸਿੱਧੂ ਨਿਰਮਲ ਗਿੱਲ, ਜਵਾਹਰਾ ਕਾਲਾ ਸੰਘਿਆਂ ਤੇ ਪੰਮੀ ਸਿੱਧੂ ਗੋਲੇਵਾਲ ਦੀ ਅਗਵਾਈ ‘ਚ ਕਰਵਾਏ ਗਏ ਇਸ ਕੱਪ ਦੌਰਾਨ ਦਰਸ਼ਕਾਂ ਦੇ ਬੈਠਣ ਲਈ ਵਧੀਆ ਪ੍ਰਬੰਧ ਕੀਤੇ ਗਏ ਸਨ। ਟੂਰਨਾਮੈਂਟ ਦੀ ਸਫਲਤਾ ਲਈ ਜਿੰਨਾਂ ਸਪਾਸਰਜ਼ ਨੇ ਅਹਿਮ ਯੋਗਦਾਨ ਪਾਇਆ ਉਨ੍ਹਾਂ ‘ਚ ਟੂ ਸਿਸਟਰ ਪੋਲਟਰੀ ਤੋਂ ਸੁੱਖੀ ਉੱਪਲ, ਡੀ ਐਲ ਡੈਮੂਲੇਸ਼ਨ, ਯੂਰੋ ਏਸ਼ੀਆ, ਕੇਪੀਐਲ ਟਰਾਂਸਪੋਰਟ ਆਦਿ ਸ਼ਾਮਲ ਸਨ।

ਮੁਕਾਬਲੇਬਾਜ਼ੀ:- ਟੂਰਨਾਮੈਂਟ ਦੀ ਸ਼ੁਰਆਤ ਉੱਭਰਦੇ ਖਿਡਾਰੀਆਂ ਦੇ ਮੈਚ ਨਾਲ ਹੋਈ। ਕੱਪ ਦੇ ਪਹਿਲੇ ਮੈਚ ‘ਚ ਰਿੰਚਮੰਡ ਐਬਸਫੋਰਡ ਕਬੱਡੀ ਕਲੱਬ ਨੇ ਮੇਜ਼ਬਾਨ ਪੰਜਾਬ ਕੇਸਰੀ ਕਲੱਬ ਨੂੰ 34-30 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਜਾਫੀ ਖੁਸ਼ੀ ਦੁੱਗਾ ਤੇ ਜੱਗਾ ਮਾਣੂੰਕੇ ਗਿੱਲ, ਧਾਵੀ ਕਾਲਾ ਧਨੌਲਾ, ਬਿਨਾ ਮੀਨ ਮਲਿਕ ਨੇ, ਪੰਜਾਬ ਕੇਸਰੀ ਕਲੱਬ ਲਈ ਜਾਫੀ ਫਰਿਆਦ ਸ਼ੱਕਰਪੁਰ ਤੇ ਇੰਦਰਜੀਤ ਕਲਸੀਆ, ਧਾਵੀ ਗੁਰਪ੍ਰੀਤ ਬੁਰਜਹਰੀ ਨੇ ਸ਼ੰਘਰਸ਼ਮਈ ਖੇਡ ਦਿਖਾਈ। ਦੂਸਰੇ ਮੈਚ ‘ਚ ਯੂਨਾਈਟਡ ਬੀ ਸੀ ਫਰੈਂਡਜ਼ ਕਬੱਡੀ ਕਲੱਬ ਕੈਲਗਰੀ ਨੇ ਸਰੀ ਸੁਪਰ ਸਟਾਰਜ਼-ਕਾਮਗਾਟਾਮਾਰੂ ਕਲੱਬ ਨੂੰ 45-26 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਬੁਲਟ ਖੀਰਾਂਵਾਲ ਤੇ ਰਵੀ ਦਿਉਰਾ, ਜਾਫੀ ਸ਼ੀਲੂ ਬਾਹੂ ਅਕਬਰਪੁਰ ਤੇ ਯਾਦਾ ਸੁਰਖਪੁਰ ਨੇ ਧਾਕੜ ਖੇਡ ਦਿਖਾਈ। ਸਰੀ ਸੁਪਰ ਸਟਾਰਜ਼ ਦੀ ਟੀਮ ਵੱਲੋਂ ਜਾਫੀ ਸਨੀ ਆਦਮਵਾਲ ਤੇ ਤਾਰੀ ਖੀਰਾਂਵਾਲ, ਧਾਵੀ ਜੱਸੀ ਸਹੋਤਾ ਨੇ ਸੰਘਰਸ਼ਮਈ ਖੇਡ ਦਿਖਾਈ। ਤੀਸਰੇ ਮੈਚ ‘ਚ ਸੰਦੀਪ ਗਲੇਡੀਏਟਰ ਕਬੱਡੀ ਕਲੱਬ ਵੈਨਕੂਵਰ ਨੇ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਨੂੰ 40-29 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਜਾਫੀ ਮਨੀ ਮੱਲੀਆ, ਰਵੀ ਸਾਹੋਕੇ ਤੇ ਪਿੰਦੂ ਸੀਚੇਵਾਲ, ਧਾਵੀ ਬੰਟੀ ਟਿੱਬਾ ਤੇ ਸੁਲਤਾਨ ਸਮਸਪੁਰ ਨੇ ਧੜੱਲੇਦਾਰ ਖੇਡ ਦਿਖਾਈ। ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਦੀ ਟੀਮ ਵੱਲੋਂ ਧਾਵੀ ਢੋਲਕੀ ਕਾਲਾ ਸੰਘਿਆਂ ਤੇ ਪਿੰਦੂ ਸੀਚੇਵਾਲ, ਜਾਫੀ ਹੁਸ਼ਿਆਰਾ ਬੌਪੁਰ, ਪੰਮਾ ਸਹੌਲੀ ਤੇ ਅਰਸ਼ ਬਰਸਾਲਪੁਰ ਨੇ ਆਪਣੀ ਟੀਮ ਨੂੰ ਮੈਚ ‘ਚ ਬਣਾਕੇ ਰੱਖਿਆ।
ਦੂਸਰੇ ਗੇੜ ਦੇ ਪਹਿਲੇ ਮੈਚ ਪੰਜਾਬ ਕੇਸਰੀ ਕਲੱਬ ਦੀ ਟੀਮ ਨੇ ਸੰਦੀਪ ਗਲੇਡੀਏਟਰ ਕਲੱਬ ਵੈਨਕੂਵਰ ਨੂੰ ਫਸਵੇਂ ਮੁਕਾਬਲੇ ‘ਚ 41-34 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਜਸਮਨਪ੍ਰੀਤ ਰਾਜੂ, ਗੁਰਪ੍ਰੀਤ ਬੁਰਜ ਹਰੀ ਤੇ ਹਰਜੀਤ ਭੰਡਾਲ ਦੋਨਾਂ, ਜਾਫੀ ਫਰਿਆਦ ਸ਼ਕਰਪੁਰ ਤੇ ਇੰਦਰਜੀਤ ਕਲਸੀਆ ਨੇ ਸ਼ਾਨਦਾਰ ਰੇਡਾਂ ਪਾਈਆਂ। ਸੰਦੀਪ ਗਲੇਡੀਏਟਰ ਕਲੱਬ ਵੱਲੋਂ ਧਾਵੀ ਸੁਲਤਾਨ ਸਮਸਪੁਰ ਤੇ ਬੰਟੀ ਟਿੱਬਾ, ਜਾਫੀ ਰਵੀ ਸਾਹੋਕੇ ਤੇ ਗਗਨ ਸੂਰੇਵਾਲ ਨੇ ਸੰਘਰਸ਼ਮਈ ਖੇਡ ਦਿਖਾਈ। ਅਗਲੇ ਮੈਚ ‘ਚ ਰਿਚਮੰਡ-ਐਬਟਸਫੋਰਡ ਕਲੱਬ ਦੀ ਟੀਮ ਨੇ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਦੀ ਟੀਮ ਨੂੰ 34-24 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਜਾਫੀ ਜੱਗਾ ਮਾਣੂਕੇ ਗਿੱਲ, ਮੰਗੀ ਬੱਗਾ ਪਿੰਡ ਤੇ ਖੁਸ਼ੀ ਗਿੱਲ ਦੁੱਗਾਂ, ਧਾਵੀ ਬਿਨਮੀਨ ਮਲਿਕ ਤੇ ਮੰਨਾ ਬੱਲ ਨੌ ਨੇ ਸ਼ਾਨਦਾਰ ਖੇਡ ਦਿਖਾਈ। ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਦੀ ਟੀਮ ਲਈ ਧਾਵੀ ਪਿੰਦਾ ਸੱਜਣਵਾਲ, ਜਾਫੀ ਹੁਸ਼ਿਆਰਾ ਬੌਪੁਰ ਤੇ ਅਰਸ਼ ਬਰਸਾਲਪੁਰ ਨੇ ਸੰਘਰਸ਼ਪੂਰਨ ਖੇਡ ਦਿਖਾਈ।
ਪਹਿਲੇ ਸੈਮੀਫਾਈਨਲ ‘ਚ ਮੇਜ਼ਬਾਨ ਪੰਜਾਬ ਕੇਸਰੀ ਕਲੱਬ ਦੀ ਟੀਮ ਨੇ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਦੀ ਟੀਮ ਨੂੰ ਬੇਹੱਦ ਰੋਚਕ ਮੁਕਾਬਲੇ ‘ਚ 52-49 ਅੰਕਾਂ ਨਾਲ ਹਰਾਕੇ ਫਾਈਨਲ ‘ਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਜਸਮਨਪ੍ਰੀਤ ਰਾਜੂ, ਗੁਰਪ੍ਰੀਤ ਬੁਰਜ ਹਰੀ ਤੇ ਰੁਪਿੰਦਰ ਦੋਦਾ, ਜਾਫੀ ਫਰਿਆਦ ਸ਼ਕਰਪੁਰ ਤੇ ਇੰਦਰਜੀਤ ਕਲਸੀਆ ਨੇ ਧਾਕੜ ਖੇਡ ਦਿਖਾਈ। ਯੂਨਾਈਟਡ ਬੀਸੀ ਕਲੱਬ ਦੀ ਟੀਮ ਵੱਲੋਂ ਜਾਫੀ ਸ਼ੀਲੂ ਬਾਹੂ ਅਕਬਰਪੁਰ, ਧਾਵੀ ਕਾਲਾ ਧੂਰਕੋਟ, ਭੂਰੀ ਛੰਨਾ, ਰਵੀ ਦਿਉਰਾ, ਦੀਪਕ ਕਾਸ਼ੀਪੁਰ ਤੇ ਬੁਲਟ ਖੀਰਾਂਵਾਲ ਨੇ ਵਧੀਆ ਖੇਡ ਦਿਖਾਈ। ਦੂਸਰੇ ਸੈਮੀਫਾਈਨਲ ‘ਚ ਰਿਚਮੰਡ-ਐਬਟਸਫੋਰਡ ਕਲੱਬ ਦੀ ਟੀਮ ਨੇ ਸਰੀ ਸੁਪਰ ਸਟਾਰਜ਼-ਕਾਮਾਗਾਟਾ ਮਾਰੂ ਕਲੱਬ ਦੀ ਟੀਮ ਨੂੰ 33-21 ਅੰਕਾਂ ਨੇ ਹਰਾਕੇ ਫਾਈਨਲ ‘ਚ ਥਾਂ ਬਣਾਈ। ਜੇਤੂ ਟੀਮ ਲਈ ਧਾਵੀ ਕਾਲਾ ਧਨੌਲਾ, ਚਿੱਤਪਾਲ ਚਿੱਟੀ ਤੇ ਬਿਨਆਮੀਨ ਮਲਿਕ, ਜਾਫੀ ਜੱਗਾ ਮਾਣੂਕੇ ਗਿੱਲ ਤੇ ਪ੍ਰੀਤ ਲੱਧੂ ਨੇ ਵਧੀਆ ਖੇਡ ਦਿਖਾਈ। ਸਰੀ ਸੁਪਰ ਸਟਾਰਜ਼ ਦੀ ਟੀਮ ਲਈ ਧਾਵੀ ਤਬੱਸਰ ਜੱਟ ਤੇ ਜੱਸੀ ਸਹੋਤਾ, ਜਾਫੀ ਸਨੀ ਆਦਮਵਾਲ ਨੇ ਸੰਘਰਸ਼ਮਈ ਖੇਡ ਦਿਖਾਈ। ਫਾਈਨਲ ਮੁਕਾਬਲੇ ‘ਚ ਮੇਜ਼ਬਾਨ ਪੰਜਾਬ ਕੇਸਰੀ ਕਲੱਬ ਨੇ ਰਿਚਮੰਡ-ਐਬਟਸਫੋਰਡ ਕਲੱਬ ਦੀ ਟੀਮ ਨੂੰ 45-33 ਅੰਕਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਜਾਫੀ ਇੰਦਰਜੀਤ ਕਲਸੀਆ, ਫਰਿਆਦ ਸ਼ਕਰਪੁਰ, ਪਾਲਾ ਜਲਾਲਪੁਰ ਤੇ ਸੱਤੂ ਖਡੂਰ ਸਾਹਿਬ, ਧਾਵੀ ਗੁਰਪ੍ਰੀਤ ਬੁਰਜ ਹਰੀ, ਸਾਜੀ ਸ਼ਕਰਪੁਰ ਤੇ ਰੁਪਿੰਦਰ ਦੋਦਾ ਨੇ ਧਾਕੜ ਖੇਡ ਦਿਖਾਈ। ਰਿਚਮੰਡ ਦੀ ਟੀਮ ਵੱਲੋਂ ਜਾਫੀ ਜੱਗਾ ਮਾਣੂਕੇ ਗਿੱਲ ਤੇ ਪ੍ਰੀਤ ਲੱਧੂ, ਪ੍ਰੀਤ ਲੱਧੂ, ਧਾਵੀ ਚਿੱਤਪਾਲ ਚਿੱਟੀ, ਬਿਨਆਮੀਨ ਮਲਿਕ ਤੇ ਮੰਨਾ ਬੱਲ ਨੌ ਨੇ ਚੰਗੀ ਖੇਡ ਨਾਲ ਆਪਣੀ ਟੀਮ ਨੂੰ ਮੈਚ ‘ਚ ਬਣਾਕੇ ਰੱਖਿਆ।

ਸਰਵੋਤਮ ਖਿਡਾਰੀ:- ਪੰਜਾਬ ਕੇਸਰੀ ਕਲੱਬ ਦੇ ਧਾਵੀ ਗੁਰਪ੍ਰੀਤ ਬੁਰਜ ਹਰੀ ਨੇ 14 ਰੇਡਾਂ ਪਾਕੇ 13 ਅੰਕ ਬਟੋਰੇ ਦੇ ਟੂਰਨਾਮੈਂਟ ਦਾ ਸਰਵੋਤ ਧਾਵੀ ਬਣਨ ਦਾ ਮਾਣ ਪ੍ਰਾਪਤ ਕੀਤਾ। ਗੁਰਪ੍ਰੀਤ ਨੂੰ ਪੂਰੇ ਕੱਪ ਦੌਰਾਨ ਸਿਰਫ ਦੋ ਜੱਫੇ ਲੱਗੇ। ਇੰਦਰਜੀਤ ਕਲਸੀਆ ਨੇ 15 ਕੋਸ਼ਿਸ਼ਾਂ ਤੋਂ 4 ਜੱਫੇ ਲਗਾਕੇ ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ ਪਰ ਟੀਮ ਦੀ ਸਹਿਮਤੀ ਨਾਲ ਇੰਦਰਜੀਤ ਤੇ ਫਰਿਆਦ ਸ਼ਕਰਪੁਰ ਨੇ ਖਿਤਾਬ ਸਾਂਝਾ ਕੀਤਾ।

ਸੰਚਾਲਕ ਦਲ:- ਟੂਰਨਾਮੈਂਟ ਦੌਰਾਨ ਮਾ. ਬਲਜੀਤ ਸਿੰਘ ਰਤਨਗੜ੍ਹ, ਮੰਦਰ ਗਾਲਿਬ ਤੇ ਮੱਖਣ ਸਿੰਘ ਨੇ ਅੰਪਾਰਿੰਗ ਦੀ ਜਿੰਮੇਵਾਰੀ ਨਿਭਾਈ। ਜਸਵੰਤ ਸਿੰਘ ਖੜਗ ਤੇ ਮਨੀ ਖੜਗ ਨੇ ਮੈਚਾਂ ਦੇ ਇੱਕ-ਇੱਕ ਅੰਕ ਦਾ ਵੇਰਵਾ ਬਾਖੂਬੀ ਨੋਟ ਕੀਤਾ। ਸੁਰਜੀਤ ਕਕਰਾਲੀ, ਇਕਬਾਲ ਗਾਲਿਬ, ਪ੍ਰਿਤਾ ਸ਼ੇਰਗੜ੍ਹ ਚੀਮਾ ਤੇ ਲੱਖਾ ਸਿੱਧਵਾਂ ਨੇ ਸ਼ੇਅਰੋ-ਸ਼ੇਅਰੀ ਨਾਲ ਭਰਪੂਰ ਕੁਮੈਂਟਰੀ ਰਾਹੀਂ ਸਾਰਾ ਦਿਨ ਰੰਗ ਬੰਨਿਆ।

ਤਿਰਛੀ ਨਜ਼ਰ:- ਕੱਪ ਦੌਰਾਨ ਇੱਕ ਹਾਦਸੇ ਦਾ ਸ਼ਿਕਾਰ ਹੋਏ ਉੱਭਰਦੇ ਕਬੱਡੀ ਖਿਡਾਰੀ ਬੀਰੀ ਢੈਪਈ ਦੀ ਮੱਦਦ ਲਈ ਸਾਬਕਾ ਖਿਡਾਰੀਆਂ ਤੇ ਕੁਮੈਂਟੇਟਰਾਂ ਦੀ ਅਗਵਾਈ ‘ਚ ਕਬੱਡੀ ਪ੍ਰੇਮੀਆਂ ਨੇ ਤਕਰੀਬਨ 15 ਹਜ਼ਾਰ ਡਾਲਰ ਤੋਂ ਵੱਧ ਦੀ ਰਾਸ਼ੀ ਇਕੱਤਰ ਕੀਤੀ। ਸਾਰਾ ਦਿਨ ਵਧੀਆ ਧੁੱਪ ਨਿਕਲੀ ਜਿਸ ਕਾਰਨ ਮੈਚ ਨਿਰਵਿਘਨ ਚਲਦੇ ਰਹੇ।
ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦੀਪ ਢਿੱਲੋਂ ਨੇ ਅਖੀਰ ‘ਚ ਟੂਰਨਾਮੈਂਟ ਦੇ ਪ੍ਰਬੰਧਕਾਂ, ਕਲੱਬਾਂ, ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਾਮਵਰ ਸਾਬਕਾ ਖਿਡਾਰੀ ਬਬਲੀ ਬਰਾੜ, ਫੌਜੀ ਕੁਰੜ ਛਾਪਾ, ਕੁਲਜੀਤਾ ਮਲਸੀਆ, ਦੁੱਲਾ ਸੁਰਖਪੁਰ, ਅਮਨ ਕੁੰਡੀ ਤੇ ਪੱਪੂ ਚੂਹੜ ਚੱਕ, ਕੈਲਗਰੀ ਤੋਂ ਨਾਮਵਰ ਪ੍ਰਮੋਟਰ ਮੇਜਰ ਬਰਾੜ ਭਲੂਰ, ਕਰਮਵਾਲ ਬਰਾੜ ਲੰਡੇਕੇ ਤੇ ਸਵਰਨ ਸਿੰਘ, ਸਰੀ ਤੋਂ ਸ਼ਾਇਰ ਰਾਜਾ ਖੇਲਾ ਤੇ ਕਬੱਡੀ ਨਾਲ ਜੁੜੀਆ ਨਾਮਵਰ ਸ਼ਖਸ਼ੀਅਤਾਂ ਪੁੱਜੀਆਂ।

Exit mobile version