ਪੰਜਾਬ-ਟੂ-ਫਿਜੀ ਖੋਜ ਯਾਤਰਾ-1
ਸ਼ਰਧਾ ਕਾਇਮ-ਸੂਰਤਾਂ ਗਾਇਬ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 04 ਅਗਸਤ, 2023: ‘ਅਕਾਲ ਫਾਊਂਡੇਸ਼ਨ’ ਨਿਊਜ਼ੀਲੈਂਡ ਦੇ ਕਰਤਾ-ਧਰਤਾ ਸ. ਰਘਬੀਰ ਸਿੰਘ ਜੇ.ਪੀ. ਜੋ ਖੁਦ 1981 ਤੋਂ ਲੈ ਕੇ 1986 ਤੱਕ ਆਪਣੇ ਜੀਵਨ ਦੀ ਮੁੱਢਲੀ ਕਾਰੋਬਾਰੀ ਗੱਡੀ ’ਤੇ ਸਵਾਰ ਹੁੰਦਿਆਂ ਫਿਜੀ ਵਿਖੇ ਸਮਾਂ ਬਿਤਾ ਕੇ ਫਿਰ ਹੋਰ ਮੁਲਕਾਂ ਤੋਂ ਘੁੰਮ-ਘੁੰਮਾ ਕੇ ਨਿਊਜ਼ੀਲੈਂਡ ਆਣ ਵਸੇ ਸਨ। ਉਨ੍ਹਾਂ ਦਾ ਸੁਪਨਾ ਸੀ ਕਿ ਫਿਜੀ ਵਿਖੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀਆਂ ਪੈੜਾਂ ਨੂੰ ਲੱਭ ਕੇ ਦੁਬਾਰਾ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਇਸ ਮਨੋਰਥ ਨੂੰ ਮੁੱਖ ਰੱਖ ਕੇ ਬੀਤੀ 28 ਜੁਲਾਈ ਤੋਂ 2 ਅਗਸਤ ਤੱਕ ਸ. ਰਘਬੀਰ ਸਿੰਘ ਦੀ ਅਗਵਾਈ ਵਿਚ ਪੰਜ ਮੈਂਬਰੀ ਦਲ ਜਿਸ ਵਿਚ ਸ.ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਹਰਜੋਤ ਸਿੰਘ, ਸ੍ਰੀ ਅਰਵਿੰਦ ਕੁਮਾਰ ਅਤੇ ਸ. ਹਰਜਿੰਦਰ ਸਿੰਘ ਬਸਿਆਲਾ ਫਿਜੀ ਵਿਖੇ ਵੱਖ-ਵੱਖ ਸ਼ਹਿਰਾਂ, ਗੁਰਦੁਆਰਾ ਸਾਹਿਬਾਨਾਂ, ਖਾਲਸਾ ਵਿਦਿਅਕ ਸੰਸਥਾਵਾਂ, ਖੇਤੀਬਾੜੀ, ਛੋਟੇ-ਵੱਡੇ ਕਾਰੋਬਾਰੀ ਅਦਾਰਿਆਂ ਵਿਚ ਕੈਮਰਿਆਂ, ਮਾਈਕਾਂ ਅਤੇ ਕਲਮਾਂ ਨਾਲ ਫਿਜੀ ਟਾਪੂ ਦੇ ਨਾਦੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੇ।
ਗੁਰਦੁਆਰਾ ਸਾਹਿਬਾਨਾਂ ਦੀ ਯਾਤਰਾ: ਇਸ ਵੇਲੇ ਫਿਜੀ ਸਥਿਤ ਸਭ ਤੋਂ ਪਹਿਲਾ ਬਣਿਆ ਸ਼ਾਨਦਾਰ ਗੁਰਦੁਆਰਾ ਸਾਹਿਬ ਸਾਮਾਬੁੱਲਾ ( ਸਥਾਪਨਾ 11 ਨਵੰਬਰ 1923) ਆਪਣੀ 100ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਨਵੰਬਰ ਮਹੀਨੇ ਕਰ ਰਿਹਾ ਹੈ। ਇਸ ਉਦਮ ਦੇ ਵਿਚ ਭਾਰਤੀ ਹਾਈ ਕਮਿਸ਼ਨ ਵੀ ਆਪਣਾ ਯੋਗਦਾਨ ਪਾ ਰਿਹਾ ਹੈ। ਸਦਕੇ ਜਾਈਏ ਇਨ੍ਹਾਂ ਗੁਰਦੁਆਰਿਆਂ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਦੀ ਜਿਹੜੇ ਉਥੇ ਵਸਦੇ ਸ਼ਰਧਾਵਾਨ ਭਾਰਤੀ ਭਾਈਚਾਰੇ ਖਾਸ ਕਰ ਸਿੱਖ ਭਾਈਚਾਰੇ ਨੂੰ ਗੁਰੂ ਸਾਹਿਬਾਂ ਦੀ ਬਾਣੀ ਸਰਵਣ ਕਰਵਾ ਰਹੇ ਹਨ। 1879 ਤੋਂ ਗਿਰਮਿਟ ਸਕੀਮ ਦੇ ਤਹਿਤ ਇਥੇ ਭਾਰਤੀਆਂ ਦੇ ਪੈਰ ਪੈਣੇ ਸ਼ੁਰੂ ਹੋਏ ਸਨ, ਜਿਸ ਦੇ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ 80 ਦੇ ਕਰੀਬ ਪੰਜਾਬ ਤੋਂ ਖਾਸ ਕਰ ਦੁਆਬੇ ਦੇ ਬਾਬਿਆਂ ਨੇ ਪਰਿਵਾਰਾਂ ਸਮੇਤ ਪਹੁੰਚਣ ਦੀ ਪਹਿਲ ਕੀਤੀ। ਅਸਲ ਵਿਚ 19ਵੀਂ ਸਦੀ ਦੇ ਸ਼ੁਰੂ ਵਿਚ ਆਜ਼ਾਦ ਪ੍ਰਵਾਸੀ ਦੇ ਤੌਰ ਉਤੇ ਫਿਜੀ ਵਿਚ ਪੰਜਾਬੀਆਂ ਦੀ ਆਮਦ ਸ਼ੁਰੂ ਹੋਈ। ਪੁਰਾਣੇ ਭਾਫ ਵਾਲੇ ਸਮੁੰਦਰੀ ਜਹਾਜ਼ਾਂ ਉਨ੍ਹਾਂ ਦੀਆਂ ਫੋਟੋਆਂ ਦਰਸਾਉਂਦੀਆਂ ਹਨ ਕਿ ਜਿਸ ਵਾਹਿਗੁਰੂ ਦੇ ਵਿਸ਼ਵਾਸ਼ ਅੰਦਰ ਇਹ ਬਿਨਾਂ ਕਿਸੇ ਅਗਾਉਂ ਵਸੇਬਾ ਪ੍ਰਬੰਧ ਦੇ ਆਣ ਵਸੇ ਸਨ, ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਉਨ੍ਹਾਂ ਨੂੰ ਲਗਪਗ 44 ਸਾਲ ਬਾਅਦ 1923 ਦੇ ਵਿਚ ਜਗ੍ਹਾ ਮਿਲ ਹੀ ਗਈ। ਇਸ ਜਗ੍ਹਾ ਦੇ ਉਤੇ ਹੀ ਪਹਿਲਾ ਗੁਰਦੁਆਰਾ ਸਾਹਿਬ 1923 ਦੇ ਵਿਚ ਸਥਾਪਿਤ ਕਰ ਦਿੱਤਾ ਗਿਆ। ਸਮਾਂ ਪਾ ਕੇ ਫਿਜੀ ਵਿਚ ਪੰਜ ਗੁਰਦੁਆਰਾ ਸਾਹਿਬਾਨ, ਖਾਲਸਾ ਵਿਦਿਅਕ ਸੰਸਥਾਵਾਂ (ਕਾਲਜ, ਸਕੂਲ ਤੇ ਕਿੰਡਰਗਾਰਟਨ) ਦੀ ਲੰਬੀ ਲੜੀ ਹੋਣ ਦੇ ਬਾਵਜੂਦ ਅੱਜ ਸਿੱਖੀ ਸਰੂਪ ਲਗਪਗ ਮਨਫੀ ਹੋ ਗਿਆ ਹੈ, ਪਰ ਤਸੱਲੀ ਇਸ ਗੱਲ ਦੀ ਹੈ ਕਿ ਸਿੱਖ ਗੁਰੂਆਂ ਪ੍ਰਤੀ ਸ਼ਰਧਾ-ਭਾਵਨਾ ਅਜੇ ਬਰਕਰਾਰ ਹੈ। ਸੂਰਤ ਪੱਖੋਂ ਸਿੱਖਾਂ ਨੇ ਬੜਾ ਕੁਝ ਗਵਾ ਲਿਆ ਹੈ, ਪਰ ਇਹ ਸ਼ਰਧਾਵਾਨ ਸਿੱਖ ਕੰਮਾ-ਕਾਰਾਂ ਦੇ ਵਿਚ ਐਨੇ ਰੁੱਝ ਗਏ ਹਨ ਕਿ ਇਨ੍ਹਾਂ ਅਸਥਾਨਾਂ ਉਤੇ ਸਬੱਬ ਨਾਲ ਹੀ ਮੱਥਾ ਟੇਕਣ ਅਤੇ ਸੰਗਤ ਦਾ ਹਿੱਸਾ ਬਣਨ ਲਈ ਜਾਂਦੇ ਹਨ।